ਕੈਲਾਸ਼ ਚੰਦਰ ਸ਼ਰਮਾ
ਮਨੁੱਖ ਦੇ ਜੀਵਨ ਵਿੱਚ ਰਿਸ਼ਤਿਆਂ ਦਾ ਜਾਲ ਵਿਛਿਆ ਹੋਇਆ ਹੈ। ਭਾਵੇਂ ਸਾਡੇ ਸਮਾਜਿਕ ਜੀਵਨ ਵਿੱਚ ਰਹਿਣੀ-ਬਹਿਣੀ ਸਮੇਂ ਰਿਸ਼ਤਿਆਂ ਦੀ ਸਾਂਝ ਸੁੰਦਰਤਾ ਬਿਖੇਰਦੀ ਹੈ, ਪਰ ਬਿਨਾਂ ਭਾਵੁਕ ਸਾਂਝ ਦੇ ਰਿਸ਼ਤੇ ਤਾਂ ਬਸ ਸੜਕੀ ਆਵਾਜਾਈ ਵਾਂਗ ਹੀ ਚੱਲਦੇ ਰਹਿੰਦੇ ਹਨ ਭਾਵੇਂ ਇਹ ਖੂਨ ਦੇ ਹੋਣ ਜਾਂ ਜੀਵਨ ਵਿੱਚ ਵਿਚਰਦੇ ਸਮੇਂ ਮਿਲੇ ਹੋਣ। ਅਜੋਕੇ ਪਦਾਰਥਵਾਦੀ ਯੁੱਗ ਵਿੱਚ ਇਨਸਾਨ ਬਹੁਤੇ ਰਿਸ਼ਤਿਆਂ ਨੂੰ ਬੋਝ ਸਮਝ ਕੇ ਹੀ ਨਿਭਾਈ ਜਾਂਦਾ ਹੈ ਕਿਉਂਕਿ ਇਹ ਪਿਆਰ, ਵਿਸ਼ਵਾਸ ਤੇ ਭਾਵੁਕ ਸਾਂਝ ਤੋਂ ਸੱਖਣੇ ਹੁੰਦੇ ਹਨ। ਸ਼ਾਇਦ ਇਸੇ ਕਰਕੇ ਹੀ ਅੱਜ ਰਿਸ਼ਤੇ ਰਸਹੀਣ ਹੋ ਗਏ ਹਨ। ਜ਼ਿੰਦਗੀ ਵਿੱਚ ਵਿਚਰਦੇ ਸਮੇਂ ਜਦੋਂ ਲੋਕ ਇੱਕ-ਦੂਜੇ ਨਾਲ ਇੱਕੋ ਜਿਹੀ ਤਾਰੰਗਤਾ ਨੂੰ ਸਾਂਝਾ ਕਰਦੇ ਹਨ ਤਾਂ ਇੱਕ ਨਿਵੇਕਲੇ ਰਿਸ਼ਤੇ ਦਾ ਜਨਮ ਹੁੰਦਾ ਹੈ, ਜਿਸ ਨੂੰ ਦੋਸਤੀ ਕਹਿੰਦੇ ਹਨ।
ਦੋਸਤੀ ਖੁਦ ਦਾ ਸਿਰਜਿਆ ਸੱਚਾ-ਸੁੱਚਾ ਅਹਿਸਾਸ ਹੁੰਦਾ ਹੈ, ਜਿਸ ਦਾ ਸਬੰਧ ਖੂਨ ਜਾਂ ਜੀਨ, ਪਦ-ਪ੍ਰਤਿਸ਼ਠਾ, ਅਮੀਰੀ-ਗਰੀਬੀ ਤੇ ਰੰਗ-ਰੂਪ ਨਾਲ ਨਹੀਂਂ ਬਲਕਿ ਸਨੇਹ ਅਤੇ ਵਿਸ਼ਵਾਸ ਨਾਲ ਹੁੰਦਾ ਹੈ। ਵਿਅਕਤੀ ਦੇ ਜੀਵਨ ਵਿੱਚ ਨਿਰਸਵਾਰਥ ਸੁਭਾਅ ਦਾ ਸਭ ਤੋਂ ਕੀਮਤੀ ਰਿਸ਼ਤਾ ਦੋਸਤੀ ਦਾ ਹੁੰਦਾ ਹੈ। ਅਨਮੋਲ ਰਤਨਾਂ ਵਰਗੇ ਹੁੰਦੇ ਹਨ ਸੱਚੇ ਦੋਸਤ ਜੋ ਸਾਡੀ ਹਰ ਮੁਸ਼ਕਿਲ ਵਿੱਚ ਕਦੇ ਵੀ ਸਾਡਾ ਸਾਥ ਨਹੀਂ ਛੱਡਦੇ। ਇਹ ਇੰਨੇ ਭਰੋਸੇਯੋਗ ਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ। ਦੋਸਤੀ ਨੂੰ ਪਰਖਣ ਦਾ ਸਹੀ ਸਮਾਂ ਔਖਾ ਵੇਲਾ ਹੁੰਦਾ ਹੈ। ਜੋ ਔਖੇ ਸਮੇਂ ਬਿਨ ਬੁਲਾਏ ਹੀ ਤੁਰੰਤ ਮਦਦ ਲਈ ਪਹੁੰਚਦੇ ਹਨ, ਉਹ ਹੀ ਸੱਚੇ ਦੋਸਤ ਹੁੰਦੇ ਹਨ ਅਤੇ ਜੋ ਅਜਿਹੇ ਸਮੇਂ ਸਾਥ ਛੱਡ ਜਾਣ ਜਾਂ ਟਾਲ-ਮਟੋਲ ਕਰਨ ਉਨ੍ਹਾਂ ਨੂੰ ਦੋਸਤ ਨਹੀਂ ਕਿਹਾ ਜਾ ਸਕਦਾ ਭਾਵੇਂ ਉਹ ਕਿੰਨੇ ਵੀ ਮਿੱਠ-ਬੋਲੜੇ ਕਿਉਂ ਨਾ ਹੋਣ। ਅਜਿਹੇ ਝੂਠੇ ਜਾਂ ਵਿਖਾਵੇ ਦੇ ਦੋਸਤਾਂ ਤੋਂ ਹਰ ਹਾਲਤ ਵਿੱਚ ਕਿਨਾਰਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕ ਆਪਣੇ ਨਾਲ ਤੁਹਾਨੂੰ ਵੀ ਮੁਸ਼ਕਿਲ ਵਿੱਚ ਪਾ ਦਿੰਦੇ ਹਨ।
ਅਸਲ ਵਿੱਚ ਦੋਸਤੀ ਤਾਂ ਇੱਕ ਸੁਰੱਖਿਆ ਕਵਚ ਹੁੰਦਾ ਹੈ। ਜੀਵਨ ਵਿੱਚ ਵਿਅਕਤੀ ਦਾ ਕਮਜ਼ੋਰ ਜਾਂ ਮਜ਼ਬੂਤ ਹੋਣਾ ਦੋਸਤਾਂ ’ਤੇ ਹੀ ਨਿਰਭਰ ਕਰਦਾ ਹੈ। ਸਿਆਣੇ ਕਹਿੰਦੇ ਹਨ ਕਿ ਸੱਚੇ ਦੋਸਤ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ। ਚੰਗੀ ਦੋਸਤੀ ਤਾਂ ਮਨੁੱਖਤਾ ਵੱਲ ਵਧਦਾ ਕਦਮ ਹੈ। ਵੱਡੀ ਉਮਰੇ ਜਦੋਂ ਦੋਸਤਾਂ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਰੂਹਾਂ ਤ੍ਰਿਪਤ ਹੋ ਜਾਂਦੀਆਂ ਹਨ। ਚਿੰਤਾ-ਮੁਕਤ ਮਨ ਫਿਰ ਢੋਲੇ ਗਾਉਣ ਲੱਗਦਾ ਹੈ। ਜਦੋਂ ਇਹ ਦੋਸਤ ਇੱਕਠੇ ਹੋ ਜਾਣ ਤਾਂ ਹਾਸੇ-ਠੱਠੇ ਕਰਦਿਆਂ ਹਵਾ ਵਿੱਚ ਬਾਹਵਾਂ ਆਪਣੇ-ਆਪ ਹੁਲਾਰੇ ਖਾਣ ਲੱਗਦੀਆਂ ਹਨ। ਸਕੂਲ ਜਾਂ ਕਾਲਜ ਵੇਲੇ ਦੀ ਦੋਸਤੀ ਤਾਂ ਬਹੁਤ ਹੰਢਣਸਾਰ ਹੁੰਦੀ ਹੈ। ਕਿਉਂਕਿ ਉਸ ਸਮੇਂ ਸਾਡੇ ਅੰਦਰ ਭਾਵਨਾਵਾਂ ਦਾ ਵਹਾਅ ਜ਼ਿਆਦਾ ਹੁੰਦਾ ਹੈ ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਦੋਸਤ ਹੀ ਉੱਤਮ ਸਾਧਨ ਹੁੰਦੇ ਹਨ। ਉਸ ਸਮੇਂ ਕਿਸੇ ਨੂੰ ਵੀ ਇਹ ਪਤਾ ਨਹੀਂ ਹੁੰਦਾ ਹੈ ਕਿ ਵੱਡਾ ਹੋ ਕੇ ਉਹ ਕੀ ਬਣੇਗਾ? ਉਸ ਸਮੇਂ ਹੁੰਦੀਆਂ ਹਨ ਤਾਂ ਸਿਰਫ਼ ਭਾਵਨਾਵਾਂ। ਦੋਸਤੀ ਗਿਆਨ ਅਤੇ ਪੈਸੇ ਤੋਂ ਵੀ ਵੱਡੀ ਹੁੰਦੀ ਹੈ ਕਿਉਂਕਿ ਜਦੋਂ ਗਿਆਨ ਅਤੇ ਪੈਸਾ ਅਸਫਲ ਹੋ ਜਾਵੇ ਤਾਂ ਦੋਸਤਾਂ ਨਾਲ ਹੀ ਸਥਿਤੀ ਸੰਭਾਲੀ ਜਾ ਸਕਦੀ ਹੈ। ਸੱਚੇ ਦੋਸਤਾਂ ਨਾਲ ਹੀ ਜੀਵਨ ਸਾਰਥਕ ਬਣਦਾ ਹੈ। ਮੱਲ੍ਹਮ ਵਾਂਗ ਹੁੰਦੇ ਹਨ ਸੱਚੇ ਦੋਸਤ, ਜਦੋਂ ਕੁਝ ਸ਼ਬਦ ਬੋਲਦੇ ਹਨ ਤਾਂ ਦਰਦ ਆਪਣੇ-ਆਪ ਹੀ ਠੀਕ ਹੋ ਜਾਂਦਾ ਹੈ। ਇੱਕ ਵਾਰ ਕਿਸੇ ਸਿਆਣੇ ਨੇ ਜ਼ਿੰਦਗੀ ਨੂੰ ਕਿਹਾ: ਐ ਜ਼ਿੰਦਗੀ, ਤੂੰ ਕਿੰਨੀ ਵੀ ਖੂਬਸੂਰਤ ਕਿਉਂ ਨਾ ਬਣ ਜਾਵੇਂ, ਖੁਸ਼ਮਿਜਾਜ਼ ਦੋਸਤਾਂ ਤੋਂ ਬਿਨਾਂ ਚੰਗੀ ਨਹੀਂ ਲੱਗਦੀ।
