ਡਾ. ਸਾਹਿਬ ਸਿੰਘ
ਪੰਜਾਬ ਦਾ ਰਾਜਸੀ ਅਖਾੜਾ ਭਖਿਆ ਹੋਇਆ ਹੈ। ਪਰ ਇਸ ਵਾਰ ਗਰਮੀ ਵੱਖਰੀ ਤਰ੍ਹਾਂ ਦੀ ਹੈ। 74 ਸਾਲਾਂ ਵਿੱਚ ਲੋਕਾਂ ਨੇ ਜੋ ਦ੍ਰਿਸ਼ ਨਹੀਂ ਸੀ ਦੇਖਿਆ, ਉਹ ਸਾਖਿਆਤ ਵਾਪਰ ਰਿਹਾ ਹੈ। ਲੋਕ ਸਵਾਲ ਕਰ ਰਹੇ ਹਨ, ਰਾਜਸੀ ਆਗੂਆਂ ਨੂੰ ਦੁਰਕਾਰ ਰਹੇ ਹਨ, ਫਿਟਕਾਰ ਤੇ ਨਕਾਰ ਰਹੇ ਹਨ। ਪਹਿਲਾਂ ਆਗੂ ਪੰਜ ਸਾਲ ਦੀ ‘ਸਿਫ਼ਰ ਰਿਪੋਰਟ’ ਤੋਂ ਬਾਅਦ ਵੀ ਮੁਸਕਰਾਉਂਦੇ ਹੋਏ ਹੱਥ ਜੋੜ ਸਟੇਜਾਂ ’ਤੇ ਚੜ੍ਹ ਜਾਂਦੇ ਸਨ ਤੇ ਪੁਰਾਣੇ ਵਾਅਦਿਆਂ ਅਤੇ ਲਾਰਿਆਂ ਨੂੰ ਰੰਗ ਰੋਗਨ ਕਰਕੇ ਪਿੰਡਾਂ ਦੀਆਂ ਕੰਧਾਂ ’ਤੇ ਚਿਪਕਾ ਦਿੰਦੇ ਸਨ। ਪਿੰਡਾਂ ਦੇ ਘੜੱਮ ਚੌਧਰੀ ਜਨਤਾ ਨੂੰ ਲੱਡੂ, ਪਕੌੜਿਆਂ ਜਾਂ ਲਾਲ ਪਰੀ ਦਾ ਲਾਲਚ ਦੇ ਕੇ ਇਕੱਠ ਕਰ ਲੈਂਦੇ ਸਨ ਤੇ ਆਗੂਆਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਜਾਂਦੇ ਸਨ, ਪਰ ਹੁਣ ਪਤਲੀ ਗਲੀ ਵਿੱਚੋਂ ਵੀ ਲੋਕ ਉਨ੍ਹਾਂ ਨੂੰ ਖਿਸਕਣ ਨਹੀਂ ਦਿੰਦੇ। ਲੋਕ ਲਾਰਿਆਂ ਤੋਂ ਅੱਕ ਤੇ ਥੱਕ ਗਏ ਹਨ। ਉਨ੍ਹਾਂ ਨੇ ਘਰਾਂ ਵਿੱਚ ਪਏ ਟੁੱਟੇ, ਠਿੱਬੇ ਛਿੱਤਰ ਇਕੱਠੇ ਕਰ ਲਏ ਹਨ ਤਾਂ ਕਿ ਇੱਕ ਹਾਰ ਬਣਾਇਆ ਜਾਵੇ। ਇਹ ਦ੍ਰਿਸ਼ ਲਗਪਗ ਇੱਕ ਸਾਲ ਤੋਂ ਉੱਤਰੀ ਭਾਰਤ ਦੇ ਮੰਚ ’ਤੇ ਨਜ਼ਰ ਆਉਂਦੇ, ਇਉਂ ਲੱਗਦਾ ਹੈ ਜਿਵੇਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸੈਮੀਨਾਰਾਂ ਵਿੱਚੋਂ ਚੱਪਾ ਸਦੀ ਤੱਕ ਗ਼ੈਰਹਾਜ਼ਰ ‘ਰੱਖੇ ਗਏ’ ਗੁਰਸ਼ਰਨ ਸਿੰਘ ਦੇ ਨਾਟਕਾਂ ’ਤੇ ਮਿੱਟੀ ਘੱਟੇ ਨਾਲ ਅੱਟੇ ਲੋਕ ਕਿਰਤ ਦੀ ਕਲਮ ਨਾਲ ਕੋਈ ਅਨੋਖਾ ਥੀਸਿਜ਼ ਲਿਖ ਰਹੇ ਹਨ। ਇਵੇਂ ਲੱਗਦਾ ਜਿਵੇਂ ਉਸ ਅਜ਼ੀਮ ਫ਼ਨਕਾਰ ਦੇ ਇੱਕ ਇੱਕ ਨਾਟਕ, ਇੱਕ ਇੱਕ ਪਾਤਰ, ਇੱਕ ਇੱਕ ਸੰਵਾਦ ਬਾਰੇ ਕਿਰਤੀ ਲੋਕ ਪਰਚੇ ਲਿਖ ਰਹੇ ਹਨ ਤੇ ਇੱਕ ਨਿਰੰਤਰ ਸੈਮੀਨਾਰ ਚੱਲ ਰਿਹਾ ਹੈ। ਅੱਜ ਇਸ ਸੈਮੀਨਾਰ ਵਿੱਚ ਭਾਅ ਦੇ ਨਾਟਕ ‘ਕੰਮੀਆਂ ਦਾ ਵਿਹੜਾ’ ਬਾਰੇ ਚਰਚਾ ਕੀਤੀ ਜਾਵੇਗੀ। ਇਹ ਨਾਟਕ ਮੌਜੂਦਾ ਸਮੇਂ ਨਾਲ ਅਨੇਕਾਂ ਤੰਦਾਂ ਜੋੜਦਾ ਹੈ।
ਨਾਟਕ ਇੱਕ ਨਿੱਕੇ ਜਿਹੇ ਘਰ ਤੋਂ ਖੁੱਲ੍ਹਦਾ ਹੈ। ਸਰਦਾਰ ਸੁੱਚਾ ਸਿੰਘ, ਜਗੀਰ ਸਿੰਘ ਨੂੰ ਆਪਣੇ ਪੈਸੇ ਮੋੜਨ ਲਈ ਧਮਕੀ ਦੇ ਰਿਹਾ ਹੈ ਕਿਉਂਕਿ ਜਗੀਰ ਦਾ ਛੋਟਾ ਭਰਾ ਜੱਗਾ ਸਰਦਾਰ ਦਾ ਸ਼ਰਾਬ ਦਾ ਨਾਜਾਇਜ਼ ਧੰਦਾ ਚਲਾਉਣ ਵਿੱਚ ਸਹਾਈ ਹੋਣ ਤੋਂ ਮੁਨਕਰ ਹੋ ਗਿਆ ਹੈ। ਸਰਦਾਰ ਨੇ ਪੁਲੀਸ ਨਾਲ ਮਿਲ ਕੇ ਜੱਗੇ ਦੇ ਜੁੱਤੀਆਂ ਵੀ ਮਰਵਾ ਦਿੱਤੀਆਂ ਹਨ, ਇਹ ਕਹਿ ਕੇ ਕਿ ਫੜੀ ਗਈ ਸ਼ਰਾਬ ਜੱਗੇ ਦੀ ਸੀ। ਜੱਗਾ ਰਿਕਾਰਡ ਵਜਾਉਣ ਦਾ ਕੰਮ ਕਰਨ ਲੱਗ ਪਿਆ ਹੈ, ਜਿੱਥੇ ਉਹ ਸੰਤ ਰਾਮ ਉਦਾਸੀ ਦੇ ਗੀਤ ਵਜਾਉਂਦਾ ਹੈ। ਭਾਅ ਇੱਕ ਇੱਛਤ ਨਾਇਕ ਸਿਰਜਦਾ ਹੈ। ਉਹ ਨਾਇਕ ਉਸ ਵੇਲੇ ਦੇ ਚਰਚਿਤ ਗਾਇਕ ਗੁਰਦਾਸ ਮਾਨ ਦੇ ਗੀਤ ‘ਮਾਮਲਾ ਗੜਬੜ ਹੈ’ ’ਤੇ ਇਤਰਾਜ਼ ਕਰਦਿਆਂ ਲੋਕ ਦੋਖੀ ਤੇ ਲੋਕਪੱਖੀ ਸੱਭਿਆਚਾਰ ਵਿਚਲੀ ਲਕੀਰ ’ਤੇ ਝਾਤ ਪਾਉਂਦਾ ਹੈ। ਉਹ ਕਹਿੰਦਾ ਹੈ, ‘ਮਾਮਲਾ ਕਿਸੇ ਕੁੜੀ ਦੇ ਸੋਲਾ ਸਾਲ ਦੀ ਹੋਣ ’ਤੇ ਗੜਬੜ ਨਹੀਂ ਹੁੰਦਾ… ਮਾਮਲਾ ਗੜਬੜ ਤਾਂ ਉਦੋਂ ਹੁੰਦਾ ਹੈ ਜਦੋਂ ਵੱਡਿਆਂ ਘਰਾਂ ਦੇ ਲੋਫਰ ਮੁੰਡੇ ਕੰਮੀਆਂ ਦੀਆਂ ਧੀਆਂ ਭੈਣਾਂ ’ਤੇ ਮੈਲੀ ਨਜ਼ਰ ਰੱਖਦੇ ਹਨ। ਮਾਮਲਾ ਗੜਬੜ ਇਸ ਵਿੱਚ ਹੈ ਕਿ ਜੋ ਕੁਝ ਨਹੀਂ ਕਰਦੇ, ਉਹ ਪੂਰੀਆਂ ਐਸ਼ਾਂ ਕਰਦੇ ਨੇ ਤੇ ਜੋ ਮਿੱਟੀ ਨਾਲ ਮਿੱਟੀ ਹੁੰਦੇ ਨੇ, ਉਹ ਹਮੇਸ਼ਾਂ ਥੁੜ੍ਹਾਂ ’ਚ ਰਹਿੰਦੇ ਨੇ!’ ਦਿੱਲੀ ਦੀਆਂ ਬਰੂਹਾਂ ’ਤੇ ਬੈਠਾ ਤੇ ਰਾਜੇ ਦਾ ਮਹਿਲ ਘੇਰੀਂ ਬੈਠਾ ਕਿਸਾਨ/ ਮਜ਼ਦੂਰ ਜਾਣਦਾ ਹੈ ਕਿ ‘ਉਨ੍ਹਾਂ ਦਾ ਨਾਟਕਕਾਰ’ ਕੀ ਕਹਿ ਰਿਹਾ ਹੈ। ਪੇਤਲੀ ਗਾਇਕੀ ਤੇ ਗੀਤਕਾਰੀ, ਲੋਕ ਸਰੋਕਾਰਾਂ ਤੋਂ ਟੁੱਟੀ ਕਲਾ ਸਾਹਮਣੇ ਅੱਜ ਲੋਕਾਈ ਦੇ ਦਰਦ ਪੇਸ਼ ਕਰਦੀ ਕਲਾ ਕਿਵੇਂ ਸਿਰ ਉੱਚਾ ਚੁੱਕ ਖੜ੍ਹੀ ਹੈ, ਇਹ ਇਸ ਨਾਟਕ ਦੇ ਉਨ੍ਹਾਂ ਸੰਵਾਦਾਂ ਦੀ ਨਿਰੰਤਰਤਾ ਹੈ।
ਹੁਣ ਨਾਟਕ ਤੇਜ਼ੀ ਫੜਦਾ ਹੈ। ਸਰਦਾਰ ਸੁੱਚਾ ਸਿੰਘ ਦਾ ਬਾਪੂ ਪੁਰਾਣਾ ਦੇਸ਼ਭਗਤ ਹੈ। ਉਹ ਸੁੱਚਾ ਸਿੰਘ ਦੇ ਨਾਜਾਇਜ਼ ਕੰਮਾਂ ਤੋਂ ਦੁਖੀ ਹੈ। ਜ਼ਬਰਦਸਤ ਨਾਟਕੀ ਬਹਿਸ ਹੁੰਦੀ ਹੈ। ਬਤੌਰ ਅਦਾਕਾਰ ਮੇਰੀ ਰੰਗਮੰਚੀ ਜ਼ਿੰਦਗੀ ਦੀ ਇਹ ਸਭ ਤੋਂ ਪਿਆਰੀ ਨਾਟਕੀ ਟੱਕਰ ਹੈ। ਮੈਂ ਸੁੱਚਾ ਸਿੰਘ ਬਣਦਾ ਸੀ ਤੇ ਭਾਅ ‘ਬਾਪੂ ਜੀ’। ਮੰਚ ’ਤੇ ਚੰਗਿਆੜੇ ਨਿਕਲਦੇ ਸਨ। ਬਹਿਸ ਭਖਦੀ ਭਖਦੀ ਪੰਚਮ ਸੁਰ ’ਤੇ ਪਹੁੰਚ ਜਾਂਦੀ… ਅਦਾਕਾਰੀ ਦਾ ਯੁੱਧ ਰਚਿਆ ਲੱਗਦਾ। ਭਾਅ ਲੇਖਕ ਵੀ, ਅਦਾਕਾਰ ਵੀ, ਕੌਣ ਆਖੇ ਕਿ ਇਹ ਸੰਵਾਦ ਤਿੰਨ ਸਤਰਾਂ ਦਾ ਹੀ ਹੈ! ਭਾਅ ਜਜ਼ਬਾਤੀ ਹੋ ਜਾਂਦੇ, ਤਿੰਨ ਸਤਰਾਂ ਨੂੰ ਤੀਹ ਸਤਰਾਂ ਬਣਾ ਦਿੰਦੇ। ਅੱਖਾਂ ਭਰ ਲੈਂਦੇ, ਆਵਾਜ਼ ਕੰਬਣ ਲੱਗਦੀ, ਸ਼ਬਦਾਂ ਦਾ ਲਮਕਾ ‘ਉਏਅਅਅਅਅ’ ਹੋਰ ਵਧ ਜਾਂਦਾ। ਲੱਗਦਾ ਜਿਵੇਂ ਸੱਚੀਂ ਕੋਈ ਬਜ਼ੁਰਗ ਆਪਣੀ ਔਲਾਦ ਦੇ ਕਾਰਨਾਮਿਆਂ ਤੋਂ ਹੈਰਾਨ, ਪਰੇਸ਼ਾਨ ਤੇ ਪਸ਼ੇਮਾਨ ਹੈ। ਸੁੱਚਾ ਸਿੰਘ ਐਲਾਨ ਕਰਦਾ ਹੈ, ‘ਤੁਹਾਡੇ ਅਸੂਲਾਂ ਨੂੰ ਕਿਸੇ ਨੇ ਹਥੇਲੀ ’ਤੇ ਰੱਖ ਕੇ ਚੱਟਣੈ! ਉਹ ਦਿਨ ਦੂਰ ਨਹੀਂ, ਜਦੋਂ ਮੇਰੇ ਗਲ ’ਚ ਸਰਪੰਚੀ ਦਾ ਹਾਰ ਹੋਏਗਾ, ਫੁੱਲਾਂ ਲੱਦਿਆ ਹਾਰ!’ ਭਾਅ ਦੀ ਅਦਾਕਾਰੀ ਦਾ ਜਲੌਅ ਗੂੰਜ ਪੈਦਾ ਕਰਦਾ ਹੈ… ਕੱਚੀ ਮਿੱਟੀ ’ਤੇ ਘਸੀਆਂ ਦਰੀਆਂ ਵਿਛਾਈ ਬੈਠੇ ਦਰਸ਼ਕ ਦੇ ਮੈਲੇ ਕੰਨਾਂ ’ਚ ਬਾਬੇ ਦੇ ਬੋਲ ਸੁਪਨਾ ਬਣ ਟਕਰਾਉਂਦੇ ਹਨ, ‘ਮੈਨੂੰ ਤਾਂ ਉਦੋਂ ਖ਼ੁਸ਼ੀ ਹੋਵੇਗੀ, ਜਦ ਤੇਰੇ ਗਲ ’ਚ ਜੁੱਤੀਆਂ ਦਾ ਹਾਰ ਪਏਗਾ!’
ਅਗਲੇ ਦ੍ਰਿਸ਼ ’ਚ ਬਾਪੂ ਜੀ ਜਗੀਰ ਸਿੰਘ ਕੋਲ ਪਹੁੰਚਦੇ ਹਨ ਤੇ ਉਸ ਨੂੰ ਆਪਣੀ ਯੋਜਨਾ ਸਮਝਾਉਂਦੇ ਹਨ ਕਿ ਸੁੱਚਾ ਸਿੰਘ ਨੂੰ ਸਜ਼ਾ ਕਿਵੇਂ ਦੇਣੀ ਹੈ। ਹੁਣ ਆਖ਼ਰੀ ਦ੍ਰਿਸ਼ ਉੱਭਰਦਾ ਹੈ। ਸੁੱਚਾ ਸਿੰਘ ਆਪਣੇ ਪੈਸੇ ਮੰਗਣ ਆਇਆ ਹੈ। ਜਗੀਰ, ਜੱਗਾ ਤੇ ਜਗੀਰ ਦੀ ਪਤਨੀ ਬਿਸ਼ਨੀ ਮੌਜੂਦ ਹਨ। ਬਾਪੂ ਜੀ ਇੱਕ ਨਿਵੇਕਲੀ ਅਦਾਲਤ ਸਿਰਜਦੇ ਹਨ ਤੇ ਖ਼ੁਦ ਮੁਨਸਿਫ਼ ਬਣ ਕੁਰਸੀ ’ਤੇ ਬੈਠਦੇ ਹਨ। ਮੁਕੱਦਮਾ ਸ਼ੁਰੂ ਹੁੰਦਾ ਹੈ। ਜੱਗਾ ਫੜੀ ਗਈ ਰਕਮ ਦਾ ਹਿਸਾਬ ਦਿੰਦਾ ਹੈ। ਉਹ 1000 ਰੁਪਏ ’ਚੋਂ 800 ਰੁਪਏ ਦੀ ਰਕਮ ਪੂਰੀ ਹੋ ਗਈ ਦਾ ਐਲਾਨ ਕਰਦਾ ਹੈ। ਰਕਮ ਪੂਰੀ ਹੋਣ ਦਾ ਵੇਰਵਾ ਰੰਗਮੰਚੀ ਵਿਅੰਗ ਤੇ ਹਾਸਾ ਸਿਰਜਦਾ ਹੈ। ਉਹ ਕਹਿੰਦਾ ਹੈ, ‘ਹਵਾਲਾਤ ’ਚ ਪਿੱਸੂਆਂ ਨੇ ਲਹੂ ਪੀਤਾ, ਉਸ ਦਾ ਹਰਜਾਨਾ 500, 30 ਜੁੱਤੀਆਂ ਖਾਧੀਆਂ, ਉਸ ਦਾ ਹਰਜਾਨਾ 300… ਸੁੱਚਾ ਸਿੰਘ ਨੂੰ ਇਹ ਹਰਜਾਨਾ ਦੇਣਾ ਪਵੇਗਾ ਕਿਉਂਕਿ ਬੋਤਲਾਂ ਉਸ ਦੀਆਂ ਸਨ!’ ਬਾਪੂ ਜੀ ਤਰਕ ਰੱਖਦੇ ਹਨ ਕਿ ਜੇ ਸੁੱਚਾ ਸਿੰਘ ਇੱਕ ਰਾਤ ਹਵਾਲਾਤ ’ਚ ਰਹੇ ਤੇ ਤੇਰੇ ਵਾਂਗ ਜੁੱਤੀਆਂ ਖਾ ਲਵੇ ਤਾਂ ਕੀ ਤੂੰ ਉਸ ਨੂੰ ਪੈਸੇ ਦੇਣ ਲਈ ਤਿਆਰ ਹੈਂ? ਜੱਗਾ ਤਿਆਰ ਹੈ, ਪਰ ਸੁੱਚਾ ਸਿੰਘ ਤਿਲਮਿਲਾਉਂਦਾ ਹੈ। ਇਸ ਤਰ੍ਹਾਂ 800 ਦੀ ਰਕਮ ਉਤਰ ਗਈ। ਹੁਣ ਰਹਿ ਗਏ 200 ਰੁਪਏ ਬਾਪੂ ਜੀ ਇਨਸਾਫ਼ ਦੀ ਫੀਸ ਦੱਸਦੇ ਹਨ। ਸੁੱਚਾ ਸਿੰਘ ਇਨਸਾਫ਼ ਮੰਨਣ ਤੋਂ ਮੁਨਕਰ ਹੈ। ਬਾਪੂ ਜੀ ਇਸ ਦੀ ਵੀ ਸਜ਼ਾ ਸੁਣਾਉਂਦੇ ਹਨ, ‘ਜਗੀਰ ਤੇ ਜੱਗਾ ਇਸ ਨੂੰ ਫੜਨਗੇ ਤੇ ਬੀਬੀ ਬਿਸ਼ਨੀ ਇਸ ਦੇ ਗਲ ’ਚ ਜੁੱਤੀਆਂ ਦਾ ਹਾਰ ਪਾਏਗੀ!’ ਸੁੱਚਾ ਸਿੰਘ ਨੱਸਣਾ ਚਾਹੁੰਦਾ ਹੈ, ਪਰ ‘ਉਹ’ ਨੱਸਣ ਨ੍ਹੀਂ ਦਿੰਦੇ ਤੇ ਯੋਜਨਾ ਅਨੁਸਾਰ ਪਹਿਲਾਂ ਤੋਂ ਤਿਆਰ ਜੁੱਤੀਆਂ ਦਾ ਹਾਰ ਸੁੱਚੇ ਦੇ ਗਲ ’ਚ ਪਾਇਆ ਜਾਂਦਾ ਹੈ। ਦਰਸ਼ਕ ਨੱਚ ਉੱਠਦੇ ਹਨ… ਤਾੜੀਆਂ ਦਾ ਮੀਂਹ ਵਰਸਦਾ ਹੈ, ਦਿਲਾਂ ’ਚ ਦੱਬੀ ਪਈ ਚਿਰੋਕਣੀ ਖਾਹਿਸ਼ ਉਨ੍ਹਾਂ ਨੂੰ ਨਾਟਕ ਰਾਹੀਂ ਪੂਰੀ ਹੋਈ ਭਾਸਦੀ ਹੈ।
ਭਾਅ ਭਾਵੁਕ ਹੋ ਜਾਂਦੇ…ਪਹਿਲਾਂ ਸੁੱਚੇ ਨੂੰ ਸੰਬੋਧਿਤ ਹੋ ਕੇ ਬੋਲਦੇ, ‘ਤੁਸੀਂ ਕੀ ਸਮਝਦੇ ਹੋ, ਤੁਸੀਂ ਹੇਰਾਫੇਰੀਆਂ ਕਰੋ, ਲੋਕਾਂ ਨਾਲ ਧੋਖਾ ਕਰੋ, ਲਾਰੇ ਲਾਵੋਂ… ਤੇ ਲੋਕ ਤੁਹਾਡੇ ਗਲ਼ ’ਚ ਫੁੱਲਾਂ ਦੇ ਹਾਰ ਪਾਉਣ! ਤੁਸੀਂ ਸਰਪੰਚ ਬਣੋਂ, ਐੱਮਐੱਲਏ ਬਣੋਂ, ਐੱਮਪੀ ਬਣੋਂ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣੋਂ… ਨਹੀਂਅਅਅਅ!!! ਲੋਕ ਤੁਹਾਡੇ ਗਲ਼ ’ਚ ਜੁੱਤੀਆਂ ਦੇ ਹਾਰ ਪਾਉਣਗੇ!’ ਫਿਰ ਭਾਅ ਦਾ ਚਿਹਰਾ ਲੋਕਾਂ ਵੱਲ ਘੁੰਮਦਾ, ਭਾਵੁਕਤਾ ਦੀ ਸਿਖਰ ਹੋ ਜਾਂਦੀ, ਅੱਖਾਂ ’ਚੋਂ ਪਾਣੀ, ਨੱਕ ’ਚੋਂ ਪਾਣੀ ਵਗ ਰਿਹਾ ਹੁੰਦਾ, ਲੱਗਦਾ ਜਿਵੇਂ ਪੰਜਾਬ ਰੋ ਰਿਹਾ ਹੈ। ਭਾਅ ਬੁਝੀਆਂ ਅੱਖਾਂ ਵਾਲੇ ਦਰਸ਼ਕਾਂ ਅੱਗੇ ਵੰਗਾਰ ਸੁੱਟਦੇ, ‘ਮੇਰੇ ਲੋਗੋ (ਲੋਕੋ), ਕੀ ਤੁਸੀਂ ਚਾਹੁੰਦੇ ਹੋ ਕਿ ਇਹ ਇਸੇ ਤਰ੍ਹਾਂ ਤੁਹਾਡੇ ਸੁਪਨਿਆਂ ਦਾ ਘਾਣ ਕਰਦੇ ਰਹਿਣ ਤੇ ਤੁਸੀਂ ਇਨ੍ਹਾਂ ਦੇ ਗਲ ’ਚ ਫੁੱਲਾਂ ਦੇ ਹਾਰ ਪਾਉਂਦੇ ਰਹੋ! ਨਹੀਂਅਅਅਅ!! ਜੇ ਅਜੇ ਜੁੱਤੀਆਂ ਦੇ ਹਾਰ ਪਾਉਣ ਦੇ ਲਾਇਕ ਨਹੀਂ ਹੋਏ, ਕਮ-ਸ-ਕਮ ਫੁੱਲਾਂ ਦੇ ਹਾਰ ਪਾਉਣੇ ਬੰਦ ਕਰ ਦਿਓ!’
ਭਾਅ ਗੁਰਸ਼ਰਨ ਸਿਆਂ! ਲੋਕ ਤੈਨੂੰ ਬਹੁਤ ਪਿਆਰ ਕਰਦੇ ਨੇ, ਦੇਰ ਨਾਲ ਹੀ ਸਹੀ… ਤੇਰੇ ਜਾਣ ਤੋਂ ਬਾਅਦ ਹੀ ਸਹੀ, ਲੋਕਾਂ ਫੁੱਲ ਤੇਰੇ ਲਈ ਸੰਭਾਲ ਲਏ ਨੇ ਤੇ ‘ਉਨ੍ਹਾਂ’ ਨੂੰ ਜੁੱਤੀਆਂ ਦੇ ਹਾਰ ਦਿਖਾ ਰਹੇ ਹਨ। ਉਂਝ ਤੂੰ ਗਿਐਂ ਈ ਕਿੱਥੇ ਐਂ! ਇੱਥੇ ਹੀ ਤਾਂ ਹੈਂ, ਸਾਡੇ ਦਿਲਾਂ ’ਚ ਧੜਕਦਾ! ਖ਼ੁਸ਼ ਤਾਂ ਹੈਂ ਨਾ ਭਾਅ! ਅੱਜ ਕਹਿ ਦੇ ਭਾਈ ਮੰਨਾ ਸਿਆਂ, ‘ਮੰਨਾ ਸਿੰਘ ਖੁਸ਼ ਹੂਆ!’ ਤੇਰੇ ਲੋਕ ਜ਼ਿੰਦਾ ਹਨ ਭਾਅ ਗੁਰਸ਼ਰਨ ਸਿੰਘ!
ਸੰਪਰਕ: 98880-11096