ਸਾਂਵਲ ਧਾਮੀ
ਕੁਦਰਤਵਾਦੀ, ਲੇਖਕ ਤੇ ਦਾਰਸ਼ਨਿਕ ਹੈਨਰੀ ਡੇਵਿਡ ਥੋਰੋ ਨੇ ਕਿਤਾਬ ਲਿਖੀ ਸੀ ‘ਵਾਲਡਨ’। ਇਹ ਅਮਰੀਕਾ ’ਚ ਤੇਜ਼ੀ ਨਾਲ ਹੋ ਰਹੇ ਸਨਅਤੀਕਰਨ ਦੇ ਖਿਲ਼ਾਫ਼ ਵਿਦਰੋਹ ਸੀ। ਗੁਰਬਖ਼ਸ਼ ਸਿੰਘ ਹੋਰਾਂ ਦੇ ਮਨ ਅੰਦਰ ਪ੍ਰੀਤ ਨਗਰ ਦਾ ਸੁਪਨਾ ਇਸ ਕਿਤਾਬ ਨੂੰ ਪੜ੍ਹ ਕੇ ਪਨਪਿਆ। ਉਹ ਅਮਰੀਕਾ ’ਚ ਇੰਜੀਨੀਅਰਿੰਗ ਕਰਨ ਗਏ ਸਨ। ਭਾਰਤ ਮੁੜੇ ਤਾਂ ਉਹ ਰੇਲਵੇ ’ਚ ਨੌਕਰੀ ਕਰਨ ਲੱਗੇ। ਪਰ ਉਨ੍ਹਾਂ ਦੇ ਮਨ-ਮਸਤਕ ’ਚ ‘ਵਾਲਡਨ’ ਜਿਹੀ ਕਿਸੇ ਥਾਂ ਦਾ ਸੁਪਨਾ ਨਿਰੰਤਰ ਪਨਪਦਾ ਰਿਹਾ। ਉਨ੍ਹਾਂ ਰੇਲਵੇ ਦੀ ਨੌਕਰੀ ਛੱਡ ਦਿੱਤੀ ਤੇ ਪਿਸ਼ੌਰ ਕੋਲ ਪੀਰ ਸਵਾਕ ਵਿਖੇ ਰਹਿਣ ਲੱਗੇ। ਉਨ੍ਹਾਂ ਮਿੱਟੀ ਦੇ ਘਰ ਨੂੰ ਇੰਜ ਤਰਤੀਬ ਦਿੱਤੀ ਕਿ ਉਹ ਘਰ ਲੋਕਾਂ ਲਈ ਦੇਖਣਯੋਗ ਹੋ ਗਿਆ।
ਉਨ੍ਹਾਂ ਦੀ ਇੰਜੀਨੀਅਰਿੰਗ ਦੀ ਕਮਾਲ ਬਹਾਵਲਪੁਰ ’ਚ ਸਤਲੁਜ ਦਰਿਆ ’ਤੇ ਬਣਿਆ ਰੇਲਵੇ ਦਾ ਪੁਲ ਹੈ ਜੋ ਉਨ੍ਹਾਂ 1932 ’ਚ ਸੰਪੂਰਨ ਕੀਤਾ ਸੀ। 1933 ’ਚ ਉਨ੍ਹਾਂ ਪ੍ਰੀਤਲੜੀ ਦਾ ਆਗਾਜ਼ ਕੀਤਾ। ਮੈਂ ਸੰਤਾਲੀ ਨਾਲ ਪ੍ਰੀਤ ਨਗਰ ਦੇ ਹੋਏ ਉਜਾੜੇ ਦੀ ਕਹਾਣੀ ਸੁਣਨ ਲਈ ਹਿਰਦੇਪਾਲ ਸਿੰਘ ਨੂੰ ਮਿਲਣ ਪ੍ਰੀਤ ਨਗਰ ਗਿਆ ਸਾਂ। ਗੁਰਬਖ਼ਸ਼ ਸਿੰਘ ਹੋਰਾਂ ਦੀ ਔਲਾਦ ’ਚੋਂ ਹੁਣ ਬਸ ਉਹੀ ਇਕ ਜੀਵਤ ਨੇ।
