ਸੁਖਮੰਦਰ ਸਿੰਘ ਤੂਰ
ਅਕਸਰ ਹੀ ਮਨੁੱਖ ਖ਼ਾਸ ਤੌਰ ’ਤੇ ਔਰਤਾਂ ਦੇ ਮਨ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਮੈਂ ਤਾਂ ਸਾਰਿਆਂ ਲਈ ਇੰਨਾ ਕੁਝ ਕਰਦੀ ਹਾਂ, ਪਰਿਵਾਰ ਲਈ ਸਾਰਾ ਦਿਨ ਖਪਦੀ ਹਾਂ, ਪਰ ਮੇਰੇ ਲਈ ਕੋਈ ਕੁਝ ਨਹੀਂ ਕਰ ਰਿਹਾ। ਦੁਨੀਆਦਾਰੀ, ਰਿਸ਼ਤੇਦਾਰੀਆਂ ਆਦਿ ਵੀ ਸਭ ਠੀਕ ਨਿਭਾਅ ਰਹੀ ਹਾਂ, ਪਰ ਰਿਸ਼ਤੇਦਾਰਾਂ ਤੋਂ ਕਿਹੜੀ ਸਾਨੂੰ ਸ਼ੋਭਾ ਮਿਲ ਰਹੀ ਹੈ? ਹਰ ਕੋਈ ਜਿਵੇਂ ਉਸ ਨੂੰ ਮਸ਼ੀਨ ਸਮਝ ਕੇ ਉਸ ਤੋਂ ਆਪਣਾ ਕੰਮ ਕੱਢ ਰਿਹਾ ਹੈ। ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹ ਵੀ ਹੱਡ-ਮਾਸ ਦੀ ਇੱਕ ਜਿਉਂਦੀ-ਜਾਗਦੀ ਇਨਸਾਨ ਹੈ। ਉਸ ਦੀ ਵੀ ਸ਼ਕਤੀ/ਸਮਰੱਥਾ ਦੀ ਇੱਕ ਹੱਦ ਹੈ, ਉਸ ਦੇ ਵੀ ਆਪਣੇ ਕੋਈ ਸ਼ੌਕ ਹਨ। ਕਿਸੇ ਨੂੰ ਵੀ ਇਨ੍ਹਾਂ ਗੱਲਾਂ ਦਾ ਜ਼ਰਾ ਵੀ ਖਿਆਲ ਨਹੀਂ ਹੈ। ਹਰ ਕੋਈ ਉਸ ਤੋਂ ਆਸਾਂ ਲਾਈ ਰੱਖਦਾ ਹੈ। ਪਰਿਵਾਰ ਦੇ ਮੈਂਬਰ ਹੋਣ, ਗੁਆਂਢੀ, ਮਿੱਤਰ ਜਾਂ ਰਿਸ਼ਤੇਦਾਰ ਹਰ ਕੋਈ ਆਪਣੇ ਢੰਗ ਨਾਲ ਉਸ ਦੀ ਵਰਤੋਂ ਕਰ ਰਿਹਾ ਹੈ। ਸੱਚਮੁੱਚ ਅਜਿਹੀ ਸੋਚ ਹੀ ਇਨਸਾਨ ਦੀ ਉਦਾਸੀ ਦਾ ਵੱਡਾ ਕਾਰਨ ਹੈ।
ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਇਹੀ ਹੈ ਕਿ ਉਹ ਆਪਣੇ-ਆਪ ਨੂੰ ਬਹੁਤ ਦੁਖੀ ਤੇ ਆਪਣੇ ਸਾਥੀਆਂ/ਸਹੇਲੀਆਂ ਜਾਂ ਗੁਆਂਢੀਆਂ ਨੂੰ ਬਹੁਤ ਸੁਖੀ ਸਮਝਦਾ ਹੈ, ਜਦੋਂ ਕਿ ਇਹ ਸੱਚ ਨਹੀਂ ਹੈ। ਜਿਸ ਵਿਅਕਤੀ ਨੂੰ ਤੁਸੀਂ ਖ਼ੁਸ਼ ਜਾਂ ਸੁਖੀ ਸਮਝ ਰਹੇ ਹੋ, ਕਦੇ ਇਕੱਲੇ ਵਿੱਚ ਉਸ ਦਾ ਦਿਲ ਫਰੋਲ ਕੇ ਵੇਖੋ ਤਾਂ ਕਹਿਣ-ਸੁਣਨ ਨੂੰ ਉਸ ਕੋਲ ਤੁਹਾਡੇ ਤੋਂ ਵੱਧ ਹੋਵੇਗਾ। ਉਹ ਵੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਆਦਿ ਦੇ ਵਿਵਹਾਰ ਤੋਂ ਦੁਖੀ ਹੀ ਹੋਵੇਗਾ ਜਾਂ ਫਿਰ ਆਰਥਿਕ ਤੰਗੀ, ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਆਦਿ ਕੋਈ ਨਾ ਕੋਈ ਦੁੱਖ ਜ਼ਰੂਰ ਹੋਵੇਗਾ ਜੋ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਹਰ ਇੱਕ ਕੋਲ ਆਪਣੀ ਦੁੱਖ-ਦਾਸਤਾਂ ਸੁਣਾਉਣ ਲਈ ਕੁਝ ਆਪ ਬੀਤੀਆਂ ਅਤੇ ਕੁਝ ਜੱਗ ਬੀਤੀਆਂ ਹੁੰਦੀਆਂ ਹਨ। ਇਸ ਲਈ ਆਪਣੇ-ਆਪ ਵਿੱਚ ਪਰੇਸ਼ਾਨ ਨਾ ਹੋਵੋ। ਹਰ ਕੋਈ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਹੈ। ਇਸ ਸੋਚ ਨੂੰ ਦਿਮਾਗ਼ ਵਿੱਚੋਂ ਕੱਢ ਸੁੱਟੋ ਕਿ ਤੁਸੀਂ ਇਕੱਲੇ ਹੀ ਪਰਿਵਾਰ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ, ਜਿਸ ਕੋਲ ਆਪਣੇ ਲਈ ਇੱਕ ਮਿੰਟ ਦਾ ਵੀ ਸਮਾਂ ਨਹੀਂ ਹੈ। ਤੁਸੀਂ ਆਪਣੇ ਪਰਿਵਾਰ ਤੋਂ ਦੂਰ ਆਪਣੇ ਲਈ ਤੇ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਕੁਝ ਸਮਾਂ ਬਿਤਾਓ। ਆਪਣੇ ਜੀਵਨ ਸਾਥੀ, ਬੱਚਿਆਂ ਨਾਲ ਸ਼ੋਰ-ਸ਼ਰਾਬੇ ਤੋਂ ਦੂਰ ਆਪਣੇ ਕਿਸੇ ਨੇੜਲੇ ਪਾਰਕ ਦੀ ਸੈਰ ਕਰੋ। ਪਾਰਕ ਦੀ ਸਾਫ਼ ਹਵਾ ਤੁਹਾਨੂੰ ਸਿਹਤਮੰਦ ਬਣਾਏਗੀ ਤੇ ਹਰਿਆਲੀ ਨਵੀਂ ਚੁਸਤੀ ਪ੍ਰਦਾਨ ਕਰੇਗੀ ਤੇ ਮੌਸਮ ਦੇ ਰੰਗ-ਬਿਰੰਗੇ ਫੁੱਲ ਮਨ ਨੂੰ ਖ਼ੁਸ਼ੀ ਨਾਲ ਭਰ ਦੇਣਗੇ। ਇਸ ਤਰ੍ਹਾਂ ਤੁਹਾਨੂੰ ਆਪਣੀ ਕਾਇਆ ਹਲਕੀ ਮਹਿਸੂਸ ਹੋਵੇਗੀ।
ਜ਼ਰਾ ਇਹ ਵੀ ਚਿੱਤ ਵਿੱਚ ਲਾ ਕੇ ਸੋਚੋ ਕਿ ਤੁਸੀਂ ਖ਼ੁਸ਼ ਕਿਉਂ ਨਹੀਂ ਰਹਿੰਦੇ, ਆਖਿਰ ਤੁਹਾਡੇ ਵਿੱਚ ਕੀ ਕਮੀਆਂ ਹਨ, ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਤੁਸੀਂ ਕੀ ਕਰ ਰਹੇ ਹੋ? ਫਿਰ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਤੁਹਾਡੇ ਵੱਲੋਂ ਹੀ ਹੋਣੀਆਂ ਚਾਹੀਦੀਆਂ ਹਨ। ਜੋ ਤੁਹਾਡੀ ਜ਼ਿੰਦਗੀ ਵਿੱਚ ਮਾੜਾ ਵਾਪਰ ਚੁੱਕਿਆ ਹੈ, ਉਸ ਨੂੰ ਹੌਲੀ-ਹੌਲੀ ਭੁੱਲ ਜਾਓ, ਉਸ ਨੂੰ ਮਾੜਾ ਸੁਪਨਾ ਸਮਝ ਕੇ ਚੇਤਿਆਂ ਵਿੱਚੋਂ ਵਿਸਾਰ ਦਿਓ। ਅਤੀਤ ਦੇ ਨਾਲ ਤੁਰਦਿਆਂ ਵਰਤਮਾਨ ਵੀ ਖਰਾਬ ਹੁੰਦਾ ਹੈ ਤੇ ਭਵਿੱਖ ਵੀ ਸੁਨਹਿਰੀ ਨਹੀਂ ਬਣਦਾ। ਜੇਕਰ ਅਤੀਤ ਦੀ ਕੋਈ ਦਿਲ ਦੁਖਾਉਣ ਵਾਲੀ ਘਟਨਾ ਵਾਰ-ਵਾਰ ਪਰੇਸ਼ਾਨ ਕਰਦੀ ਹੈ ਤਾਂ ਉਸ ਨਾਲ ਸਬੰਧਤ ਸਾਰੇ ਸਬੂਤ, ਰਿਸ਼ਤੇ ਖ਼ਤਮ ਕਰ ਦਿਓ, ਨਹੀਂ ਤਾਂ ਉਹ ਤੁਹਾਨੂੰ ਸਿਉਂਕ ਵਾਂਗ ਅੰਦਰ ਹੀ ਅੰਦਰ ਖਾ ਜਾਵੇਗੀ। ਮਾੜੀਆਂ ਯਾਦਾਂ ਹਮੇਸ਼ਾਂ ਤਣਾਅ ਪੈਦਾ ਕਰਦੀਆਂ ਹਨ, ਇਨ੍ਹਾਂ ਨੂੰ ਹੌਲੀ-ਹੌਲੀ ਘੱਟ ਕਰਕੇ ਮਨ ਨੂੰ ਦੂਜੇ ਕੰਮਾਂ ਵਿੱਚ ਲਾਓਗੇ ਤਾਂ ਮਨ ਲੱਗੇਗਾ। ਜੇਕਰ ਤੁਹਾਨੂੰ ਕਿਸੇ ਨਾਲ ਸ਼ਿਕਾਇਤ ਹੈ ਤਾਂ ਉਸ ’ਤੇ ਮੁੜ ਗੌਰ ਕਰੋ। ਤੁਹਾਨੂੰ ਸ਼ਾਇਦ ਮਹਿਸੂਸ ਹੋਵੇਗਾ ਕਿ ਉਸ ਗੱਲ ਨੂੰ ਦਿਲ ਵਿੱਚ ਰੱਖਣਾ ਫਜ਼ੂਲ ਹੈ ਤੇ ਉਹ ਗਿਲਾ-ਸ਼ਿਕਵਾ ਓਨਾ ਵੱਡਾ ਹੈ ਨਹੀਂ ਜਿੰਨਾ ਤੁਸੀਂ ਸੋਚ ਲਿਆ ਹੈ ਤੇ ਤੁਹਾਨੂੰ ਜਿਸ ਕਿਸੇ ਨਾਲ ਵੀ ਸ਼ਿਕਾਇਤ ਹੈ, ਉਸ ਨੂੰ ਮੁਆਫ਼ ਕਰ ਸਕਦੇ ਹੋ। ਇਸ ਨਾਲ ਤੁਹਾਡੇ ਦਿਮਾਗ਼ ’ਤੇ ਜਿਹੜਾ ਬੋਝ ਹੈ ਉਹ ਵੀ ਉਤਰ ਜਾਵੇਗਾ ਤੇ ਤੁਹਾਨੂੰ ਸ਼ਾਂਤੀ ਮਿਲੇਗੀ। ਮੁਆਫ਼ ਕਰ ਦੇਣ ਨਾਲ ਉਹ ਮਨੁੱਖ ਵੀ ਤੁਹਾਡਾ ਕਾਇਲ ਹੋ ਜਾਵੇਗਾ ਤੇ ਤੁਸੀਂ ਰਾਹਤ ਮਹਿਸੂਸ ਕਰੋਗੇ।
