ਕੋਲੰਬੋ: ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਅੱਜ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਵੱਲੋਂ ਸ੍ਰੀਲੰਕਾ ਦੇ ਬੱਲੇਬਾਜ਼ ਧਨੁਸ਼ਕਾ ਗੁਣਾਤਿਲਕਾ ‘ਤੇ ਲੱਗੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਕਮੇਟੀ ਵਿੱਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਸਿਸੀਰਾ ਰਤਨਾਇਕ, ਵਕੀਲ ਨਿਰੋਸ਼ਨ ਪਰੇਰਾ ਅਤੇ ਅਸੇਲਾ ਰੇਕਾਵਾ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਐੱਲਸੀ ਨੇ ਕਿਹਾ ਕਿ ਇਹ ਕਮੇਟੀ ਸ੍ਰੀਲੰਕਾ ਟੀਮ ਦੇ ਆਸਟਰੇਲੀਆ ਵਿੱਚ ਰਹਿਣ ਦੌਰਾਨ ਉਸ ‘ਤੇ ਲੱਗੇ ਵੱਖ ਵੱਖ ਦੋਸ਼ਾਂ ਦੀ ਵੀ ਜਾਂਚ ਕਰੇਗੀ। ਐੱਸਐੱਲਸੀ ਨੇ ਕਿਹਾ, ”ਜਾਂਚ ਕਮੇਟੀ ਵੱਲੋਂ ਰਿਪੋਰਟ ਸੌਂਪੇ ਜਾਣ ਮਗਰੋਂ ਜੇ ਕਿਸੇ ਖਿਡਾਰੀ ਜਾਂ ਅਧਿਕਾਰੀ ਖ਼ਿਲਾਫ਼ ਗਲਤ ਕੰਮ ਜਾਂ ਲਾਪ੍ਰਵਾਹੀ ਦੀ ਗੱਲ ਸਾਬਤ ਹੁੰਦੀ ਹੈ ਤਾਂ ਸ੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਉਸ ਖ਼ਿਲਾਫ਼ ਸਖਤ ਅਨੁਸ਼ਾਸਨੀ ਕਾਰਵਾਈ ਕਰੇਗੀ।” ਦੇਸ਼ ਦੇ ਕ੍ਰਿਕਟ ਬੋਰਡ ਨੇ ਕਿਹਾ ਕਿ ਜਾਂਚ ਕਮੇਟੀ ਗੁਣਾਤਿਲਕਾ ਦੇ ਵਿਹਾਰ ਅਤੇ ਹੋਰ ਘਟਨਾਵਾਂ ਬਾਰੇ ਟੀਮ ਮੈਨੇਜਰ ਤੋਂ ਤੁਰੰਤ ਸਪੱਸ਼ਟੀਕਰਨ ਮੰਗੇਗੀ। ਅਜਿਹੀਆਂ ਖਬਰਾਂ ਹਨ ਕਿ ਟੀਮ ਦਾ ਇੱਕ ਹੋਰ ਖਿਡਾਰੀ ਬ੍ਰਿਸਬਨ ਦੇ ਇੱਕ ਕੈਸੀਨੋ ਵਿੱਚ ਹੋਏ ਹਮਲੇ ਦੀ ਘਟਨਾ ਵਿੱਚ ਵੀ ਸ਼ਾਮਲ ਸੀ। -ਪੀਟੀਆਈ