ਸੁਰਜੀਤ ਜੱਸਲ
ਵਰਿੰਦਰ ਦੀ ਸੁਪਰ ਹਿੱਟ ਫ਼ਿਲਮ ‘ਯਾਰੀ ਜੱਟ ਦੀ’ ਵਿਚ ਨਾਇਕਾ ਪ੍ਰੀਤੀ ਸਪਰੂ ਦੀ ਲਾਲਚੀ ਮਤਰੇਈ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪੰਮੀ ਸੰਧੂ ਇਕ ਬਹੁਪੱਖੀ ਸ਼ਖ਼ਸੀਅਤ ਹੈ। ਜਿਸ ਵੱਲੋਂ ਨਿਭਾਇਆ ਇਹ ਨਕਾਰਾਤਮਕ ਕਿਰਦਾਰ ਫ਼ਿਲਮ ਦੇ ਮੁੱਖ ਖ਼ਲਨਾਇਕ ਗੁਰਚਰਨ ਪੋਹਲੀ ’ਤੇ ਵੀ ਭਾਰੂ ਰਿਹਾ। ਅਜਿਹੇ ਕਿਰਦਾਰ ਸਾਡੇ ਸਮਾਜ ਦਾ ਹਿੱਸਾ ਹਨ ਜਿਨ੍ਹਾਂ ਨੂੰ ਇਸ ਅਦਾਕਾਰਾ ਨੇ ਬਾਖ਼ੂਬੀ ਨਿਭਾਅ ਕੇ ਇਸ ਫ਼ਿਲਮ ਨੂੰ ਬਿਹਤਰੀਨ ਬਣਾਉਣ ’ਚ ਆਪਣਾ ਯੋਗਦਾਨ ਪਾਇਆ।
ਪ੍ਰਸਿੱਧ ਕਾਮੇਡੀਅਨ ਡਾ. ਸੁਰਿੰਦਰ ਸ਼ਰਮਾ ਦੀ ਸ਼ਾਗਿਰਦ ਰਹੀ ਪੰਮੀ ਸੰਧੂ ਆਪਣੇ ਸਮਿਆਂ ਦੀ ਇਕ ਸਰਗਰਮ ਰੰਗਮੰਚ ਤੇ ਦੂਰਦਰਸ਼ਨ ਦੀ ਕਲਾਕਾਰ ਰਹੀ ਹੈ। ‘ਯਾਰੀ ਜੱਟ ਦੀ’ ਉਸਦੀ ਪਹਿਲੀ ਫ਼ਿਲਮ ਸੀ ਜਿਸਨੇ ਉਸਨੂੰ ਕੌਮਾਂਤਰੀ ਪੱਧਰ ਦੀ ਪਛਾਣ ਦਿੱਤੀ। ਇਸਤੋਂ ਇਲਾਵਾ ਉਸਨੇ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ’ਚ ਵੱਖ ਵੱਖ ਕਿਰਦਾਰ ਨਿਭਾਏ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਜੰਮਪਲ ਪੰਮੀ ਸੰਧੂ ਨੂੰ ਕਲਾ ਦੀ ਗੁੜਤੀ ਪਰਿਵਾਰ ’ਚੋਂ ਹੀ ਮਿਲੀ। ਉਸਦੇ ਪਿਤਾ ਡਾਕਟਰ ਬਚਨ ਸਿੰਘ ਨੂੰ ਸੰਗੀਤ ਨਾਲ ਬਹੁਤ ਪਿਆਰ ਸੀ। ਉਹ ਬਹੁਤ ਵਧੀਆ ਹਾਰਮੋਨੀਅਮ ਵਜਾੳਂਦੇ ਸਨ। ਮਾਤਾ ਗੁਰਮੀਤ ਕੌਰ ਨਰਸ ਸੀ। ਪੜ੍ਹਿਆ-ਲਿਖਿਆ ਤੇ ਅਗਾਂਹ ਵਧੂ ਸੋਚ ਵਾਲਾ ਪਰਿਵਾਰ ਹੋਣ ਕਰਕੇ ਪੰਮੀ ਸੰਧੂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਕਲਾ ਰੂਪੀ ਸ਼ੌਕ ਪੂਰੇ ਕਰਨ ਦਾ ਵੀ ਪੂਰਾ ਹੌਸਲਾ ਮਿਲਿਆ। ਜਦੋਂ ਉਸਨੇ ਮੈਟ੍ਰਿਕ ਤੋਂ ਬਾਅਦ ਪ੍ਰੈੱਪ ਦੀ ਪੜ੍ਹਾਈ ਦੌਰਾਨ ਸੰਗੀਤ ਦਾ ਵਿਸ਼ਾ ਚੁਣਿਆ ਤਾਂ ਉਸਨੇ ਸਿਤਾਰ ਖ਼ਰੀਦ ਲਈ ਤੇ ਰਿਆਜ਼ ਕਰਨ ਲੱਗੀ। ਪਿੰਡ ਦੇ ਕੁਝ ਜਾਣ ਪਛਾਣ ਵਾਲੇ ਲੋਕਾਂ ਨੇ ਪਿਤਾ ਬਚਨ ਸਿੰਘ ਨੂੰ ਕਿਹਾ ਕਿ ਤੁਸੀਂ ਕੁੜੀ ਨੂੰ ਆਹ ਕਿਹੜੇ ਪਾਸੇ ਤੋਰ ਲਿਆ। ਇਸਨੇ ਕਿਹੜਾ ਫ਼ਿਲਮੀ ਕਲਾਕਾਰ ਜਾਂ ਗਾਉਣ ਲੱਗਣਾ? ਪਰ ਪਿਤਾ ਜੀ ਨੇ ਉਸ ਦੀਆਂ ਰੀਝਾਂ ਦਾ ਸੁਪਨਾ ਟੁੱਟਣ ਨਾ ਦਿੱਤਾ। ਅੱਜ ਉਸਨੂੰ ਕਦੇ ਕਦੇ ਇੰਝ ਲੱਗਦਾ ਜਿਵੇਂ ਉਨ੍ਹਾਂ ਲੋਕਾਂ ਦੇ ਆਖੇ ਬੋਲ ਹੀ ਸੱਚ ਹੋਏ ਹੋਣ। ਪੰਮੀ ਸੰਧੂ ਖੁਸ਼ਕਿਸਮਤ ਕੁੜੀ ਸੀ ਜਿਸਨੂੰ ਉਸਦੇ ਮਾਪਿਆਂ ਨੇ ਉਸ ਵੇਲੇ ਦੇ ਸਮਾਜ ਦੇ ਉਲਟ ਹੋ ਕੇ ਆਪਣੀ ਕੁੜੀ ਨੂੰ ਕਾਲਜ ਦੇ ਹੋਸਟਲ ਵਿਚ ਰਹਿ ਕੇ ਪੜ੍ਹਨ ਦੀ ਆਜ਼ਾਦੀ ਦਿੱਤੀ।
ਗ੍ਰੈਜੂਏਸ਼ਨ ਕਰਦਿਆਂ ਉਹ ਕਾਲਜ ਪੱਧਰ ’ਤੇ ਹੋਣ ਵਾਲੇ ਹਰੇਕ ਮਨੋਰੰਜਨ ਸਮਾਰੋਹ ਦਾ ਹਿੱਸਾ ਬਣੀ। ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦਿਆਂ ਉਸਨੇ ਪ੍ਰੋਫੈਸਰ ਡਾ. ਸੁਰਿੰਦਰ ਸ਼ਰਮਾ ਦੀ ਟੀਮ ਦਾ ਹਿੱਸਾ ਬਣ ਅਨੇਕਾਂ ਨਾਟਕਾਂ ’ਚ ਕੰਮ ਕੀਤਾ। ਇੱਥੇ ਹੀ ਉਸਦਾ ਮੇਲ ਪੰਜਾਬੀ ਫ਼ਿਲਮਾਂ ਵਾਲੇ ਵਰਿੰਦਰ ਨਾਲ ਹੋਇਆ ਜੋ ਅਕਸਰ ਹੀ ਉਸਤਾਦ ‘ਸ਼ਰਮਾ ਜੀ’ ਕੋਲ ਆਉਂਦੇ ਸਨ। ਇਕ ਵਾਰ ਉਹ ਨਾਟਕ ‘ਪਾਰੋ’ ਦੀ ਰਿਹਰਸਲ ਦੌਰਾਨ ਆਏ ਤਾਂ ਇਸ ਨਾਟਕ ਵਿਚਲੇ ਉਸਦੇ ਕਿਰਦਾਰ ਤੋਂ ਪ੍ਰਭਾਵਿਤ ਹੁੰਦਿਆਂ ‘ਯਾਰੀ ਜੱਟ ਦੀ’ ਫ਼ਿਲਮ ਵਿਚ ਇਸ ਅੜਬ ਸੁਭਾਅ ਦੀ ਪੇਂਡੂ ਔਰਤ ਦੇ ਕਿਰਦਾਰ ਲਈ ਚੁਣਿਆ। ਜਿਸਨੂੰ ਨਿਭਾਉਣ ਵਿਚ ਉਹ ਸਫਲ ਰਹੀ।
‘ਯਾਰੀ ਜੱਟ ਦੀ’ ਫ਼ਿਲਮ ਵਿਚ ਉਸਦਾ ਕਿਰਦਾਰ ਭਾਵੇਂ ਨਕਾਰਾਤਮਕ ਸੀ, ਪਰ ਫ਼ਿਲਮ ਦੇ ਕਲਾਈਮੈਕਸ ਵਿਚ ਫ਼ਿਲਮ ਦੇ ਮੁੱਖ ਖ਼ਲਨਾਇਕ ਗੁਰਚਰਨ ਪੋਹਲੀ ਨੂੰ ਗੋਲੀ ਮਾਰ ਕੇ ਉਹ ਆਪਣੀ ਮੂੰਹ ਬੋਲੀ ਧੀ ਦੀ ਮਦਦ ਲਈ ਅੱਗੇ ਆ ਕੇ ਔਰਤ ਦੇ ਹੱਕ ’ਚ ਖੜ੍ਹ ਕੇ ਸਕਾਰਾਤਮਕ ਕਿਰਦਾਰ ਦੀ ਹਾਮੀ ਭਰਦੀ ਹੈ। ਪੰਮੀ ਦੇ ਇਸ ਕਿਰਦਾਰ ਬਾਰੇ ਕਿਹਾ ਜਾ ਸਕਦਾ ਹੈ ਕਿ ਉਸਦਾ ਕਿਰਦਾਰ ਫ਼ਿਲਮ ਦੀ ਕਹਾਣੀ ਮੁਤਾਬਕ ਐਨਾ ਜ਼ਬਰਦਸਤ ਸੀ ਜੋ ਮੁੱਖ ਖ਼ਲਨਾਇਕ ਦੇ ਕਿਰਦਾਰ ’ਤੇ ਵੀ ਭਾਰੂ ਨਜ਼ਰ ਆਇਆ। ਪੰਮੀ ਸੰਧੂ ਦਾ ਬੋਲਿਆ ਆਖਰੀ ਡਾਇਲਾਗ ‘ਓਏ ਜੇ ਤੂੰ ਵੈਲੀ ਏ… ਤਾਂ ਮੈਂ ਵੀ ‘ਵੈਲਣ ਆ…ਵੈਲਣ’.! ਫ਼ਿਲਮ ਵਿਚਲੇ ਦੋਹਰੇ ਖ਼ਲਨਾਇਕ ਨੂੰ ਪੇਸ਼ ਕਰਦਾ ਹੈ।
ਪੰਮੀ ਨੇ ਦੱਸਿਆ ਕਿ ਜਦੋਂ ਉਹ ਗੁਰਚਰਨ ਪੋਹਲੀ ਨੂੰ ਪਹਿਲੀ ਵਾਰ ਫ਼ਿਲਮ ਦੇ ਸੈੱਟ ’ਤੇ ਮਿਲੀ ਤਾਂ ਉਸਨੂੰ ਉਹ ਚਿਹਰੇ ਤੋਂ ਡਰਾਉਣਾ ਜਿਹਾ ਲੱਗਿਆ। ਉਸਨੂੰ ਦੂਰ ਖੜ੍ਹੀ ਵੇਖ ਕੇ ਵਰਿੰਦਰ ਨੇ ਕਿਹਾ ‘ਐਵੇਂ ਡਰ ਨਾ…ਵਾਹਲਾ ਬੀਬਾ ਮੁੰਡਾ..! ਸ਼ਕਲ ਤੋਂ ਹੀ ਹੀ ਅਜਿਹਾ ਹੈ, ਉਂਜ ਬਹੁਤ ਵਧੀਆ ਸੁਭਾਅ ਇਹਦਾ।’
