ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਕਸਰਤ ਕਰਨ ਦੀਆਂ ਵੀਡੀਓਜ਼ ਸਾਂਝੀ ਕਰਕੇ ਆਪਣੇ ਤੰਦਰੁਸਤ ਸਰੀਰ ਅਤੇ ਸਿਹਤਮੰਦ ਰਹਿਣ ਦੇ ਨੁਸਖੇ ਦੱਸ ਰਿਹਾ ਹੈ। ਆਪਣੀ ਹਰ ਨਵੀਂ ਵੀਡੀਓ ਨਾਲ ਸੁਨੀਲ ਸ਼ੈੱਟੀ ਇਹ ਸਾਬਤ ਕਰ ਰਿਹਾ ਹੈ ਕਿ ਕਸਰਤ ਵਧਦੀ ਉਮਰ ’ਚ ਤੰਦਰੁਸਤ ਰਹਿਣ ਲਈ ਸਹਾਈ ਹੁੰਦੀ ਹੈ। ਉਮਰ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਇਹ ਸਿਰਫ਼ ਇੱਕ ਗਿਣਤੀ ਹੈ ਤੇ ਤੰਦਰੁਸਤ ਰਹਿਣ ਲਈ ਕਸਰਤ ਦਾ ਕੋਈ ਵਿਕਲਪ ਨਹੀਂ। ਇਹ ਇਕ ਤੰਦਰੁਸਤ ਜੀਵਨ ਜਿਊਣ ਦਾ ਢੰਗ ਹੈ। 60 ਸਾਲਾਂ ਦੇ ਅਦਾਕਾਰ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਤੰਦਰੁਸਤੀ ਦਾ ਰਾਜ਼ ਲੋਕਾਂ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ‘ਫਿੱਟਰ’ ਸੰਸਥਾ ਦੇ ਬਾਨੀ ਅਤੇ ਸੀਈਓ ਜਿਤੇਂਦਰ ਚੌਕਸੀ ਦੀ ਲਿਖੀ ਕਿਤਾਬ ‘ਲੂਜ਼ ਫੈਟ, ਗੈੱਟ ਫਿੱਟਰ’ ਦੇ ਕੁਝ ਨੁਕਤੇ ਸਾਂਝੇ ਕੀਤੇ। ਅਦਾਕਾਰ ਨੇ ਦੱਸਿਆ, ‘ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਉਸ ਨੇ ਜੋ ਕਿਤਾਬਾਂ ਪੜ੍ਹੀਆਂ ਹਨ ਉਨ੍ਹਾਂ ’ਚੋਂ ਇਹ ਇਕ ਵਧੀਆ ਕਿਤਾਬ ਹੈ।’’ ਇਸ ਕਿਤਾਬ ਅਨੁਸਾਰ, ‘‘ਫਿੱਟ ਰਹਿਣ ਲਈ ਮਹਿੰਗੇ ਉਪਕਰਣਾਂ ਤੇ ਮਹਿੰਗੀਆਂ ਖੁਰਾਕਾਂ ਦੀ ਲੋੜ ਨਹੀਂ ਹੁੰਦੀ।’’ ਇਸ ਤੋਂ ਉਲਟ ਇਹ ਕਿਤਾਬ ਤੁਹਾਨੂੰ ਆਪਣੇ ਸਰੀਰ, ਮਨ ਅਤੇ ਭਾਵਨਾਵਾਂ ’ਤੇ ਵਧੇਰੇ ਧਿਆਨ ਦੇਣ ਲਈ ਪ੍ਰੇਰਦੀ ਹੋਈ ਵਰਜਿਸ਼ ਕਰਨ ’ਤੇ ਜ਼ੋਰ ਦਿੰਦੀ ਹੈ। ਇਹੀ ਗੱਲ ਮੈਂ ਵੀ ਮੰਨਦਾ ਹਾਂ। ਸੁਨੀਲ ਨੇ ਆਪਣੀ ਸਿਹਤ ਵਿੱਚ ਆਏ ਸੁਧਾਰ ਲਈ ਜਿਤੇਂਦਰ ਚੌਕਸੀ ਅਤੇ ਫਿੱਟਰ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ ਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਕਿਤਾਬ ’ਚ ਸੁਝਾਏ ਨੁਕਤੇ ਵਰਤਣ ਲਈ ਪ੍ਰੇਰਿਆ। -ਆਈਏਐੱਨਐੱਸ