ਪਰਮਜੀਤ ਕੌਰ ਸਰਹਿੰਦ
ਪਰਿਵਾਰਕ ਰਿਸ਼ਤਿਆਂ ਵਿੱਚ ਭੈਣ- ਭਰਾ ਤੋਂ ਬਾਅਦ ਭੂਆ- ਭਤੀਜੇ ਦੇ ਰਿਸ਼ਤੇ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਸੱਚਾਈ ਤਾਂ ਇਹ ਹੈ ਕਿ ਅੱਜ ਇਸ ਰਿਸ਼ਤੇ ਦਾ ਰੰਗ ਵੀ ਫਿੱਕਾ ਪੈ ਰਿਹਾ ਹੈ ਕਿਉਂਕਿ ਇਸ ਦੌਰ ਵਿੱਚ ਤਾਂ ਆਪਣੀ ਔਲਾਦ ਮਾਪਿਆਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੀ, ਭਰਾ ਦੇ ਜਾਇਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਲੋਕ ਕਾਵਿ ਵਿੱਚ ਭੂਆ- ਭਤੀਜੇ ਨਾਲ ਸਬੰਧਤ ਬਹੁਤ ਕੁਝ ਮਿਲਦਾ ਹੈ। ਜਿਵੇਂ:
ਪੁੱਤ ਵੀਰ ਦਾ ਭਤੀਜਾ ਮੇਰਾ
ਨਿਉਂ ਜੜ੍ਹ ਮਾਪਿਆਂ ਦੀ।
ਦੂਜਾ ਪਹਿਲੂ ਵੀ ਮਿਲਦਾ ਹੈ:
ਭਾਈਏਂ ਰਾਜ ਭਤੀਜੇ ਠਾਣਾ
ਭੂਆ ਛੱਡ ਦੇ ਆਉਣਾ ਜਾਣਾ।
ਸੱਚ ਤਾਂ ਇਹ ਹੈ ਕਿ ਸਵਾਰਥ ਦੇ ਯੁੱਗ ਵਿੱਚ ਕਈ ਭਰਾਵਾਂ ਨੂੰ ਭੈਣਾਂ ਦੇ ਬਰਾਬਰ ਦੇ ਹੱਕ ਹਜ਼ਮ ਨਹੀਂ ਹੋਏ। ਭੈਣਾਂ ਵੱਲੋਂ ਜ਼ਮੀਨ- ਜਾਇਦਾਦ ਆਪਣੇ ਨਾਂ ਕਰਵਾ ਲੈਣ ਤੋਂ ਬਾਅਦ ਇਹ ਰਿਸ਼ਤਾ ਨਾਂ ਦਾ ਹੀ ਰਹਿ ਜਾਂਦਾ ਹੈ। ਭਤੀਜਿਆਂ ਦੇ ਨਹੀਂ ਬਲਕਿ ਭਰਾਵਾਂ ਦੇ ਰਾਜ ਵਿੱਚ ਹੀ ਪੇਕਾ ਘਰ ਠਾਣੇ ਵਰਗਾ ਹੋ ਜਾਂਦਾ ਹੈ। ਭਰਾ ਤੇ ਭਤੀਜੇ ਨੂੰ ਭੂਆ ਬਹੁਤ ਮਾਣ ਦਿੰਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਭਤੀਜੀ ਵੀ ਤਾਂ ਭਰਾ ਦੀ ਹੀ ਸੰਤਾਨ ਹੈ, ਭਤੀਜੇ ਬਾਰੇ ਤਾਂ ਕਹਿੰਦੀ ਹੈ:
ਚੁੱਕ ਕੇ ਭਤੀਜੇ ਨੂੰ/ ਬਿਨ ਪੌੜੀਓਂ ਕੋਠੇ ਚੜ੍ਹ ਜਾਵਾਂ।
ਕਾਰਨ ਸ਼ਾਇਦ ਇਹ ਹੈ ਕਿ ਭਤੀਜੀ ਔਰਤ ਜਾਤ ਹੈ ਤੇ ਉਹਨੇ ਵੀ ਮਾਪਿਆਂ ਦੇ ਘਰੋਂ ਭੂਆ ਵਾਂਗ ਸਹੁਰੇ ਘਰ ਤੁਰ ਜਾਣਾ ਹੈ। ਬੇਸ਼ੱਕ ਅੱਜ ਪਰਿਵਾਰ ਛੋਟੇ ਹੋਣ ਕਾਰਨ ਜਾਂ ਜਾਗਰੂਕਤਾ ਕਾਰਨ ਹੁਣ ਭੂਆ ਆਪਣੀ ਭਤੀਜੀ ਦੇ ਚਾਅ- ਲਾਡ ਵੀ ਕਰਨ ਲੱਗੀ ਹੈ, ਪਰ ਮੁੱਢ ਕਦੀਮ ਤੋਂ ਭਤੀਜੇ ਨੂੰ ਹੀ ਲਾਡ ਲਡਾਏ ਜਾਂਦੇ ਹਨ।
ਪਿਛਲੇ ਸਮਿਆਂ ਵਿੱਚ ਪਰਿਵਾਰ ਵੱਡੇ ਸਨ, ਵੱਡੇ ਭਰਾ ਤੋਂ ਤੀਜੇ – ਚੌਥੇ ਥਾਂ ਛੋਟੀਆਂ ਭੈਣਾਂ ਜਾਂ ਭਰਾ ਉਸ ਦੀ ਔਲਾਦ ਦੇ ਹਾਣੀ ਜਿਹੇ ਹੋ ਜਾਂਦੇ। ਭੂਆ-ਭਤੀਜੀ ਸਹੇਲੀਆਂ ਵਰਗੀਆਂ ਹੁੰਦੀਆਂ। ਇਸ ਦੇ ਬਾਵਜੂਦ ਇਨ੍ਹਾਂ ਦੇ ਮੋਹ-ਪਿਆਰ ਦੀ ਕੋਈ ਬਹੁਤੀ ਨਿਸ਼ਾਨਦੇਹੀ ਲੋਕ ਕਾਵਿ ਨਹੀਂ ਕਰਦਾ। ਜਾਤ- ਗੋਤ ਨੂੰ ਲੈ ਕੇ ਜ਼ਰੂਰ ਕਿਹਾ ਜਾਂਦਾ ਹੈ:
ਕਦੇ ਭੂਆ ਆਪਣੀ ਭਤੀਜੀ ਦਾ ਰਿਸ਼ਤਾ ਆਪਣੇ ਕਿਸੇ ਦਿਓਰ- ਜੇਠ ਜਾਂ ਨੇੜਲੇ ਰਿਸ਼ਤੇਦਾਰ ਨੂੰ ਵੀ ਲੈ ਜਾਂਦੀ ਹੈ। ਪਰਿਵਾਰਾਂ ਵਿੱਚ ਲੜਾਈ- ਝਗੜੇ ਆਮ ਗੱਲ ਹੈ, ਪਰ ਭੂਆ-ਭਤੀਜੀ ਦੇ ਝਗੜੇ ਨੂੰ ਸਾਡਾ ਸਮਾਜ ਅਲੋਕਾਰ ਸਮਝਦਾ ਤੇ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਕਿਸੇ ਅਜਿਹੇ ਮੌਕੇ ਹੀ ਇਹ ਇੱਕ ਤੁਕੀ ਬੋਲੀ ਹੋਂਦ ਵਿੱਚ ਆਈ ਹੋਵੇਗੀ:
ਭੂਆ- ਭਤੀਜੀ ਲੜੀਆਂ/ ਵਿੱਚ ਕਚਹਿਰੀ ਦੇ।
ਜਿੱਥੇ ਅੱਜ ਹਰ ਰਿਸ਼ਤਾ ‘ਟੁੱਟ ਗਈ ਤੜੱਕ ਕਰਕੇ’ ਵਾਲਾ ਸੰਤਾਪ ਹੰਢਾ ਰਿਹਾ ਹੈ, ਉੱਥੇ ਬੀਤੇ ਸਮੇਂ ਰਿਸ਼ਤਿਆਂ ਦੀਆਂ ਤੰਦਾਂ ਐਨੀਆਂ ਕੱਚੀਆਂ ਜਾਂ ਉਲਝੀਆਂ ਹੋਈਆਂ ਨਹੀਂ ਸਨ ਹੁੰਦੀਆਂ। ਸਾਕ-ਸਕੀਰੀਆਂ ਨੂੰ ਨਿਭਾਉਣ ਲਈ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਰਿਵਾਜ ਅਹਿਮ ਭੂਮਿਕਾ ਨਿਭਾਉਂਦੇ। ਭਤੀਜੀ ਦੇ ਵਿਆਹ ਮੌਕੇ ਉਸ ਦੀ ਵਿਆਹੀ-ਵਰੀ ਭੂਆ ਉਸ ਨੂੰ ਸੌਗਾਤ ਜਾਂ ਸ਼ਗਨ ਵਜੋਂ ‘ਸਰਵਣ ਮੱਟ’ ਦਿੰਦੀ। ਬਹੁਤ ਪਹਿਲਾਂ ਇਹ ਪਿੱਤਲ ਦੀ ਟੋਕਣੀ ਜਾਂ ਗਾਗਰ ਦੇ ਰੂਪ ਵਿੱਚ ਦਿੱਤਾ ਜਾਂਦਾ। ਸਮੇਂ ਦੇ ਨਾਲ ਇਹ ਸਟੀਲ ’ਚ ਢਲ਼ ਗਿਆ। ਇਸ ਸਰਵਣ ਮੱਟ ਕਹੇ ਜਾਂਦੇ ਬਰਤਨ ਵਿੱਚ ਆਪਣੇ ਵਿਤ ਮੁਤਾਬਿਕ ਪੰਜ- ਸੱਤ ਕਿਲੋ ਚੌਲ ਪਾ ਕੇ ਨਾਲ ਗੁੜ ਦੀ ਭੇਲੀ ਰੱਖੀ ਜਾਂਦੀ। ਇਸ ਦਾ ਮੂੰਹ ਲਾਲ ਕੱਪੜੇ ਨਾਲ ਢੱਕ ਕੇ ਬੰਨ੍ਹ ਦਿੱਤਾ ਜਾਂਦਾ। ਬਰਤਨ ਦੁਆਲੇ ਖੰਮ੍ਹਣੀ (ਮੌਲੀ) ਲਪੇਟੀ ਜਾਂਦੀ। ਇਸ ਦੇ ਨਾਲ ਹੀ ਕੁੜੀ ਭਾਵ ਭਤੀਜੀ ਦੀ ਸੱਸ ਨੂੰ ਭੂਆ ਵੱਲੋਂ ਢਾਈ ਤਿਓਰ (ਸੂਟ) ਵੀ ਭੇਜੇ ਜਾਂਦੇ। ਦੋ ਸੂਟਾਂ ਦੇ ਨਾਲ ਇੱਕ ਦੁਪੱਟਾ/ ਚੁੰਨੀ ਲਾ ਕੇ ਇਨ੍ਹਾਂ ਕੱਪੜਿਆਂ ਨੂੰ ਢਾਈ ਤਿਓਰ ਕਿਹਾ ਜਾਂਦਾ। ਸਾਡੇ ਮਾਲਵੇ ਤੇ ਪੁਆਧ ਦੇ ਕੁਝ ਖੇਤਰਾਂ ਵਿੱਚ ਦੋ ਸੂਟਾਂ ਨਾਲ ਇੱਕ ਦੁਪੱਟਾ ਤੇ ਕੁੜਤੀ (ਕਮੀਜ਼) ਦਾ ਕੱਪੜਾ ਦਿੱਤਾ ਜਾਂਦਾ ਜਿਸ ਨੂੰ ਕੁੜਤੀ ਝੋਨਾ ਕਿਹਾ ਜਾਂਦਾ। ਗਿਣੇ ਇਹ ਵੀ ਢਾਈ ਤਿਓਰ ਜਾਂਦੇ। ਇਹ ਸਾਰਾ ਕੁਝ ਕੁੜੀ ਦੀ ਸੱਸ ਦੇ ਸਪੁਰਦ ਕੀਤਾ ਜਾਂਦਾ। ਉਹ ਚਾਹੁੰਦੀ ਆਪ ਰੱਖ ਵਰਤ ਲੈਂਦੀ ਭਾਵੇਂ ਆਪਣੇ ਕਿਸੇ ਚਹੇਤੇ ਨੂੰ ਦੇ ਦਿੰਦੀ। ਇਸ ਸਾਰੇ ਸਾਮਾਨ ਤੋਂ ਇਲਾਵਾ ਸ਼ਗਨ ਦੇ ਪੈਸੇ ਵੀ ਹੁੰਦੇ ਜੋ ਪੰਜ ਜਾਂ ਗਿਆਰਾਂ ਰੁਪਏ ਤੋਂ ਵਧ ਕੇ ਹੁਣ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚ ਗਏ ਹਨ। ਕਿਉਂਕਿ ਇਹ ਦਿਖਾਵੇ ਦਾ ਯੁੱਗ ਹੈ ਮੋਹ- ਮੁਹੱਬਤ ਭਾਵੇਂ ਇਸ ’ਚੋਂ ਮਨਫੀ ਹੋਵੇ। ਵਿਰਲੇ-ਟਾਂਵੇ ਘਰਾਂ ਵਿੱਚ ਸੱਸ ਵੱਲੋਂ ਵੀ ਕੁੜੀ ਦੀ ਭੂਆ ਲਈ ਸਰਦਾ- ਪੁੱਜਦਾ ਸ਼ਗਨ ਰੁਪਏ ਤੇ ਨਾਲ ਮਠਿਆਈ ਭੇਜੀ ਜਾਂਦੀ। ਇਹ ਭਤੀਜੀ ਜਾਂ ਉਹਦੇ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਗੂੜ੍ਹੀ ਸਕੀਰੀ ਰੱਖਣ ਦਾ ਪ੍ਰਤੀਕ ਹੁੰਦਾ। ਇਨ੍ਹਾਂ ਵਰਤ-ਵਿਹਾਰਾਂ ਨਾਲ ਸਾਂਝਾਂ ਬਣੀਆਂ ਰਹਿੰਦੀਆਂ।
ਸਰਵਣ ਮੱਟ ਵਾਲਾ ਰਿਵਾਜ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਿਆ- ਸੁਣਿਆ ਜਾਂਦਾ ਹੈ, ਪਰ ਇਹ ਢਾਈ ਤਿਓਰਾਂ ਵਾਲਾ ਵਰਤਾਰਾ ਆਮ ਨਹੀਂ ਹੈ। ਭੂਆ-ਭਤੀਜੀ ਦੇ ਰਿਸ਼ਤੇ ਨਾਲ ਸਬੰਧਤ ਇੱਕ ਹੋਰ ਰਸਮ ਦੇਖਣ ਵਿੱਚ ਆਉਂਦੀ ਹੈ। ਕੁੜੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਭੂਆ ਲਈ ਸੂਹੇ ਰੰਗ ਦੇ ਕੱਪੜੇ ਦੀ ਵੱਡੀ ਸਾਰੀ ਥੈਲੀ ਵਿੱਚ ਪੰਜ- ਸੱਤ ਕਿਲੋ ਲੱਡੂ ਭੇਜੇ ਜਾਂਦੇ ਹਨ। ਇਸ ਨੂੰ ‘ਭੂਆ ਦੀ ਗੁਥਲੀ’ ਕਿਹਾ ਜਾਂਦਾ ਹੈ। ਇਸ ਵਿੱਚ ਇਕਵੰਜਾ ਜਾਂ ਵੱਧ- ਘੱਟ ਰੁਪਏ ਵੀ ਸ਼ਗਨ ਵਜੋਂ ਪਾਏ ਜਾਂਦੇ ਹਨ। ਇਹ ਗੁਥਲੀ ਸਹੁਰੇ ਪਰਿਵਾਰ ਵੱਲੋਂ ਆਪਣੀ ਨੂੰਹ ਲਈ ਭੇਜੀ ‘ਵਰੀ’ ਦੇ ਕੱਪੜੇ-ਗਹਿਣੇ ਦੇ ਨਾਲ ਆਉਂਦੀ ਹੈ। ਇਹ ਕਿਸੇ ਸਰਵਣ ਮੱਟ ਦੇ ਬਦਲੇ ਨਹੀਂ ਬਲਕਿ ਭੂਆ- ਭਤੀਜੀ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਵਜੋਂ ਦਿੱਤੀ ਜਾਂਦੀ ਹੈ। ਭੂਆ ਵੱਲੋਂ ਇਸ ਦੇ ਇਵਜ਼ ਵੱਜੋਂ ਕੁਝ ਨਹੀਂ ਭੇਜਣਾ ਹੁੰਦਾ। ਇਹ ਇੱਕ ਕਿਸਮ ਦਾ ਭਤੀਜੀ ਦੇ ਸਹੁਰਿਆਂ ਵੱਲੋਂ ਭੂਆ ਨੂੰ ਮਿਲਣ- ਵਰਤਣ ਦਾ ਮੋਹ ਭਰਿਆ ਸੱਦਾ ਹੁੰਦਾ ਹੈ।
ਵਕਤ ਦੇ ਨਾਲ ਸਰਵਣ ਮੱਟ ਰੂਪ ਬਦਲਦਾ ਗਿਆ। ਇਹ ਬਾਲਟੀ ਤੋਂ ਬਦਲ ਕੇ ਸਟੀਲ ਦੇ ਖੂਬਸੂਰਤ ਡੱਬੇ ਦਾ ਰੂਪ ਧਾਰਨ ਕਰ ਗਿਆ। ਮੁੜ ਭੂਆ- ਭਤੀਜੀ ਜਾਂ ਪਰਿਵਾਰ ਦੀ ਮਰਜ਼ੀ ਮੁਤਾਬਕ ਇਹ ਕਦੇ ਪ੍ਰੈੱਸ਼ਰ ਕੁੱਕਰ ਬਣ ਜਾਂਦਾ ਰਿਹਾ, ਕਦੇ ਡਿਨਰ ਸੈੱਟ ਤੇ ਇਸ ਬਦਲਾਓ ਵਿੱਚ, ਵਿਚਾਰਾ ਸਰਵਣ ਮੱਟ ਮਿੱਟੀ ਹੋ ਕੇ ਰਹਿ ਗਿਆ। ਅੱਜ ਤਾਂ ਮੋਹ ਭਰੀਆਂ ਤੇ ਡੂੰਘੇ ਅਰਥਾਂ ਵਾਲੀਆਂ ਰਸਮਾਂ ਪੈਸੇ ਜਾਂ ਬੰਦ ਲਿਫ਼ਾਫੇ ਦੀ ਚਮਕ- ਦਮਕ ਵਿੱਚ ਗੁੰਮ ਹੋ ਕੇ ਰਹਿ ਗਈਆਂ ਹਨ।