ਇਸਤੋਂ ਬਾਅਦ ਪੰਮੀ ਸੰਧੂ ਨੇ ‘ਜ਼ੋਰਾਵਰ’, ‘ਇਸ਼ਕ ਨਾ ਪੁੱਛੇ ਜਾਤ’, ‘ਤੇਰੀਆਂ ਮੁਹੱਬਤਾਂ’, ‘ਸੁੱਖਾ’ ਅਤੇ ਜਸਪਾਲ ਭੱਟੀ ਦੀ ‘ਮਾਹੌਲ ਠੀਕ ਹੈ’ ਆਦਿ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ। ਇਕਬਾਲ ਢਿੱਲੋਂ ਦੀ ਫ਼ਿਲਮ ‘ਸੁੱਖਾ’ ਵਿਚ ਉਸਨੇ ਵਿਸ਼ਾਲ ਸਿੰਘ ਦੀ ਮਾਂ ਦਾ ਕਿਰਦਾਰ ਨਿਭਾਇਆ ਜੋ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਫ਼ਿਲਮਾਂ ਤੋਂ ਇਲਾਵਾ ਉਸਨੇ ਜਸਪਾਲ ਭੱਟੀ ਦੇ ਲੜੀਵਾਰਾਂ ‘ਰੰਗ ’ਚ ਭੰਗ’, ‘ਉਲਟਾ-ਪੁਲਟਾ’ ਅਤੇ ਦੂਰਦਰਸ਼ਨ ਦੇ ਵਰਾਇਟੀ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਵਿਚ ਵੀ ਕੰਮ ਕੀਤਾ।
ਪੰਮੀ ਸੰਧੂ ਨੇ ਦੱਸਿਆ ਕਿ ਉਸਨੇ ਐੱਮ ਏ ਅੰਗਰੇਜ਼ੀ, ਐੱਮ ਏ ਹਿਸਟਰੀ, ਐੱਮ ਫਿਲ ਕਰਦਿਆਂ ਪੰਜਾਬ ਯੂਨੀਵਰਸਿਟੀ ਤੋਂ ਟਾਪ ਕੀਤਾ ਤੇ ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ‘ਆਰਕਾਈਵਿਸਟ’ ਦੇ ਅਹੁਦੇ ’ਤੇ ਸੇਵਾ ਨਿਭਾਈ। ਉਸਦੇ ਪਤੀ ਪ੍ਰੀਤ ਇੰਦਰਜੀਤ ਸਿੰਘ ਸੰਧੂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮ ਸਨ, ਜੋ ਪੰਮੀ ਦੀ ਕਲਾ ਦੇ ਸੱਚੇ ਕਦਰਦਾਨ ਸਨ। ਵਿਆਹ ਤੋਂ ਪਹਿਲਾਂ ਜਿਵੇਂ ਉਸਦੇ ਮਾਤਾ ਪਿਤਾ ਨੇ ਉਸਦੀ ਕਲਾ ਨੂੰ ਹੌਸਲਾ ਦਿੱਤਾ, ਉਸੇ ਤਰ੍ਹਾਂ ਵਿਆਹ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਤੋਂ ਮਿਲਿਆ।
