ਮੁੰਬਈ: ਬੌਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਆਪਣੀ ਫਿਲਮ ‘ਜਬ ਖੁਲੀ ਕਿਤਾਬ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਰੋਮਾਂਟਿਕ ਫ਼ਿਲਮ ਵਿੱਚ ਪੰਕਜ ਕਪੂਰ, ਡਿੰਪਲ ਕਪਾਡੀਆ, ਸਮੀਰ ਸੋਨੀ ਅਤੇ ਨੌਹੀਦ ਸਾਇਰਸੀ ਵੀ ਨਜ਼ਰ ਆਉਣਗੇ। ‘ਜਬ ਖੁਲੀ ਕਿਤਾਬ’ ਸੌਰਭ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਹੈ, ਜੋ ਇਸੇ ਨਾਮ ਦੇ ਨਾਟਕ ’ਤੇ ਆਧਾਰਿਤ ਹੈ। ਇਹ ਫਿਲਮ 70ਵਿਆਂ ਵਿੱਚ ਇੱਕ ਜੋੜੇ ਦੀ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ। ਇਸ ਵਿੱਚ ਪ੍ਰੇਮੀ ਜੋੜਾ ਉਹ ਸਭ ਕੁਝ ਕਰਦਾ ਹੈ, ਜੋ ਹਰ ਨੌਜਵਾਨ ਪਿਆਰ ਦੇ ਰਿਸ਼ਤੇ ਵਿੱਚ ਕਰਦਾ ਹੈ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ’ਤੇ ਅਪਾਰਸ਼ਕਤੀ ਨੇ ਕਿਹਾ,‘‘ਜਦੋਂ ਤੁਹਾਡੇ ਆਲੇ ਦੁਆਲੇ ਤਜਰਬੇਕਾਰ ਕਲਾਕਾਰ ਹੋਣ ਤਾਂ ਕੰਮ ਕਦੇ ਵੀ ਕੰਮ ਨਹੀਂ ਲਗਦਾ। ਮੈਨੂੰ ਯਕੀਨ ਹੈ ਕਿ ‘ਜਬ ਖੁਲੀ ਕਿਤਾਬ’ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦਾ ਪ੍ਰੋਗਰਾਮ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਭਰਿਆ ਰਿਹਾ ਅਤੇ ਖਾਸ ਤੌਰ ’ਤੇ ਮੇਰੇ ਲਈ ਸਿੱਖਣ ਦਾ ਇੱਕ ਬਹੁਤ ਵੱਡਾ ਮੌਕਾ ਸੀ।’’ ਅਦਾਕਾਰ ਨੇ ਅੱਗੇ ਕਿਹਾ ਕਿ ਇਹ ਕਹਾਣੀ ਇਸ ਤੱਥ ’ਤੇ ਆਧਾਰਿਤ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਉਸ ਨੇ ਅੱਗੇ ਕਿਹਾ, ‘‘ਪੰਕਜ ਜੀ ਅਤੇ ਡਿੰਪਲ ਜੀ ਵੱਲੋਂ ਖੂਬਸੂਰਤੀ ਨਾਲ ਦਰਸਾਈ ਗਈ ਇਹ ਪ੍ਰੇਮ ਕਹਾਣੀ ਜਲਦੀ ਹੀ ਪਰਦੇ ’ਤੇ ਆ ਕੇ ਧਮਾਕਾ ਕਰੇਗੀ। ਇਸ ਲਈ ਬਹੁਤ ਖੁਸ਼ ਹਾਂ।’’ ਇਸ ਫਿਲਮ ਤੋਂ ਇਲਾਵਾ ਅਪਾਰਸ਼ਕਤੀ ਕੋਲ ‘ਧੋਖਾ ਰਾਊਂਡ ਡੀ ਕਾਰਨਰ’ ਅਤੇ ‘ਬਰਲਿਨ’ ਵਰਗੀਆਂ ਫਿਲਮਾਂ ਵੀ ਹਨ। -ਆਈਏਐੱਨਐੱਸ