ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਵਰੁਣ ਧਵਨ ਦਾ ਕਹਿਣਾ ਹੈ ਕਿ ਉਹ ਫਿਲਮ ‘ਜੁਗਜੁਗ ਜੀਓ’ ਲਈ ਦਰਸ਼ਕਾਂ ਵਲੋਂ ਦਿਖਾਏ ਪਿਆਰ ਕਾਰਨ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ। ਇਹ ਫਿਲਮ ਰਵਾਇਤੀ ਫਿਲਮਾਂ ਤੋਂ ਹਟ ਕੇ ਤਿਆਰ ਕੀਤੀ ਗਈ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਹ ਫ਼ਿਲਮ 24 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ 50 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ ਅਤੇ ਇਸ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ। ‘ਜੁਗਜੁਗ ਜੀਓ’ ਵਿੱਚ ਵਰੁਣ ਧਵਨ ਨੇ ਕੁੱਕੂ ਅਤੇ ਕਿਆਰਾ ਅਡਵਾਨੀ ਨੇ ਨੈਨਾ ਦਾ ਕਿਰਦਾਰ ਨਿਭਾਇਆ ਹੈ। ਕੁੱਕੂ ਆਪਣੀ ਘਰਵਾਲੀ ਤੋਂ ਤਲਾਕ ਲੈਣਾ ਚਾਹੁੰਦਾ ਹੈ ਪਰ ਆਪਣੀ ਛੋਟੀ ਭੈਣ ਗਿੰਨੀ (ਪ੍ਰਜਕਤਾ ਕੋਲੀ) ਦੇ ਵਿਆਹ ਸਮਾਗਮ ਮੁਕੰਮਲ ਹੋਣ ਤੱਕ ਦੋਵੇਂ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ। ਇਸ ਫਿਲਮ ਵਿਚ ਕੁੱਕੂ ਦੇ ਪਿਤਾ ਦਾ ਕਿਰਦਾਰ ਭੀਮ (ਅਨਿਲ ਕਪੂਰ) ਤੇ ਮਾਂ ਦਾ ਕਿਰਦਾਰ ਗੀਤਾ (ਨੀਤੂ ਸਿੰਘ) ਨਿਭਾ ਰਹੇ ਹਨ। ਕੁੱਕੂ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਪਿਤਾ ਕਿਸੇ ਹੋਰ ਨੂੰ ਪਸੰਦ ਕਰਦੇ ਹਨ ਜਿਸ ਕਾਰਨ ਉਹ (ਅਨਿਲ ਕਪੂਰ) ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਹੈ। ਵਰੁਣ ਨੇ ਆਖਿਆ ਕਿ ‘ਜੁਗ ਜੁਗ ਜੀਓ’ ਦੀ ਟੀਮ ਬਾਕੀ ਫਿਲਮਾਂ ਨਾਲੋਂ ਵੱਖਰੀ ਫਿਲਮ ਬਣਾਉਣਾ ਚਾਹੁੰਦੀ ਸੀ। -ਪੀਟੀਆਈ