ਵਰਿੰਦਰ ਸਿੰਘ ਨਿਮਾਣਾ
ਜਦੋਂ ਪੰਜਾਬ ਵਿੱਚ ਕਿਸੇ ਵੇਲੇ ਅੱਗ ਵਰ੍ਹਾਉਂਦਾ ਸੂਰਜ ਦੇਵਤਾ ਸਰਦ ਹਵਾਵਾਂ ਦੇ ਜ਼ੋਰ ਅੱਗੇ ਠਰਿਆ ਠਰਿਆ ਕਾਹਲੀ ਨਾਲ ਆਪਣਾ ਸਫ਼ਰ ਮੁਕਾਉਂਦਾ ਦਿੱਸਣ ਲੱਗ ਪਵੇ ਤਾਂ ਉਦੋਂ ਖੇਤਾਂ ਵਿੱਚ ਖੜ੍ਹੇ ਗੰਨੇ ਪੂਰੀ ਤਰ੍ਹਾਂ ਮਿੱਠੇ ਹੋ ਕੇ ਗੁੜ ਬਣਾਉਣ ਲਈ ਕਿਸਾਨਾਂ ਨੂੰ ਸੈਨਤਾਂ ਮਾਰਨ ਲੱਗ ਪੈਂਦੇ ਹਨ। ਓਧਰ ਕਿਸਾਨ ਵੀ ਅੱਸੂ ਮਾਹ ਤੋਂ ਬਦਲੀ ਰੁੱਤ ਦੇ ਰੰਗਾਂ ਦੇ ਅੰਗ ਸੰਗ ਦੁਸਹਿਰੇ ਤੇ ਦੀਵਾਲੀ ਦੀਆਂ ਰੌਣਕਾਂ ਨੂੰ ਮਾਣ ਕੇ ਕੱਤਕ ਵਿੱਚ ਹਾੜ੍ਹੀ ਦੀ ਬਿਜਾਈ ਤੋਂ ਵਿਹਲੇ ਹੋ ਕੇ ਘਰਾਂ ਵਿੱਚ ਮਿੱਠੇ ਦੀ ਥੋੜ ਪੂਰੀ ਕਰਨ ਲਈ ਖੇਤਾਂ ਜਾਂ ਹਵੇਲੀਆਂ ਵਿੱਚ ਲਾਏ ਵੇਲਣਿਆਂ ਤੋਂ ਗੁੜ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਹਨ। ਗੁੜ ਬਣਾਉਣ ਲਈ ਵੇਲਣਿਆਂ ਵਾਲੀ ਥਾਂ ਕੜਾਹਿਆਂ ਵਿੱਚ ਕਾੜ੍ਹੀ ਜਾਂਦੀ ਰਸ ਜਦੋਂ ਕੜ੍ਹ ਕੜ੍ਹ ਕੇ ਗੁੜ ਵਾਲੀ ਪੱਤ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ ਤਾਂ ਪੱਕੇ ਗੁੜ ਵਿੱਚੋਂ ਉੱਡਦੀ ਭਾਫ਼ ਨਾਲ ਤੱਤੇ ਗੁੜ ਦੀ ਮਹਿਕ ਪੱਛੋਂ ਦੀਆਂ ਰੁਮਕਦੀਆਂ ਠੰਢੀਆਂ ਪੌਣਾਂ ਨਾਲ ਰਲ ਕੇ ਦੂਰ ਦੂਰ ਤੱਕ ਪੇਂਡੂ ਜ਼ਿੰਦਗੀ ਨੂੰ ਮਹਿਕਾਉਣ ਲੱਗ ਪੈਂਦੀ ਹੈ। ਸਰਦ ਹਵਾਵਾਂ ਵਿੱਚ ਵੇਲਣਿਆਂ ’ਤੇ ਬਣ ਰਹੇ ਤਾਜ਼ੇ ਗੁੜ ਦੀ ਰਲੀ ਹੋਈ ਖੁਸ਼ਬੋ ਨਾਲ ਮਹਿਕਿਆ ਆਲਾ ਦੁਆਲਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਪਿੰਡ ਦੇ ਕਿਸੇ ਪਾਸੇ ਗੁੜ ਤਿਆਰ ਹੋ ਰਿਹਾ ਹੈ।
ਭਾਵੇਂ ਗੰਨਿਆਂ ਤੋਂ ਰਸ ਤੇ ਫਿਰ ਰਸ ਨੂੰ ਵੱਡੇ ਕੜਾਹੇ ਵਿੱਚ ਕਾੜ੍ਹ ਕਾੜ੍ਹ ਕੇ ਗੁੜ ਤੇ ਸ਼ੱਕਰ ਬਣਾਉਣ ਦਾ ਕਾਰਜ ਨਿਰੋਲ ਕਿਸਾਨੀ ਨਾਲ ਜੁੜਿਆ ਹੋਇਆ ਹੈ, ਪਰ ਇਹ ਸਮੁੱਚਾ ਵਰਤਾਰਾ ਪੇਂਡੂ ਜ਼ਿੰਦਗੀ ਦੀ ਸਾਦਗੀ, ਜ਼ਿੰਦਾਦਿਲੀ, ਭਾਈਚਾਰਕ ਸਾਂਝ, ਕੁਦਰਤ ਨਾਲ ਨੇੜਤਾ ਨਾਲ ਭਰਪੂਰ ਪੇਂਡੂ ਜ਼ਿੰਦਗੀ ਦੀਆਂ ਬਰਕਤਾਂ ਦੇ ਕਈ ਰੰਗਾਂ ਦੀ ਵਿਆਖਿਆ ਵੀ ਕਰ ਜਾਂਦਾ ਹੈ। ਗੁੜ ਬਣਾਉਣ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇੱਕ ਸਮੇਂ ਹੀ ਤਿੰਨ ਚਾਰ ਬੰਦਿਆਂ ਦੀ ਜ਼ਰੂਰਤ ਵੇਲਣੇ ਵਾਲੀ ਥਾਂ ’ਤੇ ਚੰਗੀ ਚਹਿਲ ਪਹਿਲ ਦਾ ਸਬੱਬ ਹੁੰਦੀ ਹੈ। ਗੁੜ ਕੱਢਣ ਵਾਲੇ ਪਰਿਵਾਰ ਦੇ ਘਰੋਂ ਕਿਸੇ ਜੀਅ ਵੱਲੋਂ ਚਾਹ ਤੇ ਰੋਟੀ ਲੈ ਕੇ ਆਉਣ, ਕਿਸੇ ਜਾਣ ਪਛਾਣ ਵਾਲੇ ਵੱਲੋਂ ਪਰਿਵਾਰ ਦੇ ਜੀਆਂ ਲਈ ਰਸ ਜਾਂ ਤੱਤੇ ਗੁੜ ਦੀ ਜ਼ਰੂਰਤ ਪੂਰੀ ਕਰਨ ਲਈ ਪਹੁੰਚਣਾ, ਪਿੰਡ ਦੇ ਕਿਸੇ ਹੋਰ ਬੰਦੇ ਵੱਲੋਂ ਸ਼ਹਿਰ ਰਹਿੰਦੇ ਰਿਸ਼ਤੇਦਾਰ ਦੀ ਘਰੇਲੂ ਗੁੜ ਦੀ ਫਰਮਾਇਸ਼ ਪੂਰੀ ਕਰਨ ਲਈ ਵੇਲਣੇ ਤੱਕ ਕੀਤੀ ਪਹੁੰਚ, ਪਿੰਡ ਦੀ ਮਹਿਕਾਉਣ ਤੇ ਰੌਣਕ ਵਾਲੀ ਥਾਂ ਨੂੰ ਹੋਰ ਦਿਲਖਿੱਚਵਾਂ ਬਣਾ ਦਿੰਦੀ ਹੈ। ਪੇਂਡੂ ਜ਼ਿੰਦਗੀ ਦੀ ਸਾਦਗੀ ਤੇ ਆਪ-ਮੁਹਾਰੇਪਣ ਦੀਆਂ ਬਾਤਾਂ ਪਾਉਣ ਵਾਲੇ ਗੁੜ ਵਾਲੇ ਵੇਲਣਿਆਂ ਦੀ ਖਾਸੀਅਤ ਇਹ ਵੀ ਹੁੰਦੀ ਹੈ ਕਿ ਇੱਥੇ ਅਜੇ ਵੀ ਸ਼ਹਿਰਾਂ ਵਾਂਗ ਰਸ ਦਾ ਗਲਾਸ ਪੀਣ ਪਿਆਉਣ ਲਈ ਰਸ ਦੇ ਪੈਸੇ ਨਹੀਂ ਤਾਰਨੇ ਪੈਂਦੇ, ਇੱਥੇ ਰਸ ਪੀਣ ਵਾਲੇ ਦੀ ਆਪਣੀ ਸਮਰੱਥਾ ਹੁੰਦੀ ਹੈ ਕਿ ਉਹ ਜਿੰਨੀ ਰਸ ਪੀ ਸਕਦਾ ਹੈ ਪੀ ਲਵੇ। ਗੰਨੇ ਦੀ ਰਸ ਨੂੰ ਸੁਆਦੀ ਬਣਾਉਣ ਲਈ ਸ਼ੌਕੀਨ ਬੰਦੇ ਇਸ ਵਿੱਚ ਪੁਦੀਨਾ, ਅਦਰਕ, ਕਾਲਾ ਲੂਣ, ਨਿੰਬੂ ਜਾਂ ਸੰਤਰਾ ਪੀੜ ਕੇ ਇਸ ਨੂੰ ਬੇਹੱਦ ਸੁਆਦੀ ਬਣਾ ਦਿੰਦੇ ਹਨ। ਠੀਕ ਇਸੇ ਤਰ੍ਹਾਂ ਭਾਵੇਂ ਗੁੜ ਤੇ ਸ਼ੱਕਰ ਆਪਣੀ ਮਿਠਾਸ ਕਰਕੇ ਹੀ ਹਰ ਕਿਸੇ ਲਈ ਆਕਰਸ਼ਣ ਹੁੰਦੇ ਹਨ, ਪਰ ਜਦੋਂ ਗੁੜ ਵਿੱਚ ਮੂੰਗਫਲੀ, ਠੂਠੀ, ਸੌਂਫ਼, ਮਗਜ਼ ਅਤੇ ਸੁੰਢ ਆਦਿ ਪਾ ਕੇ ਪੱਤ ਤਿਆਰ ਕਰ ਲਈ ਜਾਂਦੀ ਹੈ ਤਾਂ ਇਹ ਕੁਦਰਤੀ ਔਸ਼ੁਧੀ ਬਣ ਕੇ ਹਰ ਖਾਣ ਵਾਲੇ ਲਈ ਵੱਡੀ ਸੌਗਾਤ ਬਣ ਜਾਂਦਾ ਹੈ ਤੇ ਸਰਦੀ ਦੇ ਮੌਸਮ ਵਿੱਚ ਅਜਿਹਾ ਮੇਵਿਆਂ ਭਰਪੂਰ ਗੁੜ ਖਾਣਾ ਸਿਹਤ ਲਈ ਲਾਹੇਵੰਦ ਹੁੰਦਾ ਹੈ।
ਭਾਵੇਂ ਸਾਡੇ ਘਰਾਂ ਵਿੱਚ ਮਿੱਠੇ ਦੀ ਲੋੜ ਪੂਰੀ ਕਰਨ ਲਈ ਖੰਡ ਮਿਲਾਂ ਦੀ ਬਣੀ ਖੰਡ ਦਾ ਏਕਾਧਿਕਾਰ ਕਾਇਮ ਹੈ, ਪਰ ਇਸ ਚਿੱਟੀ ਖੰਡ ਨਾਲ ਸਰੀਰ ਨੂੰ ਹੁੰਦੇ ਨੁਕਸਾਨ ਸਬੰਧੀ ਜਾਗਰੂਕਤਾ ਕਰਕੇ ਲੋਕਾਂ ਵਿੱਚ ਮੁੜ ਤੋਂ ਦੇਸੀ ਤਰੀਕੇ ਨਾਲ ਬਣਿਆ ਦੇਸੀ ਗੁੜ ਤੇ ਸ਼ੱਕਰ ਵਰਤਣ ਦਾ ਰੁਝਾਨ ਪੈਦਾ ਹੋਇਆ ਹੈ। ਲੋਕਾਂ ਦੀ ਦੇਸੀ ਗੁੜ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਦੇ ਰੁਝਾਨ ਨੂੰ ਦੇਖਦਿਆਂ ਹੀ ਪੰਜਾਬ ਦੇ ਵੱਖ ਵੱਖ ਪੇਂਡੂ ਖੇਤਰਾਂ ਵਿੱਚ ਪੰਜਾਬੀ ਕਿਸਾਨ ਲੋਕਾਂ ਦੀ ਇਸ ਜ਼ਰੂਰਤ ਨੂੰ ਪੂਰੀ ਕਰਨ ਵਿੱਚ ਪਹਿਲਕਦਮੀ ਕਰ ਰਹੇ ਹਨ। ਸਰਦ ਰੁੱਤ ਵਿੱਚ ਪਿੰਡਾਂ ਵਿੱਚ ਪੰਜਾਬੀ ਕਿਸਾਨ ਬਿਲਕੁਲ ਰਵਾਇਤੀ ਤਰੀਕੇ ਨਾਲ ਗੁੜ ਤਿਆਰ ਕਰਕੇ ਲੋਕਾਂ ਲਈ ਗੁੜ ਦੀ ਜ਼ਰੂਰਤ ਪੂਰੀ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਵੱਲੋਂ ਗੁੜ ਤੇ ਸ਼ੱਕਰ ਬਣਾਉਣ ਲਈ ਅਪਣਾਏ ਰਵਾਇਤੀ ਤਰੀਕੇ ਦੀ ਬਦੌਲਤ ਤਿਆਰ ਗੁੜ ਤੇ ਸ਼ੱਕਰ ਹੱਥੋਂ ਹੱਥੀ ਵਿਕ ਰਿਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਅਜਿਹਾ ਰੁਝਾਨ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਛੁੱਟੀ ਵਾਲੇ ਦਿਨ ਕਈ ਪਰਿਵਾਰ ਆਪਣੇ ਬੱਚਿਆਂ ਸਮੇਤ ਇਨ੍ਹਾਂ ਪਿੰਡਾਂ ਦੇ ਵੇਲਣਿਆਂ ’ਤੇ ਗੰਨੇ ਦੇ ਤਾਜ਼ੇ ਰਸ ਤੇ ਤੱਤੇ ਗੁੜ ਦੇ ਸੁਆਦ ਨੂੰ ਮਾਣਨ ਲਈ ਉਚੇਚੇ ਤੌਰ ’ਤੇ ਪਹੁੰਚੇ ਹੁੰਦੇ ਹਨ। ਇਸ ਇਲਾਕੇ ਦੇ ਬਹੁਤ ਸਾਰੇ ਗੁੜ ਉਤਪਾਦਕਾਂ ਵੱਲੋਂ ਤਿਆਰ ਗੁੜ ਆਪਣੀ ਗੁਣਵੱਤਾ ਕਰਕੇ ਇਲਾਕੇ ਵਿੱਚ ਹੀ ਨਹੀਂ ਬਲਕਿ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ, ਦਿੱਲੀ, ਜੰਮੂ ਕਸ਼ਮੀਰ ਤੱਕ ਆਪਣੇ ਸੁਆਦ ਤੇ ਗੁਣਵੱਤਾ ਦਾ ਲੋਹਾ ਮੰਨਵਾ ਰਿਹਾ ਹੈ। ਬਹੁਤ ਸਾਰੇ ਗੁੜ ਉਤਪਾਦਕਾਂ ਕੋਲ ਪੂਰਾ ਸੀਜ਼ਨ ਹੀ ਗੁੜ ਦੀ ਮੰਗ ਪੂਰੀ ਕਰਨ ਲਈ ਸੁਨੇਹੇ ਆਏ ਰਹਿੰਦੇ ਹਨ। ਇਸ ਇਲਾਕੇ ਵਿੱਚ ਹੀ ਕਿਸਾਨਾਂ ਵੱਲੋਂ ਖੇਤੀ ਜਿਣਸਾਂ ਦੇ ਸਵੈ ਮੰਡੀਕਰਨ ਲਈ ਪਿਛਲੇ 20 ਸਾਲਾਂ ਤੋਂ ਲੋਕਾਂ ਨੂੰ ਸ਼ਹਿਦ, ਹਲਦੀ ਬੇਸਣ ਤੇ ਦਾਲਾਂ ਆਦਿ ਵਰਗੇ ਖਾਧ ਪਦਾਰਥ ਸੌ ਫੀਸਦੀ ਸ਼ੁੱਧ ਰੂਪ ਵਿੱਚ ਮੁਹੱਈਆ ਕਰਾਉਣ ਵਾਲੇ ‘ਫੈਪਰੋ ਹਲਦੀ ਪਲਾਂਟ ਕੰਗਮਾਈ ਘੁਗਿਆਲ’ ਵੱਲੋਂ ਦੁੂਰ ਦੂਰ ਤੱਕ ਸ਼ੁੱਧ ਗੁੜ ਤੇ ਸ਼ੱਕਰ ਦੀ ਮੰਗ ਪੂਰੀ ਕਰਨ ਲਈ ਖੇਤੀਬਾੜੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਇਲਾਕੇ ਵਿੱਚ ਗੁੜ ਪਲਾਂਟ ਸ਼ੁਰੂ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ, ਜਿੱਥੋਂ ਗੁੜ ਸ਼ੱਕਰ ਦੇ ਸ਼ੌਕੀਨਾਂ ਨੂੰ ਗਿਰੀਆਂ ਤੇ ਮੇਵਿਆਂ ਵਾਲਾ ਪੈਕ ਹੋਇਆ ਗੁੜ ਮਿਲਿਆ ਕਰੇਗਾ। ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਦੇ ਪਰਵਾਸੀ ਪੰਜਾਬੀਆਂ ਵੱਲੋਂ ਇਸ ਇਲਾਕੇ ਦਾ ਗੁੜ ਪਸੰਦ ਕੀਤੇ ਜਾਣ ਕਰਕੇ ਇਸ ਇਲਾਕੇ ਦੀ ਖੁਸ਼ਬੋ ਕੌਮਾਂਤਰੀ ਪੱਧਰ ਤੱਕ ਆਪਣੀ ਮਿਠਾਸ ਤੇ ਮਹਿਕ ਬਿਖੇਰਨ ਲੱਗੀ ਹੈ ਤੇ ਬਹੁਤ ਸਾਰੇ ਪਰਵਾਸੀ ਪੰਜਾਬੀਆਂ ਵੱਲੋਂ ਇਸ ਇਲਾਕੇ ਦਾ ਬਣਿਆ ਗੁੜ ਆਪਣੇ ਨਾਲ ਲੈ ਕੇ ਜਾਣਾ ਇਹ ਗੱਲ ਵੀ ਤਸਦੀਕ ਕਰਦਾ ਹੈ ਕਿ ਪੰਜਾਬ ਦੀਆਂ ਜੜਾਂ ਨਾਲ ਜੁੜੇ ਹੋਏ ਲੋਕਾਂ ਦੀ ਰੂਹ ਵਿੱਚ ਸਰਦ ਰੁੱਤ ਵਿੱਚ ਪੰਜਾਬ ਦੇ ਪਿੰਡਾਂ ਦੀਆਂ ਹਵਾਵਾਂ ਵਿੱਚ ਘੁਲਦੀਆਂ ਖੁਸ਼ਬੋਆਂ ਅਜੇ ਵੀ ਵੱਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮਾਣਨ ਦੀ ਤਾਂਘ ਹਮੇਸ਼ਾਂ ਬਰਕਰਾਰ ਰਹਿੰਦੀ ਹੈ। ਕਿਸਾਨੀ ਜ਼ਿੰਦਗੀ ਦਾ ਇਹ ਮਿਹਨਤੀ ਪੱਖ ਲੋਕਾਂ ਦੀ ਖੁਰਾਕੀ ਲੋੜ ਹੀ ਪੂਰੀ ਨਹੀਂ ਕਰਦਾ, ਸਗੋਂ ਇਹ ਵਰਤਾਰਾ ਪੰਜਾਬੀ ਲੋਕਾਂ ਦੀ ਮਾਨਸਿਕਤਾ ਵਿੱਚ ਪੂੁਰੀ ਤਰ੍ਹਾਂ ਰਚਿਆ ਹੋਇਆ ਹੈ। ਪੁਰਾਣੇ ਸਮਿਆਂ ਵਿੱਚ ਨਵਾਂ ਕਾਰਜ ਰਚਾਉਣ, ਨਵੀਂ ਨੌਕਰੀ ਮਿਲਣ, ਠਾਕਾ ਜਾਂ ਮੰਗਣਾ ਕਰਨ ਮੌਕੇ, ਮੁਕੱਦਮਾ ਜਿੱਤਣ, ਮਕਾਨ ਦੀ ਨੀਂਹ ਰੱਖਣ, ਜੁਆਕਾਂ ਦੇ ਪਾਸ ਹੋਣ ਮੌਕੇ ਲੋਕ ਗੁੜ ਦੀ ਭੇਲੀ ਤੋੜ ਕੇ ਹੀ ਮੂੰਹ ਮਿੱਠਾ ਕਰਵਾਉਂਦੇ ਸਨ।
ਪੰਜਾਬੀ ਬੋਲੀਆਂ ਤੇ ਬੁਝਾਰਤਾਂ ਵਿੱਚ ਗੁੜ ਸਬੰਧੀ ਆਉਂਦੇ ਵੇਰਵੇ ਪੰਜਾਬੀਆਂ ਦੀ ਗੁੜ ਨਾਲ ਸਦੀਵੀ ਸਾਂਝ ਦੇ ਪ੍ਰਤੱਖ ਗਵਾਹ ਹਨ। ਪੰਜਾਬੀਆਂ ਦੇ ਚਾਵਾਂ ਤੇ ਵਲਵਲਿਆਂ ਦੀ ਤਰਜ਼ਮਾਨੀ ਕਰਨ ਵਾਲੇ ਸਰਦੀ ਦੀ ਸਿਖਰ ਵਿੱਚ ਮਨਾਏ ਜਾਂਦੇ ਤਿਉਹਾਰ ਲੋਹੜੀ ਦਾ ਤਾਂ ਨਾਮ ਹੀ ਤਿਲਾਂ ਤੇ ਰੋੜੀ ਦੇ ਸੁਮੇਲ ਤੋਂ ਬਣਿਆ ਹੈ। ਅੱਜ ਵੀ ਠੰਢ ਦੀ ਮਾਰ ਤੋਂ ਬਚਣ ਲਈ ਸਰਦੀਆਂ ਵਿੱਚ ਤਿਲਾਂ ਨੂੰ ਗੁੜ ਵਿੱਚ ਰਲਾ ਕੇ ਖਾਣਾ ਸਿਹਤ ਲਈ ਲਾਹੇਵੰਦ ਹੁੰਦਾ ਹੈ। ਗੁੜ ਤੇ ਸ਼ੱਕਰ ਵਿੱਚ ਕੈਲਸ਼ੀਅਮ ਤੇ ਆਇਰਨ ਦੀ ਬਹੁਤਾਤ ਸਰੀਰਕ ਮਜ਼ਬੂਤੀ ਤੇ ਤੰਦਰੁਸਤੀ ਦਾ ਆਧਾਰ ਬਣਦੀ ਹੈ। ਖੇਤੀਬਾੜੀ ਦੇ ਔਖੇ ਤੇ ਮਿੱਟੀ ਘੱਟੇ ਵਾਲੇ ਕੰਮਾਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਕਾਮੇ ਤੇ ਕਿਸਾਨਾਂ ਵੱਲੋਂ ਰੋਟੀ ਖਾਣ ਪਿੱਛੋਂ ਗੁੜ ਖਾਣਾ ਸਿਹਤ ਲਈ ਗੁਣਕਾਰੀ ਹੁੰਦਾ ਹੈ। ਸਰਦ ਰੁੱਤ ਵਿੱਚ ਧੁੱਪੇ ਬੈਠ ਕੇ ਗੰਨਾ ਚੂਪਣ ਨਾਲ ਜਿੱਥੇ ਸਾਡੇ ਦੰਦ ਮਜ਼ਬੂਤ ਹੁੰਦੇ ਹਨ, ਨਾਲ ਹੀ ਗੰਨਾ ਚੂਪਦਿਆਂ ਮੁੂੰਹ ਰਾਹੀਂ ਅੰਦਰ ਨੂੰ ਜਾਂਦੀ ਹਵਾ ਸਰੀਰ ਵਿੱਚ ਆਕਸੀਜਨ ਦੀ ਕਮੀ ਪੂਰੀ ਕਰਦੀ ਹੈ। ਗੰਨੇ ਦਾ ਤਾਜ਼ਾ ਰਸ ਕਬਜ਼, ਗੈਸ ਵਰਗੀਆਂ ਅਲਾਮਤਾਂ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦਾ ਹੈ।
ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਪੇਂਡੂ ਜ਼ਿੰਦਗੀ ਦੇ ਇਹ ਭੂਗੋਲਿਕ, ਸਮਾਜਿਕ, ਸਭਿਆਚਾਰਕ ਤੇ ਕਿਰਤ ਪੱਖੀ ਸਰੋਕਾਰ ਇੱਥੇ ਵੱਸਣ ਵਾਲਿਆਂ ਦੀ ਜ਼ਿੰਦਗੀ ਦੀ ਤਸਵੀਰ ਨੂੰ ਖ਼ੂਬਸੂਰਤ ਤੇ ਦਿਲਖਿੱਚਵੀਆਂ ਛੋਹਾਂ ਦੇ ਕੇ ਇਸ ਨੂੰ ਮਾਣਨ ਤੇ ਮਹਿਕਣਯੋਗ ਬਣਾ ਦਿੰਦੇ ਹਨ। ਪੰਜਾਬੀ ਜ਼ਿੰਦਗੀ ਦਾ ਇਹ ਵਰਤਾਰਾ ਪੰਜਾਬੀਆਂ ਨੂੰ ਆਪਣੇ ਕਿਰਤੀ ਤੇ ਸਾਦ ਮੁਰਾਦੇ ਸਭਿਆਚਾਰ ਨਾਲ ਜੋੜਨ, ਕਿਸਾਨੀ ਜਿਣਸਾਂ ਦੇ ਮੰਡੀਕਰਨ ਦਾ ਵਿਕਲਪ ਤਲਾਸ਼ਣ, ਪੰਜਾਬੀਆਂ ਦੀ ਪ੍ਰਾਹੁਣਚਾਰੀ ਤੇ ਖੁਸ਼ੀ ਭਰਪੂਰ ਜੀਵਨਸ਼ੈਲੀ ਨੂੰ ਸਮਝਣ ਤੇ ਕੁਦਰਤ ਨਾਲ ਇਕਮਿਕ ਹੋ ਕੇ ਜ਼ਿੰਦਗੀ ਦੀਆਂ ਬਾਤਾਂ ਪਾਉਣ ਦਾ ਸੁਨੇਹਾ ਦੇ ਜਾਂਦਾ ਹੈ।
ਸੰਪਰਕ : 70877-87700