ਚੰਡੀਗੜ੍ਹ (ਟਨਸ): ਓਲੰਪਿਕ ਖੇਡਣ ਜਾ ਰਹੇ ਭਾਰਤ ਦੇ 121 ਖਿਡਾਰੀਆਂ ਵਿੱਚੋਂ 30 ਖਿਡਾਰੀ ਹਰਿਆਣਾ ਨਾਲ ਸੰਬਧਤ ਹਨ। ਇਨ੍ਹਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਸਰਕਾਰ ਨੇ ਸ਼ਲਾਘਾ ਪੱਤਰ ਦਿੱਤੇ। ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਇਹ ਹਰਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਓਲੰਪਿਕ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲੇ ਖਿਡਾਰੀਆਂ ਵਿੱਚੋਂ 25 ਫ਼ੀਸਦ ਖਿਡਾਰੀ ਹਰਿਆਣਾ ਦੇ ਹਨ। ਇਨ੍ਹਾਂ ਨੂੰ ਸਰਕਾਰ ਵੱਲੋਂ ਹੌਸਲਾ-ਅਫਜ਼ਾਈ ਵਜੋਂ 5-5 ਲੱਖ ਰੁਪਏ ਦਿੱਤੇ ਗਏ ਹਨ। ਇਸ 5 ਲੱਖ ਰੁਪਏ ਨਾਲ ਖਿਡਾਰੀ ਆਪਣੀ ਡਾਈਟ ਅਤੇ ਹੋਰ ਲੋੜਾਂ ਪੂਰੀਆਂ ਕਰ ਸਕਣਗੇ। ਖੇਡ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਲਈ ਓਲੰਪਿਕ ਖੇਡਾਂ ਤੇ ਖੇਲੋ ਇੰਡੀਆ ਦੀਆਂ ਖੇਡਾਂ ਆ ਰਹੀਆਂ ਹਨ। ਖੇਲੋ ਇੰਡੀਆ ਖੇਡਾਂ 21 ਤੋਂ 30 ਨਵੰਬਰ ਤੱਕ ਪੰਚਕੂਲਾ ਅਤੇ ਆਲੇ-ਦੁਆਲੇ ਕਰਵਾਈ ਜਾਣਗੀਆਂ ਜਿਸ ਵਿੱਚ ਦੇਸ਼ ਦੇ ਹਜ਼ਾਰਾਂ ਖਿਡਾਰੀ ਹਿੱਸਾ ਲੈਣਗੇ।