ਕਾਰਗਿਲ, 26 ਜੁਲਾਈ
ਇੱਥੇ ਦਰਾਸ ਟਾਊਨ ਦੇ ਨੈਸ਼ਨਲ ਹੌਰਸ ਪੋਲੋ ਗਰਾਊਂਡ ਵਿੱਚ ਅੱਜ 22ਵੇਂ ਕਾਰਗਿਲ ਵਿਜੈ ਦਿਵਸ ਮੌਕੇ ਕਾਰਗਿਲ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਜੀਵਨ ’ਤੇ ਬਣੀ ਫਿਲਮ ‘ਸ਼ੇਰਸ਼ਾਹ’ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਅਦਾਕਾਰ ਸਿਧਾਰਥ ਮਲਹੋਤਰਾ ਵਿਕਰਮ ਬੱਤਰਾ ਅਤੇ ਉਸ ਦੇ ਜੁੜਵਾਂ ਭਰਾ ਵਿਸ਼ਾਲ ਬੱਤਰਾ ਦਾ ਕਿਰਦਾਰ ਨਿਭਾ ਰਿਹਾ ਹੈ। ਸਿਧਾਰਥ ਨੇ ਕਿਹਾ, ‘‘ਇਹ ਮੇਰੀ ਪਹਿਲੀ ਫਿਲਮ ਹੈ, ਜਿਸ ਵਿੱਚ ਮੈਂ ਅਸਲ ਜ਼ਿੰਦਗੀ ਦੇ ਹੀਰੋ ਦਾ ਕਿਰਦਾਰ ਨਿਭਾਇਆ ਹੈ। ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿਉਂਕਿ ਮੈਨੂੰ ਕੈਪਟਨ ਵਿਕਰਮ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।’’ ਫਿਲਮ ਵਿੱਚ ਕਿਆਰਾ ਅਡਵਾਨੀ ਕੈਪਟਨ ਬੱਤਰਾ ਦੀ ਪਤਨੀ ਡਿੰਪਲ ਚੀਮਾ ਦਾ ਕਿਰਦਾਰ ਨਿਭਾ ਰਹੀ ਹੈ। ਉਸ ਨੇ ਕਿਹਾ, ‘‘ਕੁਝ ਫਿਲਮਾਂ ਤੁਹਾਨੂੰ ਪੇਸ਼ੇਵਰ ਤੌਰ ’ਤੇ ਬਦਲ ਦਿੰਦੀਆਂ ਹਨ ਪਰ ਕੁਝ ਵਿਅਕਤੀਗਤ ਤੌਰ ’ਤੇ ਬਦਲਦੀਆਂ ਹਨ।’’ ਅਦਾਕਾਰਾ ਨੇ ਕਿਹਾ ਕਿ ਇਸ ਫਿਲਮ ਨੇ ਉਸ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ। ਕਿਆਰਾ ਨੇ ਭਾਰਤੀ ਫ਼ੌਜ ਦੀ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ ਕਿ ਫ਼ੌਜੀਆਂ ਲਈ ਉਸ ਦੇ ਦਿਲ ਵਿੱਚ ਕਿੰਨੀ ਇੱਜ਼ਤ ਹੈ। ਤਾਮਿਲ ਵਿੱਚ ‘ਅਰਿਥੰਮ ਅਰੀਆਮਾਲੁਮ’, ‘ਪੱਟਿਆਲ’ ਅਤੇ ‘ਬਿੱਲਾ’ ਸਮੇਤ ਕਈ ਹੋਰ ਸਫ਼ਲ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਵਿਸ਼ਨੂਵਰਧਨ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਹਿੰਦੀ ਫਿਲਮ ਹੈ ਅਤੇ ਕੈਪਟਨ ਬੱਤਰਾ ਦੇ ਜੀਵਨ ’ਤੇ ਫਿਲਮ ਬਣਾਉਣਾ ‘ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ’ ਸੀ। ਉਸ ਨੇ ਕਿਹਾ, ‘‘ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਕਾਰਗਿਲ ਵਿੱਚ ਸ਼ੂਟਿੰਗ ਕਰਾਂਗੇ। ਅਸੀਂ ਕਾਰਗਿਲ ਸਿਪਾਹੀਆਂ ਦੀ ਅਸਲ ਘਾਲਣਾ ਨੂੰ ਪਰਦੇ ’ਤੇ ਹੂ-ਬ-ਹੂ ਉਤਾਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ।’’ ਫਿਲਮ ‘ਸ਼ੇਰਸ਼ਾਹ’ 12 ਅਗਸਤ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੇ ਨਿਰਮਾਤਾ ਧਰਮਾ ਪ੍ਰੋਡਕਸ਼ਨਜ਼ ਅਤੇ ਕਾਸ਼ ਐਂਟਰਟੇਨਮੈਂਟ ਹਨ।
ਐਮਾਜ਼ੋਨ ਪ੍ਰਾਈਮ ਵੀਡੀਓ ਭਾਰਤ ਦੇ ਡਾਇਰੈਕਟਰ ਅਤੇ ਹੈੱਡ ਵਿਜੈ ਸੁਬਰਾਮਣੀਅਮ ਨੇ ਦੱਸਿਆ ਕਿ ਫਿਲਮ 200 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਨੂੰ ਸ਼ਬੀਰ ਬੌਕਸਵਾਲ ਨੇ ਪ੍ਰੋਡਿਊੁਸ ਕੀਤਾ ਹੈ, ਜਿਸ ਨੇ ਸਭ ਤੋਂ ਪਹਿਲਾਂ ਕੈਪਟਨ ਬੱਤਰਾ ਬਾਰੇ ਜਾਣਿਆ ਅਤੇ ਫਿਲਮ ਬਣਾਉਣ ਲਈ ਪਰਿਵਾਰ ਤੱਕ ਪਹੁੰਚ ਕੀਤੀ ਸੀ। ਇਸ ਮੌਕੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ, ਫਿਲਮਸਾਜ਼ ਕਰਨ ਜੌਹਰ, ਅਪੂਰਵਾ ਮਹਿਤਾ ਅਤੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। -ਪੀਟੀਆਈ