ਡਾ. ਸਾਹਿਬ ਸਿੰਘ
ਕਈ ਵਾਰ ਆਪਣੇ ਪੰਜਾਬੀ ਸਮਾਜ ਦੇ ਓਪਰੀ ਵਰਤ ਵਿਹਾਰ ਨੂੰ ਦੇਖ ਕੇ ਸੂਝਵਾਨ ਬੰਦਾ ਮੱਥੇ ’ਤੇ ਹੱਥ ਮਾਰਦਾ ਹੈ। ਕਿਸੇ ਵੀ ਮਸਲੇ ਜਾਂ ਘਟਨਾ ਨੂੰ ਸਮਝਣ ਤੇ ਉਹਦੇ ਬਾਰੇ ਆਪਣੇ ਵਿਚਾਰ ਤੈਅ ਕਰਨ ਵੇਲੇ ਅਸੀਂ ਕਾਹਲ ’ਚ ਪੈ ਜਾਂਦੇ ਹਾਂ। ਸਾਡਾ ਜ਼ਿਆਦਾ ਧਿਆਨ ਇਸ ਗੱਲ ਵੱਲ ਹੁੰਦਾ ਹੈ ਕਿ ਅਸੀਂ ਸਮਝ ਗਏ ਹਾਂ! ਜੇ ਕੋਈ ਪੁੱਛੇ ਕਿ ਕੀ ਸਮਝ ਗਏ ਹੋ ਤਾਂ ਸਾਡਾ ਅੜੀਅਲ ਜਿਹਾ ਜਵਾਬ ਹੁੰਦਾ ਹੈ, ‘ਸਾਨੂੰ ਜੁਆਕ ਨਾ ਸਮਝੋ, ਅਸੀਂ ਸਭ ਸਮਝਦੇ ਹਾਂ!’ ਇਹ ਉਹ ਬਿਮਾਰੀ ਹੈ ਜੋ ਸਾਨੂੰ ਚਿਰਾਂ ਤੋਂ ਚਿੰਬੜੀ ਹੋਈ ਹੈ। ਰੰਗਮੰਚ ਕਾਹਲ ਨੂੰ ਰੱਦ ਕਰਦਾ ਹੈ, ਕਾਹਲ ਦਾ ਬਦਲ ਬਣ ਕੇ ਪੇਸ਼ ਹੁੰਦਾ ਹੈ। ਰੰਗਮੰਚ ਸਮਝ ਥੋਪਣ ਦੀ ਬਜਾਏ ਸਮਝ ਵਿਕਸਤ ਕਰਨ ’ਚ ਵਿਸ਼ਵਾਸ ਰੱਖਦਾ ਹੈ। ਰੰਗਮੰਚ ਸੋਚਣ ਦੀ ਪ੍ਰਕਿਰਿਆ ਨੂੰ ਤਿੱਖੀ ਕਰਨਾ ਚਾਹੁੰਦਾ ਹੈ। ਰੰਗਮੰਚ ਫ਼ਿਕਰਮੰਦੀ ਵਾਲੀ ਕਲਾ ਹੈ। ਸਮਾਜ ਦਾ ਮਿੱਤਰ ਪਰ ਗੁਸਤਾਖ਼ ਮਿੱਤਰ! ਰੰਗਮੰਚ ਕਲਾ ਹੈ। ਕਲਾ ਨੂੰ ਸ਼ਿੰਗਾਰ ਵੀ ਚਾਹੀਦੈ, ਵਿਚਾਰ ਵੀ ਚਾਹੀਦੈ! ਕਲਾ ਦਾ ਇਕ ਅਨੁਸ਼ਾਸਨ ਵੀ ਹੁੰਦਾ, ਪਰ ਕਲਾ ਬਾਗ਼ੀ ਵੀ ਹੁੰਦੀ ਹੈ! ਰੰਗਮੰਚ ਇਨ੍ਹਾਂ ਸਭ ਗੁਣਾਂ ਦਾ ਸੁਮੇਲ ਹੈ। ਸਾਡੇ ਸਮਾਜ ਨੂੰ ਹਮੇਸ਼ਾਂ… ਤੇ ਅਜੋਕੇ ਸਮਿਆਂ ’ਚ ਖਾਸ ਤੌਰ ’ਤੇ ਬਹੁਤ ਸਾਰੇ ਗੁਣਾਂ ਦਾ ਸੁਮੇਲ ਸਿਰਜਣ ਦੀ ਲੋੜ ਹੈ। ਇਸ ਲਈ ਰੰਗਮੰਚ ਦੀ ਪ੍ਰਬਲ ਲੋੜ ਹੈ। ਸਮਾਜ ਕਹਾਣੀਆਂ ਸੁਣਨੀਆਂ ਚਾਹੁੰਦਾ ਹੈ। ਕਹਾਣੀ ਕਹੀ ਵੀ ਜਾ ਰਹੀ ਹੈ, ਸੁਣਨ ਵਾਲੇ ਸੁਣ ਵੀ ਰਹੇ ਹਨ, ਪਰ ਉਸ ਕਹਾਣੀ ਦਾ ਸੱਚ ਕੱਚ ਪਰਖਣ ਦੀ ਬਜਾਏ ਅਸੀਂ ਕਹਾਣੀ- ਰਸ ਵੱਲ ਵੱਧ ਧਿਆਨ ਦਿੰਦੇ ਹਾਂ।
ਰੰਗਮੰਚ ਇਸ ਤਰ੍ਹਾਂ ਨਹੀਂ ਕਰ ਸਕਦਾ, ਜੇ ਕਰੇਗਾ ਤਾਂ ਰੰਗਮੰਚ ਵੀ ‘ਪਾਪੂਲਰ ਸੱਭਿਆਚਾਰ’ ਦਾ ਹਿੱਸਾ ਬਣ ਜਾਏਗਾ ਤੇ ਆਪਣੀ ਪਹਿਚਾਣ ਗੁਆ ਬੈਠੇਗਾ। ਰੰਗਮੰਚ ਨੇ ਵੀ ਕਹਾਣੀ ਕਹਿਣੀ ਹੈ, ਪਰ ਕਹਿਣ ਦੇ ਨਾਲ ਨਾਲ ਉਹਨੇ ਦਿਖਾਉਣੀ ਹੈ, ਸਮਝਾਉਣੀ ਹੈ, ਕਹਾਣੀ ’ਚ ਕਈ ਪੜਾਵਾਂ ’ਤੇ ਰੁਕਣਾ ਹੈ, ਆਪਣੇ ਪਾਠਕ/ ਦਰਸ਼ਕ ਨੂੰ ਰੁਕ ਜਾਣ ਲਈ ਕਹਿਣਾ ਹੈ, ਹੁਣ ਤਕ ਦੀ ਸੁਣੀ ਹੋਈ ਕਹਾਣੀ ਬਾਰੇ ਸੋਚਣ ਵਾਲੇ ਬਿੰਦੂ ’ਤੇ ਪਹੁੰਚਾਉਣਾ ਹੈ, ਫਿਰ ਅੱਗੇ ਕਹਾਣੀ ਤੋਰਨੀ ਹੈ।
ਰੰਗਮੰਚ ਕਿਰਦਾਰ ਪੇਸ਼ ਕਰਦਾ ਹੈ… ਸਮਾਜਿਕ ਤਬਦੀਲੀਆਂ ਕਿਰਦਾਰੀ ਬੁਲੰਦੀਆਂ ਰਾਹੀਂ ਵਾਪਰਦੀਆਂ ਹਨ। ਰੰਗਮੰਚ ਝੂਠਾ ਕਿਰਦਾਰ ਪੇਸ਼ ਨਹੀਂ ਕਰ ਸਕਦਾ। ਨਾਟਕਕਾਰ ਨੂੰ ਇਜਾਜ਼ਤ ਹੀ ਨਹੀਂ ਹੈ ਕਿ ਉਹ ਝੂਠਾ ਕਿਰਦਾਰ ਲਿਖੇ ਜਾਂ ਨਿਰਦੇਸ਼ਕ ਝੂਠਾ ਕਿਰਦਾਰ ਮੰਚ ’ਤੇ ਚੜ੍ਹਾ ਦੇਵੇ! ਕਿਰਦਾਰ ਝੂਠਾ ਹੋਵੇਗਾ ਤਾਂ ਦਰਸ਼ਕ ਪਕੜ ਲਵੇਗਾ, ਉਸ ਨੂੰ ਹਜ਼ਮ ਨਹੀਂ ਹੋਵੇਗਾ ਤੇ ਨਾਟਕ ਫਲਾਪ ਹੋ ਜਾਵੇਗਾ। ਰੰਗਮੰਚ ਨੇ ਜੇ ‘ਪਾਪੀ’ ਪਾਤਰ ਸਿਰਜਣਾ ਹੈ ਤਾਂ ਉਸ ਦਾ ਪਾਪ ਪੂਰੀ ਤਰ੍ਹਾਂ ਦਰਸ਼ਕ ਦੇ ਸਾਹਮਣੇ ਖੋਲ੍ਹ ਕੇ ਰੱਖਣਾ ਪਏਗਾ। ਜੇ ਰੰਗਮੰਚ ਨੇ ਦਾਨੀ ਸੱਜਣ ਦਿਖਾਉਣਾ ਹੈ ਤਾਂ ਉਹਦੀ ਦਾਨੀ ਬਿਰਤੀ ਦਾ ਖੁਲਾਸਾ ਕਰਨਾ ਪਵੇਗਾ, ਨਹੀਂ ਤਾਂ ਦਰਸ਼ਕ ਉਸ ਪਾਤਰ ਨਾਲ ਜੁੜੇਗਾ ਨਹੀਂ। ਸੰਵਾਦ ਅਗਰ ਕਿਰਦਾਰ ਦੀ ਸ਼ਖ਼ਸੀਅਤ ਨਾਲ ਮੇਲ ਨਹੀਂ ਖਾਂਦੇ ਤਾਂ ਦਰਸ਼ਕ ਉਕਤਾ ਜਾਵੇਗਾ। ਦਰਸ਼ਕ ਨੂੰ ਜੇਕਰ ਨਾਇਕ ਚਾਹੀਦੈ ਤਾਂ ਸਿੱਕੇਬੰਦ ਚਾਹੀਦੈ। ਧੁੰਦਲੇ ਅਕਸ ਵਾਲਾ ਪਾਤਰ ਦਿਖਾਉਣਾ ਹੈ ਤਾਂ ਦਰਸ਼ਕ ਦੇ ਸਾਹਮਣੇ ਧੁੰਦਲਾ ਸ਼ੀਸ਼ਾ ਸਜਾਉਣਾ ਪਵੇਗਾ! ਨਹੀਂ ਤਾਂ ਉਹ ਨਾਟਕ ਅਜਾਈਂ ਕਸਰਤ ਬਣ ਕੇ ਰਹਿ ਜਾਵੇਗਾ। ਕਿਸੇ ਇਤਿਹਾਸਕ ਘਟਨਾ ਨੂੰ ਰੰਗਮੰਚ ਨੇ ਅਪਨਾਉਣਾ ਹੈ ਤਾਂ ਉਸ ਘਟਨਾ ਦੀ ਪ੍ਰੀ ਟੈਕਸਟ ਤੇ ਪੋਸਟ ਟੈਕਸਟ ਵਿਚਾਰਨੀ ਪਵੇਗੀ। ਜੇ ਨਾ ਵਿਚਾਰੀ ਤਾਂ ਇੱਕੀਵੀਂ ਸਦੀ ਦਾ ਦਰਸ਼ਕ ਚੌਧਵੀਂ ਸਦੀ ਦੇ ਸੱਚ ਦਾ ਕੀ ਕਰੇ! ਦਰਸ਼ਕ ਨੇ ਉਸ ਸੱਚ ਨੂੰ ਅੱਜ ਦੇ ਸੱਚ ਦੇ ਬਰਾਬਰ ਤੱਕੜੀ ’ਚ ਰੱਖ ਕੇ ਤੋਲਿਆ ਨਾ, ਤੇ ਉਸ ਸੱਚ ਦੀ ਅਜੋਕੀ ਤਸਵੀਰ ਮਨ ’ਚ ਵਸਾ ਕੇ ਆਪਣੇ ਘਰ ਨਾ ਲੈ ਕੇ ਗਿਆ ਤਾਂ ਫੇਰ ਜਿਹੋ ਜਿਹਾ ਉਹ ਘਰੋਂ ਆਇਆ ਸੀ, ਉਹੋ ਜਿਹਾ ਹੀ ਵਾਪਸ ਪਰਤ ਜਾਏਗਾ, ਜਾਂ ਹੋਰ ਵੀ ਉਲਝ ਕੇ ਅੱਧ ਪੱਕੇ ਗਿਆਨ ਦੇ ਸਾਗਰ ’ਚ ਘੁਮੇਟਣੀਆਂ ਖਾਂਦਾ ਰਹੇਗਾ। ਪੰਜਾਬੀ ਜਨਮਾਣਸ ਨਾਲ ਅਜਿਹਾ ਬਹੁਤ ਵਾਰ ਵਾਪਰਿਆ ਹੈ। ਉਸ ਦੇ ਇਤਿਹਾਸ ਦੀ ਪੇਸ਼ਕਾਰੀ ਉਹਦੀ ਜੇਬ੍ਹ ’ਚ ਪਏ ਰੁਪਈਆਂ ਜਾਂ ਡਾਲਰਾਂ ਨੂੰ ਬਾਹਰ ਕੱਢਣ ਦੇ ਮਕਸਦ ਨਾਲ ਹੁੰਦੀ ਰਹੀ ਹੈ ਤੇ ਉਹਦੀ ਸਮਝ ਨੂੰ ਵਰਗਲਾਇਆ ਜਾਂਦਾ ਰਿਹਾ ਹੈ। ਰੰਗਮੰਚ ਇਸ ਦਾ ਬਦਲ ਸਿਰਜੇ, ਇਸ ਲਈ ਰੰਗਮੰਚ ਦੀ ਲੋੜ ਹੈ। ਜੇ ਰੰਗਮੰਚ ਨੇ ਵੀ ਸਿਰਫ਼ ਤਾੜੀਆਂ, ਜੈਕਾਰਿਆਂ ਤੇ ਨਾਅਰਿਆਂ ਦੀ ਭੁੱਖ ਹੀ ਪੂਰੀ ਕਰਨੀ ਹੈ ਤਾਂ ਫ਼ਰਕ ਕਿੱਥੇ ਰਹਿ ਗਿਆ! ਰੰਗਮੰਚ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ।
ਸਾਲ 1699 ਦੀ ਵਿਸਾਖੀ ਸਾਡੇ ਲਈ ਇਤਿਹਾਸ ਦਾ ਸੁਨਹਿਰੀ ਵਰਕਾ ਹੈ, ਸਾਡੇ ਸੋਚਣ ਵਿਚਾਰਨ ਤੇ ਵਿਚਰਨ ਦੇ ਢੰਗ ਤਰੀਕਿਆਂ ਨੂੰ ਇਨਕਲਾਬੀ ਮੋੜਾ ਦੇਣ ਵਾਲਾ ਦਿਹਾੜਾ ਹੈ! ਸਵਾ ਤਿੰਨ ਸੌ ਸਾਲ ਗੁਜ਼ਰ ਗਏ, ਪਰ ਉਨ੍ਹਾਂ ਪਲਾਂ ਦੀ ਗਰਮੀ ਅੱਜ ਵੀ ਪੰਜਾਬੀਆਂ ਦੇ ਦਿਲਾਂ ’ਚ ਉਵੇਂ ਦੀ ਉਵੇਂ ਕਾਇਮ ਹੈ। ਪਰ ਅਫ਼ਸੋਸ! ਵੱਡੀ ਗਿਣਤੀ ’ਚ ਪ੍ਰਚਾਰਕਾਂ, ਵਿਦਵਾਨਾਂ, ਆਗੂਆਂ, ਧਾਰਮਿਕ ਰਹਬਿਰਾਂ ਨੇ ਪੰਜ ਪਿਆਰੇ ਸਾਜੇ ਜਾਣ ਨੂੰ ਅੱਜ ਤਕ ਇਵੇਂ ਹੀ ਪੇਸ਼ ਕੀਤਾ ਹੈ ਕਿ ਜਿਵੇਂ ਉਸ ਦਿਨ ਕੋਈ ਅਚਾਨਕ ਚਮਤਕਾਰ ਹੋ ਗਿਆ ਹੋਵੇ! ਅਜਿਹਾ ਬਿਰਤਾਂਤ ਸਾਨੂੰ ਸੁਆਦ ਦਿੰਦਾ ਹੈ, ਰੁਮਾਂਚਿਤ ਕਰਦਾ ਹੈ, ਜੋਸ਼ ਭਰਦਾ ਹੈ, ਭਾਵੁਕ ਵੀ ਕਰਦਾ ਹੈ, ਪਰ ਗੁਰੂ ਸਾਹਿਬ ਦੇ ਉਸ ਲਾਸਾਨੀ, ਯੁੱਗ ਪਲਟਾਊ ਪੈਂਤੜੇ ਦੀ ਪ੍ਰੀ ਟੈਕਸਟ ਵੱਲ ਸਾਡੀ ਪਿੱਠ ਕਰ ਦਿੰਦਾ ਹੈ। ਅਸੀਂ ਸਭ ਕੁਝ ਭੁੱਲ ਕੇ ਉਸ ਨਿਰਾਲੇ ਰੰਗਮੰਚ ਦਾ ਸਿਰਫ਼ ਉਹ ਦ੍ਰਿਸ਼ ਯਾਦ ਰੱਖਦੇ ਹਾਂ ਜਿਸ ਵਿਚ ਹਜ਼ਾਰਾਂ ਸਿਰਾਂ ’ਚੋਂ ਪੰਜ ਸਿਰ ਉੱਠਦੇ ਹਨ, ਧੜ ਤੋਂ ਅਲੱਗ ਕੀਤੇ ਜਾਂਦੇ ਹਨ ਤੇ ਫਿਰ ਨਵੇਂ ਸਿਰ ਹਾਜ਼ਰ ਹੁੰਦੇ ਹਨ! ਕੀ ਰੰਗਮੰਚ ਨੂੰ ਇਸ ਬਿਰਤਾਂਤ ਨਾਲ ਕੋਈ ਤਕਲੀਫ਼ ਨਹੀਂ ਹੋ ਰਹੀ! ਕੀ ਇਸ ਦਾ ਚਮਤਕਾਰੀ ਵਰਣਨ ਗੁਰੂ ਸਾਹਿਬ ਦੇ ਦਿਲੋਂ ਦਿਮਾਗ਼ ’ਚ ਸਾਲਾਂ ਬੱਧੀ ਕੀਤੇ ਗਏ ਸਮਾਜਿਕ, ਰਾਜਨੀਤਕ ਮੰਥਨ ਪ੍ਰਤੀ ਵਿਕਸਤ ਹੋਣ ਵਾਲੀ ਸੰਭਾਵਿਤ ਸਮਝ ਨੂੰ ਪੇਤਲਾ ਨਹੀਂ ਕਰਦਾ! ਜਦੋਂ ਦਇਆ ਰਾਮ ਸੀਸ ਭੇਂਟ ਕਰਨ ਲਈ ਉੱਠ ਖੜ੍ਹਿਆ ਸੀ ਤਾਂ ਪੰਡਾਲ ’ਚ ਬੈਠੇ ਕਿਸੇ ਹੋਰ ਖੱਤਰੀ ਭਰਾ ਦਾ ਜੀਅ ਕਿਉਂ ਨਹੀਂ ਕੀਤਾ ਕਿ ਉਹ ਵੀ ਦਇਆ ਰਾਮ ਦੇ ਨਾਲ ਜਾ ਖੜ੍ਹੇ ਤੇ ਆਪਣਾ ਆਪਾ ਕੁਰਬਾਨ ਕਰ ਦੇਵੇ! ਉਸ ਤੋਂ ਬਾਅਦ ਜਾਟ ਧਰਮਦਾਸ ਹੀ ਕਿਉਂ, ਫਿਰ ਨਾਈ ਮੋਹਕਮ ਦਾਸ, ਛੀਂਬਾ ਸਾਹਿਬ ਚੰਦ ਤੇ ਝਿਉਰ ਹਿੰਮਤ ਰਾਏ ਹੀ ਕਿਉਂ ਉੱਠਿਆ! ਉਸ ‘ਨਿਰਾਲੇ
ਨਾਟਕਕਾਰ’ ਦੀ ਇਸ ‘ਇਤਿਹਾਸਕ ਸਕਰਿਪਟ’ ਦੇ ਪੰਜ ਨਾਇਕ ਉਸ ‘ਡਿਜ਼ਾਈਨਰ ਪਾਤਸ਼ਾਹ’ ਨੇ ਖੁਦ ਚੁਣੇ ਸਨ ਤੇ ਇਸ ਸਕਰਿਪਟ ਨੂੰ ਲਿਖਣ ਲਈ ਉਸ ‘ਬਚਿੱਤਰ ਨਾਟਕਕਾਰ’ ਨੂੰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਉਸ ਵਿਸਾਖੀ ਤਕ ਲਗਪਗ ਤੀਹ ਸਾਲ ਲੱਗੇ ਸਨ।
ਗੁਰੂ ਸਾਹਿਬ ਜਾਣਦੇ ਸਨ ਕਿ ਸਮਾਜ ਦਾ ਇਹ ਲਤਾੜਿਆ ਹੋਇਆ ਵਰਗ ਜਦੋਂ ਤਕ ਇਕ ਅਜਿਹੀ ਫ਼ੌਜ ਨਹੀਂ ਸਿਰਜੇਗਾ ਜਿਸ ਦੀ ਕਮਾਂਡ ਇਨ੍ਹਾਂ ਦੇ ਹੱਥਾਂ ’ਚ ਹੋਵੇ, ਪਹਾੜੀ ਰਾਜੇ ਤੇ ਮੁਗਲ ਬਾਦਸ਼ਾਹ ਇਨ੍ਹਾਂ ਦੀ ਰੱਤ ਨਿਚੋੜਦੇ ਰਹਿਣਗੇ। ਝੁਕੀਆਂ ਧੌਣਾਂ ਨੂੰ ਉਸ ਅਨੂਠੇ ਰੰਗਮੰਚ ਨੇ ਸਿੱਧੀਆਂ ਕੀਤਾ ਸੀ। ਜੇ ਅਸੀਂ ਰੈਟਰਕੀ ਉਪ ਭਾਵੁਕਤਾ ਨੂੰ ਪ੍ਰਮੁੱਖਤਾ ਨਾ ਦੇ ਕੇ ਉਨ੍ਹਾਂ ਪਲਾਂ ਦਾ ਸੱਚ ਪਕੜਨ ਦਾ ਜੇਰਾ ਕਰਦੇ ਤਾਂ ਅੱਜ ‘ਅਗਲੇ’ ਪੰਜ ਪਿਆਰਿਆਂ ’ਚੋਂ ਦਇਆ ਸਿੰਘ ਤੇ ਧਰਮ ਸਿੰਘ ਨੂੰ ਹਿੰਮਤ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ ਤੋਂ ‘ਅਲੱਗ’ ਕਰਨ ਵਿਚ ਕਾਮਯਾਬ ਨਾ ਹੁੰਦੇ। ਅੱਜ ਵੀ ਜਦੋਂ ਕੋਈ ਸਾਬਤ ਸੂਰਤ ਸਿੱਖ ਕਿਰਤੀ ਜਿਊੜਿਆਂ ਨੂੰ ‘ਨਿੱਕ ਸੁੱਕ ਜ਼ਾਤ’ ਕਹਿ ਕੇ ਦੁਰਕਾਰਦਾ ਹੈ ਤਾਂ ਇਉਂ ਲੱਗਦਾ ਹੈ ਕਿ ਪਹਾੜੀ ਰਾਜੇ ਕਾਸਟਿਊਮ ਬਦਲ ਕੇ ਸਾਡੇ ਉਸ ਖ਼ਾਲਸ ਰੰਗਮੰਚ ਨੂੰ ਜੂਠਾ ਤੇ ਝੂਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਭਾਵਸ਼ਾਲੀ ਤੇ ਪ੍ਰਪੱਕ ਰੰਗਮੰਚ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ। ਗੁਰੂ ਸਾਹਿਬ ਨੇ ਇਸ ਦਾ ਮੰਚਨ ਕਰਨ ਤੋਂ ਪਹਿਲਾਂ ਨਿੱਠ ਕੇ ਵਿਸ਼ਲੇਸ਼ਣ ਕੀਤਾ! ਰੰਗਮੰਚ ਆਪਣੇ ਰਚਣਹਾਰੇ ਤੋਂ ਆਸ ਕਰਦਾ ਹੈ ਕਿ ਉਸ ਦਾ ਫੋਕਸ ਆਪਣੇ ਕੇਂਦਰੀ ਸੂਤਰ ’ਤੇ ਟਿਕਿਆ ਰਹੇ। ਗੁਰੂ ਸਾਹਿਬ ਨੇ ਅਣਗੌਲੇ ਪਾਤਰਾਂ ਨੂੰ ‘ਮੁੱਖ ਐਕਟਰ’ ਬਣਾ ਕੇ ਆਪਣੇ ਨਾਟਕ ਦੀ ਕੇਂਦਰੀ ਚੂਲ ’ਤੇ ਮੋਹਰ ਲਗਾ ਦਿੱਤੀ! ਰੰਗਮੰਚ ਸੋਹਣੀ ਦਿੱਖ ਦਾ ਆਸ਼ਕ ਹੈ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਸੋਹਣੀ ਪੁਸ਼ਾਕ ਪਹਿਨਾਈ! ਅੱਜ ਉਸ ਪ੍ਰੌੜ ਰੰਗਮੰਚ ਤੋਂ ਸੇਧ ਲੈ ਕੇ ਵਿਸ਼ਲੇਸ਼ਣਾਤਮਕ, ਗੰਭੀਰ, ਦਾਰਸ਼ਨਿਕ ਰੰਗਮੰਚ ਦੀ ਲੋੜ ਹੈ। ਚੰਗਾ ਅਦਾਕਾਰ ਉਹ ਹੁੰਦਾ ਹੈ ਜੋ ਨਾਟਕ ਦੇ ਵਿਸ਼ੇ ਨੂੰ ਸਮਝ ਕੇ ਅਦਾਕਾਰੀ ਕਰੇ ਤੇ ਆਪਣੀ ਕਾਸਟਿਊਮ ਦੀ ਇੱਜ਼ਤ ਕਰੇ। ਕੀ ਅਸੀਂ ‘ਚੰਗੇ ਅਦਾਕਾਰ’ ਹਾਂ! ਇਸ ਵਿਸਾਖੀ ਦੇ ਮੌਕੇ ਆਪਣੇ ਆਪ ਨੂੰ ਇਸ ਸਵਾਲ ਦੇ ਰੂਬਰੂ ਜ਼ਰੂਰ ਕਰੀਏ।
ਸੰਪਰਕ: 98880-11096