ਅੱਬਾਸ ਧਾਲੀਵਾਲ
ਅੱਜ ਜਦੋਂ ਵੀ ਦੁਨੀਆ ਵਿਚ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਬਿਨਾਂ ਸ਼ੱਕ ਇਕ ਨਾਮ ਆਪਣੇ ਆਪ ਸਾਹਮਣੇ ਆ ਜਾਂਦਾ ਹੈ, ਉਹ ਨਾਂ ਹੈ ਬੌਲੀਵੁੱਡ ਦੇ ਪ੍ਰਸਿੱਧ ਪਿੱਠਵਰਤੀ ਮਹਾਨ ਗਾਇਕ ਮੁਹੰਮਦ ਰਫ਼ੀ ਦਾ। ਗੀਤ ਹੋਵੇ, ਚਾਹੇ ਕੋਈ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਜਾਂ ਫਿਰ ਨਾਅਤ ਜਾਂ ਸ਼ਬਦ, ਭਜਨ, ਰਫ਼ੀ ਸਾਹਿਬ ਨੇ ਹਰ ਤਰ੍ਹਾਂ ਦੀ ਗਾਇਕੀ ਵਿਚ ਆਪਣਾ ਲੋਹਾ ਮਨਵਾਇਆ।
ਅੱਜ ਭਾਵੇਂ ਉਨ੍ਹਾਂ ਨੂੰ ਫੌਤ ਹੋਇਆਂ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ, ਫਿਰ ਵੀ ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਸੱਤ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਨ੍ਹਾਂ ਦੀ ਆਵਾਜ਼ ਜਦੋਂ ਕਦੀ ਸੁਣਾਈ ਦਿੰਦੀ ਹੈ ਤਾਂ ਕੰਨਾਂ ਵਿਚ ਇਕ ਪ੍ਰਕਾਰ ਦਾ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਰੂਹ ਨੂੰ ਤਾਜ਼ਗੀ ਮੁਹੱਈਆ ਕਰਵਾਉਂਦੀ ਜਾਪਦੀ ਹੈ।
ਮੁਹੰਮਦ ਰਫ਼ੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਹਾਜੀ ਅਲੀ ਮੁਹੰਮਦ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫ਼ੀ ਛੇ ਭਰਾਵਾਂ ਵਿਚੋਂ ਦੂਸਰੇ ਨੰਬਰ ’ਤੇ ਸੀ। ਮੁਹੰਮਦ ਰਫ਼ੀ, ਜਿਸ ਦਾ ਦਾ ਕੱਚਾ-ਨਾਂ ‘ਫੀਕੂ’ ਸੀ ਨੇ ਆਪਣੀ ਮੁੱਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਲਈ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤਕ ਹੀ ਪੜ੍ਹਾਈ ਕਰ ਸਕੇ।
ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਨ੍ਹਾਂ ਦੇ ਮੁਹੱਲੇ ਵਿਚ ਇਕ ਫ਼ਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ” ਗਾ ਕੇ ਭੀਖ ਮੰਗਦਾ ਸੀ। ਉਸੇ ਦੀ ਨਕਲ ਕਰਦਿਆਂ ਉਸ ਨੇ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਉਣਾ ਤੇ ਕਈ ਵਾਰ ਉਸ ਫ਼ਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਣਾ।
ਇਸੇ ਵਿਚਕਾਰ ਰਫ਼ੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਭੱਟੀ ਗੇਟ ਵਿਚ ਨੂਰ ਮਹਿਲਾਂ ਵਿਚ ਪੁਰਸ਼ਾਂ ਦਾ ਸੈਲੂਨ ਸ਼ੁਰੂ ਕਰ ਦਿੱਤਾ।
ਰਫ਼ੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫ਼ੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਉਨ੍ਹਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿਚ ਕੇ.ਐੱਲ. ਸਹਿਗਲ ਦੀ ਮੌਜੂਦਗੀ ਵਿਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦੋਂ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫ਼ੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫ਼ੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿਚ ਚੁੱਪ ਛਾ ਗਈ।
ਇਸ ਉਪਰੰਤ 1941 ਵਿਚ ਰਫ਼ੀ ਨੇ ਸ਼ਿਆਮ ਸੁੰਦਰ ਅਧੀਨ ਜੋੜੀ ਵਿਚ ਗੀਤ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜੀਨਤ ਬੇਗ਼ਮ ਨਾਲ ਲਾਹੌਰ ਵਿਚ ਪੰਜਾਬੀ ਫ਼ਿਲਮ ‘ਗੁਲ ਬਲੋਚ’ ਲਈ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਗਾਉਣ ਲਈ ਸੱਦਾ ਦਿੱਤਾ।
1944 ਵਿਚ ਉਹ ਮੁੰਬਈ ਚਲੇ ਗਏ। ਉਨ੍ਹਾਂ ਨੇ ਅਬਦੁਲ ਹਮੀਦ ਨਾਲ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿਚ ਇਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫ਼ਿਲਮ ਨਿਰਮਾਤਾ ਅਬਦੁਰ ਰਸ਼ੀਦ, ਨਿਰਦੇਸ਼ਕ ਮਹਬਿੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ ਨਜ਼ੀਰ ਆਦਿ ਨਾਲ ਮਿਲਵਾਇਆ। ਮੁਹੰਮਦ ਰਫ਼ੀ ਜੋ ਕਿ ਆਪਣੇ ਅਲੱਗ-ਅਲੱਗ ਗੀਤਾਂ ਦੇ ਅੰਦਾਜ਼ ਲਈ ਜਾਣੇ ਜਾਂਦੇ ਸਨ, ਉਨ੍ਹਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤਕ ਸਭ ਨੂੰ ਖੁਭ ਕੇ ਗਾਇਆ। ਉਨ੍ਹਾਂ ਨੂੰ ਫ਼ਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿਚ ਗਾਉਣ ਦੀ ਵਿਲੱਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।
ਆਪਣੀ ਜਾਦੂਈ ਆਵਾਜ਼ ਦੇ ਚੱਲਦਿਆਂ 1950 ਅਤੇ 1970 ਦੇ ਵਿਚਕਾਰ ਰਫ਼ੀ ਹਿੰਦੀ ਫ਼ਿਲਮ ਉਦਯੋਗ ਵਿਚ ਸਭ ਤੋਂ ਵੱਧ ਮੰਗ ਵਾਲੇ ਗਾਇਕ ਸਨ। ਦਿਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤਕ ਹਰ ਛੋਟੇ ਵੱਡੇ ਅਦਾਕਾਰ ਲਈ ਰਫ਼ੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫ਼ੀ ਦੀ ਮੌਤ ਉਪਰੰਤ ਇਕ ਵਾਰ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ। ਮੁਹੰਮਦ ਰਫ਼ੀ ਆਮ ਤੌਰ ’ਤੇ ਹਿੰਦੀ ਵਿਚ ਗੀਤ ਗਾਉਣ ਲਈ ਜਾਣੇ ਜਾਂਦੇ ਸਨ, ਪਰ ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ ਗੀਤ ਗਾਏ ਜਿਨ੍ਹਾਂ ਵਿਚ ਅਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਲ ਹਨ।
ਭਾਰਤੀ ਭਾਸ਼ਾਵਾਂ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ ਅਤੇ ਡੱਚ ਭਾਸ਼ਾਵਾਂ ਵਿਚ ਵੀ ਗੀਤ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ, ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ, ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਲਗਭਗ 26000 ਹਜ਼ਾਰ ਗੀਤ ਗਾਏ।
ਰਫ਼ੀ ਸਾਹਿਬ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫ਼ਿਲਮ ‘ਨਸੀਬ’ ਦੇ ਗੀਤ “ਚਲ ਚਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫ਼ੀ ਨੂੰ ਬਹੁਤ ਹੀ ਪੁਰਜੋਸ਼ ਅੰਦਾਜ਼ ਵਿਚ ਕਿਹਾ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਰਫ਼ੀ ਸਾਹਿਬ ਆਪਣੇ ਆਪ ਵਿਚ ਇਕ ਮਹਾਨ ਕਲਾਕਾਰ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।
ਉਨ੍ਹਾਂ ਦੇ ਹਿੱਟ ਗੀਤਾਂ ਵਿਚੋਂ ਕੁਝ ਕੁ ਹਨ: ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ‘ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ’, ‘ਓ ਦੁਨੀਆ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖ਼ਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫ਼ਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।
ਰਫ਼ੀ ਸਾਹਿਬ ਨੇ ਛੇ ਫ਼ਿਲਮਫੇਅਰ ਐਵਾਰਡ ਅਤੇ ਇਕ ਨੈਸ਼ਨਲ ਫ਼ਿਲਮ ਐਵਾਰਡ ਪ੍ਰਾਪਤ ਕੀਤਾ। 1967 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ 31 ਜੁਲਾਈ 1980 ਨੂੰ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ, ਪਰ ਆਪਣੇ ਬੇਮਿਸਾਲ ਗੀਤਾਂ ਤੇ ਮਿਲਣਸਾਰ ਸ਼ਖ਼ਸੀਅਤ ਕਾਰਨ ਉਹ ਰਹਿੰਦੀ ਦੁਨੀਆ ਤਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ਵਿਚ ਕਿਹਾ ਸੀ:
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ
ਜਬ ਕਭੀ ਭੀ ਸੁਨੋਗੇ ਗੀਤ ਮੇਰੇ
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ
ਸੰਪਰਕ: 98552-59650