ਜੈਪੁਰ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਉਹ 9 ਦਸੰਬਰ ਨੂੰ ਸਵਾਈ ਮਾਧੋਪੁਰ ਸਥਿਤ ਸਿਕਸ ਸੈਨਸਿਜ਼ ਫੋਰਟ ਵਿੱਚ ਵਿਆਹ ਦੇ ਬੰਧਨ ’ਚ ਬੱਝਣਗੇ। ਇਹ ਜੋੜਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੋਮਵਾਰ ਰਾਤੀ ਸਮਾਗਮ ਵਾਲੇ ਸਥਾਨ ’ਤੇ ਪਹੁੰਚਿਆ ਗਿਆ ਸੀ, ਜਿੱਥੇ ਉਨ੍ਹਾਂ ਦੇ ਸਵਾਗਤ ਵਿੱਚ ਆਤਿਸ਼ਬਾਜ਼ੀ ਕੀਤੀ ਗਈ। ਕੈਟਰੀਨਾ ਤੇ ਵਿੱਕੀ ਨਾਲ ਆਏ ਮਹਿਮਾਨਾਂ ਨੂੰ ਲਿਆਉਣ ਲਈ ਲਗਜ਼ਰੀ ਕਾਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਵੇਲੇ ਸੰਗੀਤ ਨਾਲ ਵਿਆਹ ਸਮਾਰੋਹ ਦਾ ਆਗਾਜ਼ ਹੋਇਆ। ਸੂਤਰ ਦੱਸਦੇ ਹਨ ਭਲਕੇ ਬੁੱਧਵਾਰ ਨੂੰ ਸਵੇਰੇ 11 ਵਜੇ ‘ਹਲਦੀ’ ਦੀ ਰਸਮ ਹੋਵੇਗੀ ਅਤੇ 9 ਦਸੰਬਰ ਨੂੰ ਵਿਆਹ ਹੋਵੇਗਾ। ਵੀਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ‘ਫੇਰੇ’ ਹੋਣਗੇ ਅਤੇ ਰਾਤ ਨੂੰ ‘ਪੂਲਸਾਈਡ’ ਪਾਰਟੀ ਹੋਵੇਗੀ। ਇਹ ਜੋੜਾ ‘ਰਜਵਾੜਾ’ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰਵਾਏਗਾ। ਕੈਫ ਤੇ ਵਿੱਕੀ 12 ਦਸੰਬਰ ਤੱਕ ਇਸੇ ਰਿਜ਼ੋਰਟ ’ਚ ਠਹਿਰਨਗੇ। ਵਿਆਹ ਨੂੰ ਸ਼ਾਹੀ ਦਿੱਖ ਦੇਣ ਲਈ ਵਿਦੇਸ਼ਾਂ ’ਚੋਂ ਕ੍ਰਿਸਟਲ ਬਾਲ ਅਤੇ ਹੋਰ ਸਾਮਾਨ ਮੰਗਵਾਇਆ ਗਿਆ ਹੈ। ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ‘ਫੇਰੇ’ ਲੈਣ ਲਈ ‘ਗਲਾਸ ਮੰਡਪ’ ਤਿਆਰ ਕੀਤਾ ਗਿਆ ਹੈ। ਸਮਾਗਮ ਵਾਲੀ ਥਾਂ ’ਤੇ ਮੋਬਾਈਲ ਲੈ ਕੇ ਜਾਣ ਦੀ ਪਾਬੰਦੀ ਹੈ।
ਵਿਆਹ ’ਚ ਸ਼ਾਮਲ ਹੋਣਗੇ ਬੌਲੀਵੁੱਡ ਦੇ ਵੱਡੇ ਸਿਤਾਰੇ
ਮੁੰਬਈ: ਵਿੱਕੀ ਤੇ ਕੈਟਰੀਨਾ ਦੇ ਵਿਆਹ ਸਮਾਗਮ ਵਿੱਚ ਵਰੁਣ ਧਵਨ, ਸ਼ਸ਼ਾਂਕ ਖੇਤਾਨ, ਰੋਹਿਤ ਸ਼ੈਟੀ, ਨਤਾਸ਼ਾ ਦਲਾਲ, ਕਰਨ ਜੌਹਰ, ਕਬੀਰ ਖਾਨ, ਆਲੀਆ ਭੱਟ, ਬੋਸਕੋ ਮਾਰਟਿਸ, ਅੰਗਦ ਬੇਦੀ, ਨੇਹਾ ਧੂਪੀਆ, ਅਨੁਰਾਗ ਕਸ਼ਯਪ ਅਤੇ ਆਦਿੱਤਿਆ ਧਰ ਵਰਗੇ ਬੌਲੀਵੁੱਡ ਸਿਤਾਰੇ ਸ਼ਾਮਲ ਹੋਣਗੇ। ਇਨ੍ਹਾਂ ’ਚੋਂ ਅੰਗਦ ਬੇਦੀ, ਨੇਹਾ ਧੂਪੀਆ, ਕਬੀਰ ਖਾਨ ਅਤੇ ਮਿਨੀ ਮਾਥੁਰ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ।
ਵਿੱਕੀ ਨੇ ਮੀਡੀਆ ਕਰਮੀਆਂ ਨੂੰ ਭੇਜਿਆ ਭੋਜਨ
ਮੁੰਬਈ: ਕੈਟਰੀਨਾ ਕੈਫ ਨਾਲ ਆਪਣੇ ਵਿਆਹ ਦੇ ਰੌਲੇ-ਰੱਪੇ ਵਿਚਕਾਰ ਵਿੱਕੀ ਕੌਸ਼ਲ ਨੇ ਘਰ ਦੇ ਬਾਹਰ ਤਾਇਨਾਤ ਮੀਡੀਆ ਕਰਮੀਆਂ ਲਈ ਆਪਣੇ ਸ਼ੈੱਫ ਵੱਲੋਂ ਤਿਆਰ ਕੀਤੇ ਭੋਜਨ ਦੇ ਪੈਕੇਟ ਭੇਜ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।