ਮੁੰਬਈ: ਅਗਲੀ ਆਉਣ ਵਾਲੀ ਜਾਸੂਸੀ ਰੋਮਾਂਚਕ ਲੜੀ ‘ਮੁਖਬਿਰ- ਦਿ ਸਟੋਰੀ ਆਫ ਏ ਸਪਾਈ’ ਲਈ ਸੀਨੀਅਰ ਅਦਾਕਾਰਾਂ ਪ੍ਰਕਾਸ਼ ਰਾਜ, ਆਦਿਲ ਹੁਸੈਨ ਅਤੇ ਹਰਸ਼ ਛਾਇਆ ਸੁਰੱਖਿਆ ਬਲਾਂ ਵਿੱਚ ਭਰਤੀ ਹੋਏ ਹਨ। ਇਸ ਲੜੀ ਦਾ ਟਰੇਲਰ ਅੱਜ ਜਾਰੀ ਕੀਤਾ ਗਿਆ ਹੈ। ਇਹ ਤਿੰਨੋਂ ਕਲਾਕਾਰ ਇਸ ਸ਼ੋਅ ਵਿੱਚ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ। ਇਸ ਲੜੀ ਦੇ ਜਾਰੀ ਕੀਤੇ ਗਏ ਟਰੇਲਰ ਵਿੱਚ ਭਾਰਤ ਦੇ ਪਾਕਿਸਤਾਨ ਵਿੱਚ ਰਹਿੰਦੇ ਖੁਫੀਆ ਏਜੰਟ ਦੀ ਕਹਾਣੀ ਦਰਸਾਈ ਗਈ ਹੈ ਜੋ ਕਿ ਦੇਸ਼ ਨੂੰ ਬਚਾਉਣ ਲਈ ਵੱਖ-ਵੱਖ ਮੌਕਿਆਂ ’ਤੇ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਭਾਰਤ ਦੇ ਪੱਖ ਵਿੱਚ 1965 ਦੀ ਭਾਰਤ-ਪਾਕਿਸਤਾਨ ਜੰਗ ਦਾ ਰੁਖ਼ ਬਦਲ ਦਿੰਦਾ ਹੈ। ਇਸ ਸ਼ੋਅ ਦੇ ਨਿਰਦੇਸ਼ਕ ਸ਼ਿਵਮ ਨਾਇਰ ਹਨ, ਜੋ ਕਿ ਇਸ ਤੋਂ ਪਹਿਲਾਂ ਜਯਪ੍ਰਦ ਦੇਸਾਈ ਨਾਲ ਮਿਲ ਕੇ ‘ਨਾਮ ਸ਼ਬਾਨਾ’ ਅਤੇ ‘ਸਪੈਸ਼ਲ ਅਪ੍ਰੇਸ਼ਨਜ਼’ ਵਰਗੀ ਫਿਲਮ ਤੇ ਲੜੀ ਬਣਾ ਚੁੱਕੇ ਹਨ। ਇਸ ਲੜੀ ਦੇ ਟਰੇਲਰ ਦੇ ਰਿਲੀਜ਼ ਮੌਕੇ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ, ‘‘ਮੁਖਬਿਰ ਭਾਰਤ ਦੇ ਉਨ੍ਹਾਂ ਨਾਇਕਾਂ ਅਤੇ ਜਾਸੂਸਾਂ ਦੀ ਬਹਾਦਰੀ ਤੇ ਬਲੀਦਾਨਾਂ ਨੂੰ ਚੇਤੇ ਕਰਦੀ ਹੈ ਜਿਨ੍ਹਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ ਅਤੇ ਮੈਂ ਅਜਿਹੇ ਕਮਾਲ ਦੇ ਪ੍ਰਾਜੈਕਟ ਦਾ ਹਿੱਸਾ ਬਣ ਕੇ ਖੁਸ਼ ਹਾਂ। ਇਨ੍ਹਾਂ ਜਾਸੂਸਾਂ ਦੀ ਚੁੱਪ ਕਾਰਨ ਕਿਸੇ ਦਾ ਇਨ੍ਹਾਂ ਵੱਲ ਧਿਆਨ ਹੀ ਨਹੀਂ ਜਾਂਦਾ ਪਰ ਇਨ੍ਹਾਂ ਦਾ ਕੰਮ ਯਾਦਗਾਰੀ ਹੈ ਅਤੇ ਇਸ ਵਾਸਤੇ, ਮੁਖਬਿਰ ਸਾਡੇ ਵੱਲੋਂ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਇਕ ਸ਼ਰਧਾਂਜਲੀ ਹੈ।’’ -ਆਈਏਐੱਨਐੱਸ