ਸ਼ਿਵੰਦਰ ਕੌਰ
ਸਾਡੇ ਦੇਸ਼ ਵਿੱਚ ਖਾਸ ਕਰ ਕੇ ਪੰਜਾਬ ਵਿੱਚ ਦਿਨੋਂ ਦਿਨ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ। ਬਾਰ੍ਹਵੀਂ ਜਮਾਤ ਪਾਸ ਕਰਦਿਆਂ ਹੀ ਹਰ ਕੋਈ ਆਈਲੈਟਸ ਦਾ ਟੈਸਟ ਪਾਸ ਕਰਨ ਦਾ ਯਤਨ ਕਰਦਾ ਹੈ ਤਾਂ ਜੋ ਵੀਜ਼ਾ ਲਗਵਾ ਕੇ ਜਹਾਜ਼ ਚੜ੍ਹਿਆ ਜਾ ਸਕੇ। ਥਾਂ ਥਾਂ ਖੁੱਲ੍ਹੇ ਆਈਲੈਟਸ ਕਰਾਉਣ ਵਾਲੇ ਸੈਂਟਰ ਇਸ ਗੱਲ ਦੀ ਗਵਾਹੀ ਭਰਦੇ ਹਨ। ਪਹਿਲਾਂ ਲੋਕ ਜੇ ਬਾਹਰ ਜਾਂਦੇ ਸਨ ਤਾਂ ਉਹ ਖੱਟੀ ਕਮਾਈ ਕਰ ਕੇ ਵਾਪਸ ਆ ਕੇ ਆਪਣੇ ਪਰਿਵਾਰ ਵਿੱਚ ਰਹਿੰਦੇ ਸਨ। ਉਸ ਕਮਾਈ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ਲਈ ਨਿਵੇਸ਼ ਕਰਦੇ ਸਨ, ਪਰ ਹੁਣ ਜ਼ਮੀਨ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।
ਆਪਣੀ ਜਨਮ ਭੋਇੰ, ਆਪਣਾ ਵਿਰਸਾ ਛੱਡ ਕੇ ਕਿਸੇ ਦਾ ਵੀ ਪਰਾਈ ਧਰਤੀ ’ਤੇ ਜਾਣ ਨੂੰ ਦਿਲ ਨਹੀਂ ਕਰਦਾ। ਹੁਣ ਜਦੋਂ ਵੱਡੀ ਪੱਧਰ ’ਤੇ ਪਰਵਾਸ ਹੋਣ ਲੱਗ ਪਿਆ ਹੈ ਤਾਂ ਇਸ ਦੇ ਕਈ ਕਾਰਨ ਹਨ। ਸਿੱਖਿਆ ਪ੍ਰਣਾਲੀ ਵਿੱਚ ਨਿਘਾਰ, ਘਟਦੇ ਰੁਜ਼ਗਾਰ ਦੇ ਮੌਕੇ, ਮਹਿੰਗੀ ਸਿੱਖਿਆ ਅਤੇ ਬੱਚਿਆਂ ਦੇ ਅਸੁਰੱਖਿਅਤ ਭਵਿੱਖ ਕਾਰਨ ਮਾਪੇ ਬੱਚਿਆਂ ਨੂੰ ਬਾਹਰ ਘੱਲਣ ਲਈ ਮਜਬੂਰ ਹਨ। ਅੱਜ ਦਾ ਨੌਜਵਾਨ ਪੜ੍ਹ ਲਿਖ ਕੇ ਵੀ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ ਤੋਂ ਅਸਮਰੱਥ ਹੈ, ਪਰ ਵਿਦੇਸ਼ਾਂ ਵਿੱਚ ਕੰਮ ਦੀ ਕਦਰ ਹੋਣ ਕਰ ਕੇ ਉਸ ਨੂੰ ਕੰਮ ਕਰਨ ਨੂੰ ਮਿਲ ਜਾਂਦਾ ਹੈ। ਕੰਮ ਨਾ ਮਿਲਣ ਦੀ ਸੂਰਤ ਵਿੱਚ ਸਮਾਜਿਕ ਭੱਤਾ ਮਿਲ ਜਾਂਦਾ ਹੈ। ਇਸ ਲਈ ਵੀ ਉਹ ਆਪਣਾ ਵਤਨ ਛੱਡ ਰਿਹਾ ਹੈ।
