ਡਾ. ਸਾਹਿਬ ਸਿੰਘ
ਜਦੋਂ ਰੰਗਮੰਚ ਦਾ ਮੇਲਾ ਭਰਦਾ ਹੈ ਤਾਂ ਇਹ ਪਰੰਪਰਿਕ ਮੇਲਿਆਂ ਤੋਂ ਵੱਖਰਾ ਹੁੰਦਾ ਹੈ। ਇਹ ਸਿਰਫ਼ ਮਨੋਰੰਜਨ ਨਾਲ ਨਹੀਂ, ਸੋਚ ਨਾਲ ਜੁੜਿਆ ਹੁੰਦਾ ਹੈ, ਮੱਥਿਆਂ ਵਿੱਚ ਚਿਰਾਗ ਰੌਸ਼ਨ ਕਰਨ ਦਾ ਪ੍ਰਣ ਲੈ ਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਆਉਂਦਾ ਹੈ। ਉਦੋਂ ਰੰਗਮੰਚ ਅਤੇ ਦਰਸ਼ਕਾਂ ਵਿਚਾਲੇ ਮੌਜੂਦ ਕਾਲਪਨਿਕ ਚੌਥੀ ਦੀਵਾਰ ਹਟ ਜਾਂਦੀ ਹੈ। ਦਰਸ਼ਕ ਤੇ ਕਲਾਕਾਰ ਇਕੱਠਿਆਂ ਸਾਹ ਲੈਂਦੇ ਹਨ, ਇਕੱਠਿਆਂ ਰੋਂਦੇ ਹਨ, ਇਕੱਠਿਆਂ ਹੱਸਦੇ, ਜੋਸ਼ ਵਿੱਚ ਆਉਂਦੇ ਅਤੇ ਕਿਸੇ ਤਬਦੀਲੀ ਲਈ ਅਹਿਦ ਲੈਂਦੇ ਹਨ। ਰੰਗਮੰਚ ਤੇ ਲੋਕ ਇਕਮਿੱਕ ਹੋ ਜਾਂਦੇ ਹਨ। ਜਦੋਂ ਰੰਗਮੰਚ ਦਾ ਮੇਲਾ ਭਰਦਾ ਹੈ ਤਾਂ ਜ਼ਿੰਦਗੀ ਪੈਲਾਂ ਪਾਉਂਦੀ ਹੈ ਤੇ ਧੜਕਦੀ ਹੈ। ਜ਼ਿੰਦਗੀ ਦੇ ਸਾਰੇ ਰੰਗ ਗਲਵੱਕੜੀ ਪਾ ਕੇ ਨੱਚਦੇ ਹਨ। ਉਦੋਂ ਲੋਕ ਇਹ ਨਹੀਂ ਸੋਚਦੇ ਕਿ ਉਹ ਭੁੰਜੇ ਬੈਠੇ ਹਨ ਜਾਂ ਕੁਰਸੀਆਂ ’ਤੇ, ਗਰਮੀ ’ਚ ਹਨ ਜਾਂ ਸਰਦੀ ’ਚ। ਉਨ੍ਹਾਂ ਦੀ ਤੰਦ ਸਿਰਫ਼ ਉਸ ਸਭ ਕੁਝ ਨਾਲ ਜੁੜੀ ਹੁੰਦੀ ਹੈ ਜੋ ਮੰਚ ’ਤੇ ਵਾਪਰ ਰਿਹਾ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਰਗਾ ਲੱਗਦਾ ਹੈ। ਦੁੱਖਾਂ ਨਾਲ ਖਹਿੰਦਾ ਤੇ ਖੁਸ਼ੀਆਂ ਦਾ ਚੁੰਮਣ ਲੈਂਦਾ ਹੈ। ਰੰਗਮੰਚ ਦੇ ਮੇਲੇ ਦਾ ਘੇਰਾ ਵਿਸ਼ਾਲ ਹੁੰਦਾ ਹੈ, ਉਹ ਕਿਸੇ ਇੱਕ ਰੰਗ ਦੀ ਰੱਸੀ ’ਤੇ ਨਹੀਂ ਝੂਟਦਾ।
