ਕਰਨੈਲ ਸਿੰਘ ਸੋਮਲ
ਮਨੁੱਖੀ ਹੋਂਦ ਦੀ ਕਾਇਮੀ ਲਈ ਜੋ ਕੁਝ ਅਤਿ ਲੋੜੀਂਦਾ ਹੈ, ਉਸ ਦੀ ਘਾਟ ਦਾ ਤੀਬਰ ਅਹਿਸਾਸ ਹੈ ਵਿਗੋਚਾ। ਨਿੱਤ ਵਰਤੋਂ ਦੀ ਕੋਈ ਵਸਤ ਜੋ ਪਹਿਲਾਂ ਹੈ ਸੀ ਤੇ ਹੁਣ ਨਹੀਂ ਹੈ, ਉਸ ਦੀ ਘਾਟ ਜਦ-ਕਦ ਖਟਕਦੀ ਹੈ। ਤਦ ਆਖਣ ਨੂੰ ਹੁੰਦਾ ਹੈ ਕਿ ਬੜਾ ਵਿਗੋਚਾ ਹੈ। ਕਿਸੇ ਨਖਿੱਧ ਚੀਜ਼, ਜਿਵੇਂ ਨਸ਼ੇ ਦਾ ਵਿਗੋਚਾ ਨਹੀਂ ਹੁੰਦਾ। ਉਸ ਦੀ ਥਾਂ ਤੋਟ (ਤੋੜ) ਲੱਗਦੀ ਹੈ। ਘਰ ਵਿੱਚ ਦੁੱਧ ਦਾ ਵਿਗੋਚਾ ਹੁੰਦਾ ਹੈ। ਜ਼ਰੂਰੀ ਨਹੀਂ ਕਿ ਵਿਗੋਚਾ ਕਿਸੇ ਮਹਿੰਗੀ ਵਸਤ ਦਾ ਹੋਵੇ। ਇਹ ਕੋਈ ਨਿਗੂਣੀ ਵਸਤ ਵੀ ਹੋ ਸਕਦੀ ਹੈੈ। ਨਿੱਕੀ ਸੂਈ ਜਾਂ ਸਿਲਾਈ ਦਾ ਵਿਗੋਚਾ ਕਿਸੇ ਕੀਮਤੀ ਸ਼ੋਅ-ਪੀਸ ਤੋਂ ਜ਼ਿਆਦਾ ਹੋ ਸਕਦੈ। ਵਿਗੋਚਾ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ।
ਪੇਂਡੂ ਜੀਵਨ ਵਿੱਚ ਆਂਢ-ਗੁਆਂਢ ਦੀ ਮਹਿਮਾ ‘ਹਮਸਾਇਆ, ਮਾਂ ਪਿਓ ਜਾਇਆ’ ਕਹਿ ਕੇ ਦਰਸਾਈ ਜਾਂਦੀ ਰਹੀ ਹੈ। ਵਿਵਹਾਰਕ ਪੱਖ ਵੀ ਸੀ। ਵੇਲੇ-ਕੁਵੇਲੇ ਥੁੜ ਵਾਲੀ ਵਸਤ ਵਿਹੜੇ ਦੀ ਛੋਟੀ ਕੰਧ ਉੱਤੋਂ ਜ਼ਰਾ ਆਵਾਜ਼ ਦੇ ਕੇ ਲੈ ਲਈ ਜਾਂਦੀ ਸੀ। ਕਦੇ ਅੱਗ ਮੰਗਣੀ ਤੇ ਕਦੇ ਦੀਆ-ਸਲਾਈ, ਕਦੇ ਗਲਾਸ ਦੁੱਧ ਦਾ ਜਾਂ ਜ਼ਰਾ ਕੁ ਚਾਹ-ਪੱਤੀ। ਥੁੜਾਂ ਬਹੁਤ ਸਨ, ਰਿਸ਼ਤੇਦਾਰੀ ਵਿੱਚ ਜਾਣ ਲਈ ਮਰਦ ਜੁੱਤੀ, ਚਾਦਰਾ, ਸਾਈਕਲ ਤੇ ਔਰਤਾਂ ਘੱਗਰਾ, ਦੁਪੱਟਾ ਆਦਿ ਮੰਗ ਲਿਆ ਕਰਦੀਆਂ ਸਨ।
