ਬਾਲ ਕਹਾਣੀ
ਰਘੁਵੀਰ ਸਿੰਘ ਕਲੋਆ
ਬਹੁਤ ਪਹਿਲਾਂ ਦੀ ਗੱਲ ਹੈ। ਇਕ ਨਗਰ ਵਿਚ ਬਹੁਤ ਆਕੜਖੋਰ ਅਤੇ ਅੜਬ ਰਾਜਾ ਰਾਜ ਕਰਦਾ ਸੀ। ਕਿਸੇ ਦੁਆਰਾ ਉਸਦੀ ਛੋਟੀ ਜਿਹੀ ਵੀ ਹੁਕਮ-ਅਦੂਲੀ ਕਰਨ ’ਤੇ ਉਹ ਝੱਟ ਗੁੱਸੇ ਹੋ ਜਾਂਦਾ। ਉਸ ਦੇ ਇਸੇ ਸੁਭਾਅ ਤੋਂ ਡਰਦੇ ਉਸਦੇ ਸਭ ਦਰਬਾਰੀ ਉਸਦੀ ਹਾਂ ਵਿਚ ਹਾਂ ਮਿਲਾਉਣ ਵਿਚ ਹੀ ਆਪਣੀ ਭਲਾਈ ਸਮਝਦੇ। ਇਹ ਰਾਜਾ ਹਰ ਵਰ੍ਹੇ ਇਕ ਦਿਨ ਆਪਣੇ ਰਾਜ ਦਾ ਰਾਜ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਉਂਦਾ ਸੀ। ਇਸ ਦਿਨ ਉਹ ਗ਼ਰੀਬਾਂ ਨੂੰ ਦਾਨ-ਪੁੰਨ ਤਾਂ ਕਰਦਾ ਅਤੇ ਕੁਝ ਚੋਣਵੇਂ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਬਦਲੇ ਕੀਮਤੀ ਤੋਹਫ਼ੇ ਦੇ ਕੇ ਸਨਮਾਨਤ ਵੀ ਕਰਦਾ।
ਇਸੇ ਤਰ੍ਹਾਂ ਇਸ ਵਾਰ ਵੀ ਰਾਜ ਦਿਵਸ ਮਨਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਸਨ। ਇਸ ਵਾਰ ਰਾਜਾ ਕਿਸੇ ਅਜਿਹੇ ਵਿਅਕਤੀ ਨੂੰ ਸਨਮਾਨਤ ਕਰਨਾ ਚਾਹੁੰਦਾ ਸੀ ਜੋ ਨਿਰਸਵਾਰਥ ਲੋਕ ਭਲਾਈ ਦਾ ਕੰਮ ਕਰ ਰਿਹਾ ਹੋਵੇ। ਅਜਿਹੇ ਵਿਅਕਤੀ ਦੀ ਭਾਲ ਲਈ ਜਦੋਂ ਉਸ ਨੇ ਆਪਣੇ ਵਜ਼ੀਰਾਂ ਨੂੰ ਕਿਹਾ ਤਾਂ ਉਨ੍ਹਾਂ ਨੂੰ ਇਸ ਸਨਮਾਨ ਲਈ ਦੂਰ ਦੇ ਪਿੰਡ ਰਹਿੰਦਾ ਇਕ ਵੈਦ ਹੀ ਸਭ ਤੋਂ ਢੁਕਵਾਂ ਜਾਪਿਆ। ਇਸ ਵੈਦ ਦੇ ਦਵਾਖਾਨੇ ਤੋਂ ਕੋਈ ਵੀ, ਕਦੇ ਵੀ ਬਿਨਾਂ ਕਿਸੇ ਕੀਮਤ ਤੋਂ ਦਵਾ-ਦਾਰੂ ਲੈ ਸਕਦਾ ਸੀ। ਦਵਾਖਾਨੇ ਨੂੰ ਚੱਲਦਾ ਰੱਖਣ ਲਈ ਵੈਦ ਨੇ ਇਕ ਛੋਟੀ ਜਿਹੀ ਗੋਲਕ ਰੱਖੀ ਹੋਈ ਸੀ ਜਿਸ ਵਿਚ ਲੋਕ ਆਪ ਹੀ ਕੁਝ ਨਾ ਕੁਝ ਪਾ ਜਾਂਦੇ ਸਨ। ਆਪਣੇ ਵਜ਼ੀਰਾਂ ਕੋਲੋਂ ਅਜਿਹੇ ਵਿਅਕਤੀ ਬਾਰੇ ਸੁਣ ਰਾਜਾ ਬਹੁਤ ਖ਼ੁਸ਼ ਹੋਇਆ ਤੇ ਉਸ ਨੇ ਤੁਰੰਤ ਆਪਣੇ ਅਹਿਲਕਾਰਾਂ ਰਾਹੀਂ ਵੈਦ ਨੂੰ ਮਿੱਥੇ ਦਿਨ ਰਾਜ ਦਰਬਾਰ ਵਿਚ ਆਉਣ ਦਾ ਸੱਦਾ-ਪੱਤਰ ਭੇਜ ਦਿੱਤਾ।
ਮਿੱਥੇ ਦਿਨ ਜਦੋਂ ਸਮਾਗਮ ਸ਼ੁਰੂ ਹੋਇਆ ਤਾਂ ਰਾਜੇ ਨੂੰ ਉਹ ਵੈਦ ਕਿਤੇ ਨਜ਼ਰ ਨਾ ਆਇਆ। ਸਮਾਗਮ ਦੇ ਅੰਤ ਤਕ ਵੀ ਜਦੋਂ ਵੈਦ ਨਾ ਪਹੁੰਚਿਆ ਤਾਂ ਰਾਜੇ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਜਾ ਚੜ੍ਹਿਆ। ਅਗਲੇ ਹੀ ਦਿਨ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਵੈਦ ਨੂੰ ਤੁਰੰਤ ਰਾਜ ਦਰਬਾਰ ਪੇਸ਼ ਕੀਤਾ ਜਾਵੇ। ਜਦੋਂ ਅਹਿਲਕਾਰ ਉਸ ਵੈਦ ਨੂੰ ਰਾਜ ਦਰਬਾਰ ’ਚ ਲੈ ਕੇ ਆਏ ਤਾਂ ਰਾਜਾ ਸਾਧਾਰਨ ਜਿਹੀ ਦਿੱਖ ਵਾਲੇ ਵੈਦ ਵੱਲ ਵੇਖ ਕੇ ਭੜਕਿਆ,‘ਕੀ ਤੈਨੂੰ ਸਮਾਗਮ ’ਤੇ ਪਹੁੰਚਣ ਦਾ ਸੱਦਾ-ਪੱਤਰ ਮਿਲਿਆ ਸੀ ਜਾਂ ਨਹੀਂ?’
