ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਨਵੀਂ ਫ਼ਿਲਮ ‘ਬਵਾਲ’ ਦੀ ਦੂਜੇ ਪੜਾਅ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੋਲੈਂਡ ਸਥਿਤ ਨਾਜ਼ੀ ਤਸੀਹਾ ਕੈਂਪ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਆਈ ਕੌਮੀ ਪੁਰਸਕਾਰ ਜੇਤੂ ਫ਼ਿਲਮ ‘ਛਿਛੋਰੇ’ ਤੋਂ ਬਾਅਦ ਸਾਜਿਦ ਨਾਡਿਆਡਵਾਲਾ ਤੇ ਨਿਤੇਸ਼ ਤਿਵਾੜੀ ਇਸ ਫ਼ਿਲਮ ਵਿੱਚ ਇਕੱਠੇ ਕੰਮ ਕਰਨਗੇ। ਇਹ ਫ਼ਿਲਮ 7 ਅਪਰੈਲ 2023 ਨੂੰ ਰਿਲੀਜ਼ ਹੋਵੇਗੀ। ਵਰੁਣ ਤੇ ਜਾਹਨਵੀ ਪਿਛਲੇ ਦੋ ਮਹੀਨਿਆਂ ਤੋਂ ਯੂਰਪ ਵਿੱਚ ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪੈਰਿਸ ਤੇ ਐਮਸਟਰਡਮ ਸਣੇ ਯੂਰਪ ਦੇ ਹੋਰ ਕਈ ਸ਼ਹਿਰਾਂ ਵਿੱਚ ਹੋਈ ਹੈ ਤੇ ਹੁਣ ਸ਼ੂਟਿੰਗ ਦਾ ਆਖ਼ਰੀ ਪੜਾਅ ਪੋਲੈਂਡ ਵਿੱਚ ਮੁਕੰਮਲ ਹੋਣ ਜਾ ਰਿਹਾ ਹੈ। ਇਸ ਦੌਰਾਨ ਵਰੁਣ ਤੇ ਜਾਹਨਵੀ ਨੇ ਆਪਣੀ ਨਵੀਂ ਫ਼ਿਲਮ ਦੀ ਤਿਆਰੀ ਦੇ ਮੱਦੇਨਜ਼ਰ ਤਸੀਹਾ ਕੈਂਪ ਦਾ ਦੌਰਾ ਕੀਤਾ ਹੈ। ਸੂਤਰਾਂ ਅਨੁਸਾਰ ਵਰੁਣ ਤੇ ਜਾਹਨਵੀ ਦੋਵੇਂ ਇਸ ਕੈਂਪ ਵਿੱਚ ਹੋਰਨਾਂ ਸੈਲਾਨੀਆਂ ਵਾਂਗ ਘੁੰਮੇ ਅਤੇ ਉਨ੍ਹਾਂ ਪਹਿਲਾਂ ਤੋਂ ਰਿਕਾਰਡ ਕੀਤੀ ਹੋਈ ਟੇਪ ਰਾਹੀਂ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। -ਟ੍ਰਿਬਿਊਨ ਵੈੱਬ ਡੈਸਕ