ਕੁਲਵਿੰਦਰ ਵਿਰਕ
ਘਰ- ਅਸੀਸਾਂ, ਆਸਥਾਵਾਂ, ਸਕੂਨ, ਦੁਆਵਾਂ, ਮੁਹੱਬਤਾਂ ਤੇ ਭਾਵਨਾਵਾਂ ਦਾ ਸੁਮੇਲ ਹੈ। ਪਰਿੰਦੇ ਵੀ ਤੀਲ੍ਹਾ-ਤੀਲ੍ਹਾ ਕਰ ਕੇ ਆਲ੍ਹਣੇ ਉਸਾਰਦੇ, ਸੰਭਾਲਦੇ ਤੇ ਆਪਣੇ ਬੋਟਾਂ ਨੂੰ ਪਾਲਦੇ ਹਨ। ਤੁਸੀਂ ਘਰ ਨੂੰ ਸੰਭਾਲੋ, ਘਰ ਤੁਹਾਨੂੰ ਸੰਭਾਲੇਗਾ, ਤੁਰ ਗਿਆਂ ਦੇ ਮਗਰੋਂ ਵੀ ਤੁਹਾਡੀਆਂ ਪੈੜਾਂ ਭਾਲੇਗਾ। ਜਦੋਂ
ਮੰਜ਼ਿਲਾਂ ਦੀ ਭਾਲ ਵਿੱਚ ਤੁਰ ਪਏ ਤਾਂ ਘਰਾਂ ਦਾ ਬਹੁਤਾ ਫ਼ਿਕਰ ਨਾ ਕਰਿਓ! ਰਾਹਾਂ ਵਿੱਚ ਆਉਂਦੀਆਂ ਪਹਾੜੀ ਕਿੱਕਰਾਂ ਤੇ ਅੱਕਾਂ ਨੂੰ ਛਾਂਗਦੇ ਜਾਇਓ… ਬਿੱਖਰੀਆਂ ਸੂਲਾਂ ਨੂੰ ਹਟਾਇਓ… ਤੇ ਜੇ ਫਿਰ ਵੀ ਕਿਤੇ ਅਟਕ ਪਏ ਤਾਂ ਆਪਣੇ ਸਿਰਾਂ ’ਤੇ ਪੈਰ ਰੱਖ ਲੈਣਾ, ਰਾਹਾਂ ਵਿੱਚ ਹਰਗਿਜ਼ ਨਾ ਬਹਿਣਾ, ਤੇ ਮੰਜ਼ਿਲਾਂ ਨੂੰ ਸਰ ਕਰਕੇ ਹੀ ਦਮ ਲੈਣਾ।
ਯਕੀਨ ਮੰਨਿਓ! ਘਰਾਂ ਦਾ ਮੋਹ ਤਿਆਗ ਕੇ ਜੇ ਮੰਜ਼ਿਲਾਂ ਨੂੰ ਸਰ ਕਰ ਲਉਗੇ ਤਾਂ ਤੁਹਾਡੀਆਂ ਪੈੜਾਂ ’ਚ ਪੈਰ ਧਰਦੇ ਕਾਫ਼ਲੇ ਨਜ਼ਰ ਆਉਣਗੇ। ਫਿਰ ਤੁਹਾਡੇ ਘਰ ਤੇ ਦਰ ਵੀ ਤੁਹਾਡੇ ਗਲਾਂ ਵਿੱਚ ਮੁਹੱਬਤਾਂ ਦੇ ਹਾਰ ਪਾਉਣਗੇ। ਪਰਿੰਦੇ ਵੀ ਸ਼ਾਮੀਂ ਆਪਣੇ ਆਲ੍ਹਣਿਆਂ ਵਿੱਚ ਪਰਤ ਆਉਂਦੇ ਨੇ, ਬੋਟਾਂ ਨੂੰ ਗਲ ਲਾਉਂਦੇ ਨੇ…।
ਤੁਸੀਂ ਵੀ ਘਰ ਛੇਤੀ ਪਰਤਿਆ ਕਰੋ। ਬੱਚਿਆਂ ਨਾਲ ਲਾਡ ਲਡਾਇਆ ਕਰੋ, ਬਜ਼ੁਰਗਾਂ ਦੇ ਦਰਦ ਵੰਡਾਇਆ ਕਰੋ, ਪਰ ਐਵੇਂ ਨਾ ਹਰਖਿਆ ਕਰੋ ਕਿਉਂਕਿ ਤੁਹਾਡੇ ਪਿੱਛੋਂ ਘਰ ਤੁਹਾਡੀ ਉਡੀਕ ਕਰਦਾ ਹੈ, ਪਰਦੇਸ ਤੁਰ ਗਿਆਂ ਨੂੰ ਵਿਹੜਾ ’ਵਾਜ਼ਾਂ ਮਾਰਦਾ ਹੈ। ਤੁਹਾਡੀਆਂ ਯਾਦਾਂ ਸੰਭਾਲਦਾ ਹੈ।
