ਗੁਰਸ਼ਰਨ ਕੌਰ ਮੋਗਾ
ਸਾਡੀ ਇੱਕ ਅਧਿਆਪਕ ਸਾਥਣ ਦੇ ਘਰ ਕਈ ਦਿਨਾਂ ਤੋਂ ਤਣਾ-ਤਣੀ ਚੱਲ ਰਹੀ ਸੀ। ਮੈਡਮ ਦੀ ਨੂੰਹ ਰਾਣੀ ਆਪਣੇ ਬੱਚਿਆਂ ਨੂੰ ਸ਼ਹਿਰ ਦੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦੀ ਸੀ ਅਤੇ ਇਸ ਲਈ ਆਪਣੇ ਪਤੀ ਯਾਨੀ ਮੈਡਮ ਦੇ ਬੇਟੇ ਨੂੰ ਸ਼ਹਿਰ ਜਾ ਕੇ ਵਸਣ ਲਈ ਜ਼ੋਰ ਪਾ ਰਹੀ ਸੀ ਤਾਂ ਕਿ ਬੱਚੇ ਪਬਲਿਕ ਸਕੂਲ ਵਿੱਚ ਵਧੀਆ ਸਿੱਖਿਆ ਲੈ ਸਕਣ। ਪਰ ਮੈਡਮ ਦਾ ਪੜ੍ਹਿਆ ਲਿਖਿਆ ਅਤੇ ਨੇੜਲੇ ਪਿੰਡ ਵਿੱਚ ਬੈਂਕ ਕਰਮਚਾਰੀ ਬੇਟਾ ਪੇਂਡੂ ਜੀਵਨ ਦਾ ਬੇਹੱਦ ਕਾਇਲ ਸੀ ਅਤੇ ਆਪਣੇ ਮਾਂ-ਬਾਪ ਨਾਲ ਅਤੇ ਸ਼ਰੀਕੇ- ਕਬੀਲੇ ਵਿੱਚ ਰਹਿਣ ਨੂੰ ਆਪਣੀ ਸ਼ਾਨ ਸਮਝਦਾ ਸੀ। ਬੇਸ਼ੱਕ ਸਿਆਣੇ ਮਾਂ ਬਾਪ ਵੀ ਆਪਣੇ ਪੁੱਤਰ ਦੀ ਗੱਲ ਨੂੰ ਬਿਲਕੁਲ ਠੀਕ ਮੰਨਦੇ ਸਨ, ਪਰ ਉਹ ਨੂੰਹ-ਪੁੱਤ ਦੀ ਇਸ ਬਹਿਸ ਵਿੱਚ ਉਲਝਣਾ ਨਹੀਂ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਮਨੋਮਨੀ ਬੱਚਿਆਂ ਦੇ ਫੈਸਲੇ ’ਤੇ ਹੀ ਛੱਡ ਦਿੱਤਾ ਸੀ। ਆਖ਼ਰ ਫੈਸਲਾ ਪਿੰਡ ਰਹਿਣ ਦਾ ਹੀ ਹੋਇਆ ਅਤੇ ਬੱਚਿਆਂ ਨੂੰ ਨੇੜਲੇ ਕਸਬੇ ਦੇ ਚੰਗੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਬੱਚਿਆਂ ਦੇ ਰਿਟਾਇਰਡ ਦਾਦੇ ਨੇ ਉਨ੍ਹਾਂ ਨੂੰ ਸਕੂਲ ਛੱਡਣ ਅਤੇ ਲਿਆਉਣ ਦੀ ਜ਼ਿੰਮੇਵਾਰੀ ਸਾਂਭ ਲਈ। ਸਾਰਾ ਪਰਿਵਾਰ ਖ਼ੁਸ਼ ਹੋ ਗਿਆ।
