ਮੁੰਬਈ, 6 ਸਤੰਬਰ
ਫ਼ਿਲਮਸਾਜ਼ ਨਿਤੇਸ਼ ਤਿਵਾੜੀ, ਅਦਾਕਾਰਾ ਸ਼ਰਧਾ ਕਪੂਰ ਅਤੇ ਵਰੁਣ ਸ਼ਰਮਾ ਨੇ ਆਪਣੀ ਫ਼ਿਲਮ ‘ਛਿਛੋਰੇ’ ਦੀ ਪਹਿਲੀ ਵਰ੍ਹੇਗੰਢ ਮੌਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਉਨ੍ਹਾਂ ਦੇ ਦਿਲਾਂ ’ਚ ਜ਼ਿੰਦਾ ਰਹਿਣਗੇ। ਕਾਲਜ ਦੀ ਕਹਾਣੀ ’ਤੇ ਅਧਾਰਤ ਇਹ ਫ਼ਿਲਮ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ਸੀ। ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ (34) ਬੀਤੀ 14 ਜੂਨ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਅਪਾਰਟਮੈਂਟ ’ਚੋਂ ਮਿਲੀ ਸੀ। ਫ਼ਿਲਮਸਾਜ਼ ਨਿਤੇਸ਼ ਤਿਵਾੜੀ ਨੇ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ,‘ਤੁਸੀਂ ਹਮੇਸ਼ਾਂ ਸਾਡੇ ਦਿਲਾਂ ’ਚ ਰਹੋਗੇ! #ਵੀ ਮਿਸ ਯੂ ਸੁਸ਼’। ਇਹੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਸ਼ਰਧਾ ਕਪੂਰ ਨੇ ਲਿਖਿਆ,‘ਉਸ ਦੀ ਪਿਆਰੀ ਯਾਦ ’ਚ।’ ਇਸ ਤਰ੍ਹਾਂ ਵਰੁਣ ਸ਼ਰਮਾ ਨੇ ਵੀ ਇੰਸਟਾਗ੍ਰਾਮ ’ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ। ਨਿਤੇਸ਼ ਤਿਵਾੜੀ ਵੱਲੋਂ ਆਈਆਈਟੀ ਬਾਂਬੇ ’ਚ ਬਿਤਾਏ ਦਿਨਾਂ ਦੀ ਯਾਦ ’ਤੇ ਅਧਾਰਿਤ ਫ਼ਿਲਮ ‘ਛਿਛੋਰੇ’ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ। ਇਸ ਫ਼ਿਲਮ ਦੀ ਬਾਕਸ ਆਫਿਸ ’ਤੇ ਵੀ ਕਾਫ਼ੀ ਚੰਗੀ ਕਾਰਗੁਜ਼ਾਰੀ ਰਹੀ ਸੀ। -ਪੀਟੀਆਈ