ਸਾਂਵਲ ਧਾਮੀ
ਪੰਜ ਗਰਾਂਈਆਂ; ਹਰਚੋਵਾਲ-ਬਟਾਲਾ ਸੜਕ ’ਤੇ ਘੁੱਗ ਵੱਸਦਾ ਪਿੰਡ ਏ। ਸੰਤਾਲੀ ਤੋਂ ਪਹਿਲਾਂ ਇੱਥੇ ਸੱਯਦ, ਅਰਾਈਂ ਤੇ ਮੁਸਲਮਾਨ ਜੱਟ ਵੱਸਦੇ ਸਨ। ਸੰਤਾਲੀ ਤੋਂ ਬਾਅਦ ਇੱਥੇ ਸਿਆਲਕੋਟੀਏ ਆਣ ਵਸੇ। ਇਨ੍ਹਾਂ ’ਚੋਂ ਇੱਕ ਗੁਰਬਚਨ ਸਿੰਘ ਬਾਜਵਾ ਨੇ। ਪਿਛਲੇ ਦਿਨੀਂ ਮੈਂ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹਾਂ ਆਪਣੀ ਗੱਲ ਸ਼ੁਰੂ ਕੀਤੀ,“ਸਾਡਾ ਪਿੰਡ ਕੁੱਲ ਬਾਜਵਾ ਸੀ। ਜ਼ਿਲ੍ਹਾ ਸਾਡਾ ਸਿਆਲਕੋਟ ਸੀ ਤੇ ਤਹਿਸੀਲ ਪਸਰੂਰ। ਡੁਮਾਲਾ ਮੇਰੇ ਨਾਨਕਿਆਂ ਦਾ ਪਿੰਡ ਸੀ।
ਸਾਡਾ ਇੱਕ ਚਾਚਾ ਪਾਕਿਸਤਾਨ ਬਣਨ ਤੋਂ ਕੋਈ ਦਸ ਸਾਲ ਪਹਿਲਾਂ ਮੁਸਲਮਾਨ ਹੋ ਗਿਆ ਸੀ। ਉਹ ਮੇਰੇ ਬਾਪ ਦਾ ਚਚੇਰਾ ਭਰਾ ਸੀ। ਉਹ ਦੋ ਭਰਾ ਸਨ। ਇੱਕ ਦਾ ਨਾਂ ਗੁਰਬੰਸ ਤੇ ਦੂਸਰੇ ਦਾ ਨਾਂ ਬਿਸ਼ਨ ਸਿੰਘ ਸੀ। ਇਨ੍ਹਾਂ ਦੇ ਨਾਨਕੇ ਸਿਰਾਂਵਾਲੀ ਪਿੰਡ ’ਚ ਸਨ। ਉੱਥੇ ਗਾਉਣ ਵਾਲੀਆਂ ਬੜੀਆਂ ਸਨ। ਕਿਸੇ ਗਾਉਣ ਵਾਲੀ ਦੇ ਚੱਕਰ ’ਚ ਆ ਕੇ ਬਿਸ਼ਨ ਸਿੰਘ ਮੁਸਲਮਾਨ ਹੋ ਗਿਆ ਸੀ। ਉਹਦੀ ਔਲਾਦ ਅੱਜ ਵੀ ਉੱਥੇ ਵੱਸਦੀ ਏ।
ਬਿਸ਼ਨ ਸਿੰਘ ਦਾ ਭਰਾ ਸੰਤਾਲੀ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਲਾਗੇ ਕਿਸੇ ਪਿੰਡ ਦੇ ਗੁਰਦੁਆਰੇ ’ਚ ਗ੍ਰੰਥੀ ਸੀ। ਕੁਝ ਦੇਰ ਬਾਅਦ ਉਸ ਪਿੰਡੋਂ ਇੱਕ ਬੰਦਾ ਇੱਥੇ ਆਪਣੀ ਧੀ ਨੂੰ ਮਿਲਣ ਆਇਆ। ਉਹ ਆਪਣੇ ਕੁੜਮ ਨੂੰ ਪੁੱਛਦਾ-ਇੱਥੇ ਕੋਈ ਲੰਬੜਦਾਰ ਅੱਛਰ ਸਿੰਘ ਵੀ ਹੈ? ਉਹਦਾ ਕੁੜਮ ਉਹਨੂੰ ਪਿਤਾ ਜੀ ਕੋਲ ਲੈ ਆਇਆ। ਉਹ ਪਿਤਾ ਜੀ ਨੂੰ ਪੁੱਛਣ ਲੱਗਾ- ਸਰਦਾਰ ਜੀ, ਤੁਸੀਂ ਗੁਰਬੰਸ ਸਿੰਘ ਨੂੰ ਜਾਣਦੇ ਓ? ਪਿਤਾ ਜੀ ਨੇ ਉਹਨੂੰ ਦੱਸਿਆ ਕਿ ਉਹ ਤਾਂ ਸਾਡਾ ਭਰਾ ਏ।
ਪਿਤਾ ਜੀ ਨੇ ਗੁਰਬੰਸ ਸਿੰਘ ਲਈ ਸੁਨੇਹਾ ਭੇਜਿਆ ਕਿ ਉਹ ਪੰਜ ਗਰਾਈਆਂ ਸਾਡੇ ਕੋਲ ਆ ਜਾਏ, ਪਰ ਉਹ ਨਹੀਂ ਆਇਆ।
ਉਸ ਪਿੰਡ ’ਚ ਮੇਰੇ ਪਿਤਾ ਦਾ ਦੋੋਸਤ ਗਾਮਾ ਗੁੱਜਰ ਸੀ ਤੇ ਭਰੋਸੇਯੋਗ ਮੁਜ਼ਾਰਾ ਪੇਰੋ ਅਰਾਈਂ ਹੁੰਦਾ ਸੀ। ਪਿੰਡ ਛੱਡਦਿਆਂ ਅਸੀਂ ਆਪਣਾ ਸਾਰਾ ਮਾਲ-ਅਸਬਾਬ ਉਹਨੂੰ ਦੇ ਆਏ ਸਾਂ। ਸੰਤਾਲੀ ’ਚ ਮੇਰੇ ਪਿਤਾ ਜੀ ਨੇ ਪਿੰਡ ਦੀ ਹਿਫ਼ਾਜਤ ਲਈ ਪੈਂਤੀ-ਚਾਲੀ ਮੁੰਡਿਆਂ ਦਾ ਇੱਕ ਜਥਾ ਬਣਾਇਆ। ਇੱਕ ਸ਼ਾਮ ਰੌਲਾ ਪੈ ਗਿਆ ਕਿ ਜਥਾ ਪੈ ਗਿਆ। ਸਾਡੇ ਪਿੰਡ ਦੇ ਮੁਹਤਬਰ ਬੰਦਿਆਂ ਨੇ ਜਨਾਨੀਆਂ ’ਤੇ ਬੱਚੇ ਘਰਾਂ ’ਚੋਂ ਕੱਢ ਕੇ ਗੁਰਦੁਆਰੇ ਲੈ ਆਂਦੇ। ਪਿਤਾ ਜੀ ਨੇ ਨੌਜਵਾਨਾਂ ਨੂੰ ਆਖਿਆ-ਪਾਓ ਘੋੜੀਆਂ ’ਤੇ ਕਾਠੀਆਂ। ਅਸੀਂ ਉਨ੍ਹਾਂ ਨੂੰ ਬਾਹਰ ਈ ਡੱਕ ਲੈਂਦੇ ਆਂ। ਜਦੋਂ ਇਹ ਹਮਲਾ ਡੱਕਣ ਲਈ ਪਿੰਡੋਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਿ ਉਹ ਜਥਾ ਨਹੀਂ ਕਾਫ਼ਲਾ ਸੀ। ਕੋਰੇਕਿਆਂ ਦੇ ਹਿੰਦੂ-ਸਿੱਖ ਸਾਡੇ ਪਿੰਡ ਵੱਲ ਆ ਰਹੇ ਸੀ। ਉਹ ਰਾਤ ਸਾਡੇ ਕੋਲ ਰਹੇ ਤੇ ਵੱਡੇ ਤੜਕੇ ਕਲਾਸਵਾਲੇ ਨੂੰ ਤੁਰ ਪਏ। ਸਾਡੇ ਪਿੰਡ ਦੇ ਭਾਟੀਏ ਵੀ ਉਨ੍ਹਾਂ ਨਾਲ ਤੁਰ ਗਏ। ਕਲਾਸਵਾਲੇ ਦਾ ਸਰਦਾਰ ਗੁਰਦਿਆਲ ਸਿੰਘ ਆਨਰੇਰੀ ਮੈਜਿਸਟਰੇਟ ਹੁੰਦਾ ਸੀ। ਉਹਨੇ ਬਹੁਤੇ ਪਿੰਡ ਕਲਾਸਵਾਲੇ ’ਕੱਠੇ ਕਰ ਲਏ ਸਨ।
ਸਵੇਰੇ ਜਦੋਂ ਪਿਤਾ ਜੀ ਨੂੰ ਪਤਾ ਲੱਗਿਆ ਕਿ ਭਾਟੀਏ ਵੀ ਤੁਰ ਗਏ ਨੇ ਤਾਂ ਉਹ ਆਖਣ ਲੱਗੇ-ਵਪਾਰੀਆਂ ਨੇ ਤਾਂ ਹਰ ਥਾਂ ਰੁਜ਼ਗਾਰ ਲੱਭ ਲੈਣਾ ਹੁੰਦੈ। ਅਸੀਂ ਜ਼ਮੀਨਾਂ ਵਾਲਿਆਂ ਨੇ ਭਲਾ ਕਿੱਥੇ ਜਾਣਾ? ਸਾਡੀਆਂ ਤਾਂ ਪਤਾਲ ਜੜ੍ਹਾਂ ਨੇ। ਅਸੀਂ ਕੋਈ ਅੱਠ-ਦਸ ਦਿਨ ਪਿੰਡ ਟਿਕੇ ਰਹੇ। ਸਾਡੇ ’ਤੇ ਕਿਸੇ ਕੋਈ ਹਮਲਾ ਨਾ ਕੀਤਾ। ਮੇਰੇ ਪਿਤਾ ਜੀ ਨਾਲ ਸ. ਗੁਰਦਿਆਲ ਸਿੰਘ ਦਾ ਬਹੁਤ ਪਿਆਰ ਸੀ। ਸਾਡੇ ਪਿੰਡ ਦੇ ਭਾਟੀਏ ਸਰਦਾਰ ਨੂੰ ਆਖਣ ਲੱਗੇ- ਤੁਹਾਡਾ ਮਿੱਤਰ ’ਕੱਲਾ ਕਿਤਰ੍ਹਾਂ ਲੜੇਗਾ। ਉਹਨੇ ਆਪ ਵੀ ਮਰਨਾ ਤੇ ਪਿੰਡ ਵਾਲਿਆਂ ਨੂੰ ਵੀ ਮਰਵਾਉਣਾ। ਫਿਰ ਸਰਦਾਰ ਨੇ ਮੇਰੇ ਪਿਤਾ ਨੂੰ ਸੁਨੇਹਾ ਘੱਲਿਆ ਕਿ ਹਾਲਾਤ ਬੜੇ ਖਰਾਬ ਨੇ। ਤੂੰ ਪਿੰਡ ਨੂੰ ਲੈ ਕੇ ਕਲਾਸਵਾਲੇ ਆ ਜਾ।
