ਟੋਕੀਓ, 26 ਜੁਲਾਈ
ਸਕੇਟਿੰਗਬੋਰਡ ਵਿੱਚ ਹੈਰਤਅੰਗੇਜ਼ ਕਰਤੱਬ ਵਿਖਾ ਕੇ 13 ਸਾਲ ਦੀਆਂ ਦੋ ਬੱਚੀਆਂ ਨੇ ਟੋਕੀਓ ਓਲੰਪਿਕ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ ਜਦੋਂਕਿ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਵੀ 16 ਸਾਲ ਦੀ ਹੈ। ਆਮ ਤੌਰ ’ਤੇ ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਜਾਂ ਵੀਡੀਓ ਗੇਮਾਂ ਨਾਲ ਖੇਡਦੇ ਹਨ, ਇਨ੍ਹਾਂ ਕੁੜੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਇਸ ਖੇਡ ’ਤੇ ਪੁਰਸ਼ਾਂ ਦੇ ਦਬਦਬੇ ਨੂੰ ਤੋੜਿਆ ਹੈ। ਜਾਪਾਨ ਦੀ ਮੋਮਿਜੀ ਨਿਸ਼ੀਆ ਨੇ ਪਹਿਲਾ ਓਲੰਪਿਕ ਖੇਡਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ।
ਹੁਣ ਤੱਕ ਪੁਰਸ਼ਾਂ ਦੇ ਦਾਬੇ ਵਾਲੇ ਇਸ ਖੇਡ ਵਿੱਚ ਕੁੜੀਆਂ ਦੇ ਇਸ ਯਾਦਗਾਰ ਪ੍ਰਦਰਸ਼ਨ ਨੇ ਖੇਡਾਂ ਦਾ ਭਵਿੱਖ ਰੌਸ਼ਨ ਕਰ ਦਿੱਤਾ ਹੈ। ਚਾਂਦੀ ਦਾ ਤਗ਼ਮਾ ਬ੍ਰਾਜ਼ੀਲ ਦੀ ਰੇਸਾ ਲੀਲ ਨੂੰ ਮਿਲਿਆ, ਜੋ 13 ਸਾਲਾਂ ਦੀ ਹੈ। ਕਾਂਸੀ ਜਾਪਾਨ ਦੀ ਫੁਨਾ ਨਾਕਾਯਾਮਾ ਦੇ ਹਿੱਸੇ ਆਈ। ਮਹਿਲਾ ਵਰਗ ਵਿੱਚ ਕੁੱਲ ਮਿਲਾ ਕੇ 20 ਖਿਡਾਰਨਾਂ ਸਨ, ਜਿਨ੍ਹਾਂ ਵਿੱਚ ਬ੍ਰਾਜ਼ੀਲ ਦੀ ਲੇਤੀਸੀਆ ਬੁਫੋਨੀ ਵੀ ਸ਼ਾਮਲ ਸੀ, ਜਿਸ ਦੇ ਪਿਤਾ ਨੇ ਉਸ ਨੂੰ ਖੇਡਣ ਤੋਂ ਰੋਕਣ ਲਈ ਉਸ ਦਾ ਸਕੇਟਬੋਰਡ ਦੋ ਹਿੱਸਿਆਂ ਵਿੱਚ ਤੋੜ ਦਿੱਤਾ ਸੀ। ਕੈਨੇਡਾ ਦੀ ਐਨੀ ਗੁਗਲੀਆ ਜਦੋਂ ਸਕੇਟਿੰਗ ਸਿੱਖ ਰਹੀ ਸੀ ਤਾਂ ਪਹਿਲੇ ਦੋ ਸਾਲ ਕੋਈ ਵੀ ਹੋਰ ਕੁੜੀ ਉਸ ਦੇ ਨਾਲ ਨਹੀਂ ਸੀ। ਮੁਕਾਬਲੇ ਦੌਰਾਨ ਖਿਡਾਰਨਾਂ ਨੇ ਆਪਣੇ ਹੈਰਤਅੰਗੇਜ਼ ਕਰਤੱਬਾਂ ਨਾਲ ਸਾਰਿਆਂ ਨੂੰ ਹੈਰਾਨ ਕੀਤਾ। –ਏਪੀ