ਜਸਬੀਰ ਕੌਰ
ਮਨੁੱਖੀ ਜੀਵਨ ਵਿੱਚ ਡਰ ਇੱਕ ਸੁਭਾਵਿਕ ਪ੍ਰਤੀਕਿਰਿਆ ਹੈ। ਦਰਅਸਲ, ਜਿਸ ਚੀਜ਼ ਤੋਂ ਅਸੀਂ ਵਾਕਿਫ਼ ਨਹੀਂ ਹੁੰਦੇ, ਕੋਈ ਕੰਮ ਸਾਡੀ ਸਮਰੱਥਾ ਤੋਂ ਬਾਹਰ ਹੁੰਦਾ ਹੈ ਤੇ ਜਾਂ ਕੋਈ ਸਾਡਾ ਸ਼ੋਸ਼ਣ ਕਰ ਰਿਹਾ ਹੁੰਦਾ ਹੈ ਤਾਂ ਅਸੀਂ ਡਰਨ ਲੱਗ ਜਾਂਦੇ ਹਾਂ। ਕੁਝ ਡਰ ਤਾਂ ਸਾਡੇ ਆਪਣੇ ਬਚਾਓ ਲਈ ਪ੍ਰਤੀਕਿਰਿਆਤਮਕ ਹੁੰਦੇ ਹਨ ਜਿਵੇਂ ਅਸੀਂ ਕਿਸੇ ਜੰਗਲ ਜਾਂ ਵਿਰਾਨ ਜਗ੍ਹਾ ’ਤੇ ਹੁੰਦੇ ਹਾਂ ਤਾਂ ਇਕਦਮ ਘਬਰਾਉਣ ਲੱਗ ਜਾਂਦੇ ਹਾਂ। ਕੋਈ ਲੁਟੇਰਾ ਇਕਦਮ ਸਾਡੇ ਅੱਗੇ ਆ ਜਾਵੇ ਤਾਂ ਤਰੇਲੀਆਂ ਆਉਂਦੀਆਂ ਹਨ। ਰੋਂਦੇ ਚੀਕਦੇ ਹਾਂ ਕਿ ਕੋਈ ਸਾਡੀ ਮਦਦ ਕਰੇ। ਅਜਿਹੇ ਡਰ ਕੁਦਰਤੀ ਹੁੰਦੇ ਹਨ।
ਕਈ ਡਰ ਸਾਡੇ ਆਪਣੇ ਮਨ ਦੇ ਵੀ ਹੁੰਦੇ ਹਨ। ਸਾਡੀਆਂ ਆਪਣੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਹੁੰਦੇ ਹਨ। ਜਿਵੇਂ ਇਮਤਿਹਾਨ ਦੇਣਾ ਹੈ ਤਾਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਹੁੰਦੀ, ਪਰ ਜਦੋਂ ਇਮਤਿਹਾਨ ਸਿਰ ’ਤੇ ਹੁੰਦਾ ਹੈ ਤਾਂ ਡਰਦੇ ਹਾਂ ਕਿ ਸਾਨੂੰ ਤਾਂ ਕੁਝ ਆਉਂਦਾ ਹੀ ਨਹੀਂ। ਅਚਾਨਕ ਕੋਈ ਕੰਮ ਕਰਨਾ ਪੈ ਜਾਵੇ, ਜਿਸ ਲਈ ਅਸੀਂ ਕੋਈ ਤਿਆਰੀ ਨਹੀਂ ਕੀਤੀ, ਜਿਵੇਂ ਕਿ ਭਾਸ਼ਨ ਦੇਣਾ, ਸਟੇਜ ’ਤੇ ਗਾਉਣਾ ਆਦਿ। ਜੇਕਰ ਸਾਡੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਹੈ ਤਾਂ ਸਾਡੇ ਅੰਦਰ ਸਵੈ ਵਿਸ਼ਵਾਸ ਨਹੀਂ ਜਾਗੇਗਾ ਤੇ ਅਸੀਂ ਡਰਨਾ ਸ਼ੁਰੂ ਕਰ ਦੇਵਾਂਗੇ।