ਅਸੀਂ ਤੁਰਨ ਲੱਗੇ ਤਾਂ ਪਿੰਡ ਦੇ ਮੁਸਲਮਾਨ ਉਦਾਸ ਹੋ ਗਏ। ਉਹ ਸਾਨੂੰ ਕਲਾਸਵਾਲੇ ਛੱਡ ਗਏ। ਸਭ ਤੋਂ ਮੂਹਰੇ ਚਾਚਾ ਬਿਸ਼ਨ ਸਿੰਘ ਸੀ ਜੋ ਮੁਸਲਮਾਨ ਹੋ ਗਿਆ ਸੀ। ਕਲਾਸਵਾਲੇ ਤੋਂ ਮੁੜਨ ਲੱਗਿਆ ਗਾਮਾ ਗੁੱਜਰ ਪਿਤਾ ਜੀ ਨੂੰ ਰੋ ਕੇ ਮਿਲਿਆ ਸੀ। ਚਾਚਾ ਬਿਸ਼ਨ ਸਿੰਘ ਦੇ ਬੋਲ ਸਨ-ਅੱਜ ਮੈਂ ’ਕੱਲਾ ਰਹਿ ਗਿਆਂ, ਓਏ ਰੱਬਾ। ਇਹ ਆਖ ਉਹ ਭੁੱਬਾਂ ਮਾਰਦਾ ਪਿਛਾਂਹ ਵੱਲ ਨੂੰ ਮੁੜ ਗਿਆ।
ਅਗਲੇ ਦਿਨ ਗੁਰਦਿਆਲ ਸਿੰਘ ਹੋਰਾਂ ਮਿਲਟਰੀ ਦੇ ਟਰੱਕ ਮੰਗਵਾਏ। ਅਸੀਂ ਕਲਾਸਵਾਲੇ ਤੋਂ ਪਸਰੂਰ ਸਟੇਸ਼ਨ ਤੱਕ ਟਰੱਕ ’ਚ ਆਏ। ਸਟੇਸ਼ਨ ’ਤੇ ਸਾਨੂੰ ਚੜ੍ਹਾਇਆ ਗਿਆ। ਉਹ ਗੱਡੀ ਜੱਸੜੀ ਆ ਕੇ ਖਲੋ ਗਈ। ਨਾਰੋਵਾਲ ਅਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ। ਡਰਾਈਵਰ ਤੇ ਗਾਰਡ ਮੁਸਲਮਾਨ ਸਨ। ਉਹ ਕਹਿੰਦੇ- ਅਸੀਂ ਭਾਰਤ ਨਹੀਂ ਜਾਣਾ। ਬੜਾ ਚਿਰ ਰੌਲਾ ਪਿਆ ਰਿਹਾ। ਉਹ ਮਸੀਂ ਮੰਨੇ। ਜਦੋਂ ਪੁਲ ਦੇ ਵਿਚਕਾਰ ਆਏ ਤਾਂ ਗੱਡੀ ਫਿਰ ਤੋਂ ਰੁਕ ਗਈ। ਸਾਨੂੰ ਮਜਬੂਰਨ ਰੇਲਵੇ ਲਾਈਨ ’ਤੇ ਉੱਤਰਨਾ ਪਿਆ। ਮੀਂਹ ਵਰ੍ਹਦਾ ਸੀ। ਬੜੀ ਮੁਸ਼ਕਿਲ ਨਾਲ ਅਸੀਂ ਕੋਟ ਬਾਵੇ ਪਿੰਡ ’ਚ ਪਹੁੰਚੇ। ਸਾਡੇ ਸਕੇ ਤਾਂ ਕੋਟਲੀ ਸੂਰਤ ਮੱਲੀ ਬੈਠ ਗਏ ਤੇ ਅਸੀਂ ਨਾਨਕਿਆਂ ਕਰਕੇ ਇੱਥੇ ਪੰਜਗਰਾਂਈਆਂ ਆ ਗਏ। ਇੱਥੇ ਸਾਨੂੰ ਪੌਣੇ ਦੋ ਸੌ ਦੇ ਵੱਟੇ ਕੱਟਾਂ ਲੱਗ ਕੇ ਮਸਾਂ ਪੰਜਾਹ ਕਿੱਲੇ ਹੀ ਮਿਲੇ ਸਨ।
ਮੈਂ ਕੋਈ ਸੱਠ ਵਰ੍ਹਿਆਂ ਬਾਅਦ 2006 ’ਚ ਕੁੱਲ ਬਾਜਵੇ ਗਿਆ ਸੀ। ਨਾਲ ਪੰਜ-ਸੱਤ ਬੰਦੇ ਹੋਰ ਸਨ। ਪਿੰਡ ਵੜਦਿਆਂ ਸਾਈਕਲ ਮੁਰੰਮਤ ਕਰਨ ਵਾਲੇ ਨੂੰ ਡਰਾਈਵਰ ਆਂਹਦਾ-ਤੁਹਾਡੇ ਪਿੰਡ ਦੇ ਸਰਦਾਰ ਆਏ ਨੇ। ਉਹ ਪੁੱਛਦਾ- ਸਾਡੇ ਪਿੰਡ ਦਾ ਕਿਹੜਾ ਏ? ਮੈਂ ਕਿਹਾ-ਮੈਂ ਆਂ। ਗਰੀਸ ਨਾਲ ਲਬਿੜੇ ਹੱਥਾਂ ਨੂੰ ਪਿਛਾਂਹ ਕਰਦਿਆਂ ਉਹ ਬੋਲਿਆ -ਪਹਿਲਾਂ ਮੈਨੂੰ ਜੱਫੀ ਪਾ। ਫਿਰ ਉਹ ਪੁੱਛਦਾ-ਕਿਸੇ ਨੂੰ ਜਾਣਦਾਂ? ਮੈਂ ਮੀਆਂ ਕਾਜ਼ੀ ਦਾ ਨਾਂ ਲਿਆ ਤਾਂ ਉਹ ਬੋਲਿਆ-ਫੌਤ ਹੋ ਗਿਆ। ਮੈਂ ਫਿਰ ਪੀਰੋ ਅਰਾਈਂ ਤੇ ਗਾਮੇ ਗੁੱਜਰ ਦਾ ਨਾਂ ਲਿਆ। ਉਹ ਵੀ ਦੁਨੀਆ ਤੋਂ ਜਾ ਚੁੱਕੇ ਸਨ। ਮੈਂ ਉਹਨੂੰ ਕਿਹਾ-ਕੋਈ ਜਿਊਂਦਾ ਜਾਗਦਾ ਵੀ ਦੱਸ।
ਇੱਕ ਬੰਦਾ ਮੈਨੂੰ ਗਹੁ ਨਾਲ ਦੇਖਦਿਆਂ ਬੋਲਿਆ-ਓਏ, ਤੂੰ ਕਿਤੇ ਗੁਰਬਚਨ ਤਾਂ ਨਹੀਂ। ਮੈਂ ‘ਹਾਂ’ ਕਿਹਾ ਤਾਂ ਉਹਨੇ ਮੈਨੂੰ ਜੱਫੀ ’ਚ ਲੈ ਲਿਆ। ਆਂਹਦਾ-ਮੈਂ ਤੈਨੂੰ ਬਹੁਤ ਖਿਡਾਇਆ। ਫਿਰ ਇੱਕ ਨਿੱਕੀ ਜਿਹੀ ਭੀੜ ਮੈਨੂੰ ਮੇਰਾ ਘਰ ਵਿਖਾਉਣ ਤੁਰ ਪਈ। ‘‘ਬੂਹਾ ਲਾਹੋ ਬਈ ਓਏ, ਘਰਾਂ ਵਾਲੇ ਆਏ ਨੇ।’’ ਕਿਸੇ ਉੱਚੀ ਆਵਾਜ਼ ’ਚ ਆਖਿਆ। ਅੰਦਰ ਗਏ, ਪਰ ਘਰ ਪਛਾਣ ’ਚ ਨਾ ਆਇਆ। ‘ਘਰ ਵਾਲੇ’ ਪੁੱਛਣ ਲੱਗੇ-ਸਰਦਾਰ ਜੀ, ਤੁਹਾਨੂੰ ਘਰ ਦੀ ਕੋਈ ਨਿਸ਼ਾਨੀ ਯਾਦ ਏ?
