ਮੁੰਬਈ: ਬੌਲੀਵੁੱਡ ਅਦਾਕਾਰ ਅਤੇ ਆਯੁਰਵੈਦ ਡਾਕਟਰ ਵਿਨੀਤ ਕੁਮਾਰ ਕਰੋਨਾ ਸੰਕਟ ਦੌਰਾਨ ਸੋਸ਼ਲ ਮੀਡੀਆ ਰਾਹੀਂ ਲੋੜਵੰਦਾਂ ਨੂੰ ਲਗਾਤਾਰ ਆਕਸੀਜਨ, ਦਵਾਈਆਂ ਅਤੇ ਹਸਪਤਾਲਾਂ ਵਿੱਚ ਬੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਹੀ ਚੰਗੇ ਕੰਮਾਂ ਲਈ ਸੋਸ਼ਲ ਮੀਡੀਆ ਵਰਗੇ ਵੱਡੇ ਪਲੈਟਫਾਰਮ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵਿਨੀਤ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਬੈੱਡਾਂ, ਆਕਸੀਜਨ ਤੇ ਕਰੋਨਾ ਪੀੜਤਾਂ ਦੇ ਪਰਿਵਾਰਾਂ ਦੀਆਂ ਬਾਕੀ ਜ਼ਰੂਰਤਾਂ ਨੂੰ ਸੋਸ਼ਲ ਮੀਡੀਆ ’ਤੇ ਵੱਧ ਤੋਂ ਵੱਧ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਉਹ ਜ਼ਰੂਰਤਾਂ ਪੂਰੀਆਂ ਵੀ ਹੋ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਲੋਕ ਇਹ ਜਾਣਕਾਰੀਆਂ ਸਾਝੀਆਂ ਕਰ ਰਹੇ ਹਨ ਅਤੇ ਕੁਝ ਚੰਗੇ ਲੋਕ ਇਸ ਦੁੱਖ ਦੀ ਘੜੀ ਵਿੱਚ ਇੱਕ-ਦੂਜੇ ਨਾਲ ਖੜ੍ਹੇ ਹੋ ਰਹੇ ਹਨ। ਮੈਂ ਤੇ ਮੇਰੇ ਕਈ ਦੋਸਤ ਵੀ ਅਜਿਹਾ ਕਰ ਰਹੇ ਹਨ। ਮਹਾਮਾਰੀ ਵਰਗੇ ਗੰਭੀਰ ਸੰਕਟ ਦੌਰਾਨ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਹੀ ਵਰਤਿਆ ਜਾਣਾ ਚਾਹੀਦਾ ਹੈ।’’ -ਆਈਏਐੱਨਐੱਸ