ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਗਸਤ
ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਵੇਟਲਿਫਟਰਾਂ ਦੀ ਟੀਮ ਦਾ ਅੱਜ ਇੱਥੇ ਅੰਮ੍ਰਿਤਸਰ ’ਚ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਬਰਮਿੰਘਮ ’ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਇਹ ਖਿਡਾਰੀ ਅੱਜ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਰਸਤੇ ਇੱਥੇ ਪੁੱਜੇ ਹਨ ਜਿੱਥੋਂ ਉਹ ਅੱਗੇ ਆਪਣੇ ਸ਼ਹਿਰਾਂ ਲਈ ਰਵਾਨਾ ਹੋ ਗਏ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਹਰੇਕ ਖਿਡਾਰੀਆਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ, ਜਦਕਿ ਹੋਰ ਅਧਿਕਾਰੀਆਂ ਨੇ ਖਿਡਾਰੀਆਂ ਦੇ ਹਾਰ ਪਾ ਕੇ ਸਵਾਗਤ ਕੀਤਾ। ਅੱਜ ਭਾਰਤ ਪੁੱਜੇ ਖਿਡਾਰੀਆਂ ’ਚ ਸੋਨ ਤਗਮਾ ਜੇਤੂ ਮੀਰਾ ਬਾਈ ਚਾਨੂੰ, ਜੇਰੇਮੀ ਲਾਲਰੀਨੁੰਗਗਾ, ਅਚਿੰਤਾ ਸ਼ਿਓਲੀ, ਚਾਂਦੀ ਦਾ ਤਗਮਾ ਜੇਤੂ ਭੰਡਾਰਨੀ ਦੇਵੀ, ਵਿਕਾਸ ਠਾਕੁਰ, ਕਾਂਸੀ ਦਾ ਤਗਮਾ ਜੇਤੂ ਹਰਜਿੰਦਰ ਕੌਰ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਗੁਰੂਰਾਜਾ ਪੁਜਾਰੇ ਸ਼ਾਮਿਲ ਸਨ। ਇਸ ਤੋਂ ਇਲਾਵਾ ਚੌਥੇ ਸਥਾਨ ’ਤੇ ਰਹੇ ਅਜੈ ਸਿੰਘ, ਪੋਰੀ ਹਜ਼ਾਰਿਕਾ (ਸੱਤਵੇਂ), ਉਸ਼ਾ ਕੁਮਾਰਾ (ਛੇਵੇਂ) ਅਤੇ ਪੂਰਨਿਮਾ ਪਾਂਡੇ (ਛੇਵੇਂ) ਖਿਡਾਰੀ ਵਿੱਚ ਭਾਰਤ ਪੁੱਜੇ ਹਨ। ਚਾਂਦੀ ਦਾ ਤਗ਼ਮਾ ਜੇਤੂ ਸੰਕੇਤ ਸਰਗਰ ਜ਼ਖਮੀ ਹੋਣ ਕਾਰਨ ਵਾਪਸ ਨਹੀਂ ਆ ਸਕਿਆ।
ਇਸ ਟੀਮ ਵਿੱਚ ਚਾਰ ਤਗਮਾ ਜੇਤੂ ਖਿਡਾਰੀ ਪੰਜਾਬ ਤੋਂ ਹਨ, ਜਿਨ੍ਹਾਂ ਵਿੱਚੋਂ ਲਵਪ੍ਰੀਤ ਸਿੰਘ ਅੰਮ੍ਰਿਤਸਰ ਨਾਲ ਸਬੰਧਤ ਹੈ ਤੇ ਹਵਾਈ ਅੱਡੇ ਨੇੜਲੇ ਪਿੰਡ ਬਲ ਸਿੰਕਦਰ ਦਾ ਵਾਸੀ ਹੈ। ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਕਾਂਸੀ ਦਾ ਤਗਮਾ ਜਿੱਤਿਆ ਹੈ। ਉਸ ਦਾ ਸਵਾਗਤ ਕਰਨ ਵਾਸਤੇ ਉਸ ਦੇ ਪਿਤਾ, ਦਾਦਾ, ਭੈਣ, ਪਿੰਡ ਦਾ ਸਰਪੰਚ ਜੁਗਰਾਜ ਸਿੰਘ ਤੇ ਸਿੱਖ ਆਗੂ ਮਨਜੀਤ ਸਿੰਘ ਭੋਮਾ ਪਹੁੰਚੇ ਹੋਏ ਸਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਖਿਡਾਰੀਆਂ ਨੂੰ ਵਧਾਈ ਭੇਜੀ।
ਐੱਨਆਈਐੱਸ ਪੁੱਜੇ ਰਾਸ਼ਟਰਮੰਡਲ ਖੇਡਾਂ ਦੇ ਜੇਤੂ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਤਗਮੇ ਜਿੱਤ ਕੇ ਪਰਤੀ ਭਾਰਤੀ ਵੇਟਲਿਫ਼ਟਰਾਂ ਦੀ ਟੀਮ ਦਾ ਅੱਜ ਐੱਨਆਈਐੱਸ ’ਚ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਧਾਈ ਦੇਣ ਲਈ ਸਨੌਰ ਤੇ ਘਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਅਤੇ ਗੁਰਲਾਲ ਘਨੌਰ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਐੱਨਆਈਐੱਸ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਰਾਜ ਸਿੰਘ ਬਿਸ਼ਨੋਈ ਤੇ ਪਟਿਆਲਾ ਦੇ ਏਡੀਸੀ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਵੀ ਟੀਮ ਦਾ ਭਰਵਾਂ ਸਵਾਗਤ ਕੀਤਾ। ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਤੇ ਗੁਰਲਾਲ ਘਨੌਰ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਟੀਮ ਦੇ ਸਵਾਗਤ ਲਈ ਐੱਨਆਈਐੱਸ ਦੇ ਡਿਪਟੀ ਡਾਇਰੈਕਟਰ ਗੌਰਵ ਰਾਵਤ, ਟੀਮ ਦਾ ਸਹਾਇਕ ਕੋਚ ਸੰਦੀਪ ਸਿੰਘ ਸਮੇਤ ਖਿਡਾਰੀ ਅਤੇ ਵੱਡੀ ਗਿਣਤੀ ਖੇਡ ਪ੍ਰਸੰਸਕ ਵੀ ਮੌਜੂਦ ਸਨ।