ਨੂਰ ਮੁਹੰਮਦ ਨੂਰ
‘ਜਦ ਦੇ ਜੰਮੇ ਚੰਦਰ ਭਾਨ, ਚੁੱਲ੍ਹੇ ਅੱਗ ਨਾ ਮੰਜੇ ਬਾਣ’ ਅਖਾਣ ਵਿਚ ਦਰਸਾਇਆ ਗਿਆ ਹੈ ਕਿ ਜਦੋਂ ਕਿਸੇ ਬੰਦੇ ਨੂੰ ਜੀਵਨ ਵਿਚ ਘਰ ਦਾ ਸੁੱਖ ਨਸੀਬ ਨਾ ਹੋਵੇ, ਚਲੋ-ਚਲੀ ਵਿਚ ਜੀਵਨ ਬਤੀਤ ਹੋ ਜਾਵੇ, ਨਾ ਵਿਆਹ ਹੋਵੇ, ਨਾ ਘਰ ਵਸੇ ਅਤੇ ਨਾ ਹੀ ਚੁੱਲ੍ਹਾ ਜਲੇ ਤਾਂ ਅਜਿਹੇ ਅਭਾਗੇ ਬੰਦੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
ਇਤਿਹਾਸ ਵਿਚ ਇਸ ਅਖਾਣ ਦਾ ਪਾਤਰ ਚੰਦਰ ਭਾਨ ਹੈ ਜਿਹੜਾ ਮੁਗ਼ਲ ਰਾਜ ਸਮੇਂ ਉੱਚੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਰਿਹਾ। ਉਸ ਦਾ ਅਸਲੀ ਨਾਂ ਰਾਏ ਚੰਦਰ ਭਾਨ ਸੀ। ਉਸ ਦਾ ਜਨਮ ਪੰਡਤ ਧਰਮ ਦਾਸ ਦੇ ਘਰ ਲਾਹੌਰ ਵਿਚ ਹੋਇਆ ਅਤੇ ਇੱਥੇ ਹੀ ਉਸਦਾ ਪਾਲਣ ਪੋਸ਼ਣ ਹੋਇਆ ਅਤੇ ਉਸਨੇ ਪੜ੍ਹਾਈ-ਲਿਖਾਈ ਕੀਤੀ। ਚੰਦਰ ਭਾਨ ਇਕ ਪੰਜਾਬੀ ਬ੍ਰਾਹਮਣ ਸੀ। ਉਸ ਦਾ ਪਿਤਾ ਪਹਿਲਾਂ ਮੁਨੀਮੀ ਕਰਦਾ ਸੀ ਜੋ ਬਾਅਦ ਵਿਚ ਸਰਕਾਰੀ ਮਨਸਬਦਾਰ ਬਣਿਆ, ਪਰ ਉਸ ਨੂੰ ਇਹ ਨੌਕਰੀ ਪਸੰਦ ਨਾ ਆਈ ਅਤੇ ਉਸ ਨੇ ਅਸਤੀਫ਼ਾ ਦੇ ਕੇ ਫ਼ਕੀਰੀ ਮੱਲ ਲਈ।
‘ਲੋਕ ਤਵਾਰੀਖ਼’ ਦੇ ਲੇਖਕ ਸ਼ਨਾਵਰ ਚੱਧੜ ਅਨੁਸਾਰ, ‘ਚੰਦਰ ਭਾਨ ਅਬਦੁਲ ਹਕੀਮ ਸਿਆਲਕੋਟੀ ਦੇ ਨਾਂ ਕਮਾਉਣ ਵਾਲੇ ਸ਼ਾਗਿਰਦਾਂ ਵਿਚੋਂ ਇਕ ਸੀ। ਉਸ ਦੇ ਦੋ ਹੋਰ ਭਰਾ ਰਾਏ ਭਾਨ ਅਤੇ ਉਦੇ ਭਾਨ ਸਨ। ਰਾਏ ਭਾਨ ਅਤੇ ਚੰਦਰ ਭਾਨ ਦੋਵੇਂ ਜਤੀ ਸਤੀ ਸਨ। ਉਦੇ ਭਾਨ ਆਕਿਲ ਖ਼ਾਂ ਰਾਜ਼ੀ ਕੋਲ ਨੌਕਰੀ ਕਰਦਾ ਸੀ। ਜਦੋਂ ਉਹ ਮਰਿਆ ਤਾਂ ਰਾਏ ਭਾਨ ਨੇ ਆਕਿਲ ਖ਼ਾਂ ਕੋਲ ਨੌਕਰੀ ਕਰ ਲਈ ਅਤੇ ਚੰਦਰ ਭਾਨ ਨੂੰ ਵੀ ਆਪਣੇ ਕੋਲ ਨੌਕਰੀ ਉੱਤੇ ਰਖਵਾ ਲਿਆ। ਆਕਿਲ ਖ਼ਾਂ ਨੇ ਚੰਦਰ ਭਾਨ ਦੀ ਅਕਲਮੰਦੀ ਨੂੰ ਪਰਖਦਿਆਂ ਉਸ ਨੂੰ ਆਪਣੇ ਖ਼ਾਸ ਨੌਕਰਾਂ ਵਿਚ ਥਾਂ ਦਿੱਤੀ ਅਤੇ ਸਵਾਰੀ ਲਈ ਉਸ ਨੂੰ ਇਕ ਹਾਥੀ ਵੀ ਦਿੱਤਾ ਤਾਂ ਜੋ ਸਫ਼ਰ ਕਰਨ ਸਮੇਂ ਨਾਲੋ-ਨਾਲ ਗੱਲ-ਬਾਤ ਵੀ ਹੁੰਦੀ ਰਹੇ।’’
ਚੰਦਰ ਭਾਨ ਤਰੱਕੀ ਕਰਦਿਆਂ ਅਮੀਰ ਅਬਦੁਲ ਕਰੀਮ ਇੰਚਾਰਜ ਸਰਕਾਰੀ ਇਮਾਰਤਾਂ ਲਾਹੌਰ ਅਤੇ ਆਗਰਾ ਕੋਲ ਨੌਕਰ ਹੋ ਗਿਆ। ਉਸ ਤੋਂ ਬਾਅਦ ਉਹ ਵਜ਼ੀਰੇ ਕੁੱਲ ਅਫ਼ਜ਼ਲ ਖ਼ਾਂ ਦਾ ਸੈਕਟਰੀ ਵੀ ਰਿਹਾ, ਪਰ ਉਸ ਦਾ ਵਸੇਬਾ ਲਾਹੌਰ ਵਿਚ ਹੀ ਰਿਹਾ। ਅਫ਼ਜ਼ਲ ਖ਼ਾਂ ਦੀ ਮੌਤ ਤੋਂ ਬਾਅਦ ਜਦੋਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਲਾਹੌਰ ਆਇਆ ਤਾਂ ਉਸ ਨੇ ਚੰਦਰ ਭਾਨ ਦੀ ਚੋਣ ਆਪਣੇ ਖ਼ਿਦਮਤਗਾਰਾਂ ਵਿਚ ਕਰ ਲਈ। ਜਿੱਥੇ ਤਰੱਕੀ ਕਰਦਾ ਕਰਦਾ ਚੰਦਰ ਭਾਨ ਬਾਦਸ਼ਾਹ ਸ਼ਾਹਜਹਾਂ ਦਾ ‘ਵਕਾਹ ਨਵੀਸ’ (ਜੰਗੀ ਖ਼ਬਰ ਨਵੀਸ) ਬਣ ਗਿਆ। ਉਹ ਹਰ ਸਮੇਂ ਬਾਦਸ਼ਾਹ ਦੇ ਸਾਹਮਣੇ ਦਰਬਾਰ ਵਿਚ ਰਹਿੰਦਾ ਅਤੇ ਰੋਜ਼ਨਾਮਚਾ ਵੀ ਲਿਖਦਾ।
ਕਿਹਾ ਜਾਂਦਾ ਹੈ ਕਿ ਦਾਰਾ ਸ਼ਿਕੋਹ ਨੂੰ ਉਸ ਨਾਲ ਬੜਾ ਮੋਹ ਸੀ। ਉਸ ਨੇ ਸ਼ਾਹਜਹਾਂ ਤੋਂ ਚੰਦਰ ਭਾਨ ਨੂੰ ਆਪਣੇ ਲਈ ਮੰਗ ਲਿਆ ਅਤੇ ਆਪਣਾ ਮੀਰ ਮੁਨਸ਼ੀ ਬਣਾ ਲਿਆ, ਪਰ ਜਦੋਂ ਸ਼ਾਹਜਹਾਂ ਦਾ ਵਜ਼ੀਰ ਨਵਾਬ ਸਾਅਦੁੱਲਾ ਖ਼ਾਂ ਮਰ ਗਿਆ ਤਾਂ ਬਾਦਸ਼ਾਹ ਨੇ ਉਸ ਨੂੰ ਵਾਪਸ ਦਿੱਲੀ ਬੁਲਾ ਲਿਆ ਅਤੇ ਰਾਏ ਬਹਾਦਰ ਦਾ ਖ਼ਿਤਾਬ ਦਿੱਤਾ।
