ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਅਦਾਕਾਰਾ ਕੈਟਰੀਨਾ ਕੈਫ਼ ਨਾਲ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਸਣੇ ਪਹਿਲੀ ਦੀਵਾਲੀ ਮਨਾਈ ਹੈ। ਵਿੱਕੀ ਨੇ ਕੈਟਰੀਨਾ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਪਰ ਜਿਸ ਚੀਜ਼ ਨੇ ਸਾਰਿਆਂ ਨੂੰ ਹੈਰਾਨ ਕੀਤਾ, ਉਹ ਸੀ ਵਿੱਕੀ ਦੀ ਕੈਟਰੀਨਾ ਲਈ ਲਿਖੀ ਪਿਆਰੀ ਜਿਹੀ ਕੈਪਸ਼ਨ। ‘ਉੜੀ’ ਫ਼ਿਲਮ ਦੇ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ‘‘ਘਰ ਕੀ ਲਕਸ਼ਮੀ ਕੇ ਸਾਥ ਲਕਸ਼ਮੀ ਪੂਜਾ ਹੋ ਗਈ। ਆਪ ਸਭੀ ਕੋ ਹਮਾਰੀ ਤਰਫ਼ ਸੇ ਸ਼ੁਭ ਦੀਵਾਲੀ।’’ ਇੰਸਟਾਗ੍ਰਾਮ ’ਤੇ ਇਹ ਤਸਵੀਰ ਸਾਂਝੀ ਕਰਨ ਮਗਰੋਂ ਵਿੱਕੀ ਨੂੰ ਪ੍ਰਸ਼ੰਸਕਾਂ ਤੇ ਉਸ ਦੇ ਫ਼ਿਲਮੀ ਜਗਤ ਦੇ ਮਿੱਤਰਾਂ ਵੱਲੋਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਨਿਮਰਤ ਕੌਰ ਅਤੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਤਸਵੀਰ ਦੇ ਹੇਠਾਂ ਦਿਲ ਦੇ ਇਮੋਜੀ ਬਣਾਏ ਹਨ। ਇਸੇ ਤਰ੍ਹਾਂ ਹੋਰ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਹਨ। ਕੰਮ ਦੇ ਮਾਮਲੇ ਵਿੱਚ ਕੈਟਰੀਨਾ ਕੈਫ਼ ਆਪਣੀ ਅਗਾਮੀ ਫ਼ਿਲਮ ‘ਫੋਨ ਭੂਤ’ ਦੀ ਤਿਆਰੀ ਕਰ ਰਹੀ ਹੈ, ਜਦੋਂਕਿ ਵਿੱਕੀ ਕੋਲ ਵੀ ਕਈ ਫ਼ਿਲਮਾਂ ਹਨ। ਵਿੱਕੀ ਨੇ ਹਾਲ ਹੀ ਵਿੱਚ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਅਤੇ ਜੰਗ ਦੇ ਮਹਾਨ ਨਾਇਕ ਸੈਮ ਮਾਨਿਕਸ਼ਾਅ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ‘ਸੈਮ ਬਹਾਦਰ’ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਹੈ। -ਆਈਏਐੱਨਐੱਸ