ਰੰਗਮੰਚ ਉੱਥੇ ਜਾ ਪਹੁੰਚਦਾ ਹੈ ਜਿੱਥੇ ਯੂਨੀਵਰਸਿਟੀਆਂ ਵਿੱਚ ਕਿਤਾਬਾਂ ਦਾ ਗਿਆਨ ਹਾਸਲ ਕਰਦੇ ਜਾਗਦੇ ਸਿਰਾਂ ਵਿੱਚ ਖੂਨ ਵਗ ਰਿਹਾ ਹੁੰਦਾ ਹੈ। ਉਦੋਂ ਰੰਗਮੰਚ ਕੂਕਦਾ ਹੈ ਤੇ ਲਲਕਾਰਦਾ ਹੈ। ਪਹਿਚਾਣ ਪੱਤਰ ਦਿਖਾਉਣ ਤੋਂ ਬਾਗ਼ੀ ਹੋ ਜਾਂਦਾ ਹੈ, ਬਾਗ਼ੀਆਂ ਦੀਆਂ ਬਾਹਾਂ ’ਚ ਬਾਹਾਂ ਪਾ ਕੇ ਮੰਚ ਤੋਂ ਲੋਕਾਂ ਦੇ ਇਕੱਠ ਵਿੱਚ ਸਰਕ ਜਾਂਦਾ ਹੈ। ਅੱਜ ਤੋਂ ਸੈਂਤੀ ਸਾਲ ਪਹਿਲਾਂ ਜਦੋਂ ਮੁਲਕ ਦੀ ਰਾਜਧਾਨੀ ਵਿੱਚ ਸਿੱਖਾਂ ’ਤੇ ਕਹਿਰ ਟੁੱਟਦਾ ਹੈ, ਹਕੂਮਤ ਮਾਚਿਸ ਬਣ ਜਾਂਦੀ ਹੈ, ਜ਼ਿੰਦਗੀ ਨੂੰ ਫੂਕ ਦੇਣ ਦੀ ਕੋਸ਼ਿਸ਼ ਕਰਦੀ ਹੈ। ਮਾਸੂਮ ਲੋਕਾਂ ਦੇ ਦਿਲਾਂ ’ਤੇ ਸਖ਼ਤ ਖੁਰਦਰਾ ਵੱਡਾ ਰੁੱਖ ਡਿੱਗਦਾ ਹੈ ਤਾਂ ਰੰਗਮੰਚ ਬੋਲਦਾ ਹੈ, ਸ਼ਰ੍ਹੇਆਮ ਸੜਕਾਂ ’ਤੇ ਨਿਕਲ ਕੇ ਬੋਲਦਾ ਹੈ। ਰੰਗਮੰਚ ਸਵਾਲ ਕਰਦਾ ਹੈ ਕਿ ਉਹ ਲੋਕ ਜਿਨ੍ਹਾਂ ਨੇ ਰਾਜਧਾਨੀ ਦੀ ਤਰੱਕੀ ਵਿੱਚ ਅੱਜ ਤੱਕ ਵੱਡਾ ਯੋਗਦਾਨ ਪਾਇਆ ਸੀ, ਉਨ੍ਹਾਂ ਨੂੰ ਚੁਣ ਚੁਣ ਕੇ ਕਿਸ ਕਸੂਰ ਬਦਲੇ ਮਾਰਿਆ ਗਿਆ ਹੈ, ਉਨ੍ਹਾਂ ਦੇ ਮਾਰੇ ਜਾਣ ਪਿੱਛੇ ਕਿਸ ਕਿਸ ਦਾ ਹੱਥ ਹੈ। ਉਹ ਕੌਣ ਲੋਕ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਬਲਦੀ ਦੇ ਬੂਥੇ ਧੱਕਿਆ ਹੈ। ਰੰਗਮੰਚ ਕਿਸੇ ਨੂੰ ਨਹੀਂ ਬਖ਼ਸ਼ਦਾ ਕਿਉਂਕਿ ਰੰਗਮੰਚ ਕਾਹਲ ਵਿੱਚ ਉਬਲਦੇ ਜਜ਼ਬਾਤ ਨੂੰ ਤਾਂ ਜ਼ਰੂਰ ਫੜਦਾ ਹੈ, ਪਰ ਸਮਝ ਤੇ ਵਿਸ਼ਲੇਸ਼ਣ ਦਾ ਪੱਲਾ ਕਦੇ ਨਹੀਂ ਛੱਡਦਾ। ਰੰਗਮੰਚ ਜਿੱਥੇ ਹਕੂਮਤ ਨੂੰ ਵੰਗਾਰਦਾ ਹੈ, ਉੱਥੇ ਧਰਮ ਦੇ ਠੇਕੇਦਾਰਾਂ ਵੱਲੋਂ ਖੇਡੀ ਜਾ ਰਹੀ ਗੰਦੀ ਖੇਡ ਨੂੰ ਵੀ ਨੰਗਾ ਕਰਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਬਰਾਬਰ ਦਾ ਕਸੂਰਵਾਰ ਸਮਝਦਾ ਹੈ।