‘ਜੀ ਮਿਲਿਆ ਸੀ।’ ਵੈਦ ਨੇ ਨਿਮਰਤਾ ਪੂਰਵਕ ਉੱਤਰ ਦਿੱਤਾ।
‘ਤਾਂ ਫਿਰ ਤੂੰ ਪਹੁੰਚਿਆ ਕਿਉਂ ਨਹੀਂ?’ ਰਾਜੇ ਨੇ ਮੱਥੇ ਦੀਆਂ ਤਿਉੜੀਆਂ ਕੱਸਦਿਆਂ ਕਿਹਾ।
‘ਹਜ਼ੂਰ! ਤੁਸੀਂ ਜਿਸ ਕੰਮ ਲਈ ਮੈਨੂੰ ਸਨਮਾਨਤ ਕਰਨਾ ਚਾਹੁੰਦੇ ਸੀ, ਮੈਂ ਤਾਂ ਉਸੇ ’ਚ ਲੱਗਾ ਸੀ।’ ਵੈਦ ਕੋਲੋਂ ਇਹ ਸੁਣ ਕੇ ਰਾਜੇ ਦੇ ਮੱਥੇ ਦੀਆਂ ਤਿਉੜੀਆਂ ਢਿੱਲੀਆਂ ਪੈ ਗਈਆਂ ਤੇ ਉਹ ਹੈਰਾਨ ਹੋਇਆ ਪੁੱਛਣ ਲੱਗਾ, ‘ਪਰ ਉਹ ਕਿਵੇਂ?’
‘ਹਜ਼ੂਰ! ਕੱਲ੍ਹ ਸਵੇਰੇ ਇਕ ਬਜ਼ੁਰਗ ਔਰਤ ਆਪਣੇ ਬਿਮਾਰ ਪੋਤੇ ਨੂੰ ਲੈ ਕੇ ਮੇਰੇ ਕੋਲ ਪੁੱਜੀ ਜਿਸ ਦੀ ਹਾਲਤ ਬੇਹੱਦ ਨਾਜ਼ੁਕ ਸੀ, ਜੇਕਰ ਮੈਂ ਉਸ ਦਾ ਤੁਰੰਤ ਇਲਾਜ ਸ਼ੁਰੂ ਨਾ ਕਰਦਾ ਤਾਂ ਉਸ ਬੱਚੇ ਦੀ ਜਾਨ ਵੀ ਜਾ ਸਕਦੀ ਸੀ, ਮੈਨੂੰ ਆਪਣੇ ਸਨਮਾਨ ਨਾਲੋਂ ਉਸ ਬੱਚੇ ਦੀ ਜਾਨ ਜ਼ਿਆਦਾ ਕੀਮਤੀ ਜਾਪੀ, ਬਸ ਇਸੇ ਲਈ ਮੈਂ ਇਸ ਸਮਾਗਮ ’ਤੇ ਨਹੀਂ ਪਹੁੰਚ ਸਕਿਆ।’ ਵੈਦ ਕੋਲੋਂ ਇਹ ਸਭ ਸੁਣ ਰਾਜਾ ਆਪਣੇ ਆਪ ’ਤੇ ਬਹੁਤ ਸ਼ਰਮਿੰਦਾ ਹੋਇਆ। ਉਸ ਨੇ ਉਸੇ ਵੇਲੇ ਵੈਦ ਤੋਂ ਮੁਆਫ਼ੀ ਮੰਗਦਿਆਂ ਉਸ ਨੂੰ ਅਦਬ ਸਹਿਤ ਦੁਬਾਰਾ ਵੈਦਖਾਨੇ ਛੱਡ ਕੇ ਆਉਣ ਦੇ ਆਦੇਸ਼ ਦਿੱਤੇ।
ਵੈਦ ਜਦੋਂ ਰਾਜ ਦਰਬਾਰ ’ਚੋਂ ਵਾਪਸ ਜਾਣ ਲੱਗਾ ਤਾਂ ਉਸ ਦੇ ਸਨਮਾਨ ਵਿਚ ਰਾਜੇ ਦੇ ਨਾਲ-ਨਾਲ ਉਸ ਦੇ ਸਮੂਹ ਦਰਬਾਰੀ ਵੀ ਉੱਠ ਖੜ੍ਹੋਤੇ। ਆਕੜ ਖੋਰ ਰਾਜੇ ਦੇ ਦਰਬਾਰ ਵਿਚ ਅਜਿਹਾ ਅਨੋਖਾ ਸਨਮਾਨ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਸੀ।
ਸੰਪਰਕ : 98550-24495