ਜਦੋਂ ਕਦੇ ਘਰ ਨੂੰ ਛੱਡਣ ਲਈ ਮਜਬੂਰ ਹੋ ਜਾਈਦਾ ਹੈ, ਰੋਟੀ-ਰੋਜ਼ੀ ਦੇ ਚੱਕਰ ਵਿੱਚ ਘਰ ਤੋਂ ਦੂਰ ਹੋ ਜਾਈਦਾ ਹੈ ਤਾਂ ਵਿਹੜਿਆਂ ਦੀ ਰੌਣਕ ਵੀ ਚਲੀ ਜਾਂਦੀ ਹੈ। ਵਕਤ ਦੇ ਪੈਰਾਂ ਹੇਠ ਆ ਕੇ ਸੱਧਰਾਂ ਦੀ ਕੋਈ ਕਲੀ ਮਸਲੀ ਜਾਂਦੀ ਹੈ। ਬਨੇਰਿਆਂ ’ਤੇ ਬੈਠੇ ਮਿੱਟੀ ਦੇ ਮੋਰ ਵੀ ਉਡੀਕਦੇ-ਉਡੀਕਦੇ ਰਾਤਾਂ, ਬਰਸਾਤਾਂ ਵਿੱਚ ਖੁਰ ਜਾਂਦੇ ਹਨ। ਕਿਧਰੇ ਹਨੇਰੀਆਂ ਵਿੱਚ ਹੀ ਉੱਡ-ਪੁੱਡ ਜਾਂਦੇ ਹਨ। ਘਰ ਉਦਾਸ ਹੋ ਜਾਂਦਾ ਹੈ, ਗਲੀ ਦਾ ਬੂਹਾ ਵੀ ਨਿਰਾਸ਼ ਹੋ ਜਾਂਦਾ ਹੈ। ਕੰਧਾਂ ਹਉਕੇ ਭਰਦੀਆਂ ਹਨ, ਜਿੰਦਰੇ ਜੰਗਾਲੇ ਜਾਂਦੇ ਹਨ, ਵਿਹੜੇ ਵਿੱਚ ਲੱਗੀਆਂ ਡੇਕਾਂ, ਧਰੇਕਾਂ ਵੀ ’ਕੱਲੀਆਂ ਆਖ਼ਿਰ ਕਿੰਨਾ ਕੁ ਚਿਰ ਖੜ੍ਹਦੀਆਂ ਨੇ …।
ਉਂਜ ਘਰ ਵਸਦੇ ਤੇ ਬੱਚੇ ਹੱਸਦੇ ਰਹਿਣ… ਬੱਚੇ ਤੇ ਬਜ਼ੁਰਗ ਤਾਂ ਹੱਸਦੇ-ਵਸਦੇ ਘਰਾਂ ਦੀ ਨਿਸ਼ਾਨੀ ਹੁੰਦੇ ਹਨ। ਕੋਈ ਨਵੀਂ, ਪੁਰਾਣੀ ਕਹਾਣੀ ਹੁੰਦੇ ਹਨ। ਬੁੱਢੇ ਬਾਪੂ ਤੇ ਬੇਬੇ ਘਰਾਂ ਦਾ ਮਾਣ ਹੁੰਦੇ ਹਨ, ਸਨਮਾਨ ਹੁੰਦੇ ਹਨ। ਉਹ ਘਰ ਦੇ ਪਹਿਰੇਦਾਰ ਹੁੰਦੇ ਹਨ। ਘਰ ਸਦਾ ਘਰ ਹੀ ਰਹੇ। ਕਮਰਿਆਂ ਵਿੱਚ ਵੰਡਿਆ ਨਾ ਜਾਵੇ, ਕੰਧਾਂ ਵਿੱਚ ਤਰੇੜਾਂ ਨਾ ਪੈਣ। ਸ਼ਾਮ ਨੂੰ ਘਰ ਦੇ ਸਾਰੇ ਜੀਅ ਚੁੱਲ੍ਹੇ ਮੂਹਰੇ ਜਾਂ ਡਾਇਨਿੰਗ ਟੇਬਲ ’ਤੇ ਜੁੜ ਬਹਿਣ। ਪਿਆਰ ਮਿਲੇ, ਸਤਿਕਾਰ ਮਿਲੇ, ਦੁਲਾਰ ਮਿਲੇ। ਮੋਹ-ਮਮਤਾ ਦੇ ਦੀਵੇ ਬਲਦੇ ਰਹਿਣ, ਆਸਾਂ ਦੇ ਬੂਟੇ ਫਲਦੇ ਰਹਿਣ।
ਆਥਣੇ ਕੰਮਾਂ-ਕਾਰਾਂ ਤੋਂ ਸੁਰਖੁਰੂ ਹੋ ਕੇ ਘਰ ਮੁੜਨ ਦੀ ਕਾਹਲ ਹੋਵੇ, ਬੂਹੇ ਵਿੱਚ ਉਡੀਕਾਂ ਦੇ ਕੋਈ ਦੀਵੇ ਜਗਾ ਕੇ ਰੱਖੇ… ਚਿਹਰੇ ’ਤੇ ਮੁਸਕਰਾਹਟ ਸਜਾ ਕੇ ਰੱਖੇ… ਬੱਚੇ ਭੱਜ ਕੇ ਮਿਲਣ, ਥਕਾਵਟ ਆਪੇ ਹੀ ਦੂਰ ਹੋ ਜਾਵੇਗੀ।
ਤ੍ਰੈਲੋਚਨ ਲੋਚੀ ਘਰ ਦੀ ਕਾਮਨਾ ਕਰਦਾ ਹੋਇਆ ਲਿਖਦਾ ਹੈ:
ਫੁੱਲਾਂ ਦੀ ਛੱਤ ਹੋਵੇ, ਚੰਦਨ ਦਾ ਦਰ ਹੋਵੇ,
ਮਹਿਕਾਂ ਦੇ ਸਰਵਰ ’ਤੇ, ਨਿੱਕਾ ਜਿਹਾ ਘਰ ਹੋਵੇ।
ਇਸ ਤੋਂ ਖ਼ੂਬਸੂਰਤ ਘਰ ਦੀ ਕਾਮਨਾ ਹੋਰ ਕੀ ਹੋ ਸਕਦੀ ਹੈ। ਹਰ ਘਰ ਵਿੱਚ ਖੁਸ਼ੀਆਂ-ਖੇੜੇ ਮਹਿਕਦੇ ਰਹਿਣ, ਬੱਚੇ ਚਹਿਕਦੇ ਤੇ ਫੁੱਲ ਮਹਿਕਦੇ ਰਹਿਣ… ਬਨੇਰਿਆਂ ’ਤੇ ਸੁਨਹਿਰੀ ਸੂਰਜ ਉੱਗੇ, ਦੁਪਹਿਰ ਚਮਕਦੀ ਹੋਵੇ, ਦਰਾਂ ਵਿੱਚੋਂ ਸੰਧੂਰੀ ਸ਼ਾਮ ਤੇ ਕੰਧਾਂ ਤੋਂ ਚੰਨ ਦੀ ਚਾਨਣੀ ਤਿਲ੍ਹਕਦੀ ਆਵੇ… ਘਰ ਸੱਚ-ਮੁੱਚ ਹੀ ਘਰ ਬਣ ਜਾਵੇ।
ਘਰ ਵਿੱਚ ਸੱਧਰਾਂ, ਇੱਛਾਵਾਂ, ਜਜ਼ਬੇ ਤੇ ਭਾਵਨਾਵਾਂ ਪਲਦੀਆਂ ਹਨ, ਫਲਦੀਆਂ ਹਨ, ਸਲਾਹਾਂ ਬਣਦੀਆਂ ਹਨ। ਸੰਸਾਰ ਵੱਲ ਖਿੜਕੀਆਂ ਖੁੱਲ੍ਹਦੀਆਂ ਹਨ, ਨਵੀਆਂ ਰਾਹਾਂ ਬਣਦੀਆਂ ਹਨ। ਬੰਦਾ ਇੱਟਾਂ, ਲੋਹੇ ਸੰਗ ਮਕਾਨ ਉਸਾਰਦਾ ਹੈ ਤੇ ਮੋਹ ਦੀਆਂ ਕਲੀਆਂ ਨਾਲ ਸਜਾ ਕੇ ਉਸ ਨੂੰ ਘਰ ਬਣਾ ਲੈਂਦਾ ਹੈ। ਕਦੇ ਪਹਿਲਾਂ ਤੇ ਕਦੇ ਮਗਰੋਂ ਕੁਝ ਸੁਪਨੇ ਵੀ ਸਜਾ ਲੈਂਦਾ ਹੈ।