ਜਦੋਂ ਔਰੰਗਜ਼ੇਬ ਬਾਦਸ਼ਾਹ ਬਣਿਆ ਅਤੇ ਉਸਦੇ ਹੁਕਮ ’ਤੇ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ ਤਾਂ ਚੰਦਰ ਭਾਨ ਆਪਣੇ ਦੋਸਤ ਦੇ ਕਤਲ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸ ਦਾ ਦੁਨੀਆਂ ਤੋਂ ਦਿਲ ਅਜਿਹਾ ਉਚਾਟ ਹੋਇਆ ਕਿ ਉਸ ਨੇ ਨੌਕਰੀ ਛੱਡ ਕੇ ਫ਼ਕੀਰੀ ਮੱਲ ਲਈ ਅਤੇ ਬਨਾਰਸ ਚਲਾ ਗਿਆ। ਉੱਥੇ ਹੀ ਉਸ ਦੀ ਮੌਤ ਹੋ ਗਈ।
‘ਨਕੂਸ਼ੇ ਲਾਹੌਰ ਨੰਬਰ’ ਦਾ ਲੇਖਕ ਲਿਖਦਾ ਹੈ, ‘ਚੰਦਰ ਭਾਨ ਦਾ ਸਾਰਾ ਜੀਵਨ ਭਾਵੇਂ ਮੁਸਲਮਾਨ ਹਾਕਮਾਂ ਦੀ ਨੌਕਰੀ ਵਿਚ ਲੰਘਿਆ, ਪਰ ਉਹ ਕੱਟੜ ਹਿੰਦੂ ਸੀ ਅਤੇ ਆਪਣੇ ਹਿੰਦੂ ਹੋਣ ’ਤੇ ਮਾਣ ਕਰਦਾ ਸੀ। ਉਹ ਇਕ ਚੰਗੇ ਕਾਤਬਿ ਦੇ ਨਾਲ ਨਾਲ ਆਪਣੇ ਵੇਲੇ ਦਾ ਚੰਗਾ ਸ਼ਾਇਰ ਵੀ ਸੀ। ਸ਼ਾਇਰੀ ਵਿਚ ਉਹ ‘ਬ੍ਰਾਹਮਣ’ ਤਖ਼ੱਲਸ ਲਿਖਦਾ ਸੀ। ਉਸ ਨੇ ‘ਚਾਰ ਚਮਨ’ ਤੋਂ ਲੈ ਕੇ ਨਿਗਾਰ ਖ਼ਾਨਾ ਤਕ ਤਕਰੀਬਨ ਸ਼ਾਇਰੀ ਦੀਆਂ ਅੱਠ ਕਿਤਾਬਾਂ ਲਿਖੀਆਂ।’’
ਜਦੋਂ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ ਗਿਆ ਤਾਂ ਉਸ ਦੇ ਸਾਥੀਆਂ ’ਤੇ ਵੀ ਸਰਕਾਰੀ ਅਹਿਲਕਾਰਾਂ ਵੱਲੋਂ ਜ਼ੁਲਮ ਕੀਤੇ ਗਏ। ਕਿਉਂਜੋ ਚੰਦਰ ਭਾਨ ਵੀ ਦਾਰਾ ਸ਼ਿਕੋਹ ਦਾ ਖ਼ਾਸ ਬੰਦਾ ਸੀ, ਇਸ ਲਈ ਉਸ ਨੂੰ ਵੀ ਸਖ਼ਤੀਆਂ ਝੱਲਣੀਆਂ ਪਈਆਂ। ਉਸ ਦਾ ਫ਼ਕੀਰ ਬਣ ਜਾਣਾ ਅਤੇ ਬਨਾਰਸ ਜਾ ਕੇ ਵਸੇਬਾ ਕਰ ਲੈਣਾ, ਉਸ ’ਤੇ ਹੋਈਆਂ ਸਖ਼ਤੀਆਂ ਨੂੰ ਭਲੀ-ਭਾਂਤ ਦਰਸਾ ਰਹੇ ਹਨ। ਭਾਵੇਂ ਉਸ ਨੇ ਉੱਚ ਸਰਕਾਰੀ ਅਹੁਦਿਆਂ ਦਾ ਸੁੱਖ ਮਾਣਿਆ, ਪਰ ਸਾਰੀ ਉਮਰ ਨਾ ਉਸ ਦਾ ਵਿਆਹ ਹੋਇਆ, ਨਾ ਘਰ ਵਸਿਆ ਅਤੇ ਨਾ ਚੁੱਲ੍ਹਾ ਜਲਿਆ। ਇਸੇ ਲਈ ਉਸ ਬਾਰੇ ਕਿਹਾ ਜਾਣ ਲੱਗਾ, ‘ਜਦ ਦੇ ਜੰਮੇ ਚੰਦਰ ਭਾਨ, ਚੁੱਲ੍ਹੇ ਅੱਗ ਨਾ ਮੰਜੇ ਬਾਣ।’
ਸੰਪਰਕ: 98555-51359