ਮੈਂ ਕਿਹਾ-ਮੈਂ ਆਪਣੇ ਘਰ ਦੇ ਦਰਵਾਜ਼ੇ ਤੇ ਛੱਤਾਂ ਪਛਾਣ ਸਕਦਾਂ।
ਦਰਵਾਜ਼ੇ ਪਛਾਣ ’ਚ ਆ ਗਏ। ਮੈਂ ਪੁੱਛਿਆ-ਘਰ ਤਾਂ ਸਾਡਾ ਹੀ ਏ, ਪਰ ਇਹਨੂੰ ਹੋ ਕੀ ਗਿਆ? ਉਹ ਆਂਹਦੇ-ਸਰਦਾਰ ਜੀ, ਤੁਸੀਂ ਇਕੱਲੇ ਰਹਿੰਦੇ ਸੀ, ਪਰ ਹੁਣ ਇੱਥੇ ਛੇ ਟੱਬਰ ਰਹਿੰਦੇ ਨੇ। ਕੰਧਾਂ ਨੇ ਇਹਦਾ ਹੁਲੀਆ ਵਿਗਾੜ ਛੱਡਿਆ ਏ।
ਇੱਕ ਬੰਦਾ ਪੈਪਸੀ ਦੀ ਪੂਰੀ ਪੇਟੀ ਚੁੱਕੀ ਭੱਜਾ-ਭੱਜਾ ਆਇਆ। ਉਹ ਆਂਹਦਾ-ਲੰਬੜਦਾਰ ਨੂੰ ਝੁਰਮਟ ਪਾਇਆ, ਕੁਝ ਖੁਆਇਆ-ਪਿਆਇਆ ਵੀ ਹੈ ਕਿ ਨਹੀਂ। ਉਹ ਸਾਡੇ ਟੱਬਰ ’ਚੋਂ ਲੱਗਦੇ ਭਰਾ ਪੂਰਨ ਸਿੰਘ ਨਾਲ ਪੜ੍ਹਦਾ ਰਿਹਾ ਸੀ ਤੇ ਹੁਣ ਪਿੰਡ ਦੇ ਹਾਈ ਸਕੂਲ ’ਚ ਮਾਸਟਰ ਲੱਗਾ ਹੋਇਆ ਸੀ। ਉਹਨੇ ਆਪਣੇ ਦੋਸਤ ਦਾ ਹਾਲ-ਚਾਲ ਪੁੱਛਿਆ। ਉਹ ਸਾਨੂੰ ਆਉਣ ਨਹੀਂ ਸੀ ਦਿੰਦਾ, ਪਰ ਮੁੜਨਾ ਸਾਡੀ ਮਜਬੂਰੀ ਸੀ। ਵਿੱਛੜਨ ਲੱਗਿਆਂ ਉਹਨੇ ਮੇਰਾ ਤੇ ਮੈਂ ਉਹਦਾ ਟੈਲੀਫੋਨ ਨੰਬਰ ਲੈ ਲਿਆ ਸੀ।
ਉੱਥੇ ਤੁਰ ਕੇ ਅਸੀਂ ਨਾਨਕਿਆਂ ਦੇ ਪਿੰਡ ਡੁਮਾਲੇ ਥਾਣੀਂ ਹੁੰਦੇ ਹੋਏ ਨਾਰੋਵਾਲ ਪਹੁੰਚ ਗਏ। ਫਿਰ ਅਸੀਂ ਕਰਤਾਰਪੁਰ ਚਲੇ ਗਏ ਤੇ ਵੱਡੀ ਰਾਤੇ ਲਾਹੌਰ ਮੁੜ ਆਏ। ਅਗਲੀ ਸਵੇਰ ਅਸੀਂ ਭਾਰਤ ਮੁੜ ਆਏ। ਕੋਈ ਪੰਦਰਾਂ-ਵੀਹ ਦਿਨ ਬਾਅਦ ਇੱਕ ਦਿਨ ਮੈਨੂੰ ਕਿਸੇ ਔਰਤ ਦਾ ਫੋਨ ਆਇਆ। ਉਹਨੇ ਪੁੱਛਿਆ-ਗੁਰਬਚਨ ਸਿੰਘ ਬਾਜਵਾ ਬੋਲਦੈ? ਮੈਂ ਕਿਹਾ-ਹਾਂ ਜੀ।