ਪਹਿਲਾਂ ਪੰਜਾਬ ਵਿੱਚ ਲੋਕ ਖੇਤੀ ਕਰਨ ਨੂੰ ਤਰਜੀਹ ਦਿੰਦੇ ਸਨ, ਪਰ ਹੁਣ ਪੁਸ਼ਤੀ ਵੰਡ ਕਾਰਨ ਵਾਹੀਯੋਗ ਜੋਤਾਂ ਦਾ ਘਟਣਾ, ਖੇਤੀ ਲਾਗਤਾਂ ਵਿੱਚ ਅਥਾਹ ਵਾਧਾ, ਉਤਪਾਦਨ ਦਾ ਸਹੀ ਮੁੱਲ ਨਾ ਮਿਲਣ ਕਾਰਨ ਖੇਤੀ ’ਤੇ ਆਧਾਰਿਤ ਪਰਿਵਾਰਾਂ ਦਾ ਗੁਜ਼ਾਰਾ ਦਿਨ ਬਦਿਨ ਔਖਾ ਹੋ ਰਿਹਾ ਹੈ। ਭਵਿੱਖ ਤੋਂ ਚਿੰਤਤ ਹੋ ਕੇ ਕਿਸਾਨ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਵਿਕਸਤ ਦੇਸ਼ਾਂ ਦਾ ਸ਼ਾਂਤਮਈ ਵਾਤਾਵਰਨ, ਵਧੀਆ ਆਰਥਿਕ ਅਤੇ ਸਮਾਜਿਕ ਢਾਂਚਾ ਵੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ।
ਕੁਝ ਦਹਾਕੇ ਪਹਿਲਾਂ ਵਿਦੇਸ਼ਾਂ ਵਿੱਚ ਆਮ ਤੌਰ ’ਤੇ ਆਦਮੀ ਹੀ ਜਾਂਦੇ ਸਨ। ਉਨ੍ਹਾਂ ਦੇ ਪਰਿਵਾਰ ਮਗਰ ਇੱਥੇ ਹੀ ਰਹਿੰਦੇ ਸਨ। ਵਿਦੇਸ਼ ਜਾਣ ਵਾਲੇ ਦੀ ਹਮਸਫ਼ਰ ਨਹੀਂ ਚਾਹੁੰਦੀ ਸੀ ਕਿ ਉਹ ਆਪਣਾ ਘਰ ਛੱਡ ਕੇ ਦੂਜੇ ਦੇਸ਼ ਨੂੰ ਜਾਵੇ। ਉਸ ਨੂੰ ਰੋਕਣ ਲਈ ਉਹ ਆਪਣੇ ਦਿਲ ਦੇ ਵਲਵਲੇ ਇਸ ਤਰ੍ਹਾਂ ਪੇਸ਼ ਕਰਦੀ ਹੈ:
ਕਾਹੇ ਨੂੰ ਛੱਤੀਆਂ ਬੈਠਕਾਂ ਕਾਹੇ ਰੱਖਿਆ ਸੀ ਵਿਹੜਾ
ਆਪ ਚੱਲੇ ਪ੍ਰਦੇਸ ਸਿੰਘ ਜੀ ਇੱਥੇ ਵੱਸੇਗਾ ਕਿਹੜਾ।
ਘਰਾਂ ਦੀਆਂ ਮਜਬੂਰੀਆਂ, ਦਿਲ ਦੀਆਂ ਕਿੱਥੇ ਕਰਨ ਦਿੰਦੀਆਂ ਹਨ। ਰੋਜ਼ੀ ਰੋਟੀ ਦਾ ਸਵਾਲ ਉਸ ਨੂੰ ਜਾਣ ਲਈ ਮਜਬੂਰ ਕਰ ਦਿੰਦਾ ਹੈ। ਉਸ ਦੀ ਪਤਨੀ ਬਿਰਹਾ ਵਿੱਚ ਬਲਦੀ ਹੈ, ਧੁਖਦੀ ਹੈ। ਆਪਣੇ ਇਕੱਲੇਪਣ ਦੀ ਹੰਢਾਈ ਪੀੜ ਨੂੰ, ਆਪਣੀ ਮਾਨਸਿਕ ਸਥਿਤੀ ਨੂੰ ਪੇਸ਼ ਕਰ ਦੇ ਉਸ ਵੱਲੋਂ ਸਿਰਜੇ ਕੁਝ ਟੱਪੇ ਹਨ:
