ਗੁਰਮੀਤ ਸਿੰਘ*
ਇਸ ਛੋਟੀ ਜਿਹੀ ਚਿੜੀ ਨੂੰ ਪੰਜਾਬੀ ਵਿੱਚ ਤੇਲੀ ਮੁਨੀਆ, ਅੰਗਰੇਜ਼ੀ ਵਿੱਚ ‘ਸਕੈਲੀ-ਬ੍ਰੈਸਟਡ ਜਾਂ ਸਪੌਟਡ ਮੁਨੀਆ (The scaly-breasted munia or Spotted munia) ਅਤੇ ਹਿੰਦੀ ਵਿੱਚ ਤੇਲੀਆ ਮੁਨੀਆ ਕਹਿੰਦੇ ਹਨ। ਇਹ ਭਾਰਤ ਵਿੱਚ ਪਾਏ ਜਾਣ ਵਾਲੇ ਮੁਨੀਆ ਪੰਛੀਆਂ ਦੀ ਇੱਕ ਆਮ ਕਿਸਮ ਹੈ। ਇਹ ਝੁੰਡਾਂ ਵਿੱਚ ਇਕੱਠੇ ਹੋ ਕੇ ਘਾਹ ਦੇ ਮੈਦਾਨਾਂ ਵਿੱਚ ਜਾ ਕੇ ਘਾਹ ਦੇ ਬੀਜ ਖਾਂਦੇ ਹਨ ਜਾਂ ਫਿਰ ਬਾਂਸ ਦੇ ਪੱਤਿਆਂ ਦੀ ਵੀ ਖੁਰਾਕ ਦੇ ਤੌਰ ’ਤੇ ਵਰਤੋਂ ਕਰਦੇ ਹਨ। ਇਹ ਹਲਕੀ ਆਵਾਜ਼ ਅਤੇ ਸੀਟੀਆਂ ਨਾਲ ਸੰਚਾਰ ਕਰਦੇ ਹਨ।
ਮੁਨੀਆ ਲਗਭਗ 11 ਤੋਂ 12 ਸੈਂਟੀਮੀਟਰ ਲੰਬੀ ਹੁੰਦੀ ਹੈ ਅਤੇ ਇਸ ਦਾ ਭਾਰ 16 ਤੋਂ 12 ਗ੍ਰਾਮ ਹੁੰਦਾ ਹੈ। ਇਸ ਦੀ ਚੁੰਝ ਗੂੜ੍ਹੀ ਭੂਰੀ ਹੁੰਦੀ ਹੈ। ਨਰ, ਮਾਦਾ ਇੱਕੋ ਜਿਹੇ ਹੀ ਹੁੰਦੇ ਹਨ, ਹਾਲਾਂਕਿ ਨਰ ਦੇ ਸਰੀਰ ’ਤੇ ਮਾਦਾ ਨਾਲੋਂ ਹੇਠਲੇ ਪਾਸੇ ਗੂੜ੍ਹੇ ਨਿਸ਼ਾਨ ਹੁੰਦੇ ਹਨ। ਤੇਲੀ ਮੁਨੀਆ ਘੱਟ ਦੁਸ਼ਮਣੀ ਰੱਖਣ ਵਾਲਾ ਪੰਛੀ ਹੈ, ਪਰ ਇਹ ਪੰਛੀ ਕਈ ਵਾਰ ਬਿਨਾਂ ਕਿਸੇ ਕਾਰਨ ਝਗੜਾ ਕਰਦੇ ਹਨ। ਤੇਲੀ ਮੁਨੀਆ ਬਹੁਤ ਸਾਰੀਆਂ ਥਾਵਾਂ ’ਤੇ ਮਿਲਦੀਆਂ ਹਨ, ਪਰ ਆਮ ਤੌਰ ’ਤੇ ਪਾਣੀ ਅਤੇ ਘਾਹ ਦੇ ਮੈਦਾਨਾਂ ਦੇ ਨੇੜੇ ਇਨ੍ਹਾਂ ਨੂੰ ਜ਼ਿਆਦਾ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਹੋਰ ਥਾਵਾਂ ’ਤੇ ਜੂਨ ਤੋਂ ਅਗਸਤ ਅਤੇ ਭਾਰਤ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਹੁੰਦਾ ਹੈ। ਨਰ ਤੇ ਮਾਦਾ ਦੋਵੇਂ ਮਿਲ ਕੇ ਆਲ੍ਹਣਾ ਬਣਾਉਂਦੇ ਹਨ। ਪ੍ਰਜਣਨ ਤੋਂ ਪਹਿਲਾਂ ਨਰ ਜਾਂ ਮਾਦਾ ਆਲ੍ਹਣੇ ਦੇ ਘਾਹ-ਫੂਸ ਨਾਲ ਖੇਡਦੇ ਹਨ। ਕਈ ਵਾਰ ਪੰਛੀ ਆਪਣੇ ਆਲ੍ਹਣੇ ਦੇ ਘਾਹ ਦੇ ਤਿਣਕੇ ਨੂੰ ਚੁੰਝ ਵਿੱਚ ਫੜਕੇ ਟੇਢੇ-ਮੇਢੇ ਰਸਤੇ ਵਿੱਚੋਂ ਲੰਘ ਕੇ ਉੱਡਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਇਹ ਪੰਛੀ ਆਪਣੇ ਸਾਥੀ ਦੇ ਨੇੜੇ ਆਉਂਦਾ ਹੈ ਤਾਂ ਨਰ, ਮਾਦਾ ਵੱਲ ਝੁਕ ਕੇ ਉਸ ਨਾਲ ਲਾਡ ਲਡਾਉਂਦਾ ਤੇ ਗਾਉਂਦਾ ਹੈ। ਮਾਦਾ ਆਮ ਤੌਰ ’ਤੇ 4 ਤੋਂ 6 ਆਂਡੇ ਦਿੰਦੀ ਹੈ। ਆਂਡਿਆਂ ਵਿੱਚੋਂ ਚੂਚੇ 10 ਤੋਂ 16 ਦਿਨਾਂ ਵਿੱਚ ਨਿਕਲਦੇ ਹਨ।
ਤੇਲੀ ਮੁਨੀਆ ਆਮ ਮਿਲਣ ਵਾਲੀ ਪ੍ਰਜਾਤੀ ਹੈ। ਇਹ ਅੰਤਰਰਾਸ਼ਟਰੀ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਦੁਆਰਾ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸ਼੍ਰੇਣੀਬੱਧ ਕੀਤੀ ਗਈ ਹੈ। ਇਹ ਪ੍ਰਜਾਤੀ ਬਹੁਤ ਵੱਡੀ ਗਿਣਤੀ ਵਿੱਚ ਮਿਲਦੀ ਹੈ ਅਤੇ ਇਸ ਦੀ ਆਬਾਦੀ ਅਜੇ ਵੀ ਅਣਗਿਣਤ, ਪਰ ਸਥਿਰ ਹੈ। ਤੇਲੀ ਮੁਨੀਆ ਵਿਸ਼ਵ ਪੱਧਰ ਤੇ ਖ਼ਤਰੇ ਵਿੱਚ ਨਹੀਂ ਹੈ। ਵਿਦੇਸ਼ਾਂ ਵਿੱਚ ਕਈ ਲੋਕਾਂ ਵੱਲੋਂ ਪਾਲਤੂ ਪੰਛੀਆਂ ਦੇ ਵਪਾਰ ਵਿੱਚ ਤੇਲੀ ਮੁਨੀਆ ਨੂੰ ਲੈ ਕੇ ਵਿਸ਼ੇਸ ਦਿਲਚਸਪੀ ਲਈ ਜਾਂਦੀ ਹੈ।
ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਐਕਟ ਅਨੁਸਾਰ ਤੇਲੀ ਮੁਨੀਆ ਨੂੰ ਨਾ ਤਾਂ ਫੜਿਆ ਜਾ ਸਕਦਾ ਹੈ ਅਤੇ ਨਾ ਹੀ ਪਾਲਤੂ ਰੱਖਿਆ ਜਾ ਸਕਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910