ਹਰਜਿੰਦਰ ਸਿੰਘ ਭਗੜਾਣਾ
ਕੁਦਰਤ ਨੇ ਜਿੱਥੇ ਬਹੁਤ ਸਾਰੇ ਜੀਵ-ਜੰਤੂਆਂ ਨੂੰ ਮਾਸਾਹਾਰੀ ਬਣਾਇਆ ਹੈ, ਉੱਥੇੇ ਕੁਝ ਪੌਦੇ ਵੀ ਅਜਿਹੇ ਹਨ ਜੋ ਜੀਵ-ਜੰਤੂਆਂ ਦਾ ਸ਼ਿਕਾਰ ਕਰਕੇ ਆਪਣੀ ਖੁਰਾਕ ਪੂਰੀ ਕਰਦੇ ਹਨ। ਇਹ ਪੌਦੇ ਵੀ ਬਨਸਪਤੀ ਜਗਤ ਦਾ ਅਟੁੱਟ ਅੰਗ ਹਨ। ਵਿਗਿਆਨੀਆਂ ਅਨੁਸਾਰ ਮਾਸਾਹਾਰੀ ਪੌਦਿਆਂ ਦੀਆਂ ਲਗਪਗ ਪੰਜ ਸੌ ਤੋਂ ਵੱਧ ਕਿਸਮਾਂ ਹਨ। ਇਨ੍ਹਾਂ ਵਿਚੋਂ ਤਿੰਨ ਜਾਤੀਆਂ ਦੇ ਪੌਦੇ ਤਾਂ ਭਾਰਤ ਵਿਚ ਵੇਖਣ ਨੂੰ ਮਿਲਦੇ ਹਨ। ਮਲਾਇਆ ਵਿਚ ਤਾਂ ਕੁਝ ਪੌਦੇ ਅਜਿਹੇ ਵੀ ਹਨ ਜਿਹੜੇ ਵੱਡੇ-ਵੱਡੇ ਜੀਵਾਂ ਦਾ ਸ਼ਿਕਾਰ ਕਰਦੇ ਹਨ। ਭਾਰਤ ਵਿਚ ‘ਡਰੋਸੇਰਾ’ ਨਾਂ ਦਾ ਪੌਦਾ ਹੈ, ਜਿਸ ਦੀਆਂ ਤਿੰਨ ਪ੍ਰਜਾਤੀਆਂ ਮਿਲਦੀਆਂ ਹਨ। ਇਹ ਮਾਸਾਹਾਰੀ ਪੌਦਾ ਆਮ ਤੌਰ ’ਤੇ ਪਹਾੜਾਂ ਵਿਚ ਉੱਗਦਾ ਹੈ। ਇਸ ਪੌਦੇ ਦੀ ਉੱਚਾਈ ਬਹੁਤ ਹੁੰਦੀ ਹੈ। ਇਸ ਦਾ ਰੰਗ ਹਰਾ, ਤਣਾ ਬਹੁਤ ਹੀ ਕੋਮਲ ਹੁੰਦਾ ਹੈ। ਡਰੋਸੇਰਾ ਪੌਦੇ ਦੀਆਂ ਪੱਤੀਆਂ ਦਾ ਉੱਪਰਲਾ ਹਿੱਸਾ ਲਾਲ ਰੰਗ ਦਾ ਅਤੇ ਘੁੰਡੀ-ਨੁਮਾ ਰੋਮਾਂ ਨਾਲ ਢਕਿਆ ਹੁੰਦਾ ਹੈ।
ਇਨ੍ਹਾਂ ਰੋਮਾਂ ਨੂੰ ‘ਟੈਂਟੀਕਲਸ’ ਨਾਂ ਨਾਲ ਜਾਣਿਆ ਜਾਂਦਾ ਹੈ। ਹਰੇਕ ਟੈਂਟੀਕਲਸ ਦੇ ਉੱਪਰਲੇ ਭਾਗ ’ਤੇ ਇਕ ਗੱਠ (ਗੰਢ) ਹੁੰਦੀ ਹੈ। ਇਸ ਗੱਠ ਵਿਚੋਂ ਇਕ ਲੇਸਦਾਰ ਦ੍ਰਵ ਨਿਕਲਦਾ ਰਹਿੰਦਾ ਹੈ ਜੋ ਸੂਰਜ ਦੀਆਂ ਕਿਰਨਾਂ ਵਿਚ ਤਰੇਲ ਵਾਂਗ ਚਮਕਦਾ ਹੈ। ਜਿਸ ਕਾਰਨ ਇਸ ਪੌਦੇ ਨੂੰ ਅੰਗਰੇਜ਼ੀ ਵਿਚ ‘ਸਨਡਿਊ’ ਵੀ ਕਿਹਾ ਜਾਂਦਾ ਹੈ। ਜਦੋਂ ਕੋਈ ਕੀੜਾ-ਮਕੌੜਾ ਇਸ ਪੌਦੇ ਦੀਆਂ ਪੱਤੀਆਂ ’ਤੇ ਆ ਕੇ ਬੈਠਦਾ ਹੈ ਤਾਂ ਉਹ ਉਪਰੋਕਤ ਲੇਸਦਾਰ ਪਦਾਰਥ ਲਾਲ ਚਿਪਕ ਜਾਂਦਾ ਹੈ। ਅਜਿਹੀ ਹਾਲਤ ਵਿਚ ਟੈਂਟੀਕਲਸ ਚਾਰੇ ਪਾਸੇ ਤੋਂ ਮੁੜ ਕੇ ਕੀੜੇ ਨੂੰ ਪੂਰੀ ਤਰ੍ਹਾਂ ਢਕ ਲੈਂਦੇ ਹਨ ਤੇ ਕੀੜੇ ਦੀ ਮੌਤ ਹੋ ਜਾਂਦੀ ਹੈ। ਇਹ ਟੈਂਟੀਕਲਸ ਉਸ ਸਮੇਂ ਤਕ ਰਹਿੰਦੇ ਹਨ ਜਦੋਂ ਤਕ ਪੌਦਾ ਕੀੜੇ ਨੂੰ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਲੈਂਦਾ। ਗੱਠਾਂ ਵਿਚੋਂ ਇਕ ਪ੍ਰਕਾਰ ਦਾ ਰਸ ਨਿਕਲਦਾ ਹੈ, ਜਿਹੜਾ ਕੀੜੇ ਦੇ ਸਰੀਰ ਵਿਚ ਮੌਜੂਦ ਪ੍ਰੋਟੀਨ ਨੂੰ ਘੁਲਣਸ਼ੀਲ ਪ੍ਰੋਟੀਨ ਵਿਚ ਤਬਦੀਲ ਕਰਦਾ ਹੈ। ਫਿਰ ਜਦੋਂ ਟੈਂਟੀਕਲਸ ਖੁੱਲ੍ਹਦੇ ਹਨ ਤਾਂ ਕੀੜੇ ਦੇ ਬਾਕੀ ਪਿੰਜਰ ਨੂੰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।
ਯੂਟਰੀ ਕੁਲੇਰੀਆ ਨਾਂ ਦਾ ਅਜੀਬ ਜਿਹਾ ਮਾਸਾਹਾਰੀ ਪੌਦਾ ਪਾਣੀ ਵਿਚ ਤੈਰਦਾ ਅਤੇ ਅੱਧਾ ਡੁੱਬਿਆ ਰਹਿੰਦਾ ਹੈ। ਇਸ ਪੌਦੇ ਦੀਆਂ ਜੜਾਂ ਨਹੀਂ ਹੁੰਦੀਆਂ। ਭਾਰਤ ਵਿਚ ਇਸ ਦੀਆਂ ਵੀਹ ਕਿਸਮਾਂ ਮਿਲਦੀਆਂ ਹਨ। ਇਸ ਪੌਦੇ ਦੀਆਂ ਪੱਤੀਆਂ ਕੱਟੀਆਂ-ਫਟੀਆਂ ਹੁੰਦੀਆਂ ਹਨ, ਜਿਹੜੀਆਂ ਵੇਖਣ ਨੂੰ ਜੜਾਂ ਦੀ ਤਰ੍ਹਾਂ ਲੱਗਦੀਆਂ ਹਨ, ਪਰ ਇਨ੍ਹਾਂ ਦਾ ਰੰਗ ਹਰਾ, ਪੀਲਾ ਅਤੇ ਗੁਲਾਬੀ ਹੁੰਦਾ ਹੈ। ਕੁਝ ਪੱਤੀਆਂ ਫੁੱਲ ਕੇ ਫੁੱਟਬਾਲ ਦੇ ਬਲੈਡਰ ਵਾਂਗ ਹੋ ਜਾਂਦੀਆਂ ਹਨ। ਇਹ ਬਲੈਡਰ ਢਾਈ ਮਿਲੀਮੀਟਰ ਦਾ ਹੁੰਦਾ ਹੈ। ਇਨ੍ਹਾਂ ਬਲੈਡਰਾਂ ਦੇ ਉੱਪਰਲੇ ਸਿਰੇ ਇਕ ਪ੍ਰਵੇਸ਼ ਦੁਆਰ ਹੁੰਦਾ ਹੈ, ਜਿਹੜਾ ਸਿਰਫ਼ ਅੰਦਰਲੇ ਪਾਸੇ ਨੂੰ ਹੀ ਖੁੱਲ੍ਹਦਾ ਹੈ। ਜਦੋਂ ਬਲੈਡਰ ਦਾ ਦੁਆਰ ਖੁੱਲ੍ਹਦਾ ਹੈ ਤਾਂ ਪਾਣੀ ਦੀ ਧਾਰਾ ਨਾਲ ਛੋਟੇ-ਛੋਟੇ ਜਲ-ਜੀਵ ਬਲੈਡਰ ਅੰਦਰ ਚਲੇ ਜਾਂਦੇ ਹਨ। ਫਿਰ ਉਹ ਦੁਆਰ ਬੰਦ ਹੋ ਜਾਂਦਾ ਹੈ। ਬਲੈਡਰ ਦੀ ਵਿਚਕਾਰਲੀ ਤਹਿ ’ਤੇ ਹੋਣ ਵਾਲੀ ਪਾਚਕ ਗ੍ਰੰਥੀ ਵਿਚੋਂ ਪਾਚਕ ਰਸ ਨਿਕਲਦਾ ਹੈ, ਜਿਹੜਾ ਜਲ-ਜੀਵਾਂ ਨੂੰ ਹਜ਼ਮ ਕਰਨ ਵਿਚ ਵੱਡੀ ਪੱਧਰ ’ਤੇ ਸਹਾਇਤਾ ਕਰਦਾ ਹੈ। ਫਿਰ ਬਲੈਡਰ ਰਾਹੀਂ ਬਾਕੀ ਦੇ ਫੋਕਟ ਪਦਾਰਥਾਂ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।
ਬਟਰ-ਵਟਰ ਇਹ ਵੀ ਇਕ ਕਿਸਮ ਦਾ ਮਾਸਾਹਾਰੀ ਪੌਦਾ ਹੈ। ਇਸ ਪੌਦੇ ਨੂੰ ‘ਡਾਇਓਨੀਆ’ ਵੀ ਕਿਹਾ ਜਾਂਦਾ ਹੈ। ਇਸ ਪੌਦੇ ਦੀਆਂ ਪੱਤੀਆਂ ਝੁੰਡਾਂ ਵਿਚ ਪਾਈਆਂ ਜਾਂਦੀਆਂ ਹਨ ਜਿਹੜੀਆਂ ਬਹੁਤ ਹੀ ਮੋਟੀਆਂ ਅਤੇ ਕਿਨਾਰੇ ਤੋਂ ਉੱਪਰ ਵਾਲੇ ਪਾਸੇ ਨੂੰ ਮੁੜੀਆਂ ਹੁੰਦੀਆਂ ਹਨ। ਇਨ੍ਹਾਂ ਪੱਤੀਆਂ ਵਿਚੋਂ ਵੀ ਇਕ ਲੇਸਦਾਰ ਪਦਾਰਥ ਨਿਕਲਦਾ ਹੈ ਅਤੇ ਪਾਚਨ ਗ੍ਰੰਥੀਆਂ ਹੁੰਦੀਆਂ ਹਨ। ਜਦੋਂ ਕੋਈ ਕੀੜਾ ਵਗੈਰਾ ਇਨ੍ਹਾਂ ਪੱਤੀਆਂ ’ਤੇ ਆ ਕੇ ਬਹਿੰਦਾ ਹੈ ਤਾਂ ਉਹ ਲੇਸਦਾਰ ਦ੍ਰਵ ਨਾਲ ਚਿੰਬੜ ਜਾਂਦਾ ਹੈ, ਜਿਸ ਕਾਰਨ ਕੀੜਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਇਸ ਤੋਂ ਬਾਅਦ ਪਾਚਕ ਗ੍ਰੰਥੀਆਂ ਪਾਚਕ ਰਸ ਕੱਢਦੀਆਂ ਹਨ ਜਿਹੜੀਆਂ ਮਰੇ ਹੋਏ ਕੀੜੇ ਨੂੰ ਹਜ਼ਮ ਕਰਨ ਵਿਚ ਮਦਦਗਾਰ ਹੁੰਦੀਆਂ ਹਨ। ਬਾਕੀ ਕੀੜੇ ਦਾ ਬਚਿਆ-ਖੁਚਿਆ ਮਾਲ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।
ਸੰਪਰਕ: 95014-88369