ਸ਼ਵਿੰਦਰ ਕੌਰ
ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਸਮਾਂ ਅਗਾਂਹ ਤੁਰਦਾ ਰਹਿੰਦਾ ਹੈ। ਸਮੇਂ ਦੇ ਨਾਲ ਸਾਡੇ ਰਸਮ ਰਿਵਾਜ, ਪਹਿਨਣ ਅਤੇ ਖਾਣ-ਪੀਣ ਦੇ ਢੰਗ ਬਦਲ ਜਾਂਦੇ ਹਨ। ਅੱਜ ਜੋ ਸਾਡੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਹੈ, ਲੰਘਦੇ ਸਮੇਂ ਨਾਲ ਉਹ ਫਾਲਤੂ ਹੋ ਜਾਂਦਾ ਹੈ। ਕਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਸੀ। ਸਰਦੀ ਦੀ ਰੁੱਤ ਵਿੱਚ ਮੱਕੀ, ਬਾਜਰਾ ਅਤੇ ਬੇਸਨੀ ਰੋਟੀ ਹਰ ਘਰ ਵਿੱਚ ਬਣਦੀ ਸੀ। ਜਿਸ ਨੂੰ ਅਸੀਂ ਬਿਨਾਂ ਸੋਚੇ ਸਮਝੇ ਖਾਣਾ ਛੱਡ ਦਿੱਤਾ। ਹੁਣ ਡਾਕਟਰ ਸਾਨੂੰ ਚੰਗੀ ਸਿਹਤ ਲਈ ਇਨ੍ਹਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।
ਹਰੀ ਕ੍ਰਾਂਤੀ ਨੇ ਸਾਡੀਆਂ ਬਹੁਤ ਸਾਰੀਆਂ ਰਵਾਇਤੀ ਫ਼ਸਲਾਂ ਨੂੰ ਫ਼ਸਲ ਚੱਕਰ ਵਿੱਚੋਂ ਮਨਫੀ ਕਰ ਦਿੱਤਾ ਹੈ। ਸਾਉਣੀ ਅਤੇ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਵਿੱਚੋਂ ਅਸੀਂ ਕਈ ਤਰ੍ਹਾਂ ਦੀਆਂ ਦਾਲਾਂ, ਰਾਈ, ਤਾਰਾ ਮੀਰਾ ਅਤੇ ਮੋਟੇ ਅਨਾਜ ਵਾਲੀਆਂ ਫ਼ਸਲਾਂ ਨੂੰ ਬੀਜਣੋਂ ਹਟਦੇ ਜਾ ਰਹੇ ਹਾਂ। ਮੋਟੇ ਅਨਾਜ ਵਾਲੀਆਂ ਫ਼ਸਲਾਂ ਵਿੱਚੋਂ ਕਦੇ ਬਾਜਰਾ ਹਰ ਕਿਸਾਨ ਵੱਲੋਂ ਬੀਜਿਆ ਜਾਂਦਾ ਸੀ। ਇਹ ਸਾਡੇ ਭੋਜਨ ਦਾ ਮਹੱਤਵਪੂਰਨ ਅੰਗ ਰਿਹਾ ਹੈ। ਅਜੋਕੀ ਖੇਤੀ ਵਿੱਚੋਂ ਇਹ ਤਕਰੀਬਨ ਮਨਫੀ ਹੀ ਹੋ ਗਿਆ ਹੈ।