ਉਹ ਲੋਕ ਜੋ ਸੱਚ ਬੋਲਣ ਦੀ ਸਜ਼ਾ ਭੁਗਤ ਰਹੇ ਹਨ। ਜੇਲ੍ਹਾਂ ਵਿੱਚ ਬੰਦ ਹਨ, ਬਿਨਾਂ ਕਿਸੇ ਕੇਸ ਤੋਂ ਤਾਂ ਰੰਗਮੰਚ ਉਨ੍ਹਾਂ ਦੀ ਆਵਾਜ਼ ਬਣਦਾ ਹੈ। ਉਹ ਜੋ ਦਲਿਤ ਹੋਣ ਦਾ ਸੰਤਾਪ ਭੁਗਤ ਰਹੇ ਹਨ ਤੇ ਦਲਿਤ ਹੋ ਕੇ ਨਜ਼ਰਾਂ ਝੁਕਾ ਕੇ ਚੱਲਣਾ ਜਿਨ੍ਹਾਂ ਨੂੰ ਮਨਜ਼ੂਰ ਨਹੀਂ ਹੈ, ਰੰਗਮੰਚ ਉਨ੍ਹਾਂ ਲਈ ਤੂਫ਼ਾਨ ਦਾ ਸਾਹਮਣਾ ਕਰਦਾ ਹੈ ਤੇ ਫਟੇ ਅੰਬਰ ਵਿੱਚ ਝੂਲਾ ਟੰਗ ਦਿੰਦਾ ਹੈ। ਜਿਨ੍ਹਾਂ ਦੇ ਜਲ ਜੰਗਲ ਤੇ ਜ਼ਮੀਨ ਖੋਹੇ ਜਾਣ ਦੀ ਸਾਜ਼ਿਸ਼ ਹੋ ਰਹੀ ਹੈ, ਕੁਦਰਤ ਦੇ ਨੇੜੇ ਰਹਿਣ ਵਾਲੇ ਜ਼ਿੰਦਗੀ ਵਰਗੇ ਪਿਆਰੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ। ਨਿੱਕੀ ਨਿੱਕੀ ਚੀਜ਼ ਬਦਲੇ ਜਿਨ੍ਹਾਂ ਨੂੰ ਤੜਫ਼ਣ, ਤਰਸਣ ਤੇ ਕਲਪਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਰੰਗਮੰਚ ਨਿੱਕੀਆਂ ਪਗਡੰਡੀਆਂ ’ਤੇ ਸੰਤੁਲਨ ਬਣਾ ਕੇ ਤੁਰਦਾ ਹੋਇਆ ਉਨ੍ਹਾਂ ਨਿੱਕੇ ਕਾਲੇ ਪੈਰਾਂ ਵਾਲੇ ਲੋਕਾਂ ਕੋਲ ਪਹੁੰਚ ਜਾਂਦਾ ਹੈ ਤੇ ਬੁਲੰਦ ਆਵਾਜ਼ ਵਿੱਚ ਐਲਾਨ ਕਰਦਾ ਹੈ, ‘ਜੰਗਲ ਬੋਲਦਾ ਹੈ।’
ਜਦੋਂ ਆਜ਼ਾਦੀ ਨਾਲ ਸਾਹ ਲੈਣ ਦੀ ਤਮੰਨਾ ਪਾਲਦੇ ਕਸ਼ਮੀਰੀਆਂ ਦਾ ਬਾਕੀ ਮੁਲਕ ਨਾਲੋਂ ਸੰਪਰਕ ਕੱਟ ਦਿੱਤਾ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤਾਂ ਰੰਗਮੰਚ ਆਪਣੀ ਸੁੱਧ ਬੁੱਧ ਉਨ੍ਹਾਂ ਦੇ ਯੁੱਧ ਨਾਲ ਜੋੜਦਾ ਹੈ। ਨਿੱਕੇ ਨਿੱਕੇ ਵਿਹੜਿਆਂ ਵਿੱਚ ਜ਼ਿੰਦਗੀ ਦੇ ਚਾਅਵਾਂ ਨੂੰ ਦਬਾ ਕੇ ਸਹਿਕ ਰਹੇ ਲੋਕਾਂ ਕੋਲ ਜਾਂਦਾ ਹੈ। ਉਨ੍ਹਾਂ ਦੇ ਜ਼ਖ਼ਮੀ ਖੰਭਾਂ ਨੂੰ ਪਰਵਾਜ਼ ਭਰਨ ਲਈ ਪ੍ਰੇਰਦਾ ਹੈ। ਲੋਕ ਘੋਲਾਂ ਦੀ ਜ਼ਰਖੇਜ਼ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਉਂਦਾ ਹੈ ਤੇ ਸੰਗਰਾਮੀ ਯੋਧਿਆਂ ਦੀਆਂ ਨਜ਼ਰਾਂ ਵਿੱਚ ਨਜ਼ਰਾਂ ਪਾ ਕੇ ਉਨ੍ਹਾਂ ਦੀ ਤੱਕਣੀ ਵਿਚਲਾ ਸੇਕ ਮਹਿਸੂਸ ਕਰਦਾ ਹੈ।
ਜਦੋਂ ਰੰਗਮੰਚ ਦਾ ਮੇਲਾ ਭਰਦਾ ਹੈ ਤਾਂ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਰਤੀ ਲੋਕਾਂ ਦਾ ਜਜ਼ਬਾ ਮੰਚ ਤੋਂ ਨਜ਼ਰ ਆਉਂਦਾ ਹੈ। ਪੰਜਾਬ ਸਿੰਘ ਆਪਣੀ ਛਾਤੀ ਅੰਦਰ ਸਮੋਏ ਸਾਰੇ ਦਰਦ ਤੇ ਭਾਵਨਾਵਾਂ ਮੰਚ ਤੋਂ ਕਿਸੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੰਦਾ ਹੈ, ਜਾਗਦੇ ਹੋਏ ਸਿਰਾਂ ਨੂੰ ਪ੍ਰਣਾਮ ਕਰਦਾ ਹੈ। ਸਿਰਾਂ ਦੀ ਪਹਿਚਾਣ ਕਰਨ ਦਾ ਸਵਾਲ ਖੜ੍ਹਾ ਕਰਦਾ ਹੈ ਤੇ ਖੁਦ ਜਵਾਬ ਬਣ ਗੂੰਜਦਾ ਹੈ ਕਿ ਜੇ ਸਿਰ ਜਾਗਦਾ ਹੋਵੇ ਤਾਂ ਉਹ ਪੱਗ ਥੱਲੇ ਵੀ ਹੋ ਸਕਦਾ ਹੈ ਤੇ ਚੁੰਨੀ ਦੇ ਥੱਲੇ ਵੀ। ਹਾਂ ਕਦੇ ਉਹ ਅਣਕੱਜਿਆ ਵੀ ਹੋ ਸਕਦਾ ਹੈ। ਸ਼ਰਤ ਹੈ ਸਿਰ ਦੇ ਸਿਰ ਹੋਣ ਦੀ। ਜਦੋਂ ਰੰਗਮੰਚ ਦਾ ਮੇਲਾ ਭਰਦਾ ਹੈ ਤਾਂ ਜਾਗਦੇ ਹੋਏ ਸਿਰਾਂ ਦੀ ਮੜ੍ਹਕ ਦੇਖਣ ਵਾਲੀ ਹੁੰਦੀ ਹੈ ਤੇ ਰੰਗਮੰਚ ਦੀ ਬੜ੍ਹਕ ਮਾਣਨ ਵਾਲੀ ਹੁੰਦੀ ਹੈ। ਇਹ ਸੱਚ ਸਿਰਫ਼ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰਚਾਏ ਜਾਂਦੇ ਗ਼ਦਰੀ ਬਾਬਿਆਂ ਦੇ ਮੇਲੇ ਦਾ ਨਹੀਂ, ਲੋਕ ਪੱਖੀ ਰੰਗਮੰਚ ਦੇ ਹਰ ਮੇਲੇ ਦਾ ਸੱਚ ਹੈ।
ਸੰਪਰਕ: 98880-11096