ਉਹ ਆਂਹਦੀ ਕਿ ਮੈਂ ਹੈੱਡਮਾਸਟਰ ਕੋਲੋਂ ਤੇਰਾ ਨੰਬਰ ਲਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਗੁਰਬਚਨ ਤਾਂ ਮੇਰਾ ਨਿੱਕਾ ਭਰਾ ਏ। ਮੈਂ ਰਹਿਮਤੋ ਆਂ। ਤੇਰੇ ਚਾਚੇ ਬਿਸ਼ਨ ਸਿੰਘ ਦੀ ਧੀ। ਅਸੀਂ ਅੱਬਾ ਨੂੰ ਪੁੱਛਣਾ ਕਿ ਸਾਡਾ ਕੋਈ ਚਾਚਾ ਤਾਇਆ ਕਿਉਂ ਨਹੀਂ? ਉਹਨੇ ਆਖਣਾ- ਸੁੱਖ ਸੁੱਖ ਬੋਲੋ, ਸਾਰੇ ਸੁੱਖੀ ਸਾਂਦੀ ਵੱਸਦੇ ਨੇ। ਅਸੀਂ ਪੁੱਛਣਾ-ਕਿੱਥੇ? ਉਹਨੇ ਆਖਣਾ-ਰਾਵੀਓਂ ਪਾਰ। ਉਹ ਚੱਤੋ ਪਹਿਰ ਤੁਹਾਡੀਆਂ ਗੱਲਾਂ ਕਰਕੇ ਰੋਂਦਾ ਰਹਿੰਦਾ ਸੀ। ਬਸ ਤੁਹਾਨੂੰ ਉਡੀਕਦਾ ਕਬਰੀਂ ਪੈ ਗਿਆ। ਅਸੀਂ ਕੁੱਲ ਬਾਜਵੇ ਵਾਲਿਆਂ ਨੂੰ ਮਾਣ ਨਾਲ ਦੱਸਦੇ ਰਹੇ ਆਂ ਕਿ ਸਾਡੇ ਆਪਣੇ ਲੀਕੋਂ ਪਾਰ ਵੱਸਦੇ ਨੇ। ਸੱਠ ਵਰ੍ਹਿਆਂ ਬਾਅਦ, ਪਹਿਲੀ ਵਾਰ ਕੋਈ ਆਪਣਾ ਜੀਅ ਕੁੱਲ ਬਾਜਵੇ ਆਇਆ, ਪਰ ਸਾਨੂੰ ਮਿਲ ਕੇ ਵੀ ਨਹੀਂ ਗਿਆ!
ਮੈਂ ਕਿਹਾ-ਭੈਣਾ, ਮੈਂ ਕਾਹਲੀ-ਕਾਹਲੀ ਆਇਆ ਸੀ। ਮੈਨੂੰ ਮੁਆਫ਼ ਕਰੀਂ। ਅਗਲੀ ਵਾਰ ਜ਼ਰੂਰ ਮਿਲ ਕੇ ਜਾਵਾਂਗਾ। ਉਹ ਅੱਧ-ਰੋਂਦੀ ਆਵਾਜ਼ ’ਚ ਅਗਾਂਹ ਬੋਲੀ-ਸਾਡਾ ਤਾਂ ਉਸ ਦਿਨ ਦਾ ਘਰੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਲੋਕਾਂ ਨੂੰ ਕੀ ਮੂੰਹ ਵਿਖਾਈਏ। ਜ਼ਿੰਦਗੀ ’ਚ ਪਹਿਲੀ ਵਾਰ ਇਹ ਲੱਗ ਰਿਹੈ ਕਿ ਸਾਡਾ ਕਿਤੇ ਕੋਈ ਨਹੀਂ! ਮੈਂ ਉਹਦੀ ਇਸ ਗੱਲ ਦਾ ਕੀ ਜਵਾਬ ਦਿੰਦਾ। ਮੈਂ ਚੁੱਪ ਹੋ ਗਿਆ ਤੇ ਉਹ ਰੋਣ ਲੱਗ ਪਈ। ਫਿਰ ਉਹਨੇ ‘ਖ਼ੁਸ਼ ਰਹੋ’ ਦੀ ਦੁਆ ਦਿੱਤੀ ਤੇ ਫੋਨ ਕੱਟ ਦਿੱਤਾ!”
ਗੱਲ ਮੁਕਾ ਗੁਰਬਚਨ ਸਿੰਘ ਹੁਰਾਂ ਸਿਰ ਝੁਕਾ ਲਿਆ।
ਸੰਪਰਕ: 97818-43444