ਅੱਜਕੱਲ੍ਹ ਤਾਂ ਇਹ ਫ਼ਸਲ ਬਹੁਤ ਘੱਟ ਬੀਜੀ ਜਾਂਦੀ ਹੈ। ਪਹਿਲਾਂ ਬਾਜਰਾ ਪੈਦਾ ਕਰਨ ਵਾਲੇ ਪ੍ਰਮੁੱਖ ਇਲਾਕਿਆਂ ਵਿੱਚ ਬਠਿੰਡਾ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਆਉਂਦੇ ਸਨ। ਇਸ ਫ਼ਸਲ ਨੂੰ ਉਗਾਉਣ ਅਤੇ ਪਾਲਣ ’ਤੇ ਘੱਟ ਖ਼ਰਚ ਆਉਂਦਾ ਸੀ। ਆਮ ਤੌਰ ’ਤੇ ਇਹ ਬਰਾਨੀ ਜ਼ਮੀਨ ਵਿੱਚ ਮੀਂਹ ਦੇ ਸਹਾਰੇ ਬੀਜਿਆ ਜਾਂਦਾ ਸੀ। ਅੱਜ ਵੀ ਬੱਦਲਾਂ ਨੂੰ ਦੇਖ ਕੇ ਬਾਜਰਾ ਖਾਣ ਵਾਲੀ ਪੀੜ੍ਹੀ ਦੇ ਬਜ਼ੁਰਗਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ: ਮੀਂਹ ਪਾ ਦੇ, ਝੜੀਆਂ ਲਾ ਦੇ, ਚੱਬਾਂਗੇ ਦੋਧਾ ਬਾਜਰਾ।
ਦੂਜੇ ਅਨਾਜਾਂ ਦੇ ਮੁਕਾਬਲੇ ਇਸ ਵਿੱਚ ਪੌਸ਼ਟਿਕ ਤੱਤ ਕਿਤੇ ਜ਼ਿਆਦਾ ਸਨ। ਬਾਜਰੇ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਜ਼ੀਨ, ਫਾਸਫੋਰਸ, ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਆਦਿ ਤੱਤ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਬਾਜਰੇ ਦੀ ਕਾਸ਼ਤ ਲਈ ਰੇਤਲੀ ਜ਼ਮੀਨ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਇਹ ਮੀਂਹ ਦੇ ਪਾਣੀ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ ਹੈ। ਇਹ ਫ਼ਸਲ ਸੇਮ ਨਾਲ ਮਰ ਜਾਂਦੀ ਹੈ। ਇਹ ਚਾਲੀ ਤੋਂ ਸੱਠ ਸੈਂਟੀਮੀਟਰ ਸਾਲਾਨਾ ਵਰਖਾ ਵਾਲੇ ਇਲਾਕਿਆਂ ਵਿੱਚ ਬਹੁਤ ਢੁਕਵੀਂ ਹੈ। ਸਿੱਟੇ ਨਿਕਲਣ ਸਮੇਂ ਵਰਖਾ ਨੁਕਸਾਨਦੇਹ ਹੈ ਕਿਉਂਕਿ ਪਰਾਗ ਕਣ ਧੋਤੇ ਜਾਂਦੇ ਹਨ ਅਤੇ ਦਾਣੇ ਘੱਟ ਪੈਂਦੇ ਹਨ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਸਿੱਟਿਆਂ ਵਿੱਚ ਦਾਣੇ ਪੈਣ ’ਤੇ ਪੰਛੀਆਂ ਤੋਂ ਉਨ੍ਹਾਂ ਦੀ ਰਾਖੀ ਕਰਨੀ ਪੈਂਦੀ ਹੈ। ਰਾਖੀ ਕਰਦੇ ਹੋਏ ਕਿਸੇ ਮੁਟਿਆਰ ਨੇ ਇਸ ਗੀਤ ਦੀ ਰਚਨਾ ਕੀਤੀ ਹੋਵੇਗੀ:
