ਕਰਨੈਲ ਸਿੰਘ ਸੋਮਲ
ਅਸੀਂ ਇਸ ਅਸਥਿਰ ਜਗਤ ਵਿੱਚ ਸਦਾ ਸਥਿਰਤਾ ਦੇ ਇੱਛਾਵਾਨ ਹਾਂ। ਸਾਡੇ ਲਈ ਹਰ ਚੀਜ਼ ਪੱਕੀ ਚਾਹੀਦੀ ਹੈ – ਪੱਕਾ ਪਤਾ, ਪੱਕੀ ਨੌਕਰੀ, ਪੱਕਾ ਰਿਸ਼ਤਾ, ਪੱਕਾ ਘਰ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਹਾਲਤ ਸੁਖਾਵੀਂ ਹੈ, ਉਹ ਅਬਦਲ ਰਹੇ। ਸਾਡੀ ਕਲਪਨਾ ਦਾ ਸਵਰਗ ਉਹ ਹੈ ਜਿੱਥੇ ਜਵਾਨੀ ਕਦੇ ਢਲਦੀ ਨਹੀਂ। ਫੁੱਲ ਕਮਲਾਉਂਦੇ ਨਹੀਂ। ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਤਬਦੀਲੀ ਕੁਦਰਤ ਦਾ ਨੇਮ ਹੈ। ਫਿਰ ਵੀ ਅਸੀਂ ਲੋਚਦੇ ਹਾਂ ਕਿ ਸੁਖਦਾਈ ਸਥਿਤੀ ਸਦਾ ਬਣੀ ਰਹੇ। ਬਾਜ਼ਾਰ ਵਿੱਚ ਅਨੇਕਾਂ ਸੁੰਦਰਤਾ ਵਰਧਕ ਵਸਤਾਂ, ਭਾਂਤ ਭਾਂਤ ਦੀਆਂ ਤੇ ਮਹਿੰਗੀਆਂ ਵੀ ਬਹੁਤ, ਮਿਲਦੀਆਂ ਹਨ। ਇਨ੍ਹਾਂ ਦੇ ਉਤਪਾਦਕ ਮਸ਼ਹੂਰੀਆਂ ਉੱਤੇ ਹੀ ਕਰੋੜਾਂ ਰੁਪਏ ਖ਼ਰਚ ਕਰਦੇ ਹਨ। ਉਹ ਸਾਡੀ ਸਦਾ ਸੁੰਦਰ ਤੇ ਜਵਾਨ ਰਹਿਣ ਦੀ ਦੀਰਘ ਤਾਂਘ ਤੇ ਭਰਮ ਦੇ ਸਿਰ ਉੱਤੇ ਵੱਡੀਆਂ ਕਮਾਈਆਂ ਕਰਦੇ ਹਨ। ਸੱਚ ਇਹ ਹੈ ਕਿ ਜੀਵਨ-ਹਾਲਤਾਂ ਮਾਕੂਲ ਹੋਣ ਅਤੇ ਬੰਦਾ ਮਨੋ-ਤਨੋ ਤੰਦਰੁਸਤ ਹੋਵੇ। ਫਿਰ ਉਹ ਆਪਣੀ ਅਉਧ ਦੇ ਤੀਜੇ ਤੇ ਚੌਥੇ ਪਹਿਰ ਵਿੱਚ ਵੀ ਬਹੁਤ ਸੋਹਣਾ ਲੱਗਦਾ ਹੈ।
ਅਸੀਂ ਆਪਣੇ ਮਨਾਂ ਦੇ ਮਗਰ ਦੌੜਦੇ ਹੋਏ ਕਈ ਵਾਰੀ ਕੁਦਰਤ ਦੇ ਵੇਗ ਦੇ ਉਲਟ ਚੱਲਦੇ ਹਾਂ। ਵੱਸ ਚੱਲੇ ਤਾਂ ਸੁੰਦਰਤਾ ਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੇ ਹਾਂ। ਭਰਪੂਰ ਖਿੜਿਆ ਫੁੱਲ ਤੋੜ ਕੇ ਘੜੀ-ਪਲ ਪਿੱਛੋਂ ਆਪਣੀ ਮੁੱਠੀ ਵਿੱਚ ਭੀਚ ਲੈਂਦੇ ਹਾਂ। ਇਵੇਂ ਹੀ ਅਸੀਂ ਖ਼ੁਦ ਨੂੰ ਸਦਾ ਸਹੀ ਮੰਨਦੇ ਹਾਂ, ਦੂਜਿਆਂ ਨੂੰ ਗ਼ਲਤ। ਅਸੀਂ ਆਪਣੇ ਬਾਰੇ ਕਿੰਨੇ ਕੁ ਭਰਮ ਪਾਲੇ ਹੋਏ ਹਨ, ਕੋਈ ਲੇਖਾ ਨਹੀਂ। ਸਾਡੇ ਪਰਸਪਰ ਝਗੜਿਆਂ ਦੀ ਜੜ ਅਕਸਰ ਸਾਡੀ ਹਉਂ ਹੁੰਦੀ ਹੈ। ਕੁਦਰਤ ਮਨੁੱਖ ਦੀ ਬੰਧੇਜਹੀਣ ਅਸੀਮ ਲਾਲਸਾ ਨੂੰ ਆਪਣੇ ਢੰਗ ਨਾਲ ਬਰੇਕਾਂ ਲਾਉਂਦੀ ਹੈ। ਸ੍ਰੇਸ਼ਟ ਸਾਹਿਤ ਵਿੱਚ ਸਦਾ ਤੋਂ ਹੀ ਸੰਜਮ, ਸਬਰ, ਸੰਤੋਖ, ਸਹਿਜ, ਵਿਵੇਕ ਆਦਿ ਕਦਰਾਂ ਨੂੰ ਉੱਚਾ ਦਰਜਾ ਪ੍ਰਾਪਤ ਹੋਇਆ ਹੈ। ਇਹੋ ਜੀਵਨ-ਕੀਮਤਾਂ ਹਨ ਜਿਹੜੀਆਂ ਹੁਣ ਸਾਡੇ ਹੱਥੋਂ ਛੁਟ ਰਹੀਆਂ ਹਨ।
ਸਾਡੇ ਜੀਵਨ ਦੀ ਗੁਣਵੱਤਾ ਵਿੱਚ ਬਹੁਤ ਗਿਰਾਵਟ ਆ ਰਹੀ ਹੈ। ਤਕਲੀਫ਼ਾਂ ਨਾਲ ਭਰੇ ਅਸੀਂ ਤਰ੍ਹਾਂ ਤਰ੍ਹਾਂ ਦੇ ਇਲਾਜਾਂ ਲਈ ਭੱਜੇ ਫਿਰਦੇ ਹਾਂ। ਇੰਨਾ ਹੀ ਨਹੀਂ ਅਸੀਂ ਆਪਣੇ ਦੁਰਲੱਭ ਜੀਵਨ ਦਾ ਆਨੰਦ ਲੈਣ ਤੋਂ ਵੀ ਖੁੰਝ ਰਹੇ ਹਾਂ। ਇਸ ਤੋਂ ਅਗਾਂਹ, ਅਜਿਹੇ ਕੁਚੱਕਰ ਵਿੱਚ ਉਲਝ ਜਾਂਦੇ ਹਾਂ ਕਿ ਬਾਹਰ ਨਿਕਲਣਾ ਔਖਾ ਹੈ। ਮਸਲਨ, ਇੱਕ ਸੋਫ਼ੀ ਨੌਜਵਾਨ ਕੁਸੰਗੀਆਂ ਦੀ ਰੀਸੇ ਨਸ਼ੇ ਦੀ ਪਹਿਲੀ ਡੋਜ਼ ਲੈ ਲੈਂਦਾ ਹੈ। ਇਸ ਪਹਿਲ ਨਾਲ ਉਸ ਦੀ ਝਿਜਕ ਖ਼ਤਮ ਹੋ ਜਾਂਦੀ ਹੈ। ਫਿਰ ਹੌਲੀ ਹੌਲੀ ਉਸ ਨੂੰ ਨਸ਼ੇ ਦੀ ਲੱਤ ਪੈ ਜਾਂਦੀ ਹੈ।ਮਗਰੋਂ ਜੋ ਹਸ਼ਰ ਹੁੰਦਾ ਹੈ, ਉਹ ਸਾਰੇ ਹੀ ਵੇਖਦੇ ਹਨ।