* ਪਿੱਪਲ ਦਿਆ ਪੱਤਿਆ ਵੇ ਕੇਹੀ ਛਾਂ ਕੀਤੀ ਆ
ਉਮਰ ਬਸੰਤੀ ਚੰਨਾ ਸਾਡੀ ਐਵੇਂ ਬੀਤੀ ਆ।
* ਪਿੱਪਲ ਦੇ ਪੱਤਿਆਂ ਵੇ ਕੇਹੀਆਂ ਛੱਡੀਆਂ ਲਗਰਾਂ
ਢੋਲ ਪਰਦੇਸੀ ਸਈਓ ਕੌਣ ਲਿਆਵੇ ਖ਼ਬਰਾਂ।
* ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ,
ਕੋਈ ਨਹੀਂ ਜਾਣਦਾ।
ਉਹ ਗਿਆ ਪ੍ਰਦੇਸ ਜੋ ਸੀ ਸਾਡੇ ਹਾਣ ਦਾ।
ਪਝੰਤਰ ਫੀਸਦੀ ਪੰਜਾਬੀ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਵਿਦੇਸ਼ ਭੇਜਣਾ ਚਾਹੁੰਦੇ ਹਨ। ਸਰਕਾਰਾਂ ਵੱਲੋਂ ਨੌਜਵਾਨਾਂ ਦੇ ਭਵਿੱਖ ਸਬੰਧੀ ਹਾਂ ਪੱਖੀ ਹੁੰਗਾਰਾ ਨਾ ਭਰਨ ਕਰਕੇ, ਰੁਜ਼ਗਾਰ ਦੀ ਘਾਟ ਕਾਰਨ ਅਤੇ ਰਾਜ ਵਿੱਚ ਨਸ਼ਿਆਂ ਦੀ ਭਰਮਾਰ ਕਾਰਨ, ਬੇਰੁਜ਼ਗਾਰੀ ਕਾਰਨ ਨਸ਼ਿਆਂ ਵਿੱਚ ਪੈ ਜਾਣ ਤੋਂ ਡਰਦੇ ਵੀ ਲੋਕ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਕਰਦੇ ਹਨ। ਇਨ੍ਹਾਂ ਕਾਰਨਾਂ ਦਾ ਖੁਲਾਸਾ ਕਰਦਾ ਅਮਰਿੰਦਰ ਗਿੱਲ ਦਾ ਗਾਇਆ ਇੱਕ ਖੂਬਸੂਰਤ ਗੀਤ ਹੈ:
ਜੇ ਸਰਕਾਰਾਂ ਚੰਗੀਆਂ ਹੁੰਦੀਆਂ,
ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।
ਵਿਹਲਾ ਧੀ ਪੁੱਤ ਵਿਗੜ ਨਾ ਜਾਵੇ,
ਮਾਪਿਆਂ ਨੂੰ ਸੀ ਫ਼ਿਕਰ ਜਿਹਾ।
ਨਸ਼ਿਆਂ ਦਾ ਹੜ੍ਹ ਚੜ੍ਹਿਆ ਆਉਂਦਾ,
ਖ਼ਬਰਾਂ ਵਿੱਚ ਸੀ ਜ਼ਿਕਰ ਜਿਹਾ।
ਡਰਦਿਆਂ ਮਾਰਿਆਂ ਜਿਗਰ ਚੀਰਨੇ,
ਪੈ ਗਏ ਭਲੀਆਂ ਮਾਵਾਂ ਨੂੰ।
ਦੇਸ਼ ਦੇ ਸਿਸਟਮ ਤੋਂ ਅੱਕੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਇੱਥੇ ਰਹਿ ਕੇ ਉੱਚ ਵਿੱਦਿਆ ਪ੍ਰਾਪਤ ਨੌਜਵਾਨਾਂ ਨੂੰ ਵੀ ਨੌਕਰੀ ਨਹੀਂ ਮਿਲਦੀ। ਸਰਕਾਰੀ ਨੌਕਰੀਆਂ ਖ਼ਤਮ ਹੋ ਰਹੀਆਂ ਹਨ। ਪ੍ਰਾਈਵੇਟ ਅਦਾਰੇ ਦਸ ਪੰਦਰਾਂ ਹਜ਼ਾਰ ਮਹੀਨਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਮਜਬੂਰੀ ਵਸ ਜਦੋਂ ਅਠਾਰਾਂ ਉੰਨੀ ਸਾਲਾਂ ਦੇ ਬੱਚੇ ਪਰਾਈ ਧਰਤੀ ’ਤੇ ਪੈਰ ਰੱਖਦੇ ਹਨ ਤਾਂ ਆਪਣਾ ਗੁਜ਼ਾਰਾ ਕਰਨ ਲਈ ਅਤੇ ਫੀਸਾਂ ਭਰਨ ਲਈ ਉਹ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ। ਉਨ੍ਹਾਂ ਦੀ ਇਸ ਵੇਦਨਾ ਦਾ ਪ੍ਰਗਟਾਵਾ ਕਰਦਾ ਅਮਰਿੰਦਰ ਗਿੱਲ ਦਾ ਇੱਕ ਗੀਤ:
ਕਰਦੀਆਂ ਨੇ ਸੋਹਲ ਜਿੰਦੜੀਆਂ
ਹਰ ਕੋਈ ਕੰਮ ਹੌਲਾ ਭਾਰਾ।
ਸੂਲਾਂ ’ਤੇ ਸੌਣ ਜਿਹਾ
ਇਹ ਚੰਦਰੀ ਪੀ.ਆਰ. ਦਾ ਰੌਲਾ।
ਆਪਣਿਆਂ ਨੂੰ ਆਪਣੇ ਲੁੱਟਦੇ
ਤੱਕ ਕੇ ਮਜਬੂਰ ਮਾਂ।
ਆਬਾਂ ਦੇ ਦੇਸੋਂ ਕੁੜੀਆਂ
ਚੱਲ ਆਈਆਂ ਦੂਰ ਮਾਂ।
ਵਿਦੇਸ਼ ਦੀ ਧਰਤੀ ’ਤੇ ਰਹਿੰਦਿਆਂ ਰੁਜ਼ਗਾਰ ਤਾਂ ਮਿਲ ਜਾਂਦਾ ਹੈ, ਪਰ ਆਪਣਾ ਸੱਭਿਆਚਾਰ ਅਤੇ ਆਪਣੇਪਣ ਵਾਲਾ ਮਾਹੌਲ ਨਹੀਂ ਮਿਲਦਾ। ਤਾਂ ਫਿਰ ਬਜ਼ੁਰਗਾਂ ਵੱਲੋਂ ਸਿਰ ’ਤੇ ਰੱਖੇ ਅਸੀਸਾਂ ਦਿੰਦੇ ਹੱਥ ਯਾਦ ਆਉਂਦੇ ਹਨ। ਇਸ ਤਰਸੇਵੇਂ ਨੂੰ ਪ੍ਰਗਟ ਕਰਦਾ ਐਮੀ ਵਿਰਕ ਦੀ ਫਿਲਮ ਦਾ ਗੀਤ:
ਅਸੀਂ ਨਵੀਂ ਜ਼ਿੰਦਗੀ, ਨਵਾਂ ਜ਼ਮਾਨਾ,
ਨਵੀਆਂ ਰੁੱਤਾਂ ਲੱਭਦੇ ਰਹੇ,
ਇੱਕ ਚਾਨਣ ਦੀ ਲੀਕ ਲਈ,
ਪਰਛਾਵਿਆਂ ਪਿੱਛੇ ਭੱਜਦੇ ਰਹੇ।
ਹਾਏ ਭਰੇ ਨਾ ਹੁੰਗਾਰਾ ਕੋਈ ਕਾਹਤੋਂ ਸਾਡੇ ਰੋਸ ਦਾ,
ਨੀਂ ਮਾਏ ਇੱਥੇ ਸਾਡਾ ਕੋਈ ਸਿਰ ਨੀ ਪਲੋਸਦਾ।
