ਇੰਦੌਰ: ਟੀਵੀ ਲੜੀਵਾਰਾਂ ਦੀ ਉੱਘੀ ਅਦਾਕਾਰਾ ਵੈਸ਼ਾਲੀ ਠੱਕਰ (29) ਨੇ ਅੱਜ ਇਥੇ ਆਪਣੇ ਘਰ ’ਚ ਫਾਹਾ ਲੈ ਲਿਆ। ਲੋਕਾਂ ਵੱਲੋਂ ਪੁਲੀਸ ਨੂੰ ਜਾਣਕਾਰੀ ਦੇਣ ਮਗਰੋਂ ਉਨ੍ਹਾਂ ਸਾਈਬਾਗ ਕਾਲੋਨੀ ’ਚ ਵੈਸ਼ਾਲੀ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ ਜਿਥੇ ਉਹ ਪੱਖੇ ਨਾਲ ਲਟਕਦੀ ਹੋਈ ਮਿਲੀ। ਪੁਲੀਸ ਅਧਿਕਾਰੀ ਆਰ ਡੀ ਕਾਨਵਾ ਨੇ ਦੱਸਿਆ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੂੰ ਉਸ ਦੇ ਕਮਰੇ ’ਚੋਂ ਖੁਦਕੁਸ਼ੀ ਨੋਟ ਮਿਲਿਆ ਹੈ ਪਰ ਇਸ ਦੇ ਵੇਰਵੇ ਨਸ਼ਰ ਨਹੀਂ ਕੀਤੇ ਗਏ। ਵੈਸ਼ਾਲੀ ਨੇ ਆਪਣਾ ਕਰੀਅਰ ‘ਯੇਹ ਰਿਸ਼ਤਾ ਕਿਆ ਕਹਿਲਾਤਾ ਹੈ’ ਤੋਂ ਸ਼ੁਰੂ ਕੀਤਾ ਸੀ ਅਤੇ ਉਹ ‘ਸਸੁਰਾਲ ਸਿਮਰ ਕਾ’ ਤੋਂ ਮਕਬੂਲ ਹੋਈ ਸੀ। ਉਸ ਨੇ ਇਕ ਦਰਜਨ ਤੋਂ ਵਧ ਲੜੀਵਾਰਾਂ ’ਚ ਕੰਮ ਕੀਤਾ ਸੀ। -ਪੀਟੀਆਈ