ਤੇਰੇ ਬਾਜਰੇ ਦੀ ਰਾਖੀ ਦਿਉਰਾ, ਮੈਂ ਨਾ ਬਹਿੰਦੀ ਵੇ।
ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ ਵੇ।
ਚਾਰ ਕੁ ਦਹਾਕੇ ਪਹਿਲਾਂ ਇਹ ਸਾਡੀ ਰੋਜ਼ਮਰ੍ਹਾ ਦੀ ਖੁਰਾਕ ਵਿੱਚ ਸ਼ਾਮਲ ਸੀ। ਮੋਠ ਬਾਜਰੇ ਦੀ ਖਿਚੜੀ ਵੀ ਸਰਦੀਆਂ ਵਿੱਚ ਹਰ ਘਰ ਵਿੱਚ ਬਣਦੀ ਸੀ। ਬਾਜਰੇ ਨੂੰ ਸਾਫ਼ ਕਰਕੇ ਧੋ ਕੇ ਭਿਉਂ ਦਿੱਤਾ ਜਾਂਦਾ। ਫਿਰ ਉਸ ਨੂੰ ਉੱਖਲੀ ਵਿੱਚ ਮੂਹਲੀਆਂ ਨਾਲ ਕੁੱਟ ਕੇ ਮੱੱਛਿਲਕਾ ਲਾਹ ਦਿੱਤਾ ਜਾਂਦਾ। ਇਸ ਵਿੱਚ ਬਰਾਬਰ ਦੇ ਮੋਠ ਰਲਾਕੇ ਖਿਚੜੀ ਬਣਾਈ ਜਾਂਦੀ। ਇਸ ਨੂੰ ਹਾਰੇ ਵਿੱਚ ਗੋਹਿਆਂ ਦੀ ਮੱਠੀ ਮੱਠੀ ਅੱਗ ’ਤੇ ਤੌੜੀ ਵਿੱਚ ਰਿੰਨ੍ਹਿਆ ਜਾਂਦਾ। ਲਾਜਵਾਬ ਖਿਚੜੀ ਤਿਆਰ ਹੋ ਜਾਂਦੀ। ਜਿਸ ਨੂੰ ਘਿਉ, ਦੁੱਧ ਜਾਂ ਤਿਉੜ ਨਾਲ ਖਾਧਾ ਜਾਂਦਾ। ਜਿੱਥੇ ਇਹ ਖਾਣ ਵਿੱਚ ਸੁਆਦਲੀ ਹੁੰਦੀ, ਉੱਥੇ ਇਹ ਤਾਕਤ ਦੇਣ ਵਾਲੀ ਊਰਜਾ ਭਰਪੂਰ ਹੁੰਦੀ ਹੈ। ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿਚਲੇ ਗੁਣਕਾਰੀ ਤੱਤ ਨਾ ਸਿਰਫ਼ ਸਾਨੂੰ ਸਿਹਤਮੰਦ ਰੱਖਦੇ ਸਨ, ਸਗੋਂ ਇਹ ਖਿਚੜੀ ਸਾਡੀ ਪਾਚਕ ਸ਼ਕਤੀ ਨੂੰ ਵੀ ਵਧਾਉਂਦੀ ਸੀ।
ਸਰਦੀਆਂ ਵਿੱਚ ਬਾਜਰੇ ਦੀਆਂ ਰੋਟੀਆਂ ਹਰ ਘਰ ਪੱਕਦੀਆਂ ਸਨ। ਚਾਲੀ ਕੁ ਸਾਲ ਪਹਿਲਾਂ ਕਣਕ ਘੱਟ ਹੁੰਦੀ ਹੋਣ ਕਰਕੇ ਬਹੁਤੇ ਘਰਾਂ ਵਿੱਚ ਤਾਂ ਨਿਰੇ ਬਾਜਰੇ ਦੀ ਰੋਟੀ ਬਣਦੀ ਸੀ। ਕਈ ਵਿੱਚ ਕਣਕ ਦਾ ਆਟਾ ਮਿਲਾ ਲੈਂਦੇ ਸਨ। ਗਰਮ ਪਾਣੀ ਨਾਲ ਆਟਾ ਗੁੰਨ੍ਹ ਕੇ, ਚੱਕਲੇ ਉੱਤੇ ਪੋਣਾ ਰੱਖ ਕੇ ਰੋਟੀ ਬਣਾਈ ਜਾਂਦੀ। ਜਦੋਂ ਇਹ ਰੋਟੀਆਂ ਚਟਣੀ ਵਿੱਚ ਘਿਓ ਮਿਲਾ ਕੇ, ਸਾਗ ਨਾਲ ਜਾਂ ਚੂਰਮਾ ਬਣਾ ਕੇ ਖਾਧੀਆਂ ਜਾਂਦੀਆਂ ਤਾਂ ਇਨ੍ਹਾਂ ਦਾ ਸਵਾਦ ਲਾਜਵਾਬ ਹੁੰਦਾ। ਸਰਦੀਆਂ ਵਿੱਚ ਖਾਧੀ ਬਾਜਰੇ ਦੀ ਰੋਟੀ ਸਰੀਰ ਨੂੰ ਗਰਮ ਰੱਖਦੀ ਹੈ। ਇਸ ਵਿੱਚ ਅਮੀਨੋ ਐਸਿਡ ਹੁੰਦਾ ਹੈ ਜਿਸ ਕਰਕੇ ਰੋਟੀ ਜਲਦੀ ਹਜ਼ਮ ਹੋ ਜਾਂਦੀ ਹੈ। ਬਾਜਰਾ ‘ਕਲੈਸਟਰੋਲ’ ਦੇ ਪੱਧਰ ਨੂੰ ਘੱਟ ਕਰਦਾ ਹੈ, ਇਸ ਨਾਲ ਦਿਲ ਦੇ ਰੋਗ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਭਰਪੂਰ ਮਾਤਰਾ ਵਿੱਚ ਫਾਈਬਰ ਹੋਣ ਕਰਕੇ ਕਬਜ਼ ਦੀ ਸਮੱਸਿਆ ਨਹੀਂ ਆਉਂਦੀ। ਬਾਜਰਾ ਗਲੁਟਨ ਮੁਕਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਗਲੁਟਨ ਤੋਂ ਅਲਰਜ਼ੀ ਹੁੰਦੀ ਹੈ, ਉਨ੍ਹਾਂ ਲਈ ਇਹ ਖਾਣਾ ਚੰਗਾ ਹੈ।
ਤਿਉਹਾਰਾਂ ਸਮੇਂ ਵੀ ਸਾਡੇ ਬਜ਼ੁਰਗ ਬਾਜ਼ਾਰੂ ਮਠਿਆਈਆਂ ਦੀ ਥਾਂ ਘਰ ਵਿੱਚ ਹੀ ਕਈ ਤਰ੍ਹਾਂ ਦੇ ਵਿਅੰਜਨ ਬਣਾ ਲੈਂਦੇ ਸਨ। ਇਸੇ ਤਰ੍ਹਾਂ ਬਾਜਰੇ ਤੋਂ ਭੂਤ ਪਿੰਨੇ ਬਣਾਏ ਜਾਂਦੇ ਸਨ। ਬਾਜਰੇ ਦੀ ਮਾਤਰਾ ਤੋਂ ਅੱਧਾ ਗੁੜ ਪਾ ਕੇ, ਬਰਾਬਰ ਦਾ ਪਾਣੀ ਪਾ ਕੇ ਉਸ ਨੂੰ ਤੱਦ ਤੱਕ ਉਬਾਲਿਆ ਜਾਂਦਾ ਜਦੋਂ ਤੱਕ ਘੋਲ ਸੰਘਣਾ ਅਤੇ ਚਿਪਚਿਪਾ ਨਾ ਹੋ ਜਾਂਦਾ। ਇਸ ਤਰ੍ਹਾਂ ਗੁੜ ਦੀ ਪੱਤ ਤਿਆਰ ਹੋ ਜਾਂਦੀ। ਭੁੱਜੇ ਹੋਏ ਬਾਜਰੇ ਦੀਆਂ ਖਿੱਲਾਂ ਗਰਮ ਪੱਤ ਵਿੱਚ ਰਲਾ ਦਿੱਤੀਆਂ ਜਾਂਦੀਆਂ। ਫਿਰ ਇਸ ਦੇ ਪਿੰਨੇ ਵੱਟ ਲਏ ਜਾਂਦੇ।
ਬਾਜਰਾ ਸਾਡੇ ਲੋਕ ਗੀਤਾਂ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦਾ ਹੈ। ਪਤੀ-ਪਤਨੀ ਦੇ ਖੂਬਸੂਰਤ ਸਬੰਧਾਂ ਨੂੰ ਪ੍ਰਗਟ ਕਰਦਾ ਹੈ ਜਿਵੇਂ:
ਬਾਜਰੇ ਦਾ ਸਿੱਟਾ ਅਸਾਂ ਤਲੀ ’ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ।
