ਮੁੰਬਈ: ਗਾਇਕਾ ਸ਼ਿਲਪਾ ਰਾਓ ਸੁਤੰਤਰ ਅਤੇ ਪਿੱਠਵਰਤੀ ਸੰਗੀਤ ਲਈ ਸਰਗਰਮ ਰਹੀ ਹੈ ਅਤੇ ਉਹ ਸਟੇਜੀ ਪੇਸ਼ਕਾਰੀ ਲਈ ਜਾਣੀ ਜਾਂਦੀ ਹੈ। ਪਰ ਕੋਵਿਡ-19 ਮਹਾਮਾਰੀ ਕਾਰਨ ਸੰਗੀਤਕ ਪ੍ਰੋਗਰਾਮ ਬੰਦ ਹੋ ਗਏ ਹਨ। ਸ਼ਿਲਪਾ ਨੇ ਕਿਹਾ ਕਿ ਉਹ ਸਟੇਜ ’ਤੇ ਵਾਪਸੀ ਦੀ ਹੋਰ ਉਡੀਕ ਨਹੀਂ ਕਰ ਸਕਦੀ, ਪਰ ਉਹ ਮਹਾਮਾਰੀ ਦੌਰਾਨ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਦੇ ਮਹੱਤਵ ਨੂੰ ਸਮਝਦੀ ਹੈ। ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਸ਼ਿਲਪਾ ਨੇ ਕਿਹਾ, ‘‘ਲਾਈਵ ਪੇਸ਼ਕਾਰੀ ਅਜਿਹੀ ਹੁੰਦੀ ਹੈ ਜਿਸ ਦੀ ਰਫ਼ਤਾਰ ਫੜਨ ਨੂੰ ਸਮਾਂ ਲੱਗੇਗਾ, ਪਰ ਸਾਨੂੰ ਸਾਵਧਾਨ ਰਹਿਣਾ ਪਵੇਗਾ। ਜ਼ਿੰਦਗੀ ਵਿੱਚ ਅੱਗੇ ਵਧਣਾ ਚੰਗਾ ਹੈ, ਪਰ ਅਸੀਂ ਬੇਪ੍ਰਵਾਹ ਨਹੀਂ ਹੋ ਸਕਦੇ ਅਤੇ ਸਾਨੂੰ ਆਪਣੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਅਸੀਂ ਸਾਰੇ ਮੰਚ ’ਤੇ ਵਾਪਸੀ ਲਈ ਮਰੇ ਜਾ ਰਹੇ ਹਾਂ ਪਰ ਇਹ ਅਜਿਹਾ ਸਮਾਂ ਹੈ ਜਦੋਂ ਤੁਹਾਨੂੰ ਕੁਝ ਹੋਰ ਚੀਜ਼ਾਂ ਨੂੰ ਪਹਿਲ ਦੇਣੀ ਪਵੇਗੀ।’’
ਗਾਇਕਾ ਦਾ ਮੰਨਣਾ ਹੈ ਕਿ ਅਸੀਂ ਸਾਰੇ ਸਿਹਤ ਮਾਹਿਰਾਂ ਦੇ ਸ਼ੁਕਰਗੁਜ਼ਾਰ ਹਾਂ, ਜੋ ਦਿਨ ਰਾਤ ਇਕ ਕਰਕੇ ਕਰੋਨਾਵਾਇਰਸ ਦਾ ਤੋੜ ਲੱਭ ਰਹੇ ਹਨ। -ਆਈਏਐੱਨਐੱਸ