ਮੁੰਬਈ: ਅਦਾਕਾਰਾ ਸਨਾ ਕਪੂਰ ਨੇ ਆਪਣੀ ਆਉਣ ਵਾਲੀ ਕਾਮੇਡੀ ਫਿਲਮ ‘ਸਰੋਜ ਕਾ ਰਿਸ਼ਤਾ’ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ। ਇਹ ਫਿਲਮ 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਉਸ ਨੇ ਇੰਸਟਾਗਰਾਮ ’ਤੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰਦਿਆਂ ਫਿਲਮ ਦੇ ਸਹਿ-ਅਦਾਕਾਰਾਂ ਤੇ ਟੀਮ ਮੈਂਬਰਾਂ ਨੂੰ ਵੀ ਟੈਗ ਕੀਤਾ ਹੈ। ਸਨਾ ਕਪੂਰ ਫਿਲਮ ਵਿੱਚ ਸਰੋਜ ਦੀ ਭੂਮਿਕਾ ਨਿਭਾ ਰਹੀ ਹੈ ਜੋ ਬੇਪ੍ਰਵਾਹ ਹੋ ਕੇ ਜ਼ਿੰਦਗੀ ਜਿਊਂਦੀ ਹੈ ਤੇ ਉਹ ਆਪਣੇ ਮੋਟਾਪੇ ਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹੈ। ਇਸ ਟ੍ਰੇਲਰ ਦੇ ਵੀਡੀਓ ਦੀ ਸ਼ੁਰੂਆਤ ਵਿੱਚ ਸਰੋਜ ਦੇ ਪਿਤਾ ਉਸ ਬਾਰੇ ਜੋ ਦੱਸਦੇ ਹਨ, ਉਹ ਉਸ ਦੇ ਬਿਲਕੁਲ ਉਲਟ ਹੈ। ਫਿਲਮ ਵਿਚ ਸਰੋਜ ਦੀ ਮਾਂ ਦਾ ਰੋਲ ਸੁਪ੍ਰਿਆ ਪਾਠਕ ਨੇ ਨਿਭਾਇਆ ਹੈ। ਫਿਲਮ ਵਿੱਚ ਰਣਦੀਪ ਰਾਏ, ਗੌਰਵ ਪਾਂਡੇ, ਕੁਮੁਦ ਮਿਸ਼ਰਾ ਸਹਿ-ਅਦਾਕਾਰ ਹਨ। ਦੱਸਣਾ ਬਣਦਾ ਹੈ ਕਿ ਸਨਾ ਕਪੂਰ ਨੇ ਫਿਲਮ ‘ਸ਼ਾਨਦਾਰ’ ਰਾਹੀਂ ਫਿਲਮ ਜਗਤ ਵਿਚ ਪੈਰ ਧਰਿਆ ਸੀ ਜਿਸ ਵਿਚ ਉਸ ਨੇ ਆਪਣੇ ਭਰਾ ਸ਼ਾਹਿਦ ਕਪੂਰ ਅਤੇ ਪਿਤਾ ਪੰਕਜ ਕਪੂਰ ਨਾਲ ਕੰਮ ਕੀਤਾ ਸੀ। -ਏਐੱਨਆਈ