ਅਸੀਂ ਕਦੇ ਸੁਚੇਤ ਹੀ ਨਹੀਂ ਹੁੰਦੇ ਕਿ ਸਾਡੇ ਆਲੇ-ਦੁਆਲੇ ਵਿੱਚ ਹਰ ਜੀਵ ਤੇ ਵਸਤੂ ਦੀ ਖ਼ਾਸ ਥਾਂ ਹੁੰਦੀ ਹੈ। ਮੁਰੱਬੇਬੰਦੀ ਹੋਈ ਤਾਂ ਕਈਆਂ ਨੇ ਬਾਗ਼ ਤੇ ਆਮ ਦਰੱਖਤ ਵੱਢ-ਵੇਚ ਦਿੱਤੇ। ਪਿੱਛੋਂ ਮਹਿਸੂਸ ਕੀਤਾ ਕਿ ਭਰਪੂਰ ਹਰਿਆਵਲ ਤੇ ਤਪਸ਼ਾਂ ਵਿੱਚ ਠੰਢੀਆਂ ਛਾਂਵਾਂ ਕਿੰਨੀਆਂ ਜ਼ਰੂਰੀ ਸਨ। ਹੁਣ ਹਾਈਵੇਜ਼ ਤੋਂ ਲੰਘਦਿਆਂ ਬਿਰਖਾਂ ਦਾ ਵਿਗੋਚਾ ਸੱਲਦਾ ਹੈ। ਬਿਰਖ ਰਾਹਾਂ, ਮੋੜਾਂ, ਪਿੰਡਾਂ ਤੇ ਹੋਰ ਵਸੇਬਿਆਂ ਦੀ ਪਛਾਣ ਸਨ। ਭਾਵੇਂ ਜਾਗਰੂਕ ਲੋਕਾਂ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਨਵੇਂ ਬੂਟੇ ਵੀ ਲਾਏ। ਸੱਚਾਈ ਇਹ ਵੀ ਹੈ ਕਿ ਕਿਸੇ ਬਿਰਖ ਦਾ ਆਪਣੇ ਪੂਰੇ ਰੂਪ ਵਿੱਚ ਆਉਣ ਲਈ ਲੰਮਾ ਸਮਾਂ ਲੱਗਦਾ ਹੈ।
ਦੇਸ਼ ਵੰਡ ਸਮੇਂ ਹਿਜਰਤ ਕਰਕੇ ਏਧਰੋਂ ਓਧਰ ਗਏ ਤੇ ਓਧਰੋਂ ਏਧਰ ਆਏ ਲੋਕਾਂ ਦੇ ਸਾਹਮਣੇ ਵਿਗੋਚੇ ਹੀ ਵਿਗੋਚੇ ਸਨ। ਘਰ ਬੰਦੇ ਨੂੰ ਸਾਂਭਦਾ ਹੈ ਤੇ ਬੰਦਾ ਘਰ ਨੂੰ। ਪਰ ਉਦੋਂ ਹਵਾ ਹੀ ਪੁੱਠੀ ਵਗੀ। ਲੋਕਾਂ ਨੂੰ ਭਰੇ-ਭਰਾਏ ਘਰ ਛੱਡ ਅੱਭੜਵਾਹੇ ਤੁਰਨਾ ਪਿਆ। ਵੇਲੇ-ਕੁਵੇਲੇ ਦੀ ਕੀਹਨੂੰ ਸੁੱਝਣੀ ਸੀ। ਜਾਨ ਬਚਾਉਣ ਦੀ ਜੁ ਪਈ ਸੀ। ਇਸ ਪ੍ਰਸੰਗ ਵਿੱਚ ਸਤਵੰਤ ਕੌਰ ਮਾਨ ਦੀ ਕਹਾਣੀ ‘ਚੱਟੂ’ ਵੀ ਪੜ੍ਹਨ ਵਾਲੀ ਹੈ। ਜਾਨੀ-ਮਾਲੀ ਨੁਕਸਾਨ ਤੋਂ ਇਲਾਵਾ ਔਰਤਾਂ ਦੀਆਂ ਇੱਜ਼ਤਾਂ ਰੁਲੀਆਂ, ਮਾਸੂਮ ਬੱਚਿਆਂ ਨੂੰ ਕੋਹ ਕੋਹ ਮਾਰਿਆ ਗਿਆ। ਜੀਵਨ ਦੀ ਅਨੇਕ ਤਰ੍ਹਾਂ ਨਾਲ ਬੇਹੁਰਮਤੀ ਹੋਈ। ਬਜ਼ੁਰਗਾਂ ਨੂੰ ਰਾਹ ਵਿੱਚ ਹੀ ਛੱਡਣਾ ਪਿਆ। ਦੁੱਧ ਚੁੰਘਦੇ ਬਾਲ ਤੇ ਬਾਲੜੀਆਂ ਜੋ ਮਾਵਾਂ ਦੀ ਤਾਕਤ ਬਣਦੇ ਹਨ, ਤਦ ਬੋਝ ਬਣ ਗਏ। ਕਲਮਕਾਰਾਂ ਤੇ ਕਲਾਕਾਰਾਂ ਨੇ ਇਸ ਦਰਦ ਨੂੰ ਕੁਝ ਜ਼ੁਬਾਨ ਦੇਣ ਦਾ ਯਤਨ ਕੀਤਾ, ਪਰ ਵੰਡ ਦੇ ਜ਼ਖ਼ਮ ਹੁਣ ਵੀ ਰਿਸੀ ਜਾਂਦੇ ਹਨ। ਸੰਵੇਦਨਸ਼ੀਲ ਬੰਦਿਆਂ ਨੇ ਹਿਜਰਤ ਕਰ ਗਏ ਆਪਣੇ ਗੁਆਂਢੀਆਂ ਦਾ ਵਿਛੋੜਾ ਵੀ ਮਹਿਸੂਸ ਕੀਤਾ ਤੇ ਵਿਗੋਚਾ ਵੀ। ਆਂਢ-ਗੁਆਂਢ ਵਿੱਚ ਖਾਲੀ ਭਾਂ-ਭਾਂ ਕਰਦੇ ਘਰ ਵੇਖ ਉਨ੍ਹਾਂ ਦਾ ਹਉਕਾ ਨਿਕਲਦਾ।
ਪੰਜਾਬ ਦੀ ਮਿੱਟੀ, ਇੱਥੋਂ ਦੇ ਪਾਣੀ, ਬਨਸਪਤੀ, ਰੁੱਤਾਂ, ਗੱਲ ਕੀ ਇੱਥੇ ਦਾ ਜ਼ਰਾ-ਜ਼ਰਾ ਬਹੁਤਾ ਹੀ ਮੋਹਖੋਰ ਹੈ। ਬੰਦੇ ਦਾ ਆਲਾ-ਦੁਆਲਾ ਉਸ ਦੇ ਆਪੇ ਦਾ ਇੰਜ ਅੰੰਗ ਬਣਿਆ ਹੁੰਦਾ ਹੈ ਕਿ ਉਹ ਨਾਲੋਂ ਉੱਚੜਦਾ ਹੀ ਨਹੀਂ। ਇਹ ਵੀ ਇੱਕ ਵਿਗੋਚਾ ਸੀ ਜੋ ਇੱਕ-ਦੋ ਪੀੜ੍ਹੀਆਂ ਨੂੰ ਬਹੁਤਾ ਹੀ ਸੱਲਦਾ ਰਿਹਾ। ਵਿਗੋਚਾ ਤੇ ਵਿਛੋੜਾ ਸ਼ਬਦਾਂ ਦੇ ਅਰਥ ਉਂਜ ਮੇਲ ਨਹੀਂ ਖਾਂਦੇ, ਪਰ ਸੰਤ ਸਿੰਘ ਸੇਖੋਂ ਦੀ ਕਹਾਣੀ ‘ਮੀਂਹ ਜਾਵੋ ਹਨੇਰੀ ਜਾਵੋ’ ਵਿੱਚ ਦੋਵੇਂ ਸ਼ਬਦ ਇੱਕ-ਦੂਜੇ ਨਾਲ ਖੜ੍ਹੇ ਹਨ। ਮਾਂ ਦਾ ਇਕਲੌਤਾ ਪੁੱਤਰ ਘਰ ਦੇ ਵਿਗੋਚਿਆਂ ਨੂੰ ਪੂਰਨ ਲਈ ਫ਼ੌਜ ਵਿੱਚ ਨੌਕਰ ਹੋ ਜਾਂਦਾ ਹੈ। ਪਿੱਛੇ ਘਰ ਵਿੱਚ ਉਸ ਦੀ ਜਵਾਨ ਵਹੁਟੀ ਵੀ ਸੀ। ਲੰਮੇ ਸਮੇਂ ਲਈ ਦੂਰੀਆਂ ਦੀ ਔਖ ਬੜੀ ਸੀ। ਇਸ ਵਿਛੋੜੇ ਨੂੰ ਬਰਦਾਸ਼ਤ ਕੀਤਾ ਜਾਂਦਾ ਹੈ ਤਾਂ ਜੁ ਘਰ ਵਿੱਚ ਨਿੱਕੀ ਨਿੱਕੀ ਗੱਲ ਦਾ ਵਿਗੋਚਾ ਨਾ ਹੋਵੇ।