ਕਿਤੇ ਤੁਹਾਡੇ ਨਾ-ਖ਼ੁਸ਼ ਰਹਿਣ ਦਾ ਇਹ ਕਾਰਨ ਤਾਂ ਨਹੀਂ ਹੈ ਕਿ ਤੁਸੀਂ ਦੂਸਰਿਆਂ ਨਾਲ ਆਪਣਾ ਮੁਕਾਬਲਾ ਕਰਦੇ ਹੋ। ਦੁਨੀਆ ਵਿੱਚ ਲੋਕੀਂ ਤੁਹਾਡੇ ਤੋਂ ਵੀ ਉੱਚੇ ਹਨ ਤੇ ਨੀਵੇਂ ਵੀ। ਤੁਸੀਂ ਰੋਲ ਮਾਡਲ ਨਾਲ ਤੁਲਨਾ ਕਰਕੇ ਆਪਣੇ-ਆਪ ਨੂੰ ਹੀਣਾ ਨਾ ਸਮਝੋ। ਇਸ ਲਈ ਤੁਲਨਾ ਕਰਨ ਦੀ ਬਜਾਏ ਚੰਗਾ ਇਹੀ ਹੈ ਕਿ ਤੁਸੀਂ ਆਪਣੇ-ਆਪ ਨੂੰ ਸਰਵੋਤਮ ਬਣਾਉਣ ਦੀ ਕੋਸ਼ਿਸ਼ ਕਰੋ। ਆਪਣੇ- ਆਪ ਨੂੰ ਓਨਾ ਬਦਲੋ ਕਿ ਲੋਕੀਂ ਤੁਹਾਡਾ ਮਜ਼ਾਕ ਨਾ ਉਡਾਉਣ, ਬਾਕੀ ਜੇਕਰ ਤੁਸੀਂ ਆਪਣੇ ਵਿੱਚ ਬਦਲਾਅ ਲਿਆ ਕੇ ਅਸਲ ਵਿੱਚ ਸੋਹਣੇ ਲੱਗ ਰਹੇ ਹੋ ਤਾਂ ਫਿਰ ਕੋਈ ਕੀ ਕਹਿੰਦਾ ਹੈ, ਉਸ ਦੀ ਪਰਵਾਹ ਨਾ ਕਰੋ।
ਆਪਣੇ-ਆਪ ਨੂੰ ਖ਼ੁਸ਼ ਰੱਖਣ ਲਈ ਅਜਿਹੇ ਲੋਕਾਂ ਨਾਲ ਦੋਸਤੀ ਕਰੋ, ਜਿਹੜੇ ਤੁਹਾਡੇ ਲਈ ਖ਼ਾਸ ਹਨ ਤੇ ਮਹੱਤਵ ਰੱਖਦੇ ਹਨ, ਚੰਗੀ ਸੋਚ ਤੇ ਆਦਰਸ਼ਾਂ ਦੇ ਧਨੀ ਹਨ, ਤੁਸੀਂ ਸੱਚਮੁੱਚ ਅਜਿਹੇ ਲੋਕਾਂ ਤੋਂ ਬਹੁਤ ਕੁਝ ਸਿੱਖੋਗੇ। ਸਕਾਰਾਤਮਕ ਸੋਚ ਵਾਲੇ ਇਨਸਾਨ ਨਾਲ ਦੋਸਤੀ ਤੁਹਾਨੂੰ ਖ਼ੁਸ਼ ਰੱਖੇਗੀ। ਇਸ ਤਰ੍ਹਾਂ ਦੇ ਲੋਕਾਂ ਨਾਲ ਬਿਤਾਇਆ ਸਮਾਂ ਤੁਹਾਡੇ ਲਈ ਹਰ ਪੱਖੋਂ ਸਾਰਥਿਕ ਹੋਵੇਗਾ। ਇਸ ਲਈ ਆਪਣੇ ਸਾਰੇ ਦੁੱਖਾਂ ਨੂੰ ਇੱਕ ਪਾਸੇ ਕਰਕੇ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਲੱਭੋ ਕਿਉਂਕਿ ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਇਨ੍ਹਾਂ ਨੇ ਆਉਂਦੇ ਜਾਂਦੇ ਰਹਿਣਾ ਹੈ, ਪਰ ਜ਼ਿੰਦਗੀ ਨੇ ਚੱਲਦੇ ਰਹਿਣਾ ਹੈ। ਫਿਰ ਜ਼ਿੰਦਗੀ ਨੂੰ ਗ਼ਮਾਂ ਵਿੱਚ ਕਿਉਂ ਡੁੱਬਣ ਦਈਏ। ਆਓ! ਇਸ ਦਾ ਭਰਪੂਰ ਆਨੰਦ ਮਾਣੀਏ।