ਮੁੰਬਈ, 21 ਜੁਲਾਈ
ਫਿਲਮ ਅਦਾਕਾਰਾ ਵਿਦਿਆ ਬਾਲਨ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਸ਼ਕੁੰਤਲਾ ਦੇਵੀ’ ਦਾ ਗੀਤ ‘ਪਾਸ ਨਹੀਂ ਤੋ ਫੇਲ੍ਹ ਨਹੀ’ ਆਨਲਾਈਨ ਰਿਲੀਜ਼ ਕੀਤਾ, ਜਿਸ ’ਚ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਦੇ ਪੰਜ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਗੀਤ ਦੇ ਰਿਲੀਜ਼ ਹੋਣ ’ਚ ਸਮੂਲੀਅਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਦਿਆ ਬਾਲਨ ਨਾਲ ਗੱਲਬਾਤ ਵੀ ਕੀਤੀ। ਵਿਦਿਆ ਬਾਲਨ ਇਸ ਫਿਲਮ ’ਚ ਵਿਲੱਖਣ ਗਣਿਤ ਮਾਹਿਰ ਸ਼ਕੁੰਤਲਾ ਦੇਵੀ ਦੀ ਭੂਮਿਕਾ ਨਿਭਾ ਰਹੀ ਹੈ, ਜਿਸ ਨੂੰ ਗਣਿਤ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਪਲਾਂ ’ਚ ਸੁਲਝਾਉਣ ਦੀ ਯੋਗਤਾ ਰੱਖਣ ਕਾਰਨ ‘ਮਨੁੱਖੀ ਕੰਪਿਊਟਰ’ ਵਜੋਂ ਜਾਣਿਆ ਜਾਂਦਾ ਸੀ। ਇਸ ਗੀਤ ਨੂੰ ਸੰਗੀਤ ਸਚਿਨ-ਜਿਗਰ ਨੇ ਦਿੱਤਾ ਹੈ ਜਦਕਿ ਗਾਇਆ ਸੁਨਿਧੀ ਚੌਹਾਨ ਨੇ ਹੈ। ਇਹ ਗੀਤ ਵਾਯੂ ਨੇ ਲਿਖਿਆ ਹੈ। ਇਸ ਬਾਰੇ ਵਿਦਿਆ ਨੇ ਕਿਹਾ ਕਿ ਉਸ ਨੂੰ ਪੰਜ ਹਜ਼ਾਰ ਵਿਦਿਆਰਥੀਆਂ ਨਾਲ ਇਹ ਗੀਤ ਰਿਲੀਜ਼ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। -ਆਈਏਐੱਨਐੱਸ