ਰਿਸ਼ਤਿਆਂ ਦੀ ਬੁਨਿਆਦ ਹਿੱਲਦੀ ਜਾ ਰਹੀ ਹੈ। ਜੇ ਹਾਲਾਤ ਅਜਿਹੇ ਹੀ ਰਹੇ ਤਾਂ ਮਨੁੱਖ ਇਕੱਲਤਾ ਦੀ ਕਾਲਕੋਠੜੀ ਵਿੱਚ ਘਿਰ ਕੇ ਰਹਿ ਜਾਵੇਗਾ। ਅੱਜ ਹਰ ਪਰਿਵਾਰ ਵਿੱਚ ਦੋ ਹੀ ਬੱਚੇ ਹਨ, ਤਿੰਨ ਵਾਲਾ ਤਾਂ ਵੇਲਾ ਵਿਹਾ ਗਿਆ ਹੈ। ਜੇ ਪਹਿਲਾ ਬੱਚਾ ਪੁੱਤਰ ਹੋਵੇ ਤਾਂ ਕਈ ਮਾਪੇ ਉਸੇ ਨਾਲ ਸੰਤੁਸ਼ਟ ਹੋ ਜਾਂਦੇ ਹਨ। ਦੋ ਭਰਾ ਬਹੁਤ ਪਰਿਵਾਰਾਂ ਵਿੱਚ ਹਨ, ਪਰ ਦੋ ਭੈਣਾਂ ਬਹੁਤ ਘੱਟ। ਇਹ ਵੱਖਰੀ ਗੱਲ ਹੈ ਕਿ ਪੁੱਤਰ ਪ੍ਰਾਪਤੀ ਲਈ ਕੁਝ ਲੋਕ ਦੋ- ਚਾਰ ਧੀਆਂ ਦੀ ਰੌਣਕ ਜ਼ਰੂਰ ਘਰ ਵਿੱਚ ਲਾ ਲੈਂਦੇ ਹਨ। ਉਹ ਵੀ ਤਾਂ ਜੇ ਉਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦਾ ਕੋਈ ਜੁਗਾੜ ਨਾ ਬਣੇ। ਦੋ ਬੱਚਿਆਂ ਤੋਂ ਵੱਧ ਤਾਂ ਜਿਵੇਂ ਘਰਾਂ- ਪਰਿਵਾਰਾਂ ਜਾਂ ਮਨਾਂ ਵਿੱਚ ਥਾਂ ਹੀ ਨਹੀਂ। ਇਹ ਥਾਂ ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਨੇ ਖਾ ਲਈ ਹੈ। ਧੀਆਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਮਾਪਿਆਂ ਨੂੰ ਪੁੱਤਾਂ ਤੋਂ ਵੱਧ ਪਿਆਰ -ਸਤਿਕਾਰ ਦਿੰਦੀਆਂ ਹਨ। ਬਹੁਤ ਵਾਰ ਪੁੱਤਰਾਂ ਦੇ ਘਰੋਂ ਧੱਕੇ ਮਾਪਿਆਂ ਨੂੰ ਧੀਆਂ ਬਿਰਧ ਆਸ਼ਰਮ ਨਹੀਂ ਜਾਣ ਦਿੰਦੀਆਂ ਬਲਕਿ ਆਪਣੇ ਘਰ ਰੱਖਦੀਆਂ ਹਨ। ਭਾਵੇਂ ਮਾਪੇ ਧੀਆਂ ਦੇ ਬੂਹੇ ਬੈਠਣ ਕਾਰਨ ਨਮੋਸ਼ੀ ਮੰਨਦੇ ਹਨ, ਪਰ ਸੂਝਵਾਨ ਧੀ- ਜਵਾਈ ਉਨ੍ਹਾਂ ਨੂੰ ਪੂਰਾ ਮਾਣ- ਸਨਮਾਨ ਦਿੰਦੇ ਹਨ। ਇਸ ਤੋਂ ਬਿਨਾਂ ਇਹ ਮੁੱਦਾ ਵੀ ਵਿਚਾਰਨਯੋਗ ਹੈ ਕਿ ਧੀਆਂ ਦੇ ਘਟਣ ਨਾਲ ਔਰਤ ਦਾ ਔਰਤ ਨਾਲ ਰਿਸ਼ਤਾ ਵੀ ਘਟ ਰਿਹਾ ਹੈ। ਭੂਆ- ਭਤੀਜੀ ਦਾ ਰਿਸ਼ਤਾ, ਬਹੁਤ ਨੇੜਲਾ ਰਿਸ਼ਤਾ ਹੈ। ਭੈਣ ਦੀ ਅਣਹੋਂਦ ਕਾਰਨ ਇਹ ਭੈਣਾਂ ਵਾਂਗ ਵੀ ਵਰਤਵਾਰਾ ਰੱਖ ਸਕਦੀਆਂ ਹਨ। ਕਦੇ ਅੰਮੜੀ ਦੇ ਵਿਹੜੇ, ਬਾਬਲ ਦੇ ਖੇੜੇ ਰਲ਼ ਬੈਠਣ ਦੁਖ- ਸੁਖ ਕਰ ਲੈਣ ਤੇ ਬਚਪਨ ਦੇ ਬਿਤਾਏ ਸੋਹਣੇ ਮੋਹ ਭਰੇ ਪਲਾਂ ਨੂੰ ਚੇਤੇ ਕਰਦਿਆਂ ਖੁਸ਼ੀਆਂ ਨਾਲ ਮਨ ਦੀਆਂ ਝੋਲੀਆਂ ਭਰ ਲੈਣ। ਇਹ ਆਮ ਕਿਹਾ ਜਾਂਦਾ ਹੈ ਕਿ ਭੂਆ-ਭਤੀਜੀ ਇੱਕੋ ਜਾਤ, ਮਾਂ ਤੇ ਦੀ ਦਾ ਕੋਈ ਨਾ ਸਾਕ। ਇਹ ਸੋਚ ਮਾਂ-ਧੀ ਦੇ ਸਾਕ ਨੂੰ ਨਕਾਰਨ ਲਈ ਨਹੀਂ ਬਲਕਿ ਭੂਆ- ਭਤੀਜੀ ਦੇ ਰਿਸ਼ਤੇ ਨੂੰ ਪਕੇਰਾ ਦੱਸਣ ਦੀ ਬਾਤ ਪਾਉਂਦੀ ਹੈ। ਭਤੀਜੀ ਦੀ ਜਾਤ ਗੋਤ ਉਹੀ ਹੁੰਦੀ ਹੈ ਜੋ ਭੂਆ ਦੀ। ਮਾਂ ਅਕਸਰ ਦੂਜੇ ਗੋਤ ਵਿੱਚੋਂ ਹੁੰਦੀ ਹੈ ਖ਼ਾਸਕਰ ਸਾਡੇ ਪੰਜਾਬੀ ਸੱਭਿਆਚਾਰ ਵਿੱਚ। ਇਸ ਦੇ ਉਲਟ ਭੂਆ-ਭਤੀਜੀ ਇੱਕੋ ਜੱਦ- ਗੋਤ ਦੀ ਅੰਸ਼ ਵਿੱਚੋਂ ਹੁੰਦੀਆਂ ਹਨ। ਇਸ ਕਹਾਵਤ ਵਿੱਚ ਇਹੋ ਡੂੰਘੀ ਰਮਜ਼ ਹੈ।
ਇਹ ਰਸਮਾਂ ਜਿਨ੍ਹਾਂ ਨੂੰ ਅਸੀਂ ਆਧੁਨਿਕ ਲੋਕ ਦਕੀਆਨੂਸੀ ਜਾਂ ਬੇਲੋੜੀਆਂ ਸਮਝਦੇ ਹਾਂ, ਇਹ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ‘ਸਰਵਣ ਮੱਟ’ ਤੇ ‘ਭੂਆ ਦੀ ਗੁੱਥਲੀ’ ਇਨ੍ਹਾਂ ਗੱਲਾਂ ਦੀ ਪ੍ਰੋੜ੍ਹਤਾ ਕਰਦੀ ਹੈ। ਇਨ੍ਹਾਂ ਰੀਤੀ- ਰਿਵਾਜਾਂ ਦਾ ਰੂਹ ਨੂੰ ਇੱਕ ਵੱਖਰਾ ਹੀ ਅਨੰਦਮਈ ਤੇ ਮੁਹੱਬਤੀ ਜਿਹਾ ਅਹਿਸਾਸ ਹੁੰਦਾ ਹੈ।
ਸੰਪਰਕ: 98728-98599