ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਫਰਵਰੀ
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਇਕ ਯਾਦ ਅੰਮ੍ਰਿਤਸਰ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਨੇ ਆਜ਼ਾਦੀ ਤੋਂ ਕੁਝ ਵਰ੍ਹਿਆਂ ਬਾਅਦ ਇਥੇ ਅਟਾਰੀ ਵਾਹਗਾ ਸਰਹੱਦ ’ਤੇ ਪਾਕਿਸਤਾਨ ਦੀ ਅਹਿਮ ਗਾਇਕਾ ਤੇ ਮਲਿਕਾ-ਏ-ਤਰੰਨੁਮ ਨੂਰ ਜਹਾਂ ਨਾਲ ਮੁਲਾਕਾਤ ਕੀਤੀ ਸੀ। ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਇਥੇ ਜ਼ਿਲ੍ਹਾ ਭਾਜਪਾ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਅਤੇ ਨੂਰ ਜਹਾਂ, ਦੋ ਉਘੀਆਂ ਗਾਇਕਾਂ ਦੀ ਮੁਲਾਕਾਤ ਨੂੰ ਯਾਦ ਕਰਦਿਆਂ ਸੀਨੀਅਰ ਸਿਟੀਜ਼ਨ ਨਰੇਸ਼ ਜੋਹਰ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ 1951 ਵਿੱਚ ਇਨ੍ਹਾਂ ਦੋਵਾਂ ਮਹਾਨ ਗਾਇਕਾਂ ਦੀ ਇਥੇ ਅਟਾਰੀ-ਵਾਹਗਾ ਜੇਸੀਪੀ ਵਿਖੇ ਮੁਲਾਕਾਤ ਹੋਈ ਸੀ। ਲਤਾ ਮੰਗੇਸ਼ਕਰ ਇਥੇ ਅੰਮ੍ਰਿਤਸਰ ਵਿੱਚ ਕਿਸੇ ਰਿਕਾਡਿੰਗ ਲਈ ਆਈ ਸੀ ਅਤੇ ਉਸ ਵੇਲੇ ਉਸ ਨੇ ਲਾਹੌਰ ਵਿੱਚ ਰਹਿੰਦੀ ਨੂਰ ਜਹਾਂ ਨਾਲ ਮੁਲਾਕਾਤ ਦੀ ਇੱਛਾ ਪ੍ਰਗਟਾਈ ਸੀ। ਦੋਵਾਂ ਦੀ ਮੁਲਾਕਾਤ ਦਾ ਭਾਰਤ-ਪਾਕਿ ਸਰਹੱਦ ’ਤੇ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਲਤਾ ਮੰਗੇਸ਼ਕਰ ਨਾਲ ਉੱਘੇ ਕੰਪੋਜ਼ਰ ਸੀ. ਰਾਮਚੰਦਰ ਵੀ ਸਨ ਅਤੇ ਉਨ੍ਹਾਂ ਨੇ ਇਸ ਮੁਲਾਕਾਤ ਦਾ ਜ਼ਿਕਰ ਇਕ ਕਿਤਾਬ ਵਿੱਚ ਕੀਤਾ ਹੈ।
ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੰਗੇਸ਼ਕਰ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਲਤਾ ਮੰਗੇਸ਼ਕਰ ਹਮੇਸ਼ਾਂ ਹੀ ਪ੍ਰੇਰਣਾ ਸਰੋਤ ਬਣੀ ਰਹੇਗੀ।
ਲਤਾ ਮੰਗੇਸ਼ਕਰ ਦੇ ਸਦੀਵੀ ਵਿਛੋੜੇ ਨਾਲ ਦੇਸ਼ ਭਰ ਵਿੱਚ ਗ਼ਮ ਦਾ ਮਾਹੌਲ ਹੈ ਤੇ ਸਮਾਜ ਦੇ ਹਰ ਵਰਗ ਵੱਲੋਂ ਇਸ ਮਹਾਨ ਗਾਇਕਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਵੱਲੋਂ ਗਾਏ ਗੀਤਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।