ਚੰਗੇ ਦੋਸਤਾਂ ਦਾ ਸਬੰਧ ਉਸ ਗੰਨੇ ਦੇ ਸਮਾਨ ਹੁੰਦਾ ਹੈ, ਜਿਸ ਨੂੰ ਜਿੰਨਾ ਮਰਜ਼ੀ ਤੋੜੋ, ਮਰੋੜੋ, ਕੱਟੋ, ਤੁਹਾਨੂੰ ਉਸ ਵਿੱਚੋਂ ਰਸ ਸਦਾ ਮਿੱਠਾ ਹੀ ਮਿਲੇਗਾ। ਇਸ ਲਈ ਦੋਸਤੀ ਚਿਹਰਾ ਵੇਖ ਕੇ ਨਹੀਂ ਇਖਲਾਕ ਵੇਖ ਕੇ ਬਣਾਓ। ਕਹਿਣ ਨੂੰ ਤਾਂ ਬਹੁਤ ਆਪਣੇ ਹੁੰਦੇ ਹਨ, ਪਰ ਜਦੋਂ ਮਨ ਉਦਾਸ ਹੋਵੇ ਤਾਂ ਸੱਚੇ ਦੋਸਤਾਂ ਤੋਂ ਬਿਨਾਂ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਜੀਵਨ ਵਿੱਚ ਬਹੁਤੇ ਦੋਸਤ ਬਣਾਉਣਾ ਕੋਈ ਚਮਤਕਾਰ ਨਹੀਂ ਹੁੰਦਾ, ਚਮਤਕਾਰ ਤਾਂ ਉਦੋਂ ਹੁੰਦਾ ਹੈ ਜਦੋਂ ਇੱਕ ਅਜਿਹਾ ਦੋਸਤ ਹੋਵੇ ਜੋ ਉਸ ਸਮੇਂ ਵੀ ਤੁਹਾਡੇ ਨਾਲ ਖੜ੍ਹਾ ਹੋਵੇ ਜਦੋਂ ਬਹੁਤੇ ਤੁਹਾਡੇ ਖਿਲਾਫ਼ ਹੋ ਜਾਣ। ਜੋ ਤੁਹਾਡੀ ਸੁਣ ਸਕੇ ਤੇ ਤੁਹਾਨੂੰ ਆਪਣੀ ਸੁਣਾ ਸਕੇ ਕਿਉਂਕਿ ਦੋਸਤੀ ਹੀ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ, ਜਿਸ ਵਿੱਚ ਕੋਈ ਦੀਵਾਰ ਨਹੀਂ ਹੁੰਦੀ ਬਲਕਿ ਇੱਕ-ਦੂਸਰੇ ਲਈ ਖੁੱਲ੍ਹਾ ਦਿਲ ਹੁੰਦਾ ਹੈ। ਗਲਤ ਵਿਅਕਤੀ ਕਿੰਨਾ ਵੀ ਮਿੱਠਾ ਬੋਲੇ, ਇੱਕ ਦਿਨ ਬਿਮਾਰੀ ਬਣ ਜਾਵੇਗਾ ਜਦੋਂਕਿ ਚੰਗਾ ਵਿਅਕਤੀ ਕਿੰਨਾ ਵੀ ਕੌੜਾ ਬੋਲੇ, ਇੱਕ ਦਿਨ ਦਵਾਈ ਬਣ ਕੇ ਕੰਮ ਆਵੇਗਾ। ਚਾਣਕਿਆ ਨੀਤੀ ਅਨੁਸਾਰ, ਅਸਲੀ ਦੋਸਤ ਉਹ ਹੁੰਦੇ ਹਨ, ਜੋ ਤੁਹਾਨੂੰ ਕੁਝ ਅਜਿਹੀਆਂ ਸਥਿਤੀਆਂ ਵਿੱਚ ਕਦੇ ਵੀ ਇਕੱਲਾ ਨਾ ਛੱਡਣ: ‘ਲੋੜ ਪੈਣ ’ਤੇ, ਕੋਈ ਦੁਰਘਟਨਾ ਹੋ ਜਾਣ ਸਮੇਂ, ਜਦੋਂ ਕਾਲ ਪਿਆ ਹੋਵੇ, ਜਦੋਂ ਰਾਜੇ ਦੇ ਦਰਬਾਰ ਵਿੱਚ ਜਾਣਾ ਹੋਵੇ ਜਾਂ ਜਦੋਂ ਸ਼ਮਸ਼ਾਨਘਾਟ ਜਾਣਾ ਹੋਵੇ।’
