ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਅੱਜ ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਨੂੰ ਉਨ੍ਹਾਂ ਦੇ 122ਵੇਂ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਕੌਸ਼ਲ ਨੇ ਇਸ ਸਾਲ ਦੀ ਮਸ਼ਹੂਰ ਫਿਲਮ ‘ਸਰਦਾਰ ਊਧਮ’ ਵਿੱਚ ਸ਼ਹੀਦ ਊਧਮ ਸਿੰਘ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦਾ ਨਿਰਦੇਸ਼ਕ ਸ਼ੂਜੀਤ ਸਰਕਾਰ ਹੈ, ਜਿਸ ਨੇ ‘ਪੀਕੂ’ ਅਤੇ ‘ਗੁਲਾਬੋ ਸਿਤਾਬੋ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਸਾਂਝੀ ਕੀਤੀ, ਜਿਸ ਨੇ 1919 ਵਿੱਚ ਵਾਪਰੇ ਜੱਲ੍ਹਿਆਂਵਾਲਾ ਹੱਤਿਆ ਕਾਂਡ ਦਾ ਬਦਲਾ ਲੈਣ ਲਈ 1940 ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਦੀ ਹੱਤਿਆ ਕੀਤੀ ਸੀ। ਕੌਸ਼ਲ ਨੇ ਆਖਿਆ, ‘‘ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 122ਵੇਂ ਜਨਮ ਦਿਨ ਮੌਕੇ ਯਾਦ ਕਰਦਿਆਂ… (26 ਦਸੰਬਰ 1899, 31 ਜੁਲਾਈ 1940)।’’ ਰਿਤੇਸ਼ ਸ਼ਾਹ ਅਤੇ ਸ਼ੁਭੇਂਦੂ ਭੱਟਾਚਾਰੀਆ ਵੱਲੋਂ ਲਿਖੀ ਗਈ ਇਸ ਫ਼ਿਲਮ ਵਿੱਚ ਕੌਸ਼ਲ ਦਾ ਕਿਰਦਾਰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ‘ਸਰਦਾਰ ਊਧਮ’ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਅਕਤੂੁਬਰ ਵਿੱਚ ਪ੍ਰਸਾਰਿਤ ਕੀਤੀ ਗਈ ਸੀ। -ਪੀਟੀਆਈ