ਹਿਰਦੇਪਾਲ ਸਿੰਘ ਨੇ ਦੱਸਿਆ ਕਿ ਸਵਾਤ ’ਚ ਖੇਤੀ ਕਰਨ ਬਾਅਦ ਗੁਰਬਖ਼ਸ਼ ਸਿੰਘ ਹੋਰਾਂ ਨੂੰ ਲੱਗਿਆ ਸੀ ਕਿ ਉਹ ਅਗਾਂਹ ਇਸ ਤੋਂ ਵੀ ਕੁਝ ਵੱਡੀ ਅਤੇ ਸਮੂਹਿਕ ਸਿਰਜਣਾ ਕਰ ਸਕਦੇ ਹਨ। ਫਿਰ ਸਵਾਤ ਨੂੰ ਅਲਵਿਦਾ ਆਖ ਉਹ ਮਾਡਲ ਟਾਊਨ ਲਾਹੌਰ ’ਚ ਆ ਗਏ। ਇੱਥੇ ਆ ਕੇ ਉਨ੍ਹਾਂ ਪ੍ਰੀਤ ਨਗਰ ਦੇ ਸੁਪਨੇ ਨੂੰ ਰੂਪਰੇਖਾ ਦਿੱਤੀ। ਇਸ ਮਕਸਦ ਲਈ ਉਨ੍ਹਾਂ ਜ਼ਮੀਨ ਲੱਭਣੀ ਸ਼ੁਰੂ ਕੀਤੀ ਤੇ ਇਕ ਪੈਸਾ ਸਕੁਏਰ ਗਜ਼ ਦੇ ਹਿਸਾਬ ਨਾਲ ਦੋ ਸੌ ਵਿੱਘਾ ਖਰੀਦਿਆ। ਉਦੋਂ ਚੌਂਹਠ ਪੈਸਿਆਂ ਦਾ ਰੁਪਈਆ ਹੁੰਦਾ ਸੀ। ਹੌਲੀ-ਹੌਲੀ ਪ੍ਰੀਤ ਨਗਰ ਦੀ ਉਸਾਰੀ ਸ਼ੁਰੂ ਹੋਈ। 7 ਜੂਨ, 1938 ਪ੍ਰੀਤ ਨਗਰ ਦਾ ‘ਪ੍ਰਵੇਸ਼ ਦਿਵਸ’ ਬਣੀ।
ਪ੍ਰੀਤ ਨਗਰ ਵਾਲੀ ਥਾਂ ਕਦੇ ਜਹਾਂਗੀਰ ਦੀ ਆਰਾਮਗਾਹ ਹੁੰਦੀ ਸੀ ਜੋ ਬਾਅਦ ’ਚ ਪ੍ਰੀਤ ਨਗਰ ਦਾ ‘ਮਨੋਰੰਜਨ ਕਲੱਬ’ ਬਣ ਗਈ ਸੀ। ਇਸ ਧਰਤੀ ’ਤੇ ਹੌਲੀ-ਹੌਲੀ ਸਾਂਝੀ ਜ਼ਿੰਦਗੀ ਦਾ ਆਗਾਜ਼ ਹੋਇਆ। ਇੱਥੇ ਹਰ ਇਕ ਕੰਮ ਸਾਂਝੇ ਤੌਰ ’ਤੇ ਕੀਤਾ ਜਾਂਦਾ ਸੀ। ਇਸ ਨੂੰ ਵਸਾਉਣ ਦਾ ਵੱਡਾ ਮੰਤਵ ਆਲੇ-ਦੁਆਲੇ ਦੇ ਪਿੰਡਾਂ ਲਈ ਇਕ ਨਮੂਨਾ ਬਣਨਾ ਸੀ। ਪ੍ਰੀਤ ਨਗਰ ’ਚ ਇਕੋ ਥਾਂ ਰੋਟੀ ਪੱਕਦੀ ਸੀ। ਸਾਰੀਆਂ ਸਰਗਰਮੀਆਂ ਸਾਂਝੀਆਂ ਹੁੰਦੀਆਂ ਸਨ। ਨੇੜੇ-ਨੇੜੇ ਦੇ ਪਿੰਡਾਂ ਵਾਲੀ ਕੌਟੇਜ ਇੰਡਸਟਰੀ ਨੂੰ ਇੱਥੇ ਲਿਆਂਦਾ ਗਿਆ। ਇੱਥੇ ਆਪਣੀ ਲੋੜ ਲਈ ਖੇਤੀਬਾੜੀ ਵੀ ਹੁੰਦੀ ਸੀ। ਆਪਣੀ ਲੋੜ ਲਈ ਸਾਬਣ ਬਣਦਾ, ਤੇਲ ਕੱਢਿਆ ਜਾਂਦਾ। ਲੋੜ ਜੋਗਾ ਕਾਗਜ਼ ਵੀ ਇੱਥੇ ਹੀ ਬਣਦਾ ਸੀ। ਸਭ ਨਾਲੋਂ ਵੱਡੀ ਗੱਲ ਇੱਥੇ ‘ਪ੍ਰੀਤਲੜੀ’ ਛਪਦੀ ਸੀ।
ਇੱਥੇ ਹਰ ਘਰ ’ਚ ਗੁਸਲਖਾਨਾ ਸੀ। ਸਿਰ ’ਤੇ ਮੈਲ਼ਾ ਚੁੱਕਣ ਦੀ ਕੋਈ ਰੀਤ ਇੱਥੇ ਬਿਲਕੁਲ ਨਹੀਂ ਸੀ। ਘਰਾਂ ਨੂੰ ਜੋੜਦੀ ਇੱਟਾਂ ਦੀ ਸੜਕ 1933 ਵਿਚ ਬਣ ਗਈ ਸੀ। ਨਲਕਾ ਹਰ ਘਰ ਵਿਚ ਹੁੰਦਾ ਸੀ। ਪ੍ਰੀਤ ਨਗਰ ਨੂੰ ਵਿਰਾਸਤ ਵਿਚ ਚਾਰ ਚੀਜ਼ਾਂ ਮਿਲੀਆਂ ਸਨ; ਤਾਲਾਬ, ਆਰਾਮਗਾਹ, ਤਬੇਲਾ ਤੇ ਬੁਰਜ। ਬੁਰਜ ਵਿਚ ਜਹਾਂਗੀਰ ਦੇ ਅੰਗ-ਰੱਖਿਅਕ ਠਹਿਰਦੇ ਸਨ। ਇਸ ਬੁਰਜ, ਆਰਾਮਗਾਹ ਤੇ ਤਬੇਲੇ ਤਕ ਇਕ ਕੰਧ ਹੁੰਦੀ ਸੀ, ਜਿਹੜੀ ਅੱਠ ਫੁੱਟ ਉੱਚੀ ਅਤੇ ਪੰਜ ਫੁੱਟ ਚੌੜੀ ਸੀ। ਉਹਨੂੰ ਤੋੜ ਕੇ ਇੱਥੇ ਅੱਠ ਕੋਠੀਆਂ ਬਣਾਈਆਂ ਗਈਆਂ। ਇਨ੍ਹਾਂ ਵਿਚ ਨਾਨਕ ਸਿੰਘ, ਪਿਆਰਾ ਸਿੰਘ ਸਹਿਰਾਈ, ਗਿਆਨੀ ਭਜਨ ਸਿੰਘ, ਇੰਦਰ ਸਿੰਘ ਚੱਕਰਵਰਤੀ, ਨੌਰੰਗ ਸਿੰਘ, ਕਰਤਾਰ ਸਿੰਘ ਸਚਦੇਵ ਆਦਿ ਸੋਲ੍ਹਾਂ ਟੱਬਰਾਂ ਨੇ ਨਿਵਾਸ ਕੀਤਾ। ਇੱਥੇ ਸਭ ਨੂੰ ਕੁਝ ਕਹਿਣ ਦਾ ਮੌਕਾ ਮਿਲਦਾ ਸੀ। ਰਾਜਿੰਦਰ ਕੌਰ ਨੂੰ ਅਦਾਕਾਰੀ ਦਾ ਪਹਿਲਾ ਮੌਕਾ ਇੱਥੇ ਹੀ ਮਿਲਿਆ ਸੀ ਜੋ ਬਾਅਦ ’ਚ ਅਚਲਾ ਸਚਦੇਵ ਬਣੀ। ਇੱਥੇ ਸਾਹਿਰ, ਬਲਰਾਜ ਸਾਹਨੀ ਤੇ ਫ਼ੈਜ਼ ਹੋਰੀਂ ਵੀ ਆਉਂਦੇ ਰਹੇ।
ਹਿਰਦੇਪਾਲ ਸਿੰਘ ਅਗਾਂਹ ਬੋਲੇ,“ਇਹ ਪਿੰਡਾਂ ਵਾਲਿਆਂ ਲਈ ਸੁਨੇਹਾ ਸੀ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ। ਤੁਸੀਂ ਵੀ ਚੰਗੇਰੀ ਜ਼ਿੰਦਗੀ ਜੀਅ ਸਕਦੇ ਹੋ। ਚੰਗੀ ਜ਼ਿੰਦਗੀ ਜਿਊਣ ਲਈ ਚੰਗੀ ਜੀਵਨ ਜਾਚ ਦੀ ਲੋੜ ਹੈ ਤੇ ਇਸ ਲਈ ਵੱਡੀ ਸੋਚ ਲਾਜ਼ਮੀ ਹੈ। ਵੱਡੀ ਸੋਚ ਲਈ ਜ਼ਰੂਰੀ ਹੈ ਕਿ ਤੁਸੀਂ ਆਲੇ-ਦੁਆਲੇ ਦੇਖੋ ਕਿ ਲੋਕ ਕੀ ਕਰਦੇ ਨੇ। ਇੱਥੋਂ ਦੇ ਐਕਟੀਵਿਟੀ ਸਕੂਲ ਦਾ ਨਾਅਰਾ ਸੀ ‘ਅੱਥਰੂਆਂ ਬਿਨਾਂ ਪੜ੍ਹਾਈ’। ਜੋ ਬੱਚੇ ਦੇ ਅੰਦਰ ਹੈ ਉਹਨੂੰ ਬਾਹਰ ਕੱਢਣਾ। ਇਹ ਸਕੂਲ ਅੱਠ ਏਕੜ ’ਚ ਸੀ। ਇਸ ਸਕੂਲ ’ਚ ਪੜ੍ਹਨ ਵਾਲੇ ਪਾਕਿਸਤਾਨ ਜਾ ਕੇ ਮੰਤਰੀ ਅਤੇ ਜੱਜ ਬਣੇ।”
ਪ੍ਰੀਤ ਨਗਰ ’ਚ ਕਿਸੇ ਵੀ ਘਰ ’ਚ ਡੰਗਰ ਰੱਖਣ ਦੀ ਇਜਾਜ਼ਤ ਨਹੀਂ ਸੀ। ਇਕ ਸਾਂਝੀ ਡੇਅਰੀ ਹੁੰਦੀ ਸੀ। ਜਿੱਥੋਂ ਰੁਪਏ ਦਾ ਤੇਰਾਂ ਸੇਰ ਦੁੱਧ ਗਰਮ ਹੋ ਕੇ, ਖੰਡ ਪੈ ਕੇ ਘਰ-ਘਰ ਜਾਂਦਾ ਸੀ। ਇੱਥੇ ਕਿਸੇ ਵੀ ਘਰ ’ਚ ਅੱਗ ਨਹੀਂ ਸੀ ਬਲ਼ਦੀ ਹੁੰਦੀ। ਜੋ ਦੁੱਧ ਬਚ ਜਾਂਦਾ ਉਹ ‘ਨੋ ਪਰੌਫਿੱਟ, ਨੋ ਲੌਸ’ ਵਾਲੇ ਰੈਸਟੋਰੈਂਟ ’ਚ ਰੱਖ ਕੇ ਵੇਚਿਆ ਜਾਂਦਾ ਸੀ। ਇਸ ਰੈਸਟੋਰੈਂਟ ਦੇ ਉੱਪਰ ਸੌ ਬਿਸਤਰੇ ਦਾ ਗੈਸਟ ਹਾਊਸ ਸੀ। ਇੱਥੇ ਦੂਰੋਂ-ਦੂਰੋਂ ਲੋਕ ਆਉਂਦੇ ਰਹਿੰਦੇ ਸਨ। ਪ੍ਰੀਤ ਨਗਰ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਕਿ ਇੱਥੋਂ ਰੋਜ਼ਾਨਾ ਲਾਹੌਰੋਂ ਅੱਠ ਤੇ ਅੰਮ੍ਰਿਤਸਰੋਂ ਚਾਰ ਬੱਸਾਂ ਆਉਂਦੀਆਂ ਸਨ।
ਪ੍ਰੀਤ ਨਗਰ ’ਚ ਕਾਫ਼ੀ ਮੁਸਲਮਾਨ ਪਰਿਵਾਰ ਵੀ ਰਹਿੰਦੇ ਸਨ। ਸਕੂਲ ਦੇ ਬੱਚਿਆਂ ਲਈ ਵਰਦੀ ਮੁਸਲਮਾਨ ਜੁਲਾਹੇ ਤੇ ਦਰਜ਼ੀ ਬਣਾਉਂਦੇ ਸਨ। ਉਨ੍ਹਾਂ ਦੀਆਂ ਜੁੱਤੀਆਂ ਬਣਾਉਣ ਵਾਲੇ ਮੋਚੀ ਵੀ ਮੁਸਲਮਾਨ ਸਨ। ਉਹ ਜੋ ਬਣਾਉਂਦੇ, ਉਹ ਸਭ ਵਿਕ ਜਾਂਦਾ ਸੀ। ਗੁਰਬਖ਼ਸ਼ ਸਿੰਘ ਦਾ ਕਾਤਬਿ ਵੀ ਮੁਸਲਮਾਨ ਸੀ। ਉਰਦੂ ਦਾ ਐਡੀਟਰ ਸੁਲੇਮਾਨ ਸੀ। ਉਹ ਸਭ ਇੱਥੇ ਆ ਕੇ ਵਸ ਗਏ ਸਨ।
‘‘ਸੰਤਾਲੀ ਤੋਂ ਪਹਿਲਾਂ ਪ੍ਰੀਤ ਨਗਰ ਪੰਜਾਬ ਦਾ ਸਭ ਤੋਂ ਵੱਡਾ ਸਮਾਜਿਕ ਤੇ ਸੱਭਿਆਚਾਰਕ ਸੈਂਟਰ ਬਣ ਚੁੱਕਾ ਸੀ। ਪ੍ਰੀਤ-ਮਿਲਣੀਆਂ ’ਚ ਸਵੇਰੇ ਵਿਚਾਰ-ਵਟਾਂਦਰਾ ਹੁੰਦਾ ਤੇ ਰਾਤ ਨੂੰ ਡਰਾਮੇ ਖੇਡੇ ਜਾਂਦੇ। ਇਹ ਸਭ ਵੇਖ ਕੇ ਦਰਸ਼ਕਾਂ ਦੀ ਸੋਚ ’ਚ ਬਦਲਾਅ ਆਉਂਦਾ। ਪ੍ਰੀਤ ਨਗਰ ਨੇ ਪੇਂਡੂ ਥੀਏਟਰ ਨੂੰ ਬਹੁਤ ਕੁਝ ਦਿੱਤਾ। ਇੱਥੇ ਨਾਟ ਅਤੇ ਭੰਡ ਆਪਣੀ ਕਲਾ ਵਿਖਾਉਣ ਤੁਰੇ ਰਹਿੰਦੇ। ਉਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ। ਸਾਲ ਦੇ ਅਖੀਰ ’ਚ ਇਕੱਤੀ ਦਸੰਬਰ ਅਤੇ ਸਾਲ ਦੇ ਸ਼ੁਰੂ ’ਚ ਲੋਹੜੀ ਦੇ ਮੌਕੇ ਦੋ ਮੇਲੇ ਲਗਾਏ ਜਾਂਦੇ। ਕਲਾਕਾਰ ਲੋਹੜੀ ਦੀ ਅੱਗ ਦੁਆਲੇ ਆਪਣੀ ਕਲਾ ਪੇਸ਼ ਕਰਦੇ।” ਇਹ ਆਖ ਹਿਰਦੇਪਾਲ ਸਿੰਘ ਡੂੰਘੀ ਸੋਚ ’ਚ ਡੁੱਬ ਗਏ।