ਪਹਿਲਾਂ ਲੋਕ ਭਾਵੁਕ ਸਨ, ਦੋਸਤੀ ਨਿਭਾਉਂਦੇ ਸਨ। ਫਿਰ ਲੋਕ ਪ੍ਰੈਕਟੀਕਲ ਹੋਏ ਤਾਂ ਦੋਸਤੀ ਦਾ ਫਾਇਦਾ ਉਠਾਉਣ ਲੱਗੇ। ਹੁਣ ਲੋਕ ਪ੍ਰੋਫੈਸ਼ਨਲ ਹੋ ਗਏ ਹਨ, ਦੋਸਤ ਕੇਵਲ ਇਸ ਕਰਕੇ ਹੀ ਬਣਾਉਂਦੇ ਹਨ ਤਾਂ ਜੋ ਫਾਇਦਾ ਉਠਾਇਆ ਜਾ ਸਕੇ। ਇਸ ਲਈ ਦੋਸਤ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਣਾ ਜ਼ਰੂਰੀ ਹੁੰਦਾ ਹੈ ਕਿਉਂਕਿ:
ਦੋਸਤੀ ਨਾਂ ਹੈ ਸੁੱਖ-ਦੁੱਖ ਦੀ ਕਹਾਣੀ ਦਾ
ਦੋਸਤੀ ਨਾਂ ਹੈ ਸਦਾ ਮੁਸਕਰਾਉਣ ਦਾ।
ਇਹ ਕੋਈ ਪਲ ਭਰ ਦੀ ਜਾਣ-ਪਹਿਚਾਣ ਨਹੀਂ
ਦੋਸਤੀ ਤਾਂ ਵਾਅਦਾ ਹੈ ਉਮਰ ਭਰ ਸਾਥ ਨਿਭਾਉਣ ਦਾ।
ਜੌਹਨ ਐਵਲਿਨੀ ਦੇ ਕਥਨ ਅਨੁਸਾਰ: ‘ਦੋਸਤੀ ਇੱਕ ਅਜਿਹਾ ਸੁਨਹਿਰੀ ਤੰਦ ਹੈ, ਜਿਸ ਵਿੱਚ ਕੇਵਲ ਪਿਆਰ, ਵਿਸ਼ਵਾਸ ਅਤੇ ਨਿਰਸਵਾਰਥ ਦਿਲ ਹੀ ਪਰੋਏ ਜਾ ਸਕਦੇ ਹਨ।’ ਸੱਚੇ ਦੋਸਤ ਤਾਂ ਹੀਰਿਆਂ ਦੀ ਉਸ ਮਾਲਾ ਵਰਗੇ ਹੁੰਦੇ ਹਨ, ਜੋ ਜਿੰਨੀ ਵਾਰ ਮਰਜ਼ੀ ਟੁੱਟ ਜਾਵੇ, ਸਦਾ ਇਸ ਨੂੰ ਜੋੜ ਕੇ ਰੱਖਣਾ ਹੀ ਬਿਹਤਰ ਹੁੰਦਾ ਹੈ। ਇਸੇ ਲਈ ਸੱਚਾ ਦੋਸਤ ਕਦੇ ਨਾਰਾਜ਼ ਵੀ ਹੋ ਜਾਵੇ ਤਾਂ ਉਸ ਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ:
ਸੱਚਾ ਦੋਸਤ ਕਦੇ ਵੀ ਪੁਰਾਣਾ ਨਹੀਂ ਹੁੰਦਾ
