ਡਾ. ਰਣਜੀਤ ਸਿੰਘ
ਪੰਜਾਬੀ ਗੀਤ ਸੰਗੀਤ ਵਿੱਚ ਲੱਚਰਪੁਣੇ, ਸ਼ਰਾਬ, ਫੁੱਕਰੇਪਣ ਨੂੰ ਘਟਾਉਣ ਲਈ ਸਰਕਾਰਾਂ ਵੱਲੋਂ ਸੰਜੀਦਾ ਯਤਨ ਨਹੀਂ ਕੀਤੇ ਗਏ। ਪੰਜਾਬ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ। ਪੰਜਾਬ ਅਤੇ ਪੰਜਾਬੀਅਤ ਦਾ ਆਧਾਰ ਗੁਰੂਆਂ, ਸੰਤਾਂ, ਭਗਤਾਂ ਤੇ ਫ਼ਕੀਰਾਂ ਦੀ ਬਾਣੀ ਹੈ। ਇੱਥੋਂ ਦੇ ਗੀਤ, ਸੰਗੀਤ ਤੇ ਨਾਚ ਸੁੱਚੀਆਂ ਕਦਰਾਂ ਕੀਮਤਾਂ ਤੇ ਸਮਾਜਿਕ ਸੱਚਾਈਆਂ ਦਾ ਪ੍ਰਗਟਾਵਾ ਕਰਦੇ ਹਨ। ਆਵਾਜਾਈ ਦੇ ਸਾਧਨਾਂ ਦਾ ਸੁਧਾਰ, ਸੰਚਾਰ ਸਾਧਨਾਂ ਦਾ ਵਿਕਾਸ ਅਤੇ ਆਧੁਨਿਕਤਾ ਦੇ ਪ੍ਰਭਾਵ ਨੇ ਇੱਕ ਨਵੀਂ ਸਮਾਜਿਕ ਤਬਦੀਲੀ ਨੂੰ ਜਨਮ ਦਿੱਤਾ ਹੈ।
ਪੰਜਾਬੀ ਆਪਣੀਆਂ ਰਵਾਇਤਾਂ, ਕਦਰਾਂ ਕੀਮਤਾਂ, ਸਮਾਜਿਕ ਰਿਸ਼ਤੇ ਅਤੇ ਸੱਭਿਆਚਾਰ ਤੋਂ ਟੁੱਟ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਾਸ ਲਈ ਤਬਦੀਲੀ ਦੀ ਲੋੜ ਪੈਂਦੀ ਹੈ, ਪਰ ਵਿਕਾਸ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਇਹ ਤਬਦੀਲੀ ਵਿਨਾਸ਼ਕਾਰੀ ਹੋਣ ਦੀ ਥਾਂ ਵਿਕਾਸਮੁਖੀ ਹੋਵੇ। ਹੁਣ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਸਮੇਂ ਸ਼ਰਾਬ ਦੀ ਵਰਤੋਂ ਇੱਕ ਅਹਿਮ ਹਿੱਸਾ ਬਣ ਰਹੀ ਹੈ। ਹੁਣ ਤਾਂ ਸ਼ਰਾਬ ਅਤੇ ਪੰਜਾਬੀ ਇਕਮਿਕ ਹੀ ਹੋ ਗਏ ਜਾਪਦੇ ਹਨ। ਸਮਾਗਮਾਂ ਵਿੱਚ ਨਸ਼ੇ ਦੀ ਲੋਰ, ਸੰਗੀਤ ਦਾ ਸ਼ੋਰ ਅਤੇ ਲੱਚਰ ਗਾਣਿਆਂ ਦੇ ਬੋਲਾਂ ’ਤੇ ਅਸੀਂ ਭੰਗੜੇ ਅਤੇ ਗਿੱਧੇ ਦੇ ਨਾਮ ’ਤੇ ਪੁੱਠੇ ਸਿੱਧੇ ਹੱਥ ਪੈਰ ਮਾਰਦੇ ਹਾਂ। ਲੱਚਰ ਗੀਤ ਲਿਖਣ ਵਾਲੇ, ਗਾਉਣ ਵਾਲੇ ਤੇ ਸੰਗੀਤ ਦੇਣ ਵਾਲੇ ਪੰਜਾਬੀ ਬੋਲੀ, ਸੰਗੀਤ ਜਾਂ ਸੱਭਿਆਚਾਰ ਦੀ ਸੇਵਾ ਨਹੀਂ ਕਰ ਰਹੇ, ਸਗੋਂ ਉਸ ਨਾਲ ਧੋਖਾ ਕਮਾ ਰਹੇ ਹਨ। ਅਸੀਂ ਆਪਣੇ ਗੀਤ, ਸੰਗੀਤ ਤੇ ਨਾਚਾਂ ਦੀਆਂ ਜੜ੍ਹਾਂ ਵੱਢ ਰਹੇ ਹਾਂ। ਲੱਚਰ ਗੀਤ ਸੰਗੀਤ ਸਦੀਵੀਂ ਨਹੀਂ ਹੁੰਦੇ। ਇਹ ਕੇਵਲ ਆਪਣੀ ਮੌਤ ਹੀ ਨਹੀਂ ਸਹੇੜਦੇ ਸਗੋਂ ਸੱਭਿਆਚਾਰ ਦਾ ਵੀ ਨਾਸ਼ ਕਰਦੇ ਹਨ। ਸਮਾਜਿਕ ਕਦਰਾਂ ਕੀਮਤਾਂ ਟੁੱਟਦੀਆਂ ਹਨ, ਜਿਸ ਕਰਕੇ ਸਮਾਜ ਵਿੱਚੋਂ ਗੁਣਵੱਤਾ ਅਤੇ ਅਨੁਸ਼ਾਸਨ ਅਲੋਪ ਹੋ ਜਾਂਦਾ ਹੈ।
ਇਸ ਰੁਝਾਨ ਲਈ ਸਾਡੇ ਕੁਝ ਗੀਤਕਾਰ, ਗਾਇਕ ਅਤੇ ਸੰਗੀਤਕਾਰ ਜ਼ਿੰਮੇਵਾਰ ਹਨ। ਉਹ ਪੰਜਾਬੀ ਸੱਭਿਆਚਾਰ ਦੀ ਸੇਵਾ ਨਹੀਂ ਸਗੋਂ ਥੋੜ੍ਹੇ ਜਿਹੇ ਛਿੱਲੜਾਂ ਲਈ ਆਪਣੇ ਸੱਭਿਆਚਾਰ ਦਾ ਕਤਲ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਲੱਚਰ ਗੀਤ ਸਮੇਂ ਦੀ ਧੂੜ ਵਿੱਚ ਰੁਲ ਜਾਂਦੇ ਹਨ।
ਸਾਡੇ ਗੀਤਕਾਰ ਲਾਲਾ ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ, ਇੰਦਰਜੀਤ ਹਸਨਪੁਰੀ, ਦੇਵ ਥਰੀਕਿਆਂ ਵਾਲਾ, ਗੁਰਦੇਵ ਸਿੰਘ ਮਾਨ, ਸਤਿੰਦਰ ਸਰਤਾਜ, ਗੁਰਦਾਸ ਮਾਨ ਆਦਿ ਨੇ ਸਾਫ਼ ਸੁਥਰੇ ਗੀਤਾਂ ਦੀ ਰਚਨਾ ਕੀਤੀ। ਉਨ੍ਹਾਂ ਦੇ ਗੀਤ ਅਮਰ ਹੋ ਗਏ ਹਨ। ਲੋਕੀਂ ਉਨ੍ਹਾਂ ਦੀ ਇੱਜ਼ਤ, ਮਾਣ ਤੇ ਸਤਿਕਾਰ ਕਰਦੇ ਹਨ। ਇਸੇ ਤਰ੍ਹਾਂ ਸਾਫ਼ ਸੁਥਰੀ ਗਾਇਕੀ ਵਾਲੇ ਗਾਇਕਾਂ ਦਾ ਕੇਵਲ ਇੱਜ਼ਤ ਮਾਣ ਹੀ ਨਹੀਂ ਹੁੰਦਾ ਸਗੋਂ ਉਹ ਕਮਾਈ ਵੀ ਸਭ ਤੋਂ ਵੱਧ ਕਰਦੇ ਹਨ। ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਹਰਭਜਨ ਮਾਨ, ਗੁਰਦਾਸ ਮਾਨ, ਹੰਸ ਰਾਜ, ਪੰਮੀ ਬਾਈ, ਸਤਿੰਦਰ ਸਰਤਾਜ ਵਰਗੇ ਗਾਇਕਾਂ ਨੂੰ ਹਮੇਸ਼ਾਂ ਲੋਕੀਂ ਪਿਆਰ ਨਾਲ ਸੁਣਨਾ ਪਸੰਦ ਕਰਦੇ ਹਨ।
ਸ਼ੋਰ ਸੰਗੀਤ ਨਹੀਂ ਹੁੰਦਾ। ਸੰਗੀਤ ਉਹ ਹੁੰਦਾ ਜਿਹੜਾ ਹਿਰਦੇ ਦੀਆਂ ਤਾਰਾਂ ਨੂੰ ਛੇੜੇ, ਵਿਸਮਾਦ ਉਪਜਾਵੇ ਤੇ ਆਨੰਦ ਦੀ ਪ੍ਰਾਪਤੀ ਕਰਵਾਏ। ਪੰਜਾਬੀ ਗੀਤ ਸੰਗੀਤ ਵਿੱਚ ਆਏ ਨਿਘਾਰ ਨੇ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਸਬਰ, ਸੰਤੋਖ, ਮਿੱਠ ਬੋਲੜਾ ਸੁਭਾਅ, ਕਿਰਤ ਕਰਨੀ, ਵੰਡ ਛਕਣਾ ਅਤੇ ਸਾਦਗੀ ਖਤਮ ਹੋ ਰਹੇ ਹਨ। ਇਨ੍ਹਾਂ ਦੀ ਥਾਂ ਨਸ਼ਿਆਂ ਦੀ ਵਰਤੋਂ, ਫੁੱਕਰਾਪਣ, ਵਿਖਾਵਾ, ਅੱਖੜਪੁਣਾ ਆਦਿ ਪੰਜਾਬੀਆਂ ਦਾ ਹਿੱਸਾ ਬਣ ਰਹੇ ਹਨ।
ਅਜੋਕੇ ਗੀਤਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੀਤ ਰਚੇ ਜਾਂਦੇ ਹਨ, ਘੜੇ ਨਹੀਂ ਜਾਂਦੇ। ਉਲਟੇ ਸਿੱਧੇ ਅਤੇ ਦੋਹਰੇ ਅਰਥਾਂ ਵਾਲੇ ਸ਼ਬਦਾਂ ਨੂੰ ਜੋੜ ਕੀਤੀ ਤੁਕਬੰਦੀ ਗੀਤ ਨਹੀਂ ਹੁੰਦੀ। ਗੀਤ ਤਾਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੁਸ਼ਨਾਈ ਰੂਹ ਹੀ ਸਿਰਜਦੀ ਹੈ। ਕਦਰ ਗਿਣਤੀ ਦੀ ਨਹੀਂ ਸਗੋਂ ਰਚਨਾ ਦੀ ਹੁੰਦੀ ਹੈ। ਕਈ ਵਾਰ ਇੱਕ ਗੀਤ ਹੀ ਕਵੀ ਨੂੰ ਅਮਰ ਕਰ ਦਿੰਦਾ ਹੈ। ਜੇ ਤੁਸੀਂ ਸਰੋਤਿਆਂ ਦਾ ਪਿਆਰ ਤੇ ਸਤਿਕਾਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਕਬੰਦੀ ਬੰਦ ਕਰੋ, ਲੱਚਰਤਾ ਦੂਰ ਕਰੋ। ਅਜਿਹੀ ਰਚਨਾ ਕਰੋ ਜਿਸ ਨੂੰ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕੋ ਅਤੇ ਉਸ ਦਾ ਆਨੰਦ ਮਾਣ ਸਕੋ। ਕਮਾਈ ਸਦੀਵੀ ਰਹਿਣ ਵਾਲੇ ਗੀਤਾਂ ਵਿੱਚੋਂ ਹੁੰਦੀ ਹੈ। ਜੇਕਰ ਤੁਸੀਂ ਪੁੰਨ ਤੇ ਫ਼ਲੀਆਂ ਦੋਵੇਂ ਖੱਟਣਾ ਚਾਹੁੰਦੇ ਹੋ ਤਾਂ ਸਾਫ਼ ਤੇ ਉੱਚ ਪਾਏ ਦੀ ਗੀਤਕਾਰੀ ਕਰੋ। ਲੋਕਾਂ ਦੇ ਤ੍ਰਿਸਕਾਰ ਦੀ ਥਾਂ ਪਿਆਰ ਅਤੇ ਸਤਿਕਾਰ ਪ੍ਰਾਪਤ ਕਰਨ ਦਾ ਯਤਨ ਕਰੋ। ਮਾਂ ਬੋਲੀ ਦਾ ਨੁਕਸਾਨ ਨਾ ਕਰੋ।
ਗਾਇਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸੁਰੀਲੀ ਆਵਾਜ਼ ਰੱਬ ਦੀ ਦੇਣ ਹੈ। ਇਸ ਸੌਗਾਤ ਦੀ ਵਰਤੋਂ ਤਾਂ ਲੋਕ ਸੇਵਾ ਲਈ ਹੀ ਕਰਨੀ ਚਾਹੀਦੀ ਹੈ। ਗਾਇਕੀ ਜਿੱਥੇ ਰੂਹ ਦੀ ਖੁਰਾਕ ਬਣਦੀ ਹੈ, ਉੱਥੇ ਸਮਾਜ ਨੂੰ ਇੱਕ ਨਵੀਂ ਸੇਧ ਬਖ਼ਸ਼ਦੀ ਹੈ। ਸ਼ਬਦਾਂ ਦੀ ਤਾਕਤ ਸੰਗੀਤ ਨਾਲ ਰਲ ਕੇ ਦੁੱਗਣੀ ਹੋ ਜਾਂਦੀ ਹੈ। ਸੰਗੀਤ ਦੁਖੀਆਂ ਨੂੰ ਸਕੂਨ ਅਤੇ ਹੁਲਾਰਾ ਦਿੰਦਾ ਹੈ। ਤਣਾਅ ਮੁਕਤੀ ਦਾ ਇਹ ਵਧੀਆ ਖ਼ਜ਼ਾਨਾ ਹੈ। ਆਵਾਜ਼ ਦੀ ਸਹੀ ਵਰਤੋਂ ਲਈ ਸਿਖਲਾਈ ਦੀ ਲੋੜ ਹੈ। ਕਿਸੇ ਸੁਲਝੇ ਸੰਗੀਤਕਾਰ ਨੂੰ ਆਪਣਾ ਗੁਰੂ ਧਾਰਨ ਕਰੋ ਤਾਂ ਜੋ ਤੁਹਾਨੂੰ ਸੁਰਾਂ ਦੀ ਸੂਝ ਹੋ ਸਕੇ। ਸਟੇਜ ਉਤੇ ਸ਼ੋਰ ਮਚਾਉਂਦੇ ਸੰਗੀਤ ਵਿੱਚ ਉੱਚੀ ਬੋਲਾਂ ਨਾਲ ਸਰੋਤੇ ਹੀ ਉਤੇਜਿਤ ਨਹੀਂ ਹੁੰਦੇ ਸਗੋਂ ਸ਼ੋਰ ਪ੍ਰਦੂਸ਼ਣ ਵੀ ਹੁੰਦਾ ਹੈ। ਕਦੇ ਵੀ ਅਜਿਹੇ ਗੀਤ ਨਾ ਗਾਵੋ ਜਿਹੜੇ ਅਸ਼ਲੀਲ ਹੋਣ ਅਤੇ ਜਿਨ੍ਹਾਂ ਨੂੰ ਤੁਸੀਂ ਆਪਣੇ ਬੱਚਿਆਂ ਵਿੱਚ ਬੈਠ ਕੇ ਨਾ ਸੁਣ ਸਕੋ। ਗਾਇਕਾਂ ਵੱਲੋਂ ਕੀਤੇ ਭੜਕੀਲੇ ਇਸ਼ਾਰੇ ਅਤੇ ਅਦਾਵਾਂ ਗੀਤ ਰੰਗਲਾ ਬਣਾਉਣ ਦੀ ਥਾਂ ਉਸ ਨੂੰ ਗੰਦਾ ਬਣਾਉਂਦੇ ਹਨ। ਵਿਆਹ ਸਮੇਂ ਨਸ਼ੇ ਵਿੱਚ ਧੁੱਤ ਬਰਾਤੀ ਜਦੋਂ ਗੰਦੇ ਗੀਤ ਸੁਣਦੇ ਹਨ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ। ਆਪਣੀ ਮਰਜ਼ੀ ਦੀ ਪੂਰਤੀ ਨਾ ਹੁੰਦੀ ਵੇਖ ਕਈ ਵਾਰ ਗੋਲੀ ਵੀ ਚੱਲ ਜਾਂਦੀ ਹੈ। ਖੁਸ਼ੀ ਦਾ ਮਾਹੌਲ, ਸੋਗ ਵਿੱਚ ਬਦਲ ਜਾਂਦਾ ਹੈ। ਕੇਵਲ ਰਿਸ਼ਤੇ ਹੀ ਨਹੀਂ ਟੁੱਟਦੇ ਸਗੋਂ ਕਈ ਘਰ ਬਰਬਾਦ ਹੋ ਜਾਂਦੇ ਹਨ। ਬੰਦੂਕਾਂ ਰੱਖਣ ਦਾ ਸ਼ੌਕ ਵੀ ਸਾਡੇ ਗੀਤਾਂ ਦੀ ਹੀ ਦੇਣ ਹੈ।
ਸੰਗੀਤਕਾਰ ਵੀ ਲੱਚਰ ਗੀਤਾਂ ਦੀਆਂ ਸ਼ੋਰ ਭਰੇ ਸੰਗੀਤ ਵਿੱਚ ਤਰਜ਼ਾਂ ਬਣਾ ਕੇ ਸੰਗੀਤ ਦੀ ਸੇਵਾ ਨਹੀਂ ਸਗੋਂ ਆਪਣੀ ਕਲਾ ਦਾ ਅਪਮਾਨ ਕਰ ਰਹੇ ਹਨ। ਸੰਗੀਤ ਤਾਂ ਕੁਦਰਤ ਦੀ ਬਖ਼ਸ਼ੀ ਅਮੁੱਲ ਸੌਗਾਤ ਹੈ। ਇਸ ਸੌਗਾਤ ਦੀ ਗਲਤ ਵਰਤੋਂ ਕਰਕੇ ਅਸੀਂ ਆਪਣੀ ਕਲਾ ਦੀ ਦੁਰਵਰਤੋਂ ਹੀ ਨਹੀਂ ਸਗੋਂ ਕੁਦਰਤ ਦੀ ਬੇਅਦਬੀ ਵੀ ਕਰਦੇ ਹਾਂ। ਅਜਿਹੀਆਂ ਧੁਨਾਂ ਬਣਾਵੋ ਜਿਨ੍ਹਾਂ ਨੂੰ ਸੁਣਨ ਲਈ ਰੂਹ ਤਰਸੇ ਨਾ ਕਿ ਮਨੁੱਖ ਨੂੰ ਕੰਨਾਂ ਵਿੱਚ ਉਂਗਲਾਂ ਦੇਣ ਲਈ ਮਜਬੂਰ ਹੋਣਾ ਪਵੇ। ਅਮਰ ਸੰਗੀਤ ਦੀ ਰਚਨਾ ਕਰੋ ਤਾਂ ਜੋ ਤੁਹਾਡਾ ਨਾਮ ਵੀ ਅਮਰ ਹੋ ਜਾਵੇ। ਭੈੜੇ ਸੰਗੀਤ ਦਾ ਫੌਰੀ ਲਾਭ ਤਾਂ ਭਾਵੇਂ ਹੋ ਜਾਵੇ, ਪਰ ਚਿਰਜੀਵੀ ਲਾਭ ਚੰਗੇ ਸੰਗੀਤਕਾਰਾਂ ਨੂੰ ਹੀ ਹੁੰਦਾ ਹੈ। ਅਜਿਹੇ ਨਿਘਾਰ ਲਈ ਸਭ ਤੋਂ ਵੱਧ ਉਹ ਵਿਅਕਤੀ ਅਤੇ ਕੰਪਨੀਆਂ ਜ਼ਿੰਮੇਵਾਰ ਹਨ, ਜਿਹੜੀਆਂ ਅਜਿਹੇ ਗੀਤ ਸੰਗੀਤ ਦੀ ਰਿਕਾਰਡਿੰਗ ਕਰਦੀਆਂ ਹਨ। ਆਰਥਿਕ ਲਾਭ ਲਈ ਉਹ ਨਹੀਂ ਜਾਣਦੇ ਕਿ ਆਪਣੀ ਬੋਲੀ ਅਤੇ ਸੱਭਿਆਚਾਰ ਦਾ ਉਹ ਕਿੰਨਾ ਨੁਕਸਾਨ ਕਰ ਰਹੇ ਹਨ। ਗੀਤ ਟੀ.ਵੀ. ਉੱਤੇ ਚੱਲਦੇ ਹਨ, ਇਸ ਲਈ ਇਨ੍ਹਾਂ ਨਾਲ ਦ੍ਰਿਸ਼ ਜੋੜਨੇ ਵੀ ਜ਼ਰੂਰੀ ਸਮਝੇ ਜਾਣ ਲੱਗ ਪਏ। ਬਹੁਤ ਘੱਟ ਕੱਪੜਿਆਂ ਵਾਲੀਆਂ ਕੁੜੀਆਂ ’ਤੇ ਅਜਿਹਾ ਫਿਲਮਾਂਕਣ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਗੀਤ ਦੇ ਬੋਲਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਨ੍ਹਾਂ ਦੀਆਂ ਭੜਕਾਊ ਅਦਾਵਾਂ ਨੂੰ ਪੰਜਾਬੀ ਨਾਚ ਨਹੀਂ ਆਖਿਆ ਜਾ ਸਕਦਾ।
ਜਿੱਥੇ ਲੇਖਕਾਂ, ਗਾਇਕਾਂ ਤੇ ਸੰਗੀਤਕਾਰਾਂ ਨੂੰ ਸਵੈ ਕਾਬੂ ਦੀ ਲੋੜ ਹੈ, ਉੱਥੇ ਸਮਾਜ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਵਿਹੜੇ ਪੈ ਰਹੀ ਗੰਦਗੀ ਨੂੰ ਰੋਕਿਆ ਜਾਵੇ। ਜੇਕਰ ਨਾਲੋਂ ਨਾਲ ਸਫ਼ਾਈ ਨਾ ਕੀਤੀ ਜਾਵੇ ਤਾਂ ਬਦਬੂ ਫੈਲਦੀ ਹੈ ਅਤੇ ਸਾਰਾ ਚੌਗਿਰਦਾ ਗੰਦਾ ਹੋ ਜਾਂਦਾ ਹੈ। ਜੇਕਰ ਪ੍ਰਦੂਸ਼ਣ ਹੱਦ ਤੋਂ ਵੱਧ ਹੋ ਜਾਵੇ ਤਾਂ ਸੱਭਿਆਚਾਰ ਦੇ ਦਮ ਘੁੱਟਣ ਦੀ ਨੌਬਤ ਆ ਸਕਦੀ ਹੈ। ਸਮਾਜ ਵਿੱਚ ਬੇਚੈਨੀ ਫੈਲਦੀ ਹੈ। ਇਸੇ ਬੇਚੈਨੀ ਦਾ ਪ੍ਰਗਟਾਵਾ ਸਾਡੀ ਨਵੀਂ ਪੀੜ੍ਹੀ ਨਸ਼ਿਆਂ ਦੀ ਵਰਤੋਂ ਕਰਕੇ, ਸਮਾਜਿਕ ਕਦਰਾਂ ਕੀਮਤਾਂ ਦੀ ਅਣਦੇਖੀ ਅਤੇ ਹਿੰਸਾ ਦਾ ਵਿਖਾਵਾ ਕਰਕੇ ਕਰ ਰਹੀ ਹੈ। ਸਮਾਜਿਕ ਰਿਸ਼ਤੇ ਤਿੜਕ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਕਾਫ਼ੀ ਦੇਰ ਹੋ ਚੁੱਕੀ ਹੈ, ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਹੈ, ਪਰ ਦੇਰ ਆਏ ਦਰੁੱਸਤ ਆਏ। ਅਜਿਹੇ ਸੰਗੀਤਕ ਸ਼ੋਰ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਸੰਜੀਦਗੀ ਨਾਲ ਮੁਹਿੰਮ ਚਲਾਉਣ ਦੀ ਲੋੜ ਹੈ। ਹੁਣ ਤਾਂ ਗਾਇਕਾਂ ਨੂੰ ਕੇਵਲ ਸਮਝਾਇਆ ਜਾ ਰਿਹਾ ਹੈ, ਪਰ ਜੇ ਲੋੜ ਪਵੇ ਤਾਂ ਸਖ਼ਤੀ ਵੀ ਕਰਨੀ ਚਾਹੀਦੀ ਹੈ। ਸਮਾਜ ਸੇਵਕਾਂ ਅਤੇ ਪੰਜਾਬੀ ਪਿਆਰਿਆਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਉਣ, ਜਲਸੇ ਜਲੂਸਾਂ ਦੇ ਨਾਲੋਂ ਨਾਲ ਅਜਿਹੇ ਗੀਤਕਾਰਾਂ ਤੇ ਗਾਇਕਾਂ ਦਾ ਘਿਰਾਓ ਵੀ ਕਰਨਾ ਚਾਹੀਦਾ ਹੈ।
ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਓ ਤਾਂ ਜੋ ਪੰਜਾਬੀ ਗੀਤ ਸੰਗੀਤ ਵਿੱਚ ਲੱਚਰਤਾ ਤੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਅਤੇ ਸਾਡੀ ਨਵੀਂ ਪੀੜ੍ਹੀ ਆਪਣੀ ਮਾਣ ਮੱਤੀ ਵਿਰਾਸਤ ਨਾਲ ਜੁੜ ਸਕੇ। ਸਾਡੇ ਸੰਗੀਤ ਨੇ ਜਿੱਥੇ ਪੰਜਾਬੀਆਂ ਨੂੰ ਸੱਚੀ ਸੁੱਚੀ ਜੀਵਨ ਜਾਚ ਬਖ਼ਸ਼ੀ, ਉੱਥੇ ਉਨ੍ਹਾਂ ਵਿੱਚ ਦਲੇਰੀ ਵੀ ਭਰੀ ਹੈ। ਉਹ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਹਮੇਸ਼ਾਂ ਸਰਬਤ ਦੇ ਭਲੇ ਦੀਆਂ ਬਾਤਾਂ ਪਾਉਂਦੇ ਸਨ, ਪਰ ਹੁਣ ਬੇਚੈਨੀ ਅਤੇ ਨਿਰਾਸ਼ਤਾ ਵਧ ਰਹੀ ਹੈ। ਸੰਗੀਤ ਦਲੇਰੀ ਭਰਨ ਅਤੇ ਦੁੱਖਾਂ ਦਾ ਮੁਕਾਬਲਾ ਕਰਨ ਦੇ ਕਾਬਲ ਵੀ ਬਣਾਉਂਦਾ ਹੈ। ਸਾਡੇ ਰਾਜਸੀ ਤੇ ਧਾਰਮਿਕ ਆਗੂਆਂ ਅਤੇ ਸਮਾਜ ਸੁਧਾਰਕਾਂ ਨੂੰ ਇਸ ਪਾਸੇ ਸੁਚੱਜੇ ਯਤਨ ਕਰਨੇ ਚਾਹੀਦੇ ਹਨ।