“ਸੰਤਾਲੀ ’ਚ ਕੀ ਹੋਇਆ?” ਮੈਂ ਸਵਾਲ ਕੀਤਾ।
“ਸਾਡੇ ਆਲੇ-ਦੁਆਲੇ ਦੇ ਬਹੁਤੇ ਪਿੰਡ ਮੁਸਲਮਾਨ ਬਹੁਤਾਤ ਵਾਲੇ ਸਨ। ਅਸੀਂ ਇੱਥੇ ਅਮਨ ਮੂਵਮੈਂਟ ਚਲਾਈ ਸੀ। ਗੱਲ ਇਉਂ ਹੋਈ ਕਿ ਆਬਾਦੀ ਦੇ ਹਿਸਾਬ ਨਾਲ ਪੰਦਰਾਂ ਅਗਸਤ ਵਾਲੇ ਐਲਾਨ ’ਚ ਪ੍ਰੀਤ ਨਗਰ ਵੀ ਪਾਕਿਸਤਾਨ ’ਚ ਚਲਾ ਗਿਆ ਸੀ। ਇਸ ਐਲਾਨ ਨਾਲ ਅਮਨ ਮੂਵਮੈਂਟ ਦਾ ਪਾਸਾ ਹੀ ਪਲਟ ਗਿਆ। ਕੁਝ ਦਿਨਾਂ ਬਾਅਦ ਜਦੋਂ ਰਾਵੀ ਨੂੰ ਕੁਦਰਤੀ ਬਾਰਡਰ ਮੰਨ ਲਿਆ ਗਿਆ ਤਾਂ ਅਠਾਰਾਂ ਅਗਸਤ ਨੂੰ ਅੰਮ੍ਰਿਤਸਰੋਂ ਇਕ ਬਹੁਤ ਵੱਡਾ ਜਥਾ ਤੁਰਿਆ। ਸਾਡੇ ਆਲੇ-ਦੁਆਲੇ ਬੜੀ ਕਤਲੇਆਮ ਹੋਈ। ਨੇੜਲੇ ਪਿੰਡਾਂ ਦੇ ਮੁਸਲਮਾਨਾਂ ਨੇ ਸਾਡੇ ਕੋਲ ਆ ਕੇ ਸ਼ਰਨ ਲੈ ਲਈ। ਪਹਿਲਾਂ ਅਸੀ ਉਨ੍ਹਾਂ ਨੂੰ ਜਹਾਂਗੀਰ ਦੀ ਆਰਾਮਗਾਹ ਕੋਲ ਰੱਖਿਆ। ਪਰ ਉਹ ਐਨ ਸੜਕ ਉੱਤੇ ਸੀ। ਫਿਰ ਅਸੀਂ ਔਰਤਾਂ ਤੇ ਬੱਚਿਆਂ ਨੂੰ ਇਸ ਅਧੂਰੀ ਕੋਠੀ ਦੇ ਪਿਛਵਾੜੇ ਲੈ ਆਏ ਤੇ ਬੰਦਿਆਂ ਨੂੰ ਰਾਵੀਓਂ ਪਾਰ ਲੰਘਾ ਦਿੱਤਾ। ਉਹ ਇੱਥੇ ਡੇਢ-ਦੋ ਮਹੀਨੇ ਰਹੇ। ਮੇਰੀ ਵੱਡੀ ਭੈਣ ਉਮਾ ਤੇ ਚਾਚਾ ਜੀ ਦੀ ਲੜਕੀ ਉਨ੍ਹਾਂ ਨੂੰ ਸਾਂਝੇ ਲੰਗਰ ’ਚੋਂ ਲਿਆ ਕੇ ਰੋਟੀ ਖੁਆਉਂਦੇ ਹੁੰਦੇ ਸਨ। ਸਾਡੇ ਨੇੜਲੇ ਪਿੰਡ ਭੁੱਲਰ ਦੇ ਕਾਮਰੇਡ ਗੁਲਾਮ ਨਬੀ ਓਥੇ ਜਾ ਕੇ ਸੰਪਰਕ ਅਫ਼ਸਰ ਲੱਗ ਗਏ ਸਨ। ਉਹ ਗੱਡੀਆਂ ’ਚ ਬਲੋਚ ਰੈਜੀਮੈਂਟ ਨਾਲ ਅੰਮ੍ਰਿਤਸਰ ਆਏ। ਅਸੀਂ ਉਨ੍ਹਾਂ ਨੂੰ ਓਥੇ ਜਾ ਕੇ ਮਿਲੇ। ਉਹ ਔਰਤਾਂ ਅਤੇ ਬੱਚਿਆਂ ਨੂੰ ਲੈ ਗਏ। ਉਦੋਂ ਤਕ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਿਆਲ ਹੋ ਗਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਕਦੇ ਨਹੀਂ ਆਉਣੇ। ਇੱਧਰੋਂ ਪਰਿਵਾਰ ਉੱਧਰ ਗਏ ਤਾਂ ਉਨ੍ਹਾਂ ਦੇ ਘਰਦਿਆਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਕੱਪੜੇ ਸੀਣ ਵਾਲੀਆਂ ਮਸ਼ੀਨਾਂ ਅਤੇ ਭਾਂਡੇ ਵੀ ਨਾਲ ਨੇ। ਉਨ੍ਹਾਂ ਦਾਰ ਜੀ ਨੂੰ ਸੁਨੇਹਾ ਭੇਜਿਆ। ਉਹ ਨੋ ਮੈਨਜ਼ ਲੈਂਡ ’ਤੇ ਜਾ ਕੇ ਉਨ੍ਹਾਂ ਮੁਸਲਮਾਨ ਬੰਦਿਆਂ ਨੂੰ ਮਿਲੇ। ਉਨ੍ਹਾਂ ਆਖਿਆ-ਸਰਦਾਰ ਜੀ, ਅਸੀਂ ਤੁਹਾਡੇ ਦੇਣਦਾਰ ਆਂ।
ਜਦੋਂ ਮੁਸਲਮਾਨ ਔਰਤਾਂ ਅਤੇ ਬੱਚਿਆਂ ਨੂੰ ਬਚਾਉਣ ਵਾਲੀ ਇਸ ਗੱਲ ਦਾ ਧਾੜਵੀਆਂ ਨੂੰ ਪਤਾ ਲੱਗਿਆ ਤਾਂ ਉਹ ਸਾਡੇ ਵੈਰੀ ਹੋ ਗਏ। ਉਹ ਬੰਬ ਲੈ ਕੇ ਦਾਰ ਜੀ ਨੂੰ ਮਾਰਨ ਆਏ। ਉਨ੍ਹਾਂ ਪ੍ਰੀਤ ਨਗਰ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ। ਸਾਡਾ ਘਰ ਤਾਂ ਬਚਿਆ ਰਿਹਾ, ਪਰ ਪ੍ਰੀਤ ਨਗਰ ਖਾਲੀ ਹੋ ਗਿਆ। ਸਾਡੀ ਲਾਇਬ੍ਰੇਰੀ ’ਚ ਓਸ ਵੇਲੇ ਦਸ ਹਜ਼ਾਰ ਕਿਤਾਬ ਸੀ। ਉਹ ਸਾਰੀ ਚੁੱਲ੍ਹਿਆਂ ’ਚ ਬਲੀ। ਬਾਲਿਆਂ ਲਈ ਲੋਕਾਂ ਨੇ ਇੱਥੋਂ ਦੀਆਂ ਇਮਾਰਤਾਂ ਦੀਆਂ ਛੱਤਾਂ ਉਧੇੜ ਲਈਆਂ।
ਪੰਜਾਬੀ ਦੇ ਨਾਟਕਕਾਰ ਜੀ.ਐੱਸ.ਖੋਸਲਾ ਹੋਰੀਂ ਰੇਲਵੇ ’ਚ ਅਫ਼ਸਰ ਸਨ। ਉਨ੍ਹਾਂ ਸਾਨੂੰ ਵੈਗਨਾਂ ਬੁੱਕ ਕਰਵਾ ਦਿੱਤੀਆਂ। ਅਸੀਂ ਪ੍ਰੈੱਸ ਤੇ ਹੋਰ ਸਾਮਾਨ ਲੱਦ ਕੇ ਦਿੱਲੀ ਚਲੇ ਗਏ। ਅਸੀਂ ਆਪਣੇ ਮੁਲਕ ’ਚ ਸ਼ਰਨਾਰਥੀ ਹੋ ਗਏ ਸਾਂ। ਦਿੱਲੀ ਨੂੰ ਅਸੀਂ ਮਹਿੰਦਰ ਸਿੰਘ ਰੰਧਾਵਾ ਹੋਰਾਂ ਕਰਕੇ ਚੁਣਿਆ ਸੀ। ਉਹ ਉੱਥੋਂ ਦੇ ਚੀਫ਼ ਕਮਿਸ਼ਨਰ ਸਨ। ਉਨ੍ਹਾਂ ਸਾਨੂੰ ਕੈਰੋਲ ਬਾਗ਼ ’ਚ ਮਕਾਨ ਸੰਭਾਲ ਦਿੱਤਾ।
1950 ਤਕ ਅਸੀਂ ਦਿੱਲੀ ਰਹੇ। ਫਿਰ ਦਾਰ ਜੀ ਨੇ ਫ਼ੈਸਲਾ ਕੀਤਾ ਕਿ ਸਾਨੂੰ ਪ੍ਰੀਤ ਨਗਰ ਮੁੜਨਾ ਚਾਹੀਦਾ। ਜਦੋਂ ਅਸੀਂ ਵਾਪਸ ਆਏ ਤਾਂ ਇਸ ਥਾਂ ਨਾਲ ਜੁੜੇ ਹੋਏ ਲੋਕਾਂ ਨੇ ਕਿਸੇ ਨਾ ਕਿਸੇ ਥਾਂ ਆਪਣੇ ਆਲ੍ਹਣੇ ਬਣਾ ਲਏ ਸਨ। ਹੁਣ ਉਨ੍ਹਾਂ ਕੀ ਪਰਤਣਾ ਸੀ! ਪ੍ਰੀਤ ਨਗਰ ਤਾਂ ਉੱਜੜ ਗਿਆ ਸੀ। ਉਨ੍ਹਾਂ ਦੇ ਘਰ ਵੀ ਲੋਕਾਂ ਨੇ ਮੱਲ ਲਏ ਸਨ।
ਜਦੋਂ ਅਸੀਂ ਦਿੱਲੀ ਚਲੇ ਗਏ ਤਾਂ ਇਕ ਆਦਮੀ ਨੇ ਪ੍ਰੀਤ ਨਗਰ ਦੀਆਂ ਗਿਰਦੌਰੀਆਂ ਆਪਣੇ ਨਾਂ ਕਰਵਾ ਲਈਆਂ। ਦੋ-ਚਾਰ ਸਾਲ ਬੀਤਣ ਨਾਲ ਉਹ ਪੱਕੀਆਂ ਹੋ ਗਈਆਂ। ਉਨ੍