ਖਾਣ ਤੋਂ ਬਿਨਾਂ ਇਹ ਕਿਸਾਨੀ ਨਾਲ ਜੁੜੇ ਪਰਿਵਾਰਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਦਾ ਸੀ। ਸਾਧਾਰਨ ਕਿਸਾਨੀ ਜੀਵਨ ਨਾਲ ਸਬੰਧਤ ਔਰਤਾਂ ਦੀਆਂ ਉਮੰਗਾਂ, ਵਲਵਲੇ, ਸੁਪਨੇ ਅਤੇ ਰੀਝਾਂ ਫ਼ਸਲਾਂ ਦੀ ਪੈਦਾਵਾਰ ਨਾਲ ਜੁੜੇ ਹੁੰਦੇ ਹਨ। ਆਪਣੇ ਦਿਲ ਦੇ ਮਨੋਭਾਵਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ:
ਰੁੱਤ ਗਿੱਧੇ ਪਾਉਣ ਦੀ ਆਈ
ਲੱਕ ਲੱਕ ਹੋ ਗਏ ਬਾਜਰੇ।
ਅਸਾਂ ਬਾਜਰੇ ਤੋਂ ਘੱਗਰਾ ਸਵਾਣਾ
ਸਿੱਟੇ ਨਾ ਉਜਾੜੋ ਤੋਤਿਓ।
ਸਾਨੂੰ ਰੀਝ ਲੌਂਗ ਦੀ ਆਵੇ।
ਬਾਜਰੇ ਨੇ ਲਾਈਆਂ ਦੇਰੀਆਂ।
ਬਦਲਦੇ ਸਮੇਂ ਨਾਲ ਸਾਨੂੰ ਬਦਲਣਾ ਪੈਂਦਾ ਹੈ, ਪਰ ਬਿਨਾਂ ਸੋਚੇ ਸਮਝੇ ਆਪਣੇ ਪੌਸ਼ਟਿਕ ਤੱਤਾਂ ਵਾਲੇ ਮੋਟੇ ਅਨਾਜ ਜੋ ਸਾਨੂੰ ਤੰਦਰੁਸਤੀ ਬਖ਼ਸ਼ਦੇ ਸਨ ਅਤੇ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦੇ ਸਨ, ਉਨ੍ਹਾਂ ਨੂੰ ਭੋਜਨ ਵਿੱਚੋਂ ਮਨਫੀ ਕਰਕੇ ਸਿਹਤ ਲਈ ਹਾਨੀਕਾਰਕ ਬਰਗਰ, ਪੀਜਿਆਂ ਨੂੰ ਅਪਣਾਉਣਾ ਵੀ ਅਕਲਮੰਦੀ ਦੀ ਗੱਲ ਨਹੀਂ ਹੈ। ਕਰੋਨਾ ਵਾਇਰਸ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਜਿਸ ਮਨੁੱਖ ਦੀ ਸਿਹਤ ਵਧੀਆ ਹੈ ਅਤੇ ਉਸ ਦਾ ਪਾਚਕ ਤੰਤਰ ਮਜ਼ਬੂਤ ਹੈ, ਉਨ੍ਹਾਂ ਨੂੰ ਕਮਜ਼ੋਰ ਮਨੁੱਖ ਦੇ ਮੁਕਾਬਲੇ ਇਸ ਬਿਮਾਰੀ ਦਾ ਖ਼ਤਰਾ ਘੱਟ ਹੈ। ਨਰੋਈ ਖੁਰਾਕ ਅਤੇ ਕਿਰਤ ਕਰਨ ਵਾਲਾ ਸੁਭਾਅ ਜੋ ਸਾਡੇ ਬਜ਼ੁਰਗਾਂ ਦੀ ਚੰਗੀ ਸਿਹਤ ਦਾ ਰਾਜ਼ ਸੀ, ਸਾਨੂੰ ਇਹ ਗੁਣ ਵਿਸਾਰਨਾ ਨਹੀਂ ਚਾਹੀਦਾ।
ਸੰਪਰਕ: 76260-63596