ਨਵੀਂ ਦਿੱਲੀ: ਅਦਾਕਾਰ ਅਜੈ ਦੇਵਗਨ ਨੇ ਖ਼ੁਦ ਨੂੰ ਨਕਾਰਾਤਮਕਤਾ ਤੋਂ ਦੂਰ ਰੱਖਣ ਦੇ ਗੁਰ ਸਾਂਝੇ ਕੀਤੇ। ਅਜੈ ਨੇ ਕਿਹਾ, ‘ਤੁਸੀਂ ਲੋਕਾਂ ਦੇ ਸੋਚਣ ਦਾ ਢੰਗ ਨਹੀਂ ਬਦਲ ਸਕਦੇ। ਇਹ ਉਨ੍ਹਾਂ ਦੀ ਨਕਾਰਾਤਮਕਤਾ ਹੈ, ਜਿਸ ਤੋਂ ਬਚਣ ਲਈ ਵਿਅਕਤੀ ਨੂੰ ਆਪਣੇ ਉਦੇਸ਼ ’ਤੇ ਧਿਆਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 52 ਸਾਲਾ ਅਦਾਕਾਰ ਨੇ ਹਾਲ ਹੀ ਵਿੱਚ ਆਪਣੀ ਵੈੱਬ ਸੀਰੀਜ਼ ‘ਰੁਦਰਾ: ਦਿ ਐੱਜ ਆਫ਼ ਡਾਰਕਨੈੱਸ’ ਰਾਹੀਂ ਡਿਜੀਟਲ ਪਲੈਟਫਾਰਮ ’ਤੇ ਦਸਤਕ ਦਿੱਤੀ ਹੈ। ਇਹ ਸੀਰੀਜ਼ ਮਸ਼ਹੂਰ ਬ੍ਰਿਟਿਸ਼ ਸੀਰੀਜ਼ ‘ਲੂਥਰ’ ਦੀ ਰੀਮੇਕ ਹੈ, ਜਿਸ ਵਿੱਚ ਜੁਰਮ ਖ਼ਿਲਾਫ਼ ਲੜਨ ਤੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣ ਲਈ ਜੱਦੋ ਜਹਿਦ ਕਰਨ ਵਾਲੇ ਇੱਕ ਪੁਲੀਸ ਵਾਲੇ ਦੇ ਜੀਵਨ ਵਿੱਚ ਆਏ ਉਤਰਾਅ-ਚੜ੍ਹਾਅ ਨੂੰ ਬਿਆਨਿਆ ਗਿਆ ਹੈ। ਇਸ ਸੀਰੀਜ਼ ਵਿੱਚ ਪੁਲੀਸ ਵਾਲੇ ਦਾ ਕਿਰਦਾਰ ਨਿਭਾਅ ਰਿਹਾ ਅਜੈ ਦੇਵਗਨ ਜੁਰਮ ਦੀ ਹਨੇਰੀ ਦੁਨੀਆ ਵਿੱਚ ਸੱਚ ਲਈ ਲੜਦਾ ਹੋਇਆ ਕਈ ਗੁੰਝਲਦਾਰ ਅਪਰਾਧਾਂ ਦਾ ਪਰਦਾਫਾਸ਼ ਕਰਦਾ ਹੈ। ਇਹ ਸੀਰੀਜ਼ 4 ਮਾਰਚ ਨੂੰ ਹੌਟ ਸਟਾਰ ’ਤੇ ਰਿਲੀਜ਼ ਕੀਤੀ ਗਈ ਹੈ। ਇਸ ਸੀਰੀਜ਼ ਵਿੱਚ ਰਾਸ਼ੀ ਖੰਨਾ, ਈਸ਼ਾ ਦਿਓਲ, ਅਤੁਲ ਕੁਲਕਰਨੀ, ਅਸ਼ਿਵਨੀ ਕਲਸੇਕਰ, ਤਰੁਨ ਗਹਿਲੋਤ, ਆਸ਼ੀਸ਼ ਵਿਦਿਅਰਥੀ ਤੇ ਸੱਤਿਆਦੀਪ ਮਿਸ਼ਰਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। -ਆਈਏਐੱਨਐੱਸ