ਕਿਸੇ ਨੂੰ ਸਧਾਰਨ ਹੀ ਪੁੱਛ ਲਿਆ ਜਾਵੇ ਕਿ ਮਨੁੱਖ ਲਈ ਸਭ ਤੋਂ ਕੀਮਤੀ ਸ਼ੈਅ ਕਿਹੜੀ ਹੈ। ਉਹ ਝੱਟ ਕੀਮਤੀ ਧਾਤਾਂ ਤੇ ਧਨ ਦੇ ਹੋਰ ਰੂਪਾਂ ਦੀ ਗੱਲ ਕਰੇਗਾ, ਯਾਨੀ ਉਹ ਸਾਰਾ ਕੁਝ ਜੋ ਕਦੇ ਕਿਸੇ ਅਯਾਸ਼ ਰਾਜੇ-ਮਹਾਰਾਜੇ ਕੋਲ ਹੁੰਦਾ ਸੀ। ਅਜੋਕੀਆਂ ਕਰੋੜਾਂ ਦੇ ਮੁੱਲ ਦੀਆਂ ਮੋਟਰ-ਗੱਡੀਆਂ ਵੀ ਕਿਸੇ ਦੀ ਸੂਚੀ ਵਿੱਚ ਹੋ ਸਕਦੀਆਂ ਹਨ। ਹਰੇਕ ਦਾ ਉੱਤਰ ਉਸ ਦੀ ਜੀਵਨ-ਦ੍ਰਿਸ਼ਟੀ ਅਨੁਸਾਰ ਹੋਵੇਗਾ।
ਕੋਈ ਨਿਵੇਕਲੀ ਸੂਝ ਤੇ ਸੰਵੇਦਨਾ ਵਾਲਾ ਆਖ ਸਕਦਾ ਹੈ ਕਿ ਸਮਾਂ ਸਭ ਤੋਂ ਜ਼ਰੂਰੀ ਸ਼ੈਅ ਹੈ। ਪ੍ਰੀਖਿਆ ਦੇ ਨਿਸ਼ਚਿਤ ਸਮੇਂ ਵਾਂਗ ਸਾਡੀ ਆਰਜਾ ਦਾ ਸਮਾਂ ਜਦੋਂ ‘ਓਵਰ’ ਹੋ ਜਾਂਦਾ ਹੈ ਤਾਂ ਸਾਰੀ ਕਹਾਣੀ ਖ਼ਤਮ ਹੋ ਜਾਂਦੀ ਹੈ। ‘ਆਪ ਮਰੇ ਜੱਗ ਪਰਲੋ’ ਦਾ ਸੱਚ ਵਾਪਰ ਜਾਂਦਾ ਹੈ। ਇਸੇ ਗੱਲ ਦਾ ਇੱਕ ਹੋਰ ਸੂਖਮ ਰੂਪ ਵੀ ਹੈ। ਕਿਸੇ ਦੀ ਗਰਦਨ ਉੱਤੇ ਕੋਈ ਦੂਜਾ ਭਾਰਾ ਗੋਡਾ ਰੱਖ ਦਿੰਦਾ ਹੈ। ਹੇਠਾਂ ਪਿਆ ਬੰਦਾ ਤਰਲੇ ਨਾਲ ਕਹਿੰਦਾ ਹੈ ਕਿ ਉਸ ਨੂੰ ਸਾਹ ਨਹੀਂ ਆ ਰਿਹਾ। ਗੋਡਾ ਹੋਰ ਮਜ਼ਬੂਤ ਹੋ ਜਾਂਦਾ ਹੈ। ਸਭ ਤੋਂ ਕੀਮਤੀ ਸ਼ੈਅ ਤਦ ‘ਇੱਕ ਸਾਹ’ ਹੀ ਮਾਲੂਮ ਹੁੰਦੀ ਹੈ। ਕਹਾਵਤ ਹੈ ‘ਡੁੱਬੀ ਤਾਂ ਜੇ ਸਾਹ ਨਾ ਆਇਆ’। ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਵਿੱਥ ਸਿਰਫ਼ ਇੱਕ ਸੁਆਸ ਦੀ ਹੈ। ਕੁਦਰਤ ਨੇ ਹਰ ਜੀਵ ਨੂੰ ਜੀਵਨ ਦੀ ਬਖ਼ਸ਼ਿਸ਼ ਇੱਕ ਇੱਕ ਸਾਹ ਦੇ ਰੂਪ ਵਿੱਚ ਦਿੱਤੀ ਹੈ। ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦੀ ‘ਆਕਸੀਜਨ’ ਲਈ ਦੁਹਾਈ ਕਿਸੇ ਨੂੰ ਭੁੱਲੀ ਨਹੀਂ। ਇਸੇ ਤਰ੍ਹਾਂ ਹੀ ਪੀਣ-ਯੋਗ ਪਾਣੀ ਹੈ। ਤੜਫ਼ਦਾ ਮਰਦਾ ਬੰਦਾ ‘ਪਾਣੀ, ਪਾਣੀ’ ਪੁਕਾਰਦਾ ਹੈ।
ਹਵਾ, ਪਾਣੀ ਵਾਂਗ ਹੀ ਦੁਰਲੱਭ ਹੈ ਅੱਖਾਂ ਦੀ ਨਜ਼ਰ। ਚਾਨਣ ਤੇ ਹਨੇਰੇ ਦਾ ਖੇਡ ਅੱਖਾਂ ਸਦਕਾ ਹੈ। ਆਵਾਜ਼ਾਂ ਦਾ ਸੰਸਾਰ ਸਾਡੇ ਕੰਨਾਂ ਦੀ ਤੰਦਰੁਸਤੀ ਉੱਤੇ ਖੜ੍ਹਾ ਹੈ। ਸਾਰੇ ਰੰਗ-ਰਾਗ ਤੇ ਅਹਿਸਾਸ ਜਿਹੜੇ ਸਾਡੀ ਬੋਲੀ ਦੇ ਵਿਸ਼ੇਸ਼ਣ ਸ਼ਬਦਾਂ ਵਿੱਚ ਸਾਂਭੇ ਹੋਏ ਹਨ, ਗਿਆਨ-ਇੰਦਰਿਆਂ ਸਦਕਾ ਹੀ ਹੁੰਦੇ ਹਨ। ਦਿਮਾਗ਼ ਜੋ ਸਾਰਿਆਂ ਦਾ ਸਿਰਤਾਜ ਹੈ, ਜਦੋਂ ‘ਡੈੱਡ’ ਐਲਾਨਿਆ ਜਾਂਦਾ ਹੈ ਤਾਂ ਵੱਖਰੀ ਭਾਂਤ ਦੀ ਮੌਤ ਹੋ ਜਾਂਦੀ ਹੈ। ਜੀਵਨ ਦੀ ਗੁਣਵੱਤਾ ਦੇ ਪੈਮਾਨੇ ਅਨੇਕ ਹਨ- ਸ਼ੁੱਧ ਹਵਾ ਤੇ ਪਾਣੀ, ਸਾਫ਼ ਖਾਧ-ਖ਼ੁਰਾਕ ਸੋਹਣੀ ਸਿਹਤ, ਲੰਮੀ ਉਮਰ, ਖ਼ੁਸ਼ਹਾਲੀ, ਖ਼ੁਸ਼ੀ, ਕਰਤਾਰੀ ਕਾਰਜ, ਸਹਿਯੋਗ, ਬੌਧਿਕ ਵਿਕਾਸ, ਹਰਿਆਲੀ, ਵਿਭਿੰਨ ਪਸ਼ੂ-ਪੰਛੀ। ਸਾਰੀ ਗੱਲ ‘ਸੁਖ-ਸ਼ਾਂਤੀ’ ਸ਼ਬਦਾਂ ਵਿੱਚ ਸਮਾਈ ਹੋਈ ਹੈ। ਹੋਰ ਜੋੜਨਾ ਹੋਵੇ ਤਾਂ ਬਜ਼ੁਰਗਾਂ ਦੀਆਂ ਅਸੀਸਾਂ ਨੂੰ ਨੀਝ ਨਾਲ ਪੜਿ੍ਹਆ ਜਾਵੇ।