ਕਦੇ ਜਾਪਦਾ ਸੀ ਕਿ ਧਰਤੀ ਹੇਠਲਾ ਪਾਣੀ ਕਦੇ ਮੁੱਕਣਾ ਹੀ ਨਹੀਂ। ਹੁਣ ਇਸ ਦਾ ਤਲ ਡੂੰਘੇ ਤੋਂ ਡੂੰਘਾ ਹੋ ਰਿਹਾ ਹੈ। ਪਾਣੀ ਦੇ ਵਿਗੋਚੇ ਨੇ ਸਾਨੂੰ ਖ਼ਬਰੇ ਕਿੰਨਾ ਸੁਕਾਉਣਾ ਹੈ। ਕਿਸੇ ਸਾਧਾਰਨ ਕਿਸਾਨ ਨੇ ਧੀ ਲਈ ਪਸੰਦ ਕੀਤੇ ਵਰ-ਘਰ ਦੇ ਹੱਕ ਵਿੱਚ ਚਾਰ ਦਲੀਲਾਂ ਦਿੱਤੀਆਂ। ਪਹਿਲੀ, ਉਸ ਘਰ ‘ਚਾਰ ਸਿਆੜ’ ਜ਼ਮੀਨ ਦੇ ਹਨ। ਦੂਜੀ, ਜ਼ਮੀਨ ਵਿੱਚ ਪਾਣੀ ਦਾ ਪੱਤਣ ਬੜਾ ਨੇੜੇ ਹੈ। ਤੀਜਾ, ਮੁੰਡਾ ਮਿਹਨਤੀ ਹੈ। ਚੌਥਾ, ਲੋੜ ਮੁਤਾਬਿਕ ਘਰ ਹੈ ਅਤੇ ਖੇਤੀ ਦਾ ਸੰਦਾ ਵੀ ਪੂਰਾ ਹੈ। ਕੁੜੀ ਨੂੰ ਕਿਸੇ ਚੀਜ਼ ਲਈ ਵਿਗੁੱਚਣਾ ਨਹੀਂ ਪਵੇਗਾ, ਪਰ ਹੁਣ ਬਹੁਤ ਕੁਝ ਪਹਿਲਾਂ ਵਾਲਾ ਨਹੀਂ ਰਿਹਾ। ਬੇਭਰੋਸਗੀ, ਤਰਸੇਵਾਂ ਤੇ ਕਿਰਤੀ ਦੀ ਮੰਦਹਾਲੀ ਹੈ। ਬਹੁਲਤਾਵਾਂ ਛਾਈਂ-ਮਾਈਂ ਹੋਈਆਂ। ਵਿਗੋਚਿਆਂ ਵਿੱਚ ਵਿਆਕੁਲ ਮਨੁੱਖ ਕਿਵੇਂ ਵਿਗਸੇ?
ਸਾਡੇ ਸਰੀਰ ਦਾ ਹਰ ਅੰਗ, ਛੋਟਾ ਜਾਂ ਵੱਡਾ, ਬੜਾ ਖ਼ਾਸ ਹੈ। ਕੋਈ ਅੰਗ ਪੂਰਾ ਕੰਮ ਨਾ ਕਰੇ ਜਾਂ ਨਕਾਰਾ ਹੋ ਜਾਵੇ, ਉਸ ਦਾ ਵਿਗੋਚਾ ਹਰ ਪਲ ਖਟਕਦਾ ਹੈ। ਕੁਦਰਤੀ ਅੰਗਾਂ ਦਾ ਸੌ-ਫ਼ੀਸਦੀ ਬਦਲ ਨਹੀਂ ਹੁੰਦਾ, ਪਰ ਮਨੁੱਖ ਆਪਣੇ ਉੱਦਮ ਤੇ ਦ੍ਰਿੜ ਨਿਸ਼ਚੇ ਸਦਕਾ ਕਿਸੇ ਵੀ ਅੜਚਨ ਜਾਂ ਅਸੁਵਿਧਾ ਨੂੰ ਪਾਰ ਕਰਕੇ ਅਜਿਹਾ ਉੱਭਰਦਾ ਹੈ ਕਿ ਹੋਰਨਾਂ ਲਈ ਪ੍ਰੇਰਕ ਬਣ ਜਾਂਦਾ ਹੈ। ਦੇਸ਼-ਵੰਡ ਦੀ ਮਹਾ-ਤ੍ਰਾਸਦੀ ਦੇ ਸ਼ਿਕਾਰ ਬਹੁਤੇ ਲੋਕ ਉਦਰੇਵਿਆਂ ਹੇਠ ਦੱਬਣ ਦੀ ਥਾਂ ਮੁੜ ਪੱਕੇ ਪੈਰੀਂ ਹੋਏ ਤੇ ਉਤਸ਼ਾਹ ਤੇ ਉੱਦਮ ਦੀ ਅਨੋਖੀ ਮਿਸਾਲ ਬਣੇ।
ਸੰਪਰਕ: 98141-57137