ਮਨਦੀਪ ਸਿੰਘ ਸਿੱਧੂ
ਟਾਕੀਜ਼ ਫਿਲਮਾਂ ਦੀ ਸ਼ੁਰੂਆਤ ਦੇ ਨਾਲ ਹੀ ਫ਼ਨਕਾਰਾਂ ਦੇ ਲਬਾਂ ਨੁੰ ਆਵਾਜ਼ ਮਿਲ ਗਈ। ਜਦੋਂ ਆਵਾਜ਼ ਮਿਲੀ ਤਾਂ ਲਬ ਗੁਣ-ਗੁਣਾਉਣ ਵੀ ਲੱਗ ਪਏ। ਫਿਰ ਸਵਰ ਲਹਿਰੀਆਂ ਦਾ ਅਜਿਹਾ ਜਾਦੂ ਛਿੜਿਆ, ਜਿਸ ਨੇ ਪੂਰੀ ਕਾਇਨਾਤ ਨੂੰ ਕੀਲ ਕੇ ਰੱਖ ਦਿੱਤਾ। ਇਹ ਭਾਰਤੀ ਸਿਨਮਾ ਦਾ ਉਹ ਸੁਨਹਿਰਾ ਦੌਰ ਸੀ ਜਦੋਂ ਉਹੀ ਫ਼ਨਕਾਰ ਕਾਮਯਾਬੀ ਦਾ ਬਾਇਸ ਸਮਝੇ ਜਾਂਦੇ ਸਨ ਜੋ ਅਦਾਕਾਰੀ ਦੇ ਨਾਲ ਗਾਉਣ ਵਿੱਚ ਮੁਹਾਰਤ ਰੱਖਦੇ ਸਨ। ਸਭ ਤੋਂ ਪਹਿਲਾ ਫਖ਼ਰਯੋਗ ਇਜ਼ਾਜ਼ ਹਾਸਲ ਹੋਇਆ ਅਫ਼ਗਾਨੀ ਗੱਭਰੂ ਵਜ਼ੀਰ ਮੁਹੰਮਦ ਖ਼ਾਨ ਨੂੰ ਜਿਸ ਨੇ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫਿਲਮ ‘ਆਲਮਆਰਾ’ ਵਿੱਚ ਗੀਤ ਗਾ ਕੇ ਫਿਲਮ ਸੰਗੀਤ ਦੀ ਮਜ਼ਬੂਤ ਬੁਨਿਆਦ ਰੱਖੀ। 91 ਸਾਲ ਪਹਿਲਾਂ ਰੱਖੀ ਇਸ ਸੰਗੀਤਕ ਮਹਿਕ ਦਾ ਲੁਤਫ਼ ਅੱਜ ਤੱਕ ਭਾਰਤੀ ਫਿਲਮ ਸਨਅਤ ਉਠਾ ਰਹੀ ਹੈ।
ਵਜ਼ੀਰ ਮੁਹੰਮਦ ਖ਼ਾਨ ਉਰਫ਼ ਡਬਲਿਊ. ਐੱਮ. ਖ਼ਾਨ ਦੀ ਪੈਦਾਇਸ਼ 1906 ਨੂੰ ਅਫ਼ਗਾਨਿਸਤਾਨ ਦੇ ਮੁਸਲਿਮ ਪਠਾਣ ਪਰਿਵਾਰ ਵਿੱਚ ਹੋਈ। ਉਸ ਨੇ ਦੱਸਵੀਂ ਤੱਕ ਤਾਲੀਮ ਹਾਸਲ ਕੀਤੀ। ਸਕੂਲ ਟਾਈਮ ’ਚ ਹੀ ਉਹ ਹਾਕੀ ਅਤੇ ਫੁੱਟਬਾਲ ਦਾ ਉਮਦਾ ਖਿਡਾਰੀ ਸੀ। ਪੜ੍ਹਾਈ ਪੂਰੀ ਕਰਦਿਆਂ ਹੀ ਉਸ ਦੇ ਕਿਸੇ ਗੱਲ ਨੂੰ ਲੈ ਕੇ ਘਰਦਿਆਂ ਨਾਲ ਮਤਭੇਦ ਹੋ ਗਏ। ਉਸ ਨੇ ਘਰ ਛੱਡ ਦਿੱਤਾ ਅਤੇ ਫ਼ੌਜ ਵਿੱਚ ਭਰਤੀ ਹੋ ਗਿਆ। ਫ਼ੌਜ ਵਿੱਚ ਰਹਿੰਦਿਆਂ ਉਸ ਨੇ ਮਿਸਰ ਤੇ ਮੱਧ ਪੂਰਬ ਵਿੱਚ ਸਰਗਰਮ ਭੂਮਿਕਾ ਨਿਭਾਈ। ਉਸ ਵੇਲੇ ਫ਼ੌਜੀ ਜਵਾਨਾਂ ’ਚ ਉਤਸ਼ਾਹ ਭਰਨ ਲਈ ਚੁੱਪ ਫਿਲਮਾਂ ਵਿਖਾਈਆਂ ਜਾਂਦੀਆਂ ਸਨ। ਇਨ੍ਹਾਂ ਫਿਲਮਾਂ ਦਾ ਵਜ਼ੀਰ ਮੁਹੰਮਦ ਦੇ ਜਵਾਂ ਮਨ ਉੱਤੇ ਗਹਿਰਾ ਅਸਰ ਹੋਇਆ ਤੇ ਉਹ ਵੀ ਜਾਂਬਾਜ਼ ਕਿਰਦਾਰ ਨਿਭਾਉਣ ਦਾ ਖ਼ਵਾਹਿਸ਼ਮੰਦ ਹੋ ਗਿਆ। ਇੱਕ ਵਾਰ ਲੜਾਈ ਦੌਰਾਨ ਉਸ ਦੇ ਪੱਟ ’ਤੇ ਗੋਲੀ ਵੱਜ ਗਈ ਤੇ ਫ਼ੌਜ ਵਿੱਚੋਂ ਉਸ ਨੂੰ ਪੱਕੇ ਤੌਰ ’ਤੇ ਛੁੱਟੀ ਦੇ ਦਿੱਤੀ ਗਈ।
ਇਸ ਤੋਂ ਬਾਅਦ ਉਸ ਦੇ ਫਿਲਮੀ ਖ਼ਾਬਾਂ ਨੂੰ ਪਰਵਾਜ਼ ਮਿਲੀ ਤੇ ਉਹ ਐਕਸੀਲੀਜ਼ਰ ਫਿਲਮ ਕੰਪਨੀ ਵਿੱਚ ਸ਼ਾਮਲ ਹੋ ਗਿਆ। ਇਹ ਚੁੱਪ ਫਿਲਮਾਂ ਦਾ ਦੌਰ ਸੀ। ਜਦੋਂ ਐਕਸੀਲੀਜ਼ਰ ਫਿਲਮ ਕੰਪਨੀ, ਬੰਬੇ ਨੇ ਮਨੀ ਲਾਲ ਜੋਸ਼ੀ ਦੀ ਹਿਦਾਇਤਕਾਰੀ ਵਿੱਚ ਚੁੱਪ ਫਿਲਮ ‘ਕਸ਼ਮੀਰਾ’ ਉਰਫ਼ ‘ਦਿ ਐਨਮੀ ਡਾਟਰ’ (1926) ਬਣਾਈ ਤਾਂ ਵਜ਼ੀਰ ਮੁਹੰਮਦ ਖ਼ਾਨ ਨੂੰ ਡਬਲਿਊ ਐੱਮ. ਖ਼ਾਨ ਦੇ ਨਾਮ ਨਾਲ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ, ਜਿਸ ਦੇ ਹਮਰਾਹ ਅਦਾਕਾਰਾ ਜ਼ੁਬੈਦਾ ਹੀਰੋਇਨ ਦਾ ਪਾਰਟ ਅਦਾ ਕਰ ਰਹੀ ਸੀ। ਇਸ ਤੋਂ ਬਾਅਦ ਡਬਲਿਊ ਐੱਮ. ਖ਼ਾਨ ਦੀਆਂ ਚੁੱਪ ਫਿਲਮਾਂ ’ਚ ਸਰਸਵਤੀ ਫਿਲਮ ਕੰਪਨੀ, ਬੰਬੇ ਦੀ ਬੀ. ਪੀ. ਮਿਸ਼ਰਾ ਨਿਰਦੇਸ਼ਿਤ ਫਿਲਮ ‘ਹੂਰ-ਏ-ਬਗਦਾਦ’ ਉਰਫ਼ ‘ਫੋਰਬਿਡਨ ਲਵ’ (1928), ਇੰਪੀਰੀਅਲ ਫਿਲਮ ਕੰਪਨੀ, ਬੰਬੇ ਦੀ ਬੀ.ਪੀ. ਮਿਸ਼ਰਾ ਨਿਰਦੇਸ਼ਿਤ ਫਿਲਮ ‘ਦੋ ਧਾਰੀ ਤਲਵਾਰ’ ਉਰਫ਼ ‘ਚੈਲੇਂਜ’ (1929), ਨਿਊ ਐਕਸੀਲੀਜ਼ਰ ਫਿਲਮ ਕੰਪਨੀ, ਬੰਬੇ ਦੀ ਘਾਰੇ ਖ਼ਾਨ ਨਿਰਦੇਸ਼ਿਤ ਫਿਲਮ ‘ਕਮਾਲੇ ਸ਼ਮਸ਼ੀਰ’ (1930/ਨਾਲ ਅਦਾਕਾਰਾ ਮਹਿਤਾਬ) ਤੋਂ ਇਲਾਵਾ ਖ਼ਾਨ ਦੀ ਆਖ਼ਰੀ ਚੁੱਪ ਫਿਲਮ ਇੰਪੀਰੀਅਲ ਫਿਲਮ ਕੰਪਨੀ ਦੀ ਕੇ. ਪੀ. ਭਾਵੇ ਹਿਦਾਇਤਕਾਰੀ ’ਚ ਬਣੀ ‘ਰਾਮ ਰਹੀਮ’ (1930) ਸੀ, ਜਿਸ ਵਿੱਚ ਉਸ ਨਾਲ ਮਿਸ ਗੌਹਰ, ਈ. ਬਿਲੀਮੋਰੀਆ, ਜਗਤਾਪ ਨੁਮਾਇਆ ਸਨ। ਪਹਿਲੀ ਵਾਰ ਇਹ ਫਿਲਮ 12 ਜੁਲਾਈ 1930 ਨੂੰ ਰਾਇਲ ਸਿਨਮਾ, ਟਕਸਾਲੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਅਵਾਮ ਦੁਆਰਾ ਬੜੀ ਪਸੰਦ ਕੀਤੀ ਗਈ।
ਜਦੋਂ ਬੋਲਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਖ਼ਾਨ ਬਾਹਦੁਰ ਅਰਦੇਸ਼ੀਰ ਐੱਮ. ਇਰਾਨੀ ਨੇ ਇੰਪੀਰੀਅਲ ਮੂਵੀਟੋਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਮੋਤੀ ਬੀ. ਗਿਡਵਾਨੀ, ਸ੍ਰੀ ਰੁਸਤਮ ਭਰੂਚਾ, ਪੇਸੀ ਕਰਾਨੀ) ’ਚ ਭਾਰਤ ਦੀ ਪਹਿਲੀ ਮੁਕੰਮਲ ਬੋਲਦੀ ਤੇ ਨੱਚਦੀ ਗਾਉਂਦੀ ਹਿੰਦੀ ਫਿਲਮ ‘ਆਲਮ-ਆਰਾ’ (1931) ਬਣਾਈ ਤਾਂ ਵਜ਼ੀਰ ਮੁਹੰਮਦ ਖ਼ਾਨ ਨੂੰ ‘ਫ਼ਕੀਰ’ ਦਾ ਕਿਰਦਾਰ ਦਿੱਤਾ ਜੋ ਉਨ੍ਹਾਂ ਬੜੀ ਉਮਦਗੀ ਨਾਲ ਨਿਭਾਇਆ। ਕਹਾਣੀ ਜੋਸਫ਼ ਡੇਵਿਡ, ਮੰਜ਼ਰਨਾਮਾ ਅਰਦੇਸ਼ੀਰ ਐੱਮ. ਇਰਾਨੀ ਨੇ ਤਹਿਰੀਰ ਕੀਤਾ। ਸੰਗੀਤਕ ਤਰਜ਼ਾਂ ਫ਼ਿਰੋਜ਼ਸ਼ਾਹ ਐੱਮ. ਮਿਸਤਰੀ ਤੇ ਬੀ. ਈਰਾਨੀ ਨੇ ਤਾਮੀਰ ਕੀਤੀਆਂ। ਫਿਲਮ ਦੇ ਕੁੱਲ 7 ਗੀਤਾਂ ’ਚੋਂ ਵਜ਼ੀਰ ਮੁਹੰਮਦ ਖ਼ਾਨ ਦੇ ਗਾਏ ਤੇ ਉਸੇ ਉੱਤੇ ਫਿਲਮਾਏ ‘ਦੇ ਦੇ ਖ਼ੁਦਾ ਕੇ ਨਾਮ ਪੇ ਪਿਆਰੇ, ਤਾਕਤ ਹੋ ਗ਼ਰ ਦੇਨੇ ਕੀ, ਕੁਛ ਚਾਹੇ ਅਗਰ ਤੋ ਮਾਂਗ ਲੇ ਮੁਜਸੇ, ਹਿੰਮਤ ਹੋ ਗਰ ਲੇਨੇ ਕੀ’ ਨੂੰ ਭਾਰਤ ਦੇ ਪਹਿਲੇ ਗੀਤ ਦਾ ਇਤਿਹਾਸਕ ਫ਼ਖ਼ਰ ਹਾਸਲ ਹੋਇਆ। ਇਸ ਦੇ ਬੋਲ ਅਰਦੇਸ਼ੀਰ ਐੱਮ ਈਰਾਨੀ ਨੇ ਲਿਖੇ ਸਨ। ਫਿਲਮ ’ਚ ‘ਆਲਮ-ਆਰਾ’ ਦਾ ਟਾਈਟਲ ਰੋਲ ਅਦਾਕਾਰਾ ਜ਼ੁਬੈਦਾ ਨੇ ਤੇ ਦੀਗ਼ਰ ਫ਼ਨਕਾਰਾਂ ਵਿੱਚ ਪ੍ਰਿਥਵੀ ਰਾਜ ਕਪੂਰ (ਆਦਿਲ), ਜ਼ਿੱਲੋ (ਨਵਬਹਾਰ), ਸੁਸ਼ੀਲਾ (ਦਿਲਬਹਾਰ), ਅਲੀਜ਼ਰ (ਬਾਦਸ਼ਾਹ), ਜਗਦੀਸ਼ ਸੇਠੀ (ਰੁਸਤਮ), ਮੁਣਸ਼ੀ ਜ਼ਹੀਰ, ਐੱਲ. ਵੀ. ਪ੍ਰਸ਼ਾਦ ਨੁਮਾਇਆ ਕਿਰਦਾਰ ਅੰਜਾਮ ਦੇ ਰਹੇ ਸਨ। ਸਿਨਮਾ ’ਚ ਤਹਿਲਕਾ ਮਚਾਉਣ ਵਾਲੀ ਇਹ ਬੋਲਦੀ ਫਿਲਮ 14 ਮਾਰਚ 1931 ਨੂੰ ਮੈਜਿਸਟਿਕ ਸਿਨਮਾ, ਬੰਬੇ ਅਤੇ 14 ਅਪ੍ਰੈਲ 1931 ਨੂੰ ਕੈਪੀਟਲ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਪਰਦਾਪੇਸ਼ ਹੋਈ। ਅਫ਼ਸੋਸ ਹੈ ਕਿ ਇਸ ਇਤਿਹਾਸਕ ਫਿਲਮ ਦਾ ਪ੍ਰਿੰਟ ਨਸ਼ਟ ਹੋ ਚੁੱਕਿਆ ਹੈ।
ਜਦੋਂ ਪੰਜਾਬ ਦੀ ਵਾਹਿਦ ਫਿਲਮਸਾਜ਼ ਕੰਪਨੀ ਐਲੀਫੈਂਟਾ ਮੂਵੀਟੋਨ, ਲਾਹੌਰ ਨੇ ਬੀ. ਆਰ. ਓਬਰਾਏ ਦੀ ਹਿਦਾਇਤਕਾਰੀ ਹੇਠ ਆਪਣੀ ਪਹਿਲੀ ਹਿੰਦੀ ਫਿਲਮ ‘ਪਾਕਦਾਮਨ ਰੱਕਾਸਾ’ ਉਰਫ਼ ‘ਇਨੋਸੈਂਟ ਡਾਂਸਰ’ ਉਰਫ਼ ‘ਨਿਰਦੋਸ਼ ਨ੍ਰਿਤਕਾ’ (1932) ਬਣਾਈ ਤਾਂ ਫਿਲਮ ਦੇ ਕੁੱਲ 22 ਗੀਤਾਂ ’ਚੋਂ ਕੁਝ ਗੀਤ ਤੇ ਮੁਕਾਲਮੇ ਡਬਲਿਊ ਐੱਮ. ਖ਼ਾਨ ਨੇ ਤਹਿਰੀਰ ਕੀਤੇ।
ਇਸ ਤੋਂ ਬਾਅਦ ਉਸ ਨੇ ਅਜੰਤਾ ਸਿਨੇਟੋਨ, ਬੰਬੇ ਦੀਆਂ ਸ਼ਾਂਤੀ ਐੱਲ. ਦਵੇ ਨਿਰਦੇਸ਼ਿਤ ਫਿਲਮ ‘ਮਾਯਾ ਜਾਲ’ (1933), ਐੱਮ. ਭਵਨਾਨੀ ਨਿਰਦੇਸ਼ਿਤ ਫਿਲਮ ‘ਰੰਗੀਲਾ ਰਾਜਪੂਤ’ (1933), ਆਨੰਦ ਪ੍ਰਸ਼ਾਦ ਕਪੂਰ ਨਿਰਦੇਸ਼ਿਤ ‘ਦੁਖ਼ਤਰ-ਏ-ਹਿੰਦ’ ਉਰਫ਼ ‘ਭਾਰਤੀ ਬਾਲਾ’ ਉਰਫ਼ ‘ਡਾਟਰ ਆਫ਼ ਇੰਡੀਆ’ (1934), ਪੀ. ਵਾਈ. ਨਿਰਦੇਸ਼ਿਤ ਤਾਰੀਖ਼ੀ ਫਿਲਮ ‘ਵਾਸਵਦੱਤਾ’ ਉਰਫ਼ ‘ਸ਼ਾਹੀ ਗਵੱਈਆ’ ਉਰਫ਼ ‘ਦਿ ਰਾਇਲ ਮਿਊਜੀਸ਼ੀਅਨ’ (1934) ’ਚ ਸਾਥੀ ਅਦਾਕਾਰ ਦੇ ਖ਼ੂਬਸੂਰਤ ਕਿਰਦਾਰ ਨਿਭਾਏ।
ਅਜੰਤਾ ਸਿਨੇਟੋਨ ਦੀ ਹੀ ਐੱਮ. ਭਵਨਾਨੀ ਨਿਰਦੇਸ਼ਿਤ ਫਿਲਮ ‘ਸੈਰ-ਏ-ਪਰੀਸਤਾਨ’ ਉਰਫ਼ ‘ਸ਼ਾਨ-ਏ-ਖ਼ੁਦਾ’ (1934) ’ਚ ਬੀ. ਐੱਸ. ਹੂਗਨ ਦੇ ਸੰਗੀਤ ਵਿੱਚ ਡਬਲਿਊ. ਐੱਮ. ਖ਼ਾਨ ਦਾ ਗਾਇਆ ਤੇ ਉਸ ’ਤੇ ਹੀ ਫਿਲਮਾਇਆ ਗੀਤ ‘ਮੌਲਾ ਸੇ ਤੂ ਲਗਾਏ ਚਲਾ ਜਾ ਖ਼ੁਦੀ ਕੋ ਤੂ ਅਪਨੀ ਮਿਟਾਏ ਚਲਾ ਜਾ’ ਗੀਤ ਵੀ ਖ਼ੂਬ ਚੱਲਿਆ। ਅਜੰਤਾ ਸਿਨੇਟੋਨ, ਬੰਬੇ ਦੀ ਐੱਮ. ਭਵਨਾਨੀ ਤੇ ਮੋਤੀ ਝਿੰਗੀਆਨੀ ਦੀ ਹਿਦਾਇਤਕਾਰੀ ’ਚ ਬਣੀ ਫਿਲਮ ‘ਦਰਦ-ਏ-ਦਿਲ’ ਉਰਫ਼ ‘ਰੋਮਾਂਸ’ (1934) ’ਚ ਡਬਲਿਊ ਐੱਮ. ਖ਼ਾਨ ਨੇ ‘ਰਫ਼ੀ’ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਹਮਰਾਹ ਅਦਾਕਾਰਾ ਲਲਿਤਾ ‘ਹਸੀਨਾ/ਮਲਿਕਾ’ ਦਾ ਪਾਰਟ ਨਿਭਾ ਰਹੀ ਸੀ। ਬੀ. ਐੱਸ. ਹੂਗਨ ਦੇ ਸੰਗੀਤ ’ਚ ਖ਼ਲੀਲ ਜਬਿਰਾਨ ਬੀ. ਏ. ਦੇ ਲਿਖੇ ਵਜ਼ੀਰ ਮੁਹੰਮਦ ਤੇ ਲਲਿਤਾ ’ਤੇ ਫਿਲਮਾਏ ‘ਨੁਕੀਲੇ ਨੈਨਾ ਮਦ ਸੇ ਭਰੇ ਰਸੀਲੇ ਨੈਨਾ ਜਾਦੂ ਕਰੇ’, ‘ਹੁਸਨ ਜਬ ਮਕਤਲ ਕੀ ਜਾਨਬਿ ਤੇਗੇ ਬੁਰੀ ਲੈ ਚਲਾ’ ਤੇ ‘ਮਾਲੂਮ ਜਬ ਹੋਤਾ ਹਮੇਂ ਅੰਜਾਮੇ ਮੁਹੱਬਤ ਲੇਤੇ ਨਾ ਕਭੀ ਭੂਲ ਕੇ ਭੀ ਨਾਮੇ ਮੁਹੱਬਤ’ ਆਦਿ ਗੀਤਾਂ ਦਾ ਆਪਣਾ ਲੁਤਫ਼ ਸੀ।
ਸੰਗੀਤ ਪਿਕਚਰਜ਼, ਬੰਬੇ ਦੀ ਆਈ. ਏ. ਹਾਫ਼ਿਸਜੀ ਦੀ ਹਿਦਾਇਤਸ਼ੁਦਾ ਤਾਰੀਖ਼ੀ ਫਿਲਮ ‘ਗਾਜ਼ੀ ਸਲਾਹੂਦੀਨ’ (1939) ਜਿਸ ਦਾ ਟਾਈਟਲ ਪਾਰਟ ਲਾਹੌਰ ਦੇ ਗ਼ੁਲਾਮ ਮੁਹੰਮਦ ਨੇ ਨਿਭਾਇਆ ਸੀ। ਫਿਲਮ ’ਚ ਡਬਲਿਊ ਐੱਮ. ਖ਼ਾਨ ਨੇ ‘ਹੰਫਰੀ’ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਸੰਗੀਤਕਾਰ ਵਜੋਂ ਪੰਡਤ ਖ਼ੇਮਚੰਦ ਪ੍ਰਕਾਸ਼ ਦੀ ਇਹ ਪਹਿਲੀ ਫਿਲਮ ਸੀ। ਇਹ ਕਾਮਯਾਬ ਫਿਲਮ ਈਦ ਦੇ ਦਿਨ 20 ਫਰਵਰੀ 1940 ਨੂੰ ਰੋਜ਼ ਸਿਨਮਾ, ਰਾਵਲਪਿੰਡੀ ਵਿਖੇ ਨੁਮਾਇਸ਼ ਹੋਈ ਤੇ ਅਵਾਮ ਦੁਆਰਾ ਬੇਹੱਦ ਪਸੰਦ ਕੀਤੀ ਗਈ। ਮੋਹਨ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ਕਾਲਪਨਿਕ ਫਿਲਮ ‘ਥੀਫ਼ ਆਫ਼ ਤਾਤਾਰ’ ਉਰਫ਼ ‘ਤਾਤਾਰ ਕਾ ਚੋਰ’ (1940) ’ਚ ਉਸ ਨੇ ‘ਖ਼ਾਨ ਆਜ਼ਮ’ ਦਾ ਕਿਰਦਾਰ ਜਦੋਂ ਕਿ ‘ਤਾਤਾਰ ਕਾ ਚੋਰ’ (ਅਹਿਮਰ) ਦਾ ਟਾਈਟਲ ਰੋਲ ਯਾਕੂਬ ਨਿਭਾ ਰਿਹਾ ਸੀ। ਮੋਹਨ ਪਿਕਚਰਜ਼ ਦੀ ਹੀ ਕੇ. ਅਮਰਨਾਥ ਨਿਰਦੇਸ਼ਿਤ ਕਾਲਪਨਿਕ ਫਿਲਮ ‘ਬੁਲਬੁਲੇ ਬਗਦਾਦ’ (1941) ’ਚ ਉਸ ਨੇ ‘ਜੌਹਰ’ ਦਾ ਪਾਤਰ ਨਿਭਾਇਆ ਜਦੋਂ ਕਿ ਅਦਾਕਾਰਾ ਇੰਦੂਰਾਨੀ ਬਗਦਾਦ ਦੀ ‘ਬੁਲਬਲ’ ਦਾ ਟਾਈਟਲ ਪਾਰਟ ਅਦਾ ਕਰ ਰਹੀ ਸੀ। ਇਹ ਫਿਲਮ 19 ਫਰਵਰੀ 1943 ਨੂੰ ਮਦਰਾਸ ’ਚ ਪਰਦਾਪੇਸ਼ ਹੋਈ। ਈ. ਪੀ. ਕੰਗਾ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਬਿਲੀਮੋਰੀਆ ਨਿਰਦੇਸ਼ਿਤ ਫਿਲਮ ‘ਆਜ਼ਾਦੀ-ਏ-ਵਤਨ’ ਉਰਫ਼ ‘ਦੇਸ਼ ਸੇਵਕ’ (1940) ’ਚ ਵੀ ਉਸ ਨੇ ਅਹਿਮ ਕਿਰਦਾਰ ਨਿਭਾਇਆ ਸੀ। ਐਂਗਲੋ-ਅਮੈਰੀਕਿਨ ਫਿਲਮ ਕਾਰਪੋਰੇਸ਼ਨ ਦੀ ਇਹ ਖ਼ਸੂਸੀ ਪੇਸ਼ਕਸ਼ 31 ਮਈ 1940 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਰੈਕਸ ਪਿਕਚਰਜ਼, ਬੰਬੇ ਦੀ ਏ. ਐੱਚ. ਇੱਸਾ ਨਿਰਦੇਸ਼ਿਤ ਸਟੰਟ ਫਿਲਮ ‘ਦੇਸ਼ ਭਗਤ’ ਉਰਫ਼ ‘ਪੈਟਰੀਓਟ’ (1940) ’ਚ ਵੀ ਵਜ਼ੀਰ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਅਦਾ ਕੀਤਾ।
ਇੰਪੀਰੀਅਲ ਫਿਲਮ ਕੰਪਨੀ, ਬੰਬੇ ਦੀਆਂ ਫਿਲਮਾਂ ’ਚੋਂ ਹੋਮੀ ਮਾਸਟਰ ਨਿਰਦੇਸ਼ਿਤ ਫਿਲਮ ‘ਰੰਗੀਲਾ ਰਾਜਪੂਤ’ (1933), ਪ੍ਰੇਮਾਂਕੂਰ ਅਟੋਰਥੀ ਨਿਰਦੇਸ਼ਿਤ ਫਿਲਮ ‘ਧਨਵਾਨ’ ਉਰਫ਼ ‘ਮਜ਼ਦੂਰ ਕੀ ਬੇਟੀ’ (1937), ਆਈ. ਏ. ਹਾਫ਼ਿਸਜੀ ਨਿਰਦੇਸ਼ਿਤ ਫਿਲਮ ‘ਉਸ ਨੇ ਕਯਾ ਸੋਚਾ’ ਉਰਫ਼ ‘ਦਿ ਪ੍ਰਿਜ਼ਨਰਜ਼ ਵਾਈਫ’ (1937) ਤੋਂ ਇਲਾਵਾ ਭਾਰਤ ਮੂਵੀਟੋਨ ਦੀ ਜੀ. ਆਰ. ਸੇਠੀ ‘ਸ਼ਾਦ’ ਨਿਰਦੇਸ਼ਿਤ ਫਿਲਮ ‘ਹਾਤਿਮਤਾਈ 3’ (1933), ਇੰਡੀਆ ਸਿਨੇਟੋਨ ਪਿਕਚਰਜ਼, ਬੰਬੇ ਦੀ ਗੁੰਜਾਲ ਨਿਰਦੇਸ਼ਿਤ ਫਿਲਮ ‘ਮਦਰ ਇੰਡੀਆ’ (1938), ਫੈਡਰਲ ਫਿਲਮ ਐਕਸਚੇਂਜ, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫਿਲਮ ‘ਐਕਟਰਸ ਕਿਓਂ ਬਨੀ’ (1939), ਮਨਮੁਖ ਪਿਕਚਰਜ਼, ਬੰਬੇ ਦੀ ਪ੍ਰੇਮਾਂਕੁਰ ਅਟੋਰਥੀ ਨਿਰਦੇਸ਼ਿਤ ‘ਕਲਿਆਣੀ’ (1940), ਹਰੀਸ਼ਚੰਦਰ ਪਿਕਚਰਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ‘ਰੰਗੀਲਾ ਜਵਾਨ’ (1940), ਮੋਹਨ ਪਿਕਚਰਜ਼, ਬੰਬੇ ਦੀ ਨਾਨੂਭਾਈ ਵਕੀਲ ਨਿਰੇਸ਼ਿਤ ‘ਫ਼ਰਮਾਨ’ (1942), ਆਰਟਿਸਟਸ ਕੰਬਾਇਨ, ਬੰਬੇ ਦੀ ਡੀ. ਬਿਲੀਮੋਰੀਆ ਨਿਰਦੇਸ਼ਿਤ ‘ਕਾਲ ਆਫ਼ ਯੂਥ’ ਉਰਫ਼ ‘ਜਵਾਨੀ ਕੀ ਪੁਕਾਰ’ (1942/ਜਗਤ), ਸੌਭਾਗਿਆ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ‘ਤਮਾਸ਼ਾ’ (1942), ਸ੍ਰੀ ਗਣੇਸ਼ ਪਿਕਚਰਜ਼, ਬੰਬੇ ਦੀ ਹੀਰਾ ਲਾਲ ਡਾਕਟਰ ਨਿਰਦੇਸ਼ਿਤ ‘ਲਾਜਵੰਤੀ’ ਉਰਫ਼ ‘ਰੇਡੀਓ ਸਿੰਗਰ’ (1942), ਫ਼ਜ਼ਲੀ ਬ੍ਰਦਰਜ਼, ਬੰਬੇ ਦੀ ਹਰ ਪ੍ਰਸਾਦ ਨਿਰਦੇਸ਼ਿਤ ‘ਰਸਤਾ’ (1947), ਦੁੱਗਲ ਪਿਕਚਰਜ਼, ਬੰਬੇ ਦੀ ਐੱਮ. ਭਾਟੀਆ ਨਿਰਦੇਸ਼ਿਤ ‘ਦੋ ਨੈਨਾ’ (1947), ਗ੍ਰੇਟ ਇੰਡੀਆ ਪਿਕਚਰਜ਼, ਬੰਬੇ ਦੀ ਨਜ਼ਮ ਨਕਵੀ ਨਿਰਦੇਸ਼ਿਤ ‘ਪਰਾਈ ਆਗ’ (1948), ਮਿਨਰਵਾ ਮੂਵੀਟੋਨ, ਬੰਬੇ ਦੀ ਸ਼ਿਵਰਾਮ ਬੇਡੇਕਰ ਨਿਰਦੇਸ਼ਿਤ ‘ਮੇਰਾ ਮੁੰਨਾ’ (1948) ਆਦਿ ਫਿਲਮਾਂ ’ਚ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾ ਲਈ ਸੀ।
ਡੀ. ਆਰ. ਡੀ. ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫਿਲਮ ‘ਨੇਕ ਪਰਵੀਨ’ (1946) ਵਿੱਚ ਵਜ਼ੀਰ ਮੁਹੰਮਦ ਖ਼ਾਨ ਨੇ ‘ਸ਼ੌਕਤ’ ਨਾਮੀ ਖ਼ਲ ਕਿਰਦਾਰ ਬੜੀ ਉਮਦਗੀ ਨਾਲ ਨਿਭਾਇਆ, ਜਿਸ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ। ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਵਾਹਿਦ ਕੁਰੈਸ਼ੀ ਤੇ ਸੰਗੀਤ ਲਾਹੌਰ ਦੇ ਗੱਭਰੂ ਫ਼ਿਰੋਜ਼ ਨਿਜ਼ਾਮੀ ਬੀ. ਏ. ਨੇ ਮੁਰੱਤਬਿ ਕੀਤਾ। ਇਹ ਕਾਮਯਾਬ ਫਿਲਮ 14 ਜੂਨ 1946 ਨੂੰ ਨਾਵਲਟੀ ਸਿਨਮਾ, ਬੰਬੇ ਵਿਖੇ ਰਿਲੀਜ਼ ਹੋਈ। ਅਦਾਕਾਰ ਨਜ਼ੀਰ ਦੇ ਫਿਲਮਸਾਜ਼ ਅਦਾਰੇ ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫਿਲਮ ‘ਵਾਮਿਕ ਅਜ਼ਰਾ’ (1946) ’ਚ ਵਜ਼ੀਰ ਮੁਹੰਮਦ ਨੇ ‘ਤੁਗਰਲ’ ਦਾ ਰੋਲ ਕੀਤਾ ਜਦੋਂ ਕਿ ‘ਵਾਮਿਕ’ ਦਾ ਕਿਰਦਾਰ ਸਵਰਨ ਲਤਾ ਤੇ ‘ਅਜ਼ਰਾ’ ਦਾ ਟਾਈਟਲ ਪਾਰਟ ਖ਼ੁਦ ਨਜ਼ੀਰ ਅਦਾ ਕਰ ਰਿਹਾ ਸੀ। ਮਹਬਿੂਬ ਖ਼ਾਨ ਦੇ ਫਿਲਮਸਾਜ਼ ਅਦਾਰੇ ਮਹਬਿੂਬ ਪ੍ਰੋਡਕਸ਼ਨਜ਼, ਬੰਬੇ ਦੀ ਮਹਬਿੂਬ ਖ਼ਾਨ ਦੀ ਹਿਦਾਇਤ ’ਚ ਬਣੀ ਫਿਲਮ ‘ਐਲਾਨ’ (1947) ਵਿੱਚ ਡਬਲਿਊ. ਐੱਮ. ਖ਼ਾਨ ਨੇ ‘ਸੱਜਾਦ’ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਹਿਮਾਲਿਆਵਾਲਾ ਦੇ ਅੱਬਾ ‘ਖ਼ਾਨ ਬਹਾਦੁਰ ਅਬਦੁੱਲ ਹੱਕ’ ਦਾ ਬੜਾ ਨੇਕ ਕਿਰਦਾਰ ਨਿਭਾਇਆ।
1950ਵਿਆਂ ਦੇ ਦਹਾਕੇ ’ਚ ਚਰਿੱਤਰ ਅਦਾਕਾਰ ਵਜੋਂ ਵਜ਼ੀਰ ਮੁਹੰਮਦ ਖ਼ਾਨ ਦੀ ਉਮਦਾ ਅਦਾਕਾਰੀ ਵਾਲੀਆਂ ਚੰਦ ਯਾਦਗਾਰੀ ਫਿਲਮਾਂ ਵਿੱਚ ਸਨਰਾਈਜ਼ ਪਿਕਚਰਜ਼, ਬੰਬੇ ਦੀ ਵੀ. ਐੱਮ. ਨਿਰਦੇਸ਼ਿਤ ਫਿਲਮ ‘ਪਿਆਰ’ (1950), ਚਿੱਤਰਵਾਣੀ ਲਿਮਟਿਡ, ਬੰਬੇ ਦੀ ਭਗਵਾਲ ਹਜੇਲੇ ਨਿਰਦੇਸ਼ਿਤ ਫਿਲਮ ‘ਬੇਬੱਸ’ (1950), ਆਲ ਇੰਡੀਆ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ‘ਲੈਲਾ ਮਜਨੂੰ’ (1953/ਅਮੀਰ ਅਮਰੀ), ਬਿਮਲ ਰਾਏ ਪ੍ਰੋਡਕਸ਼ਨਜ਼, ਬੰਬੇ ਦੀ ਬਿਮਲ ਰਾਏ ਨਿਰਦੇਸ਼ਿਤ ਫਿਲਮ ‘ਨੌਕਰੀ’ (1954/ਮਹਿਮੂਦ), ਕੇ. ਅਮਰਨਾਥ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਕੇ. ਪ੍ਰਭਾਕਰ ਨਿਰਦੇਸ਼ਿਤ ਫਿਲਮ ‘ਕਲ ਹਮਾਰਾ ਹੈ’ (1959) ਆਦਿ ਦੇ ਨਾਂ ਜ਼ਿਕਰਯੋਗ ਹਨ।
ਨਿਊ ਵੋਆਇਸ ਪਿਕਚਰਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫਿਲਮ ‘ਹੈਦਰਾਬਾਦ ਕੀ ਨਾਜ਼ਨੀਨ’ (1952) ’ਚ ਉਸ ਨੇ ‘ਡਾਕਟਰ ਖ਼ਾਨ’ ਦਾ ਸੋਹਣਾ ਪਾਰਟ ਅਦਾ ਕੀਤਾ। ਫਿਲਮ ਦਾ ਪਹਿਲਾ ਨਾਮ ‘ਹੈਦਰਾਬਾਦ’ ਰੱਖਿਆ ਗਿਆ ਸੀ ਅਤੇ ਗਰਾਮੋਫ਼ੋਨ ਰਿਕਾਰਡ ਵੀ ਇਸੇ ਨਾਮ ਨਾਲ ਜਾਰੀ ਹੋਏ ਸਨ। ਬਸੰਤ ਪਿਕਚਰਜ਼, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਫਿਲਮ ‘ਅਲਾਦੀਨ ਔਰ ਜਾਦੂਈ ਚਿਰਾਗ਼’ ਉਰਫ਼ ‘ਅਲਾਦੀਨ ਐਂਡ ਦਾ ਵੰਡਰਫੁੱਲ ਲੈਂਪ’ (1952) ’ਚ ਉਸ ਨੇ ‘ਵਜ਼ੀਰ-ਏ-ਆਜ਼ਮ’ ਦਾ ਪਾਤਰ ਅਦਾ ਕੀਤਾ ਜਦੋਂ ਕਿ ‘ਅਲਾਦੀਨ’ ਦਾ ਟਾਈਟਲ ਕਿਰਦਾਰ ਮਹੀਪਾਲ ਨਿਭਾ ਰਿਹਾ ਸੀ।
ਦੇਸਾਈ ਫਿਲਮਜ਼, ਬੰਬੇ ਦੇ ਬੈਨਰ ਹੇਠ ਜਦੋਂ ਫਿਲਮਸਾਜ਼ ਤੇ ਹਿਦਾਇਤਕਾਰ ਨਾਨੂਭਾਈ ਵਕੀਲ ਨੇ ਅੱਧੀ ਰੰਗੀਨ ਫਿਲਮ ‘ਆਲਮ ਆਰਾ’ (1956) ਬਣਾਈ ਤਾਂ ਇਸ ਵਿੱਚ ਵਜ਼ੀਰ ਮੁਹੰਮਦ ਖ਼ਾਨ ਨੇ ਅਦਾਕਾਰੀ ਕਰਨ ਦੇ ਨਾਲ-ਨਾਲ ਆਪਣੀ ਪਹਿਲੀ ਫਿਲਮ ‘ਆਲਮ ਆਰਾ’ (1931) ਵਾਲਾ ਗੀਤ ‘ਦੇ ਦੇ ਖ਼ੁਦਾ ਕੇ ਨਾਮ ਪੇ ਪਿਆਰੇ’ ਨੂੰ ਦੁਬਾਰਾ ਗਾਇਆ ਸੀ। ਇਸ ਫਿਲਮ ’ਚ ਦਲਜੀਤ ਤੇ ਚਿੱਤਰਾ ਨੇ ਮਰਕਜ਼ੀ ਕਿਰਦਾਰ ਨਿਭਾਏ ਸਨ।
1960ਵਿਆਂ ਦੇ ਦਹਾਕੇ ਵਿੱਚ ਵਜ਼ੀਰ ਮੁਹੰਮਦ ਖ਼ਾਨ ਨੇ ਮੁਕੁਲ ਪਿਕਚਰਜ਼, ਬੰਬਈ ਰੂਪ ਕੇ. ਸ਼ੋਰੀ ਨਿਰਦੇਸ਼ਿਤ ਮਜ਼ਾਹੀਆ ਫਿਲਮ ‘ਅਪਲਮ ਚਪਲਮ’ (1961), ‘ਬਟਵਾਰਾ’, ‘ਜ਼ਬਕ’, ‘ਕਾਬੁਲੀਵਾਲਾ (1961), ‘ਨੀਲੀ ਆਂਖੇਂ’, ‘ਸ਼ੇਰ ਖ਼ਾਨ’ (1962), ‘ਕਾਬੁਲੀ ਖ਼ਾਨ’, ‘ਹਮਰਾਹੀ’, ‘ਬਹੂਰਾਣੀ’, ‘ਜ਼ਰਾਕ ਖ਼ਾਨ’, ‘ਬਾਗੀ ਸ਼ਹਿਜ਼ਾਦਾ’ (1963), ‘ਚਾਰ ਦਰਵੇਸ਼’ (1964/ਕਿੰਗ), ‘ਨੂਰ ਮਹਿਲ’ (1965/ਦੁਰਗਾਦਾਸ/ਪ੍ਰਾਈਮ ਮਨਿਸਟਰ), ‘ਅਕਲਮੰਦ’ (1966), ‘ਛੈਲਾ ਬਾਬੂ’ (1967/ਖ਼ਾਨ), ‘ਸ਼੍ਰੀਮਾਨਜੀ’, ‘ਤੇਰੀ ਤਲਾਸ਼ ਮੇਂ’, ‘ਖਿਲਾੜੀ’ (1968) ਅਤੇ 1970ਵਿਆਂ ਦੇ ਦਹਾਕੇ ’ਚ ਫਿਲਮ ‘ਸ਼ਾਨ-ਏ-ਖ਼ੁਦਾ’ (1971), ‘ਬਾਂਕੇਲਾਲ’ (1972) ਆਦਿ ’ਚ ਆਪਣੀ ਅਦਾਕਾਰੀ ਦੀ ਬਿਹਤਰੀਨ ਨੁਮਾਇਸ਼ ਕੀਤੀ।
ਉਸ ਨੇ ਸਿਰਫ਼ ਇੱਕੋ ਪੰਜਾਬੀ ਫਿਲਮ ’ਚ ਅਦਾਕਾਰੀ ਕੀਤੀ। ਅਬਦੁੱਲ ਗਫ਼ੂਰ ਖੇਤਰੀਵਾਲਾ ਦੇ ਫਿਲਮਸਾਜ਼ ਅਦਾਰੇ ਸ਼ੇਰੇ ਪੰਜਾਬ ਫਿਲਮਜ਼, ਬੰਬੇ ਦੇ ਬੈਨਰ ਹੇਠ ਬਲਦੇਵ ਆਰ. ਝੀਂਗਣ ਦੀ ਹਿਦਾਇਤਕਾਰੀ ਵਿੱਚ ਬਣੀ ਪੰਜਾਬੀ ਫਿਲਮ ‘ਸੱਪਣੀ’ (1965) ਵਿੱਚ ਉਸ ਨੇ ਅਦਾਕਾਰਾ ਨਿਸ਼ੀ (ਰੇਸ਼ਮੀ/ਸੱਪਣੀ) ਦੇ ਪਿਓ ਅਤੇ ਸਪੇਰਿਆਂ ਦੇ ਕਬੀਲੇ ਦੇ ਸਰਦਾਰ ‘ਕਾਲੂ’ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਕਹਾਣੀ ਬਲਦੇਵ ਆਰ. ਝੀਂਗਣ, ਮੰਜ਼ਰਨਾਮਾ ਤੇ ਮੁਕਾਲਮੇ ਮੁਲਕ ਰਾਜ ਭਾਖੜੀ, ਗੀਤ ਪ੍ਰੇਮ ਧਵਨ, ਵਰਮਾ ਮਲਿਕ, ਨਕਸ਼ ਲਾਇਲਪੁਰੀ ਅਤੇ ਸੰਗੀਤ ਤਰਜ਼ਾਂ ਪੰਡਤ ਹੁਸਨਲਾਲ-ਭਗਤਰਾਮ ਨੇ ਬਣਾਈਆਂ। ਇਹ ਫਿਲਮ 2 ਅਪਰੈਲ 1965 ਨੂੰ ਨੀਲਮ ਥੀਏਟਰ, ਚੰਡੀਗੜ੍ਹ ਵਿਖੇ ਨੁਮਾਇਸ਼ ਹੋਈ। ਮਫ਼ਤਲਾਲ ਸ਼ਾਹ ਦੇ ਫਿਲਮਸਾਜ਼ ਅਦਾਰੇ ਜਯਸ੍ਰੀ ਫਿਲਮਜ਼, ਬੰਬੇ ਦੀ ਨਾਨੂਭਾਈ ਵਕੀਲ ਨਿਰਦੇਸ਼ਿਤ ਹਿੰਦੀ ਫਿਲਮ ‘ਆਲਮ ਆਰਾ’ (1973) ਵਜ਼ੀਰ ਮੁਹੰਮਦ ਖ਼ਾਨ ਦੀ ਆਖ਼ਰੀ ਫਿਲਮ ਕਰਾਰ ਪਾਈ। ਫਿਲਮ ਦੀ ਮੁੱਖ ਭੂਮਿਕਾ ’ਚ ਅਦਾਕਾਰਾ ਨਾਜ਼ਿਮਾ ਤੇ ਅਜੀਤ ਸਚਦੇਵ ਮੌਜੂਦ ਸਨ।
ਬੋਲਦੀਆਂ ਫਿਲਮਾਂ ਦੇ ਇਬਤਿਦਾਈ ਦੌਰ ਵਾਲਾ ਇਹ ਅਜ਼ੀਮ ਗੁਲੂਕਾਰ ਤੇ ਅਦਾਕਾਰ ਉਰਦੂ, ਪੰਜਾਬੀ, ਹਿੰਦੀ, ਪਸ਼ਤੋ, ਗੁਜਰਾਤੀ, ਫ਼ਾਰਸੀ ਤੇ ਅੰਗਰੇਜ਼ੀ ਜ਼ੁਬਾਨ ਨੂੰ ਰਵਾਨੀ ਨਾਲ ਬੋਲਣ ਵਿੱਚ ਮਾਹਿਰ ਸੀ। ਵਜ਼ੀਰ ਮੁਹੰਮਦ ਖ਼ਾਨ ਜਿਸ ਨੇ ਭਾਰਤੀ ਫਿਲਮ ਸਨਅਤ ਦੇ ਤਮਾਮ ਨਾਮੀ ਫਿਲਮਸਾਜ਼ ਅਦਾਰਿਆਂ ਦੇ ਹਿਦਾਇਤਕਾਰਾਂ ਦੀ ਹਿਦਾਇਤ ’ਚ ਆਪਣਾ ਆਲ੍ਹਾ ਕੰਮ ਕੀਤਾ ਦੇ ਆਖ਼ਰੀ ਦਿਨ ਬੜੀ ਤੰਗਦਸਤੀ ’ਚ ਗੁਜ਼ਰੇ ਸਨ। ਬੰਬਈ ਦੇ ਗਰਾਂਟ ਰੋਡ ਦੇ ਇੱਕ ਮੁਸਲਿਮ ਮੁਹੱਲੇ ਵਿੱਚ 14 ਅਕਤੂਬਰ 1974 ਨੂੰ 68 ਸਾਲਾਂ ਦੀ ਉਮਰ ਵਿੱਚ ਉਹ ਅਕਾਲ ਚਲਾਣਾ ਕਰ ਗਿਆ। ਉਸ ਦੀ ਵਫ਼ਾਤ ਤੋਂ ਬਾਅਦ ਫਿਲਮ ਜਗਤ ਵੱਲੋਂ ਉਸ ਨੂੰ ਬਿਲਕੁਲ ਭੁਲਾ ਦਿੱਤਾ ਗਿਆ, ਪਰ ਜਦੋਂ ਕਦੇ ਵੀ ਭਾਰਤੀ ਫਿਲਮ ਤਾਰੀਖ਼ ਦੀ ਗੱਲ ਹੋਵੇਗੀ ਤਾਂ ਬੋਲਦੀਆਂ ਫਿਲਮਾਂ ਦੇ ਪਹਿਲੇ ਗਵੱਈਏ ਨੂੰ ਇਹਤਰਾਮ ਨਾਲ ਯਾਦ ਕੀਤਾ ਜਾਵੇਗਾ।
ਸੰਪਰਕ: 97805-09545
ਪਹਿਲਾ ਫਿਲਮੀ ਗੀਤ
ਫਿਲਮ ‘ਆਲਮ-ਆਰਾ’ ਦਾ ਵਜ਼ੀਰ ਮੁਹੰਮਦ ਖ਼ਾਨ ਵੱਲੋਂ ਗਾਇਆ ਗਿਆ ਗੀਤ ਉਸ ’ਤੇ ਹੀ ਫਿਲਮਾਇਆ ਗਿਆ ਸੀ, ਜਿਸ ਵਿੱਚ ਉਸ ਨੇ ਫਕੀਰ ਦੀ ਭੂਮਿਕਾ ਨਿਭਾਈ ਸੀ। ਇਸ ਗੀਤ ਦੇ ਬੋਲ ਹਨ:
ਦੇ ਦੇ ਖ਼ੁਦਾ ਕੇ ਨਾਮ ਪੇ ਪਿਆਰੇ
ਤਾਕਤ ਹੋ ਗ਼ਰ ਦੇਨੇ ਕੀ
ਕੁਛ ਚਾਹੇ ਅਗਰ ਤੋ ਮਾਂਗ ਲੇ ਮੁਜਸੇ
ਹਿੰਮਤ ਹੋ ਗ਼ਰ ਲੇਨੇ ਕੀ।
***
ਗਾਇਕ: ਵਜ਼ੀਰ ਮੁਹੰਮਦ ਖ਼ਾਨ
ਗੀਤਕਾਰ: ਅਰਦੇਸ਼ੀਰ ਐੱਮ ਈਰਾਨੀ
ਸੰਗੀਤ: ਫ਼ਿਰੋਜ਼ਸ਼ਾਹ ਐੱਮ. ਮਿਸਤਰੀ ਤੇ ਬੀ. ਈਰਾਨੀ