ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਵਰੁਣ ਧਵਨ ਆਪਣੀ ਆਉਣ ਵਾਲੀ ਫ਼ਿਲਮ ‘ਜੁਗ ਜੁਗ ਜੀਓ’ ਦੇ ਨਵੇਂ ਗੀਤ ਨੂੰ ਰਿਲੀਜ਼ ਕਰਨ ਲਈ ਕੌਮੀ ਰਾਜਧਾਨੀ ਵਿੱਚ ਹੈ ਅਤੇ ਉਸ ਨੇ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਕਰਨ ਦਾ ਸੰਕੇਤ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਹਾਲੇ ਨਹੀਂ ਲੱਗਦਾ ਕਿ ਉਹ ਇਸ ਬਾਰੇ ਕੁਝ ਦੱਸ ਸਕਦਾ ਹੈ ਪਰ ਇਸ ਸਬੰਧੀ ਕੁਝ ਕੰਮ ਚੱਲ ਰਿਹਾ ਹੈ। ਵਰੁਣ ਤੇ ਕਿਆਰਾ ਅਡਵਾਨੀ ਇਸ ਫ਼ਿਲਮ ਦੇ ਪਹਿਲੇ ਟਰੈਕ ‘ਦਿ ਪੰਜਾਬਣ’ ਨੂੰ ਰਿਲੀਜ਼ ਕਰਨ ਲਈ ਨਵੀਂ ਦਿੱਲੀ ਆਏ ਹੋਏ ਹਨ ਜਿਸ ਵਿੱਚ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਹਨ। ਇਹ ਫਿਲਮ ਤਲਾਕ ਦੇ ਸੰਕਲਪ ’ਤੇ ਆਧਾਰਿਤ ਹੈ ਜੋ 24 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਹਨ। ਚੰਡੀਗੜ੍ਹ (ਹਰਦੇਵ ਚੌਹਾਨ): ਫਿਲਮ ‘ਜੁੱਗ ਜੁੱਗ ਜੀਓ’ ਦੇ ਪ੍ਰਚਾਰ ਲਈ ਅੱਜ ਬੌਲੀਵੁੱਡ ਅਦਾਕਾਰ ਵਰੁਣ ਧਵਨ ਤੇ ਕਿਆਰਾ ਅਡਵਾਨੀ ਚੰਡੀਗੜ੍ਹ ਪੁੱਜੇ। ਚੰਡੀਗੜ੍ਹ ਵਿਚ ਪ੍ਰਸੰਸਕਾਂ ਤੋਂ ਮਿਲੇ ਪਿਆਰ ਕਾਰਨ ਵਰੁਣ ਕਾਫੀ ਉਤਸ਼ਾਹਿਤ ਹੋਇਆ। ਵਰੁਣ ਨੇ ਕਿਹਾ ਕਿ ਗੀਤ ਦੇ ਟਾਈਟਲ ‘ਦਿ ਪੰਜਾਬਣ’ ਵਾਂਗ ਸਾਡਾ ਸਾਰਿਆਂ ਦਾ ਪੰਜਾਬ ਨਾਲ ਕੋਈ ਨਾ ਕੋਈ ਸਬੰਧ ਹੈ। ਦੂਜੇ ਪਾਸੇ ਕਿਆਰਾ ਨੇ ਕਿਹਾ ਕਿ ਪੰਜਾਬ ਨਾਲ ਉਸ ਦਾ ਰਿਸ਼ਤਾ ਬਹੁਤ ਖਾਸ ਹੈ ਕਿਉਂਕਿ ਉਹ ਜਦੋਂ ਵੀ ਇੱਥੇ ਆਉਂਦੀ ਹੈ ਤਾਂ ਉਸ ਨੂੰ ਬਹੁਤ ਪਿਆਰ ਮਿਲਦਾ ਹੈ। -ਆਈਏਐੱਨਐੱਸ
ਵਰੁਣ ਧਵਨ ਤੇ ਕਿਆਰਾ ਅਡਵਾਨੀ ਦਾ ਨਿੱਘਾ ਸਵਾਗਤ
ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦਾ ਕੌਮੀ ਰਾਜਧਾਨੀ ’ਚ ਅੱਜ ਤਾੜੀਆਂ ਦੀ ਗੂੰਜ ਅਤੇ ਸੀਟੀਆਂ ਨਾਲ ਸਵਾਗਤ ਕੀਤਾ ਗਿਆ। ਫਿਲਮ ‘ਜੁਗ ਜੁਗ ਜੀਓ’ ਦੇ ਨਵੇਂ ਗੀਤ ਨੂੰ ਜਾਰੀ ਕਰਨ ਤੋਂ ਪਹਿਲਾਂ ਦੋਵੇਂ ਪ੍ਰਸ਼ੰਸਕਾਂ ਨਾਲ ਖੂਬ ਨੱਚੇ। ‘ਦਿ ਪੰਜਾਬਣ’ ਗੀਤ ਹਾਲ ਹੀ ਵਿੱਚ ਵਿਵਾਦਾਂ ਵਿਚ ਘਿਰ ਗਿਆ ਜਦੋਂ ਪਾਕਿਸਤਾਨੀ ਗਾਇਕ ਅਬਰਾਰ ਉਲ ਹੱਕ ਨੇ ਟਵੀਟ ਕਰ ਕੇ ਫਿਲਮ ਨਿਰਮਾਤਾ ਕਰਨ ਜੌਹਰ ’ਤੇ ਉਸ ਦੇ ਆਉਣ ਵਾਲੇ ਗੀਤ ‘ਨੱਚ ਪੰਜਾਬਣ’ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਨਕਲ ਕਰਨ ਦਾ ਦੋਸ਼ ਲਾਇਆ। ਵਰੁਣ ਨੇ ਗੀਤ ਜਾਰੀ ਕਰਨ ਮੌਕੇ ਕਾਪੀਰਾਈਟ ਮੁੱਦੇ ਸਬੰਧੀ ਕਿਹਾ ਕਿ ਇਸ ਸਬੰਧੀ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ। -ਆਈਏਐੱਨਐੱਸ