‘ਮੁੰਬਈ: ਅਦਾਕਾਰਾ ਸੀਮਾ ਪਾਹਵਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਰਾਮਪ੍ਰਸਾਦ ਕੀ ਤੇਰ੍ਹਵੀਂ ’ 31 ਮਾਰਚ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਸੀਮਾ ਪਾਹਵਾ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ ਜਿਸ ’ਚ ਨਸੀਰੂਦੀਨ ਸ਼ਾਹ, ਸੁਪ੍ਰਿਆ ਪਾਠਕ ਅਤੇ ਕੋਂਕਣਾ ਸੇਨ ਸ਼ਰਮਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਜੀਓ ਸਟੂਡੀਓਜ਼ ਅਤੇ ਦ੍ਰਿਸ਼ਅਮ ਫਿਲਮਜ਼ ਦੀ ਪੇਸ਼ਕਸ਼ ਇਹ ਫਿਲਮ ਇਸ ਸਾਲ ਪਹਿਲੀ ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। 59 ਸਾਲਾ ਅਦਾਕਾਰਾ ਤੇ ਨਿਰਦੇਸ਼ ਸੀਮਾ ਨੇ ਇਸ ਸਬੰਧੀ ਐਲਾਨ ਅੱਜ ਇੰਸਟਾਗ੍ਰਾਮ ’ਤੇ ਕੀਤਾ। ਟੀਵੀ ਸੀਰੀਅਰ ‘ਹਮ ਲੋਗ’ ਅਤੇ ‘ਬਰੇਲੀ ਕੀ ਬਰਫੀ’ ਤੇ ‘ਸ਼ੁਭ ਮੰਗਲਮ ਸਾਵਧਾਨ’ ਵਰਗੀਆਂ ਫਿਲਮਾਂ ’ਚ ਭੂਮਿਕਾਵਾਂ ਨਿਭਾਉਣ ਵਾਲੀ ਸੀਮਾ ਪਾਹਵਾ ਨੇ ਦੱਸਿਆ ਕਿ ਇਹ ਫਿਲਮ ਹੁਣ ਓਟੀਟੀ ਪਲੇਟਫਾਰਮ ਰਾਹੀਂ ਦਰਸ਼ਕਾਂ ਤੱਕ ਪਹੁੰਚਣ ਲਈ ਤਿਆਰ ਹੈ। ਉਸ ਨੇ ਲਿਖਿਆ, ‘ਦੋ ਮਹੀਨੇ ਪਹਿਲਾਂ ਪਹਿਲੀ ਜਨਵਰੀ 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਤੋਂ ਬਾਅਦ ‘ਰਾਮਪ੍ਰਸਾਦ ਕੀ ਤੇਹਰਵੀਂ’ ਹੁਣ 31 ਮਾਰਚ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।’ ਉਸ ਨੇ ਫਿਲਮ ਦੇ ਅਦਾਕਾਰਾਂ ਤੇ ਟੀਮ ਮੈਂਬਰਾਂ ਦਾ ਸ਼ੁਕਰੀਆ ਕੀਤਾ। ਫਿਲਮ ’ਚ ਪਰਮਬ੍ਰਤ ਚੈਟਰਜੀ, ਵਿਨੈ ਪਾਠਕ, ਵਿਕਰਾਂਤ ਮੈੱਸੀ ਅਤੇ ਮਨੋਜ ਪਾਹਵਾ ਦੀ ਭੂਮਿਕਾਵਾਂ ਨਿਭਾਅ ਰਹੇ ਹਨ। -ਪੀਟੀਆਈ