ਹਰ ਘਰ ਦੀਆਂ ਕਈ-ਕਈ ਕਹਾਣੀਆਂ ਹੁੰਦੀਆਂ ਹਨ, ਕੁਝ ਨਵੀਆਂ ਤੇ ਕੁਝ ਪੁਰਾਣੀਆਂ। ਘਰ ਦਾ ਮੁਖੀ ਜੇਕਰ ਸਿਆਣਾ ਤੇ ਦੂਰਅੰਦੇਸ਼ੀ ਹੋਵੇ ਤਾਂ ਇਨ੍ਹਾਂ ਕਹਾਣੀਆਂ ਦੇ ਘਰ ਦੀ ਦਹਿਲੀਜ਼ ਤੋਂ ਬਾਹਰ ਚਰਚੇ ਨਹੀਂ ਹੁੰਦੇ, ਪਰ ਕੁਝ ਘਰਾਂ ਦੀਆਂ ਕਹਾਣੀਆਂ ਦੇ ਵਰਕੇ ਅਕਸਰ ਪਿੰਡ ਦੀਆਂ ਗਲੀਆਂ, ਸੱਥਾਂ, ਸ਼ਹਿਰ ਦੇ ਮੁਹੱਲਿਆਂ, ਥਾਣੇ ਤੇ ਕਚਹਿਰੀਆਂ ਵਿੱਚ ਉੱਡਦੇ ਰਹਿੰਦੇ ਹਨ।
ਵਿਹੜਿਆਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਤੇ ਹਾਸੇ ਖਣਕਦੇ ਰਹਿਣ। ਤੋਤੇ, ਘੁੱਗੀਆਂ, ਚਿੜੀਆਂ ਚਹਿਕਦੇ ਰਹਿਣ ਤੇ ਛਣਕਣੇ ਛਣਕਦੇ ਰਹਿਣ। ਰਸੋਈ ਵਿੱਚ ਰੋਟੀ ਪੱਕਦੀ ਹੋਵੇ ਤੇ ਬੂਹੇ ਵਿੱਚ ਖੜ੍ਹੀ ਮਾਂ, ਧੀ, ਪਤਨੀ ਤੁਹਾਡਾ ਰਾਹ ਤੱਕਦੀ ਹੋਵੇ। ਘਰਾਂ ਅੰਦਰ ਫੁੱਲ-ਬੂਟਿਆਂ ਤੇ ਹਰਿਆਵਲ ਦਾ ਹੋਣਾ ਸ਼ੁਭ ਵੀ ਹੁੰਦੈ ਤੇ ਖ਼ੂਬਸੂਰਤ ਵੀ। ਗਮਲਿਆਂ ’ਚ ਬੂਟੇ ਲਗਾ ਕੇ ਰੱਖੀਏ, ਹਰਿਆਵਲ ਬਣਾ ਕੇ ਰੱਖੀਏ।
ਕੋਈ ਸਮਾਂ ਸੀ ਜਦੋਂ ਘਰ ਕੱਚੇ ਤੇ ਲੋਕ ਸੱਚੇ ਸਨ। ਭਾਈਚਾਰਕ ਸਾਂਝ ਵੀ ਮਜ਼ਬੂਤ ਸੀ। ਦਾਲ ਦੀ ਕੌਲੀ ਤੋਂ ਲੈ ਕੇ ਖੇਤੀ ਦੇ ਸੰਦਾਂ ਤੱਕ ਬੜਾ ਕੁਝ ਇੱਧਰ-ਉੱਧਰ ਵਟਦਾ ਰਹਿੰਦਾ ਸੀ, ਪਰ ਜ਼ਮਾਨੇ ਦੀ ਤੇਜ਼ ਰਫ਼ਤਾਰ ਤੇ ਨਿਰਮੋਹੇ ਸ਼ਹਿਰਾਂ ਵਿੱਚ ਉੱਗੇ ਕੰਕਰੀਟਾਂ ਦੇ ਜੰਗਲ ਵਿੱਚ ਸਾਡੀਆਂ ਉਹ ਸਾਂਝਾਂ ਗੁਆਚਦੀਆਂ ਜਾ ਰਹੀਆਂ ਹਨ। ਘਰ ਪੱਕੇ, ਮੋਹ ਤੇ ਵਾਅਦੇ ਕੱਚੇ ਹੋ ਗਏ ਹਨ।