ਵਕਤ ਸਦਾ ਇਕੋ ਜਿਹਾ ਨਹੀਂ ਰਹਿੰਦਾ। ਵਕਤ ਦੇ ਫੇਰ ਨੇ ਉਸਨੂੰ ਅਜਿਹੇ ਮੋੜ ’ਤੇ ਖੜ੍ਹਾ ਕਰ ਦਿੱਤਾ ਕਿ ਉਸਨੂੰ ਕਲਾ ਜ਼ਿੰਦਗੀ ਤੋਂ ਪਾਸਾ ਵੱਟਣਾ ਪੈ ਗਿਆ। ਪਤੀ ਦੀ ਬਿਮਾਰੀ ਤੇ ਸਰਕਾਰੀ ਨੌਕਰੀ ਦੇ ਝਮੇਲਿਆਂ ਕਰਕੇ ਉਹ ਕਈ ਵਰ੍ਹੇ ਕਲਾ ਖੇਤਰ ਨਾਲੋਂ ਟੁੱਟੀ ਰਹੀ। ਹੁਣ ਉਸਦੀ ਇੱਛਾ ਹੈ ਕਿ ਆਪਣੇ ਅਤੀਤ ਤੋਂ ਸੁਰਖਰੂ ਹੋਣ ਲਈ ਚੰਗੇ ਵਿਸ਼ੇ ਦੀਆਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਵੇ। ਜਸਪਾਲ ਭੱਟੀ ਦੇ ਪਰਿਵਾਰ ਨਾਲ ਉਸਦਾ ਦਿਲੀ ਮੋਹ ਹੈ। ਜਸਪਾਲ ਭੱਟੀ ਵੱਲੋਂ ਬਣਾਏ ਨਾਨਸੈਂਸ ਕਲੱਬ ਨਾਲ ਉਹ ਅੱਜ ਵੀ ਜੁੜੀ ਹੋਈ ਹੈ। ਪੰਮੀ ਨੇ ਉਨ੍ਹਾਂ ਦੇ ਬੇਟੇ ਜਸਰਾਜ ਭੱਟੀ ਦੀ ਇਕ ਲਘੁ ਫ਼ਿਲਮ ‘ਰਣਜੀਤ’ ਵਿਚ ਕੰਮ ਕੀਤਾ ਹੈ ਜੋ ਪੀਟੀਸੀ ਬਾਕਸ ਆਫਿਸ ’ਤੇ ਟੈਲੀਕਾਸਟ ਹੋਈ। ਜਲਦੀ ਹੀ ਉਹ ਇਕ ਹੋਰ ਲਘੂ ਫ਼ਿਲਮ ‘ਜਿੰਨ’ ਵਿਚ ਵੀ ਨਜ਼ਰ ਆਵੇਗੀ। ਪੰਮੀ ਸੰਧੂ ਅੱਜਕੱਲ੍ਹ ਆਪਣੇ ਬੇਟੇ ਗੁਰਪਿੰਦਰਪ੍ਰੀਤ ਸਿੰਘ ਸੰਧੂ ਨਾਲ ਚੰਡੀਗੜ੍ਹ ਵਿਖੇ ਰਹਿ ਰਹੀ ਹੈ। ਕਲਾ ਤੋਂ ਇਲਾਵਾ ਉਹ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਿਕਾ ਵੀ ਹੈ। ਜਨਤਕ ਥਾਵਾਂ ’ਤੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਉਹ ਆਪਣਾ ਚੰਗੇਰਾ ਯੋਗਦਾਨ ਪਾ ਰਹੀ ਹੈ। ਕਲਾ ਦੇ ਹਰੇਕ ਖੇਤਰ ਵਿਚ ਸਰਗਰਮ ਰਹਿਣ ਵਾਲੀ ਪੰਮੀ ਸੰਧੂ ਆਪਣੇ ਵੇਲੇ ਬੈਸਟ ਰਾਈਫਲ ਸ਼ੂਟਰ ਵਜੋਂ ਵੀ ਜਾਣੀ ਜਾਂਦੀ ਰਹੀ ਹੈ। ਅਨੇਕਾਂ ਮਾਨ ਸਨਮਾਨ ਉਸਦੇ ਵੱਖ ਵੱਖ ਖੇਤਰਾਂ ਵਿਚਲੀਆਂ ਪ੍ਰਾਪਤੀਆਂ ਦੀ ਗਵਾਹੀ ਭਰਦੇ ਹਨ।
ਸੰਪਰਕ : 98146-07737