40-50 ਸਾਲ ਪਹਿਲਾਂ ਪੰਜਾਬ ਵਿੱਚ ਸ਼ਰੀਕੇ ਵਿੱਚ ਵਸਣ, ਵਰਤਣ ਨੂੰ ਤਰਜੀਹ ਦਿੱਤੀ ਜਾਂਦੀ ਸੀ। ਜ਼ਿਆਦਾਤਰ ਸਾਂਝੇ ਪਰਿਵਾਰ ਹੀ ਹੁੰਦੇ ਸਨ। ਦਾਲਾਂ, ਸਬਜ਼ੀਆਂ, ਆਟਾ ਆਦਿ ਖ਼ਤਮ ਹੋਣ ਦੀ ਸੂਰਤ ਵਿੱਚ ਆਮ ਹੀ ਸ਼ਰੀਕੇ ਜਾਂ ਆਂਢ-ਗੁਆਂਢ ਤੋਂ ਉਧਾਰ ਮੰਗ ਲਿਆ ਜਾਂਦਾ ਸੀ। ਕਈ ਲੋਕ ਤਾਂ ਅੱਗ ਵੀ ਇੱਕ ਦੂਜੇ ਘਰੋਂ ਲੈ ਆਉਂਦੇ ਸਨ। ਇੱਕ ਬਜ਼ੁਰਗ ਇਸਤਰੀ ਦੱਸਦੀ ਸੀ ਕਿ ਇੱਕ ਅੱਥਰੀ ਆਈ ਨੂੰਹ ਆਪਣੇ ਪਰਿਵਾਰ ਸਮੇਤ ਸਾਂਝੇ ਪਰਿਵਾਰ ਤੋਂ ਅਲੱਗ ਰਹਿਣ ਲੱਗ ਪਈ। ਸ਼ਰੀਕੇ-ਕਬੀਲੇ ਨਾਲ ਵੀ ਉਸ ਦੇ ਸਬੰਧ ਸੁਖਾਵੇਂ ਨਹੀਂ ਸਨ। ਉਸ ਸਮੇਂ ਦੀ ਅੱਗ ਦੱਬਣ ਦੀ ਖਾਸ ਮੁਹਾਰਤ ਵੀ ਉਸ ਨੂੰ ਨਹੀਂ ਸੀ, ਸਵੇਰੇ ਉੱਠ ਕੇ ਬੈਠੀ ਚਾਰ ਚੁਫ਼ੇਰੇ ਝਾਕੇ ਕਿ ਅੱਗ ਕਿਹਦੇ ਘਰ ਤੋਂ ਲਿਆਵੇ, ਸਾਰਿਆਂ ਨਾਲ ਉਹ ਛੱਤੀ ਦਾ ਆਂਕੜਾ ਬਣਾਈ ਬੈਠੀ ਸੀ। ਉੱਧਰੋਂ ਘਰਵਾਲੇ ਨੇ ਖੇਤ ਜਾਣਾ ਸੀ ਅਤੇ ਉਹ ਚਾਹ ਪੀਣ ਲਈ ਮੰਗ ਰਿਹਾ ਸੀ। ਗੁੱਸੇ ਵਿੱਚ ਆਈ ਉਹ ਸਵੇਰਸਾਰ ਹੀ ਘਰਵਾਲੇ ਨੂੰ ਸੁਣਾ ਕੇ ਕਹਿਣ ਲੱਗੀ – ‘‘ਤੇਰਾ ਓੜਮਾ ਕਬੀਲਾ ਸਾਰਾ ਲੜ ਪਿਆ ਵੇ ਕੀਹਦੇ ਚੁੱਲ੍ਹੇ ਜਾਵਾਂ ਅੱਗ ਨੂੰ।’’
ਉਦੋਂ ਆਪਸ ਵਿੱਚ ਮਿਲਵਰਤਨ, ਭਾਈਚਾਰਕ ਸਾਂਝ, ਏਕਤਾ ਅਤੇ ਦੁੱਖ-ਸੁੱਖ ਦੀ ਸਾਂਝ ਕਾਇਮ ਸੀ। ਹੁਣ ਵਾਂਗ ਲੋਕਾਂ ਦੀਆਂ ਵੱਡੀਆਂ ਖਾਹਿਸ਼ਾਂ ਨਹੀਂ ਸਨ ਅਤੇ ਨਾ ਹੀ ਬੇਮੁਹਾਰੇ ਖਰਚ ਸਨ। ਰਿਸ਼ਤੇਦਾਰੀਆਂ ਵਿੱਚ ਵਿਆਹਾਂ ਸ਼ਾਦੀਆਂ ’ਤੇ ਜਾਣ ਵੇਲੇ ਵੀ ਕੱਪੜੇ ਜੁੱਤੀਆਂ ਆਂਢ- ਗੁਆਂਢ ਵਿੱਚੋਂ ਮੰਗ ਕੇ ਸਾਰ ਲਿਆ ਜਾਂਦਾ ਸੀ। ਹੁਣ ਵੀ ਬਜ਼ੁਰਗ ਉਨ੍ਹਾਂ ਸਮਿਆਂ ਨੂੰ ਭਲੇ ਵੇਲੇ ਦਾ ਨਾਂ ਦਿੰਦੇ ਹਨ। ਸਾਡੇ ਨੇੜੇ ਦਸ-ਬਾਰਾਂ ਘਰ ਇੱਕੋ ਗੋਤ ਦੇ ਸਨ ਅਤੇ ਆਪਸ ਵਿੱਚ ਸਕੇ ਸ਼ਰੀਕ ਸਨ। ਉਨ੍ਹਾਂ ਘਰਾਂ ਵਿੱਚ ਇੱਕ ਵੱਡਾ ਬਜ਼ੁਰਗ ਸੀ। ਉਸ ਦਾ ਸਾਰੇ ਘਰ ਬੜਾ ਸਤਿਕਾਰ ਕਰਦੇ ਸਨ। ਉਨ੍ਹਾਂ ਘਰਾਂ ਦੇ ਮੋਢੀ ਉਸ ਬਾਬੇ ਕੋਲ ਬਹਿ ਕੇ ਘਰੇਲੂ ਮਸਲੇ ਸੁਲਝਾਉਂਦੇ ਸਨ ਅਤੇ ਉਸ ਦੀ ਦਿੱਤੀ ਰਾਇ ਦੀ ਕਦਰ ਕਰਦੇ ਸਨ। ਨੂੰਹਾਂ-ਧੀਆਂ ਸਭ ਉਸ ਦੀਆਂ ਆਗਿਆਕਾਰ ਸਨ ਅਤੇ ਉਸ ਤੋਂ ਪੁੱਛ ਕੇ ਹੀ ਪੇਕੀਂ ਜਾਂ ਰਿਸ਼ਤੇਦਾਰੀ ਵਿੱਚ ਜਾਂਦੀਆਂ ਸਨ। ਉਹ ਬਜ਼ੁਰਗ ਵੀ ਸਾਰੇ ਕਬੀਲੇ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਆਪਣੇ ਘਰ ਦੇ ਦਰਾਂ ਵਿੱਚ ਮੰਜੀ ਡਾਹ ਕੇ ਬੈਠਾ ਜਿਵੇਂ ਬਾਬਾ ਬੋਹੜ ਹੀ ਜਾਪਦਾ ਸੀ। ਉਸ ਦੇ ਜਿਉਂਦੇ ਉਨ੍ਹਾਂ ਘਰਾਂ ਵਿੱਚ ਕੋਈ ਲੜਾਈ- ਝਗੜਾ ਨਹੀਂ ਹੋਇਆ ਅਤੇ ਸਾਰੇ ਰਲਮਿਲ ਕੇ ਕੰਮ ਕਰਦੇ ਸਨ।
ਉਸ ਸਮੇਂ ਤਾਂ ਇਕੱਲਾ ਸ਼ਰੀਕਾ ਹੀ ਨਹੀਂ ਸਗੋਂ ਸਾਰੇ ਪਿੰਡ ਦੇ ਲੋਕਾਂ ਵਿੱਚ ਮਿਲਵਰਤਨ ਸੀ। ਇੱਕ ਘਰ ਧਰਿਆ ਵਿਆਹ ਸਾਰੇ ਪਿੰਡ ਦੀ ਰੌਣਕ ਹੁੰਦੀ ਸੀ। ਖਾਸ ਕਰਕੇ ਕੁੜੀ ਦੇ ਵਿਆਹ ਵਿੱਚ ਤਾਂ ਸਾਰੇ ਲੋਕ ਬਣਦਾ ਸਰਦਾ ਸਹਿਯੋਗ ਦਿੰਦੇ ਸਨ। ਮਜਾਲ ਕਿ ਕੋਈ ਘਾਟ ਰਹਿ ਜਾਵੇ। ਵਿਆਹ ਵਾਲੇ ਘਰ ਵੱਲੋਂ ਸ਼ਰੀਕਾਂ ਨੂੰ ਚੁੱਲ੍ਹੇ ਨਿਉਂਦਾ ਹੁੰਦਾ ਸੀ ਅਤੇ ਪਿੰਡ ਵਿੱਚ ਪਰੋਸੇ ਦਿੱਤੇ ਜਾਂਦੇ ਸਨ। ਬੇਸ਼ੱਕ ਕਦੀ ਕਦੀ ਸ਼ਰੀਕੇ ਦਾ ਕੋਈ ਘਰ ਰੁੱਸ ਵੀ ਜਾਂਦਾ ਸੀ ਅਤੇ ਆਉਣ ਤੋਂ ਇਨਕਾਰ ਕਰ ਦਿੰਦਾ ਸੀ, ਪਰ ਸਿਆਣਿਆਂ ਦਾ ਸਮਝਾਇਆ ਸਮਝ ਵੀ ਜਾਂਦਾ ਸੀ ਅਤੇ ਟੌਹਰ ਨਾਲ ਮੁੰਡੇ ਦੀ ਬਰਾਤ ਚੜ੍ਹ ਜਾਂਦਾ ਸੀ। ਹਾਲਾਂਕਿ ਇਹੋ ਜਿਹੇ ਸ਼ਰੀਕ ਕਈ ਵਾਰ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੰਦੇ ਸਨ। ਸਾਡੇ ਪਿੰਡ ਇੱਕ ਬਰਾਤ ਆਈ ਸੀ ਅਤੇ ਮੁੰਡੇ ਵਾਲੇ ਪਾਸਿਓਂ ਸ਼ਰੀਕਾਂ ਨੇ ਉਹ ਖੌਰੂ ਪਾਇਆ ਕਿ ਕੁੜੀ ਵਾਲੇ ਪਾਸੇ ਦੇ ਮੁੰਡਿਆਂ ਨੇ ਉਨ੍ਹਾਂ ਦੀ ਚੰਗੀ ਛਿਤਰੌਲ ਕੀਤੀ। ਸ਼ਰੀਕਾਂ ਨੇ ਵਿਆਹ ਦਾ ਸਾਰਾ ਸੁਆਦ ਖ਼ਰਾਬ ਕਰ ਦਿੱਤਾ। ਸੋ ਕਈ ਵਾਰ ਇਹੋ ਜਿਹੀ ਕਰਤੂਤ ਵੀ ਸ਼ਰੀਕ ਦਿਖਾ ਦਿੰਦੇ ਸਨ। ਗੱਲ ਕੀ, ਹਰੇਕ ਤਰ੍ਹਾਂ ਦੇ ਰੰਗਾਂ ਦਾ ਸੁਮੇਲ ਹੁੰਦਾ ਸੀ ਭਾਈਚਾਰਾ, ਖੱਟੇ ਮਿੱਠੇ ਤਜਰਬੇ, ਰੰਗ-ਢੰਗ ਅਤੇ ਤੌਰ ਤਰੀਕਿਆਂ ਦਾ। ਪਿੱਛੋਂ ਬੁੜ੍ਹੀਆਂ ਇੱਕ ਦੂਜੀ ਨੂੰ ਕਹਿੰਦੀਆਂ ਸਨ, ‘‘ਕੀ ਦੱਸਾਂ ਭੈਣੇ ਸ਼ਰੀਕ ਬਸ ਸਿਹਰਾ ਬੰਨ੍ਹ ਕੇ ਨ੍ਹੀਂ ਢੁਕਦੇ, ਬਾਕੀ ਕਸਰ ਨਹੀਂ ਛੱਡਦੇ।’’ ਪਰ ਫੇਰ ਵੀ ਵਿਆਹ ਪਿੱਛੋਂ ਸਾਰੇ ਘਰਾਂ ਵਿੱਚ ਮਠਿਆਈ ਜ਼ਰੂਰ ਦਿੱਤੀ ਜਾਂਦੀ ਸੀ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਜਦੋਂ ਤੋਂ ਮਨੁੱਖ ਗੁਫ਼ਾ ਵਾਲੀ ਰਹਿਣੀ-ਸਹਿਣੀ ਵਿੱਚੋਂ ਬਾਹਰ ਨਿਕਲਿਆ ਉਦੋਂ ਤੋਂ ਹੀ ਉਹ ਕਬੀਲੇ ਅਤੇ ਫਿਰ ਸਮਾਜ ਦਾ ਇੱਕ ਨਰੋਆ ਅੰਗ ਬਣ ਕੇ ਵਿਚਰ ਰਿਹਾ ਹੈ। ਉਸ ਦੀਆਂ ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਸਮਾਜਿਕ ਅਤੇ ਆਰਥਿਕ ਲੋੜਾਂ ਸਮਾਜ ਵਿੱਚ ਰਹਿ ਕੇ ਹੀ ਪੂਰੀਆਂ ਹੁੰਦੀਆਂ ਹਨ। ਉਹ ਪੂਰੀ ਤਰ੍ਹਾਂ ਸਮਾਜ ’ਤੇ ਨਿਰਭਰ ਹੈ ਅਤੇ ਉਸ ਨੇ ਆਪਣੀ ਬੁੱਧੀ ਵਿਵੇਕ ਨਾਲ ਸਮਾਜ ਦਾ ਵਿਕਾਸ ਕੀਤਾ ਹੈ। ਮਨੁੱਖ ਸਮਾਜ ਵਿੱਚ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਆਪਣੇ ਪਰਿਵਾਰ ਅਤੇ ਫਿਰ ਸ਼ਰੀਕੇ ਕਬੀਲੇ ਵਿੱਚ ਰਹਿ ਕੇ ਇੱਕ ਬੱਚਾ ਸਹਿਯੋਗ, ਮਿਲਵਰਤਨ, ਏਕਤਾ, ਭਾਈਚਾਰਕ ਸਾਂਝ ਅਤੇ ਪਿਆਰ ਵਰਗੇ ਗੁਣਾਂ ਦੀ ਸਿੱਖਿਆ ਲੈਂਦਾ ਹੈ ਜੋ ਉਸ ਨੂੰ ਸਭਿਅਕ ਨਾਗਰਿਕ ਬਣਾਉਂਦੇ ਹਨ। ਪਰ ਅੱਜਕੱਲ੍ਹ ਲੋਕ ਸ਼ਰੀਕੇ ਵਿੱਚ ਤਾਂ ਕੀ, ਸਾਂਝੇ ਪਰਿਵਾਰ ਦੇ ਵੀ ਹਾਮੀ ਨਹੀਂ ਹਨ। ਪਦਾਰਥਵਾਦੀ ਯੁੱਗ ਨੇ ਪੰਜਾਬ ਦੇ ਇਸ ਖੁੱਲ੍ਹੇ ਡੁੱਲ੍ਹੇ ਵਸੇਬੇ ਨੂੰ ਤਿਆਗ ਕੇ ਇਕਹਿਰੇ ਪਰਿਵਾਰ ਪ੍ਰਣਾਲੀ ਵੱਲ ਧੱਕ ਦਿੱਤਾ ਹੈ। ਹੁਣ ਲੋਕ ‘‘ਮੈਂ ਤੇ ਮੇਰਾ ਬੰਨਾ, ਦੂਜੇ ਦਾ ਸਿਰ ਭੰਨਾਂ’’ ਦੇ ਸਿਧਾਂਤ ਦੇ ਅਨੁਯਾਈ ਹੋ ਗਏ ਹਨ। ਕੁਝ ਰੁਜ਼ਗਾਰ, ਬੱਚਿਆਂ ਦੀ ਪੜ੍ਹਾਈ ਅਤੇ ਸ਼ਹਿਰੀ ਸਹੂਲਤਾਂ ਖ਼ਾਤਰ ਪਰਿਵਾਰ ਤੋਂ ਦੂਰ ਹੋ ਜਾਂਦੇ ਹਨ। ਖ਼ੈਰ ਆਧੁਨਿਕ ਵਿਕਾਸ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਅਤੇ ਬੜਾ ਕੁਝ ਖੋਹਿਆ ਵੀ ਹੈ, ਇਹੀ ਜ਼ਿੰਦਗੀ ਦਾ ਦਸਤੂਰ ਅਤੇ ਸੱਚ ਹੈ।
ਗੱਲ ਕਰ ਕੇ ਦੇਖੋ ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਬਿਰਤਾਂਤ ਅਲੋਕਾਰੀ ਲੱਗਦੇ ਹਨ ਕਿ ਰਾਤ ਨੂੰ ਪੰਦਰਾਂ-ਵੀਹ ਜਣਿਆਂ ਦਾ ਪਰਿਵਾਰ ਇੱਕ ਵੱਡੇ ਅਤੇ ਖੁੱਲ੍ਹੇ ਵਿਹੜੇ ਵਿੱਚ ਪਾਲੋ-ਪਾਲ ਮੰਜੇ ਡਾਹ ਕੇ, ਦਾਦੇ-ਦਾਦੀ ਦੀਆਂ ਬਾਤਾਂ ਸੁਣ ਕੇ, ਆਂਢ-ਗੁਆਂਢ ਦੀਆਂ ਗੱਪਾਂ ਸੁਣ ਕੇ ਚੰਨ ਚਾਨਣੀ ਰਾਤ ਵਿੱਚ ਸੁਸਰੀ ਵਾਂਗ ਸੌਂ ਜਾਂਦਾ ਸੀ। ਸੱਚਮੁੱਚ ਬੀਤੇ ਦੀਆਂ ਬਾਤਾਂ ਅਤੇ ਜ਼ਿੰਦਗੀ ਬੜੀ ਸਕੂਨ ਵਾਲੀ ਸੀ।
ਸੰਪਰਕ: 98766-35262