ਜੇ ਸਾਡੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਨਾ ਕਰਨ ਤਾਂ ਸਾਡੀ ਸਿੱਖਿਆ ਪ੍ਰਣਾਲੀ ਅਜਿਹੀ ਬਣਾਈ ਜਾਵੇ ਜੋ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਹੋਵੇ। ਆਰਥਿਕ ਵਸੀਲਿਆਂ ਨੂੰ ਉਪਜਾਉਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਧਰਤੀ ਨਾਲ ਜੁੜੇ ਰੱਖਣ ਲਈ ਕਾਰਪੋਰੇਟ ਪੱਖੀ ਕਾਨੂੰਨ ਬਣਾਉਣ ਦੀ ਥਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਬਣਾਏ ਜਾਣ। ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਹ ਸਾਡਾ ਅਨਮੋਲ ਖ਼ਜ਼ਾਨਾ ਨੌਜਵਾਨ ਵਰਗ, ਹੁਨਰ ਅਤੇ ਪੈਸਾ ਵੀ ਫੀਸਾਂ ਦੇ ਰੂਪ ਵਿੱਚ ਬਾਹਰ ਜਾ ਰਿਹਾ ਹੈ।
ਦੇਸ਼ ਵਿੱਚੋਂ ਖਾਸ ਕਰਕੇ ਪੰਜਾਬ ਵਿੱਚੋਂ ਜਿਸ ਤਰ੍ਹਾਂ ਪਰਵਾਸ ਹੋ ਰਿਹਾ ਹੈ, ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਸਿਰਫ਼ ਬਜ਼ੁਰਗ ਹੀ ਘਰਾਂ ਵਿੱਚ ਰਹਿ ਜਾਣਗੇ। ਸੁੰਨੇ ਵਿਹੜੇ ਆਪਣਿਆਂ ਦੀ ਪੈੜ ਚਾਲ ਸੁਣਨ ਲਈ ਤਰਸ ਜਾਣਗੇ। ਬਜ਼ੁਰਗ ਆਪਣੇ ਬਿਰਧ ਸਰੀਰਾਂ ਨੂੰ ਸਹਾਰਾ ਦੇਣ ਲਈ ਆਪਣਿਆਂ ਦਾ ਰਾਹ ਤੱਕਦੇ, ਦਿਲਾਂ ਵਿੱਚ ਮਿਲਣ ਦੀ ਤਾਂਘ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਗੇ। ਗੁਰੂਆਂ, ਪੀਰਾਂ ਦੀ ਵਰੋਸਾਈ ਇਸ ਪੰਜਾਬ ਦੀ ਧਰਤੀ ਨੂੰ ਮੌਲਦਾ ਰੱਖਣ ਲਈ, ਇਸ ਦੇ ਵਾਰਸਾਂ ਨੂੰ ਇੱਥੇ ਵੱਸਦੇ ਰੱਸਦੇ ਰੱਖਣ ਲਈ ਤਨੋਂ ਮਨੋਂ ਗੰਭੀਰ ਯਤਨ ਕਰਨ ਦੀ ਜ਼ਰੂਰਤ ਹੈ।
ਸੰਪਰਕ: 76260-63596