ਹੈਦਰਾਬਾਦ: ਵੈਂਕਟੇਸ਼ ਡੱਗੂਬਾਤੀ ਦੀ ਆਉਣ ਵਾਲੀ ਫਿਲਮ ‘ਦ੍ਰਿਸ਼ਯਮ 2’ ਅਤੇ ਰਾਣਾ ਡੱਗੂਬਾਤੀ ਦੀ ਫਿਲਮ ‘ਵਿਰਾਤਾ ਪਰਵਮ’ ਨੂੰ ਨਿਰਮਾਤਾਵਾਂ ਵੱਲੋਂ ਝੰਡੀ ਨਾ ਮਿਲਣ ਕਾਰਨ ਇਨ੍ਹਾਂ ਦੀ ਰਿਲੀਜ਼ ਤਰੀਕ ਬਾਰੇ ਅਸਪੱਸ਼ਟਤਾ ਬਣੀ ਹੋਈ ਹੈ। ਮਲਿਆਲਮ ਸੁਪਰਹਿੱਟ ਫਿਲਮ ‘ਦ੍ਰਿਸ਼ਯਮ’ ਦਾ ਦੂਜਾ ਭਾਗ ‘ਦ੍ਰਿਸ਼ਯਮ 2’ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਇਆ ਸੀ, ਜਿਸ ਦਾ ਸਾਰਿਆਂ ਨੇ ਖੂਬ ਆਨੰਦ ਲਿਆ। ‘ਦ੍ਰਿਸ਼ਯਮ 2’ ਦੇ ਤੇਲਗੂ ਰੀਮੇਕ ਵਿੱਚ ਵੈਂਕਟੇਸ਼ ਡੱਗੂਬਾਤੀ ਨੇ ਮੂਲ ਮਲਿਆਲਮ ਫਿਲਮ ਦੇ ਮੋਹਨ ਲਾਲ ਦੀ ਭੂਮਿਕਾ ਅਦਾ ਕੀਤੀ ਹੈ।
ਤੇਲਗੂ ਰੀਮੇਕ ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਜਗ੍ਹਾ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕੀਤੇ ਜਾਣ ਦੀ ਉਮੀਦ ਸੀ ਪਰ ਨਿਰਮਾਤਾਵਾਂ ਨੇ ਹਾਲੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ। ਅਜਿਹਾ ਲੱਗ ਰਿਹਾ ਹੈ ਕਿ ਹਾਲ ਦੀ ਘੜੀ ਨਿਰਮਾਤਾ ਫਿਲਮ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕਰਨ ਲਈ ਅਸਪੱਸ਼ਟ ਹਨ। ਇਸ ਸਬੰਧੀ ਨਿਰਮਾਤਾ ਸੁਰੇਸ਼ ਬਾਬੂ ਨੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਸੌਦਾ ਕੀਤਾ ਸੀ ਪਰ ਓਟੀਟੀ ਪਲੇਟਫਾਰਮ ਨੇ ਹਾਲੇ ਫਿਲਮ ਦੀ ਰਿਲੀਜ਼ ਤਰੀਕ ਦਾ ਕੋਈ ਐਲਾਨ ਨਹੀਂ ਕੀਤਾ ਹੈ।
‘ਵਿਰਾਤਾ ਪਰਵਮ’ ਵਿੱਚ ਰਾਣਾ ਡੱਗੂਬਾਤੀ ਨੇ ਇੱਕ ਬਾਗੀ ਹੀਰੋ ਦੀ ਭੂਮਿਕਾ ਅਦਾ ਕੀਤੀ ਹੈ। ਉਸ ਦੇ ਨਾਲ ਸਾਈ ਪੱਲਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਵੇਣੂ ਉਡੂਗੁਲਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਰਿਲੀਜ਼ ਤਰੀਕ ਬਾਰੇ ਵੀ ਅਸਪੱਸ਼ਟਤਾ ਬਣੀ ਹੋਈ ਹੈ। ਪਹਿਲਾਂ ਜਦੋਂ ਨਿਰਮਾਤਾਵਾਂ ਨੇ ਪਰਮੋਸ਼ਨਲ ਵੀਡੀਓ ਰਿਲੀਜ਼ ਕੀਤੇ ਸਨ ਤਾਂ ਇਨ੍ਹਾਂ ਨੇ ਕਾਫੀ ਲੋਕਾਂ ਦਾ ਧਿਆਨ ਆਪਣੇੇ ਵੱਲ ਖਿੱਚਿਆ ਸੀ ਪਰ ਬਿਨਾਂ ਕਿਸੇ ਅਪਡੇਟ ਤੋਂ ਅਜਿਹਾ ਲੱਗਦਾ ਹੈ ਕਿ ਨਿਰਮਾਤਾ ਇਹ ਪ੍ਰਚਾਰ ਜਾਰੀ ਰੱਖਣ ਵਿੱਚ ਅਸਮਰਥ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਇਹ ਫਿਲਮਾਂ ਓਟੀਟੀ ਪਲੇਟਫਾਰਮਾਂ ’ਤੇ ਰਿਲੀਜ਼ ਕੀਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਦਰਸ਼ਕ ਮਿਲਣਗੇ ਕਿਉਂਕਿ ਹੋਰ ਤੇਲਗੂ ਫਿਲਮਾਂ ਨੇ ਚੰਗੀਆਂ ਤਰੀਕਾਂ ਮੱਲ ਲਈਆਂ ਹਨ। -ਆਈਏਐੱਨਐੱਸ