ਮਨ ਵਿੱਚ ਜ਼ਿਆਦਾ ਡਰ ਬਚਪਨ ਤੋਂ ਹੀ ਭਰੇ ਜਾਂਦੇ ਹਨ। ਜੋ ਵੱਡਿਆਂ ਵੱਲੋਂ ਪਾਏ ਹੁੰਦੇ ਹਨ, ਜਿਵੇਂ -ਵੇਖੀਂ ਕਿਤੇ ਬਾਹਰ ਦੂਰ ਨਾ ਜਾਵੀਂ, ਉੱਚੇ ਥਾਂ ਨਾ ਚੜ੍ਹੀਂ ਡਿੱਗ ਪਏਂਗਾ, ਪਾਣੀ ਲਾਗੇ ਨਾ ਜਾਵੀਂ ਐਵੇਂ ਤਿਲ੍ਹਕ ਪਏਂਗਾ, ਇਕੱਲਾ ਨਾ ਜਾਵੀਂ ਆਦਿ। ਫਿਰ ਘਰ ਵਿੱਚ ਕਈ ਚੀਜ਼ਾਂ ਕੈਮਰਾ, ਘੜੀਆਂ ਤੇ ਤਸਵੀਰਾਂ ਆਦਿ ਨੂੰ ਬੱਚਾ ਦੇਖਣ ਲੱਗਦਾ ਹੈ ਤਾਂ ਉਸੇ ਵੇਲੇ-ਦੇਖੀਂ, ਐਵੇਂ ਟੁੱਟ ਜਾਊਗਾ, ਖਰਾਬ ਹੋ ਜਾਉ ਆਦਿ ਬੋਲ ਕੇ ਉਸ ਵਿੱਚ ਹੀਣ ਭਾਵਨਾ ਭਰੀ ਜਾਂਦੀ ਹੈ। ਫਿਰ ਉਹ ਕੋਈ ਵੀ ਮੁਸ਼ਕਲ ਕੰਮ ਕਰਨ ਤੋਂ ਡਰਨ ਲੱਗ ਜਾਂਦਾ ਹੈ। ਅਕਸਰ ਸਕੂਲ ਵਿੱਚ ਅਧਿਆਪਕ ਵੀ ਬੱਚਿਆਂ ਨੂੰ -ਤੂੰ ਤਾਂ ਨਲਾਇਕ ਹੀ ਰਹਿਣਾ ਹੈ, ਤੈਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਆਦਿ ਕਹਿ ਕੇ ਬੱਚੇ ਦਾ ਹੌਸਲਾ ਹੀ ਬਣਨ ਨਹੀਂ ਦਿੰਦੇ ਤੇ ਉਹ ਸਕੂਲ ਤੋਂ ਡਰਨ ਲੱਗਦਾ ਹੈ। ਇਵੇਂ ਬੱਚਿਆਂ ਵਿੱਚ ਨਾਂਹ ਪੱਖੀ ਸੋਚ ਘਰ ਕਰ ਜਾਂਦੀ ਹੈ। ਡਰ ਇੱਕ ਅਜਿਹੀ ਬਲਾ ਹੈ ਜੋ ਸ਼ਖ਼ਸੀਅਤ ਨੂੰ ਪਲਰਨ ਤੇੇ ਉਸਰਨ ਨਹੀਂ ਦਿੰਦਾ ਤੇ ਪਿਛਲੱਗ ਜਿਹਾ ਬਣਾ ਕੇ ਰੱਖ ਦਿੰਦਾ ਹੈ।
ਜੇ ਬੱਚਿਆਂ ਨੂੰ ਉਤਸ਼ਾਹ ਭਰਪੂਰ ਸ਼ਬਦਾਂ ਰਾਹੀਂ ਕਿਹਾ ਜਾਏ ‘ਕਿ ਤੂੰ ਇਹ ਕੰਮ ਕਰ ਲਏਂਗਾ, ਇਹ ਸੌਖਾ ਹੀ ਹੈ ਤਾਂ ਉਸ ਦਾ ਮਨੋਬਲ ਤੇ ਵਿਸ਼ਵਾਸ ਵਧੇਗਾ। ਜੇ ਬੱਚੇ ਨੂੰ ਨਿਧੜਕ ਤੇ ਨਿਡਰ ਬਣਾਉਣਾ ਹੈ ਤਾਂ ਉਸ ਨੂੰ ਬਹੁਤਾ ਰੋੋਕੋ ਟੋੋਕੋ ਨਾ। ਉਹ ਜੋ ਚਾਹੇ ਕਰਨ ਦਿਓ। ਖੁਦ ਕੌੜੇ ਮਿੱਠੇ ਤਜਰਬਿਆਂ ਵਿੱਚੋਂ ਲੰਘਣ ਦਿਓ। ਬੱਚਿਆਂ ਨੂੰ ਹਮੇਸ਼ਾਂ ਪਿਆਰ ਤੇ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਇਨ੍ਹਾਂ ਦੇ ਕੋਮਲ ਮਨ ਫੁੱਲਾਂ ਦੀ ਤਰ੍ਹਾਂ ਝੱਟ ਹੀ ਕੁਮਲਾ ਜਾਂਦੇ ਹਨ। ਆਜ਼ਾਦੀ ਤੇ ਖੁੱਲ੍ਹਾ ਹਵਾ ਪਾਣੀ ਦੇਣ ਨਾਲ ਇਹ ਖਿੜ ਉੱਠਣਗੇ।
ਕੁਝ ਡਰ ਧਰਮਾਂ ਨੇ ਵੀ ਪਾਏ ਹੁੰਦੇ ਹਨ, ਜਿਨ੍ਹਾਂ ਦਾ ਅਸਰ ਅਨਪੜ੍ਹ ਲੋਕਾਂ ’ਤੇ ਜ਼ਿਆਦਾ ਹੁੰਦਾ ਹੈ। ਘਰ ਵਿੱਚ ਕੋਈ ਬਿਮਾਰ ਪੈ ਗਿਆ, ਲੜਾਈ ਝਗੜਾ ਹੁੰਦਾ ਰਹਿੰਦਾ ਹੈ ਜਾਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਇਹ ਪਾਠ ਨਹੀਂ ਸੀ ਕਰਦਾ, ਇਹ ਗੁਰਦੁਆਰੇ/ਮੰਦਿਰ ਨਹੀਂ ਸੀ ਜਾਂਦਾ, ਪਿਛਲੇ ਕਰਮਾਂ ਦਾ ਫ਼ਲ ਹੈ ਆਦਿ। ਬਿਨਾਂ ਸੋਚੇ ਸਮਝੇ, ਬਿਨਾਂ ਕਾਰਨ ਜਾਣੇ ਡਾਕਟਰਾਂ ਜਾਂ ਚੰਗੇ ਸਲਾਹਕਾਰ ਪਾਸ ਜਾਣ ਦੀ ਬਜਾਏ ਅਨਪੜ੍ਹ ਤਾਂਤਰਿਕ ਬਾਬਿਆਂ ਕੋਲ ਚਲੇ ਜਾਂਦੇ ਹਨ, ਜੋ ਹੋਰ ਵੀ ਵਹਿਮ ਭਰਮ ਪੱਕਾ ਕਰ ਦਿੰਦੇ ਹਨ -ਇਸ ਨੂੰ ਤਾਂ ਕੋਈ ਭੂਤ ਚਿੰਬੜਿਆ ਹੈ, ਇਸ ’ਤੇ ਫਲਾਣੇ ਦਾ ਸਾਇਆ ਹੈ ਆਦਿ। ਫਿਰ ਡਰ ਵਜੋਂ ਲੋਕੀਂ ਦਾਨ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਅੱਗਾ ਸਵਾਰਿਆ ਜਾਏ। ਇਵੇਂ ਸਮਾਜ ਵਿੱਚ ਵਿਹਲੜਾਂ ਦੀ ਗਿਣਤੀ ਵਧਦੀ ਜਾਂਦੀ ਹੈ।
ਛੋਟੇ ਹੁੰਦਿਆਂ ਦੇ ਮਨਾਂ ਵਿੱਚ ਪਾਏ ਜਾਂਦੇ ਡਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਰਾਦਾ ਪੱਕਾ ਕਰ ਲਓ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਉੱਪਰ ਹੀ ਧਿਆਨ ਕੇਂਦਰਿਤ ਕਰੋ ਕਿ ਇਹ ਕੰਮ ਮੈਂ ਕਰ ਸਕਦਾ ਹਾਂ, ਉਸ ’ਤੇ ਜੁੱਟ ਜਾਓ। ਰੋਜ਼ਾਨਾ ਮਿਹਨਤ ਕਰੋ। ਜਦੋਂ ਅਸੀਂ ਕਿਸੇ ਕੰਮ ਨੂੰ ਅਗਾਂਹ ਪਾਉਂਦੇ ਹਾਂ ਤਾਂ ਉਹ ਕਦੇ ਵੀ ਨਹੀਂ ਹੋ ਸਕਦਾ। ਜੋ ਮਨ ਵਿੱਚ ਵਿਚਾਰ ਆਉਂਦੇ ਹਨ, ਉਨ੍ਹਾਂ ਨੂੰ ਉਸੇ ਵੇਲੇ ਲਿਖੋ। ਜੋ ਤੁਸੀਂ ਬਣਨਾ ਚਾਹੁੰਦੇ ਹੋ ਬਣ ਸਕਦੇ ਹੋ। ਤੁਸੀਂ ਆਪਣੀ ਜ਼ਿੰਦਗੀ ਦੇ ਆਪ ਮਾਲਕ ਹੋ। ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ। ਡਰ ਸਾਡੀ ਨਾਂਹ ਪੱਖੀ ਸੋਚ ਵਿੱਚੋਂ ਹੀ ਉਗਮਦੇ ਹਨ।
ਇਹ ਕਹਿਣਾ ਛੱਡ ਦਿਓ ਕਿ ਫਲਾਣਾ ਕੰਮ ਮੈਂ ਨਹੀਂ ਕਰ ਸਕਦਾ। ਇਹ ਵਿਹਲੜਾਂ ਤੇ ਕਮਜ਼ੋਰਾਂ ਦੀ ਸੋਚ ਹੈ। ਕੋਈ ਵੀ ਕੰਮ ਕੀਤਿਆਂ ਹੀ ਹੋਵੇਗਾ। ਡਰ ਦੇ ਬੀਜ ਹਮੇਸ਼ਾਂ ਅਗਿਆਨਤਾ ਵਿੱਚ ਹੀ ਹੁੰਦੇ ਹਨ ਜੋ ਗਿਆਨ ਨਾਲ ਹੀ ਦੂਰ ਕੀਤੇ ਜਾ ਸਕਦੇ ਹਨ। ਡਿਸਕਵਰੀ ਚੈਨਲ ਦੇਖੋ ਉੱਥੇ ਕਿਵੇਂ ਮਾਹਿਰ ਖਤਰਨਾਕ ਜਾਨਵਰ ਸ਼ੇਰ, ਚੀਤੇ, ਮਗਰਮੱਛ, ਐਨਾਕੋਂਡਾ, ਪਾਈਥਨ ਵਰਗੇ ਸੱਪ ਆਦਿ ਪਾਸੋਂ ਡਰਨ ਦੀ ਬਜਾਏ ਉਨ੍ਹਾਂ ਦੇ ਪਾਸ ਜਾ ਕੇ ਉਨ੍ਹਾਂ ਦੀ ਰਹਿਣੀ ਬਹਿਣੀ, ਖਾਣ ਪੀਣ ਆਦਿ ਦੀਆਂ ਆਦਤਾਂ ਦਾ ਮੁਤਾਲਿਆ ਕਰਦੇ ਹਨ। ਕਈ ਸਮੁੰਦਰ ਦੇ ਹੇਠਾਂ ਜਾ ਕੇ ਭਿਆਨਕ ਮੱਛੀਆਂ ਨੂੰ ਘੋਖਦੇ ਤੇ ਵਿਸ਼ਲੇਸ਼ਣ ਕਰਦੇ ਹਨ। ਕਈ ਮਾਊਂਟਐਵਰੈਸਟ ਜਿਹੀ ਉੱਚੀ ਚੋਟੀ ਸਰ ਕਰ ਸਕਦੇ ਹਨ। ਫਿਰ ਬਰਫ਼ ਉੱਪਰ ਜਾ ਕੇ ਉੱਥੇ ਰਹਿ ਕੇ ਦੇਖਦੇ ਹਨ। ਇਨ੍ਹਾਂ ਲੋਕਾਂ ਲਈ ਕੋਈ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਬਿਨਾਂ ਡਰ ਦੇ ਵਿਚਰੋ। ਆਪਣੇ ਕੰਮ ਸਮੇਂ ਸਿਰ ਇਮਾਨਦਾਰੀ ਨਾਲ ਬਿਨਾਂ ਕਿਸੇ ਖੌਫ਼ ਦੇ ਕਰੋ। ਆਪ ਜੀਓ ਤੇ ਦੂਸਰਿਆਂ ਨੂੰ ਜਿਉਣ ਦਿਓ। ਦੁਨੀਆ ਕਿੰਨੀ ਵਿਸ਼ਾਲ ਹੈ। ਤੁਰੋ ਫਿਰੋ ਤੇ ਕੁਦਰਤ ਨੂੰ ਮਾਣੋ।