ਕੁਝ ਦਿਨ ਗੱਲ ਨਾ ਕਰੇ ਤਾਂ ਬੇਗਾਨਾ ਨਹੀਂ ਹੁੰਦਾ
ਦੋਸਤੀ ਵਿੱਚ ਦੂਰੀ ਤਾਂ ਆਉਂਦੀ-ਜਾਂਦੀ ਰਹਿੰਦੀ ਹੈ
ਪਰ ਦੂਰੀ ਦਾ ਮਤਲਬ ਭੁਲਾਉਣਾ ਨਹੀਂ ਹੁੰਦਾ।
ਇਸ ਲਈ ਸੱਚੇ ਦੋਸਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਦੋਸਤੀ ਦਾ ਰਿਸ਼ਤਾ ਤਾਂ ਇੱਕ ਪਰਿੰਦੇ ਵਾਂਗ ਹੁੰਦਾ ਹੈ। ਜ਼ੋਰ ਨਾਲ ਫੜੋਗੇ ਤਾਂ ਮਰ ਜਾਵੇਗਾ, ਨਰਮੀ ਨਾਲ ਫੜੋਗੇ ਤਾਂ ਉੱਡ ਜਾਵੇਗਾ ਤੇ ਜੇਕਰ ਪਿਆਰ ਨਾਲ ਫੜੋਗੇ ਤਾਂ ਸਾਰੀ ਜ਼ਿੰਦਗੀ ਨਿਭਾਏਗਾ। ਯਾਦ ਰੱਖੋ, ਸੋਨਾ ਰੱਖਣ ਲਈ ਲਾਕਰ ਮਿਲ ਜਾਂਦਾ ਹੈ, ਰੁਪਏ ਰੱਖਣ ਲਈ ਬੈਂਕ ਮਿਲ ਜਾਂਦਾ ਹੈ, ਪਰ ਦਿਲ ਦੀ ਗੱਲ ਕਹਿਣ ਲਈ ਸੱਚਾ ਦੋਸਤ ਬੜੀ ਮੁਸ਼ਕਲ ਨਾਲ ਮਿਲਦਾ ਹੈ। ਸ਼ਾਇਦ ਇਸੇ ਕਰਕੇ ਹੀ ਕਿਸੇ ਸਿਆਣੇ ਨੇ ਕਿੰਨਾ ਖੂਬਸੂਰਤ ਕਿਹਾ ਹੈ: ‘ਜੇਕਰ ਖੁਦਾ ਨੇ ਦੋਸਤੀ ਦਾ ਰਿਸ਼ਤਾ ਨਾ ਬਣਾਇਆ ਹੁੰਦਾ ਤਾਂ ਇਨਸਾਨ ਕਦੇ ਯਕੀਨ ਨਾ ਕਰਦਾ ਕਿ ਅਜਨਬੀ ਲੋਕ ਆਪਣਿਆਂ ਨਾਲੋਂ ਵੀ ਵੱਧ ਪਿਆਰੇ ਹੁੰਦੇ ਹਨ। ਦੋਸਤੀ ਵਿਸ਼ਵਾਸ ’ਤੇ ਟਿਕੀ ਹੁੰਦੀ ਹੈ। ਇਹ ਦੀਵਾਰ ਬੜੀ ਮੁਸ਼ਕਲ ਨਾਲ ਖੜ੍ਹੀ ਹੁੰਦੀ ਹੈ। ਕਦੇ ਵਿਹਲ ਮਿਲੇ ਤਾਂ ਪੜ੍ਹਨਾ ਕਿਤਾਬ ਰਿਸ਼ਤਿਆਂ ਦੀ। ਦੋਸਤੀ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡੀ ਹੁੰਦੀ ਹੈ।’
ਸੰਪਰਕ: 98774-66607