ਬਹੁਤੇ ਘਰਾਂ ਕੋਲ ਵੀ ਜਜ਼ਬਿਆਂ ਨੂੰ ਸਾਂਭਣ ਦਾ ਹੁਣ ਵਕਤ ਨਹੀਂ ਰਿਹਾ। ਪੁਰਖਿਆਂ ਦੀਆਂ ਯਾਦਾਂ ਤੇ ਵਿਰਸੇ ਦੀਆਂ ਸੌਗਾਤਾਂ ਕਿਸੇ ਡੂੰਘੀ ਨੁੱਕਰੇ ਦੱਬ ਕੇ ਲੋਕ ਸੁਰਖੁਰੂ ਹੋ ਗਏ ਹਨ। ਬਹੁਤੇ ਘਰਾਂ ਵਿੱਚ ਹੁਣ ਚੁੱਪ ਉੱਗ ਆਈ ਹੈ। ਚੜ੍ਹਦੀ ਜਵਾਨੀ ਹੱਥ ਬੰਦੂਕਾਂ ਤੇ ਗਾਣਿਆਂ ਵਿੱਚ ਅਰਧ-ਨਗਨ ਮਾਸ਼ੂਕਾਂ ਨੂੰ ਹੀ ਅਸੀਂ ਸੱਭਿਆਚਾਰ ਮੰਨ ਲਿਆ ਹੈ। ਮੁਹੱਬਤ ਹੋਵੇ ਤਾਂ ਗ਼ਰੀਬਾਂ ਦੇ ਕੱਚੇ ਖੋਲੇ ਵੀ ਸਵਰਗ ਜਾਪਦੇ ਹਨ, ਵਰਨਾਂ ਸਰਦਾਰਾਂ ਦੀਆਂ ਹਵੇਲੀਆਂ ਵੀ ਨਰਕ ਭੋਗਦੀਆਂ ਹਨ।
ਮਿੱਟੀ ’ਤੇ ਪਾਣੀ ਪਾ, ਫਿਰ ਗਿੱਲੀ ਮਿੱਟੀ ਨੂੰ ਪੈਰਾਂ ’ਤੇ ਜਮਾ ਬੱਚੇ ਘਰ ਬਣਾਉਂਦੇ ਹਨ, ਦੀਵਾਰਾਂ, ਖਾਲ, ਵੱਟਾਂ ਵੀ ਬਣਾਉਂਦੇ ਹਨ ਤੇ ਵੱਟਾਂ ’ਤੇ ਬਹੁਕਰ ਦੀਆਂ ਤੀਲ੍ਹਾਂ ਗੱਡ ਕੇ ਜਾਣੀ ਰੁੱਖ ਲਗਾਉਂਦੇ ਹਨ। ਘਰ-ਘਰ ਖੇਡਦੇ ਬੱਚੇ ਸੁਪਨੇ ਸਜਾਉਂਦੇ ਹਨ, ਕਦੇ ਲੜ ਪੈਂਦੇ ਹਨ ਤਾਂ ਇੱਕ-ਦੂਜੇ ਦੇ ਘਰ ਵੀ ਢਾਹ ਦਿੰਦੇ ਹਨ। ਵੱਡੇ ਹੋ ਕੇ ਜਦੋਂ ‘ਬੰਦੇ’ ਬਣਨ ਦਾ ਵਕਤ ਆਉਂਦਾ ਹੈ ਤਾਂ ਬਚਪਨ ਦੀਆਂ ਉਹ ਖੇਡਾਂ ਮੁੜ ਦੁਹਰਾਉਂਦੇ ਹਨ। ਕਦੇ ਬਣਾਉਂਦੇ ਤੇ ਕਦੇ ਘਰ ਢਾਹੁੰਦੇ ਹਨ, ਘਰ ਦੀਆਂ ਵੰਡੀਆਂ ਪਾਉਂਦੇ ਹਨ।
ਰੋਟੀ-ਰੋਜ਼ੀ ਦੀ ਭਾਲ ਵਿੱਚ ਘਰਾਂ ਤੋਂ ਵਿਦਾ ਹੋ ਗਏ ਬੰਦਿਆਂ ਦਾ ਛੇਤੀ ਘਰ ਪਰਤਣਾ ਕਿਹੜਾ ਸੌਖਾ ਹੁੰਦੈ, ਸੱਚੀਂ ਬੜਾ ਹੀ ਔਖਾ ਹੁੰਦੈ… ਗਲੀਆਂ, ਸੱਥਾਂ, ਖੂਹਾਂ, ਟੋਭਿਆਂ ਸਮੇਤ ਘਰਾਂ ਦੀਆਂ ਕੰਧਾਂ, ਦਰਵਾਜ਼ੇ ਵੀ ਉਦਾਸ ਹੋ ਜਾਂਦੇ ਨੇ, ਰੁੱਖ ਵੀ ਜਿਵੇਂ ਹਉਕੇ ਭਰਦੇ ਨੇ, ਪਰਦੇਸੀ ਤੁਰ ਗਿਆਂ ਨੂੰ ਸਾਰੇ ਬੜਾ ਯਾਦ ਕਰਦੇ ਨੇ…। ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਹੇਠਾਂ ਬਿਤਾਈਆਂ ਦੁਪਹਿਰਾਂ ਤੇ ਮਾਵਾਂ ਦੀਆਂ ਮੰਗੀਆਂ ਖ਼ੈਰਾਂ ਬੜਾ ਯਾਦ ਆਉਂਦੀਆਂ ਹਨ। ਪਰਦੇਸ ਬੈਠਿਆਂ ਨੂੰ ਯਾਦਾਂ ਅਕਸਰ ਰਵਾਉਂਦੀਆਂ ਹਨ… ਜੀਅ ਤਾਂ ਕਰਦਾ ਹੁੰਦੈ ਕਿ ਖੰਭ ਲਾ ਕੇ ਘਰਾਂ ਨੂੰ ਉੱਡ ਜਾਈਏ, ਮਾਂ ਦੇ ਪੈਰੀਂ ਹੱਥ ਲਾਈਏ, ਬਾਪੂ ਦਾ ਮੋਹ ਲਈਏ, ਭੈਣਾਂ ਦੇ ਸਿਰ ’ਤੇ ਹੱਥ ਰੱਖੀਏ ਤੇ ਚੂੜੇ ਵਾਲੀ ਦੇ ਗਲ ਬਾਹਾਂ ਪਾਈਏ, ਕੰਧਾਂ ’ਤੇ ਪਾਈਆਂ ਲੀਕਾਂ ਮਿਟਾਈਏ … ਪਰ ਫ਼ੌਜੀਆਂ ਤੇ ਪਰਦੇਸੀਆਂ ਦੀ ਕੋਈ ਵਾਹ ਨਹੀਂ ਚੱਲਦੀ। ਘਰਾਂ ਦੀਆਂ ਥੁੜ੍ਹਾਂ ਤੇ ਡਾਲਰਾਂ, ਪੌਂਡਾਂ ਦੀਆਂ ਖਿੱਚਾਂ ਅੱਗਾ ਵਲ਼-ਵਲ਼ ਬਹਿੰਦੀਆਂ ਹਨ, ਬੜੇ ਬਦਲੇ ਲੈਂਦੀਆਂ ਹਨ।
ਬੇਸ਼ੱਕ ਬੰਦਾ ਸਾਰੀ ਦੁਨੀਆ ਗਾਹ ਆਉਂਦਾ ਹੈ, ਪਰ ਆਪਣੇ ਘਰ ਆ ਕੇ ਹੀ ਸਕੂਨ ਮਿਲਦਾ ਹੈ, ਅਸਲ ਵਿੱਚ ਸੁੱਖ ਦਾ ਸਾਹ ਆਉਂਦਾ ਹੈ। ਘਰ ਘਰ ਹੀ ਹੁੰਦਾ ਹੈ। ਬੰਦਾ ਘਰ ਤੇ ਘਰ ਬੰਦੇ ਨੂੰ ਸੰਭਾਲਦਾ ਹੈ, ਘਰ ਸਦਾ ਬੰਦੇ ਦੇ ਨਾਲ ਰਹਿੰਦਾ ਹੈ। ਇਹੀ ਕਾਮਨਾ ਹੈ-ਹਰ ਬੰਦੇ ਨੂੰ ਘਰ ਮਿਲੇ, ਘਰ ਦਾ ਪਿਆਰ ਮਿਲੇ, ਧੀਆਂ-ਧਿਆਣੀਆਂ ਨੂੰ ਵੀ ਘਰ ਤੇ ਵਰ ਦੋਵਾਂ ਤੋਂ ਸਤਿਕਾਰ ਮਿਲੇ।
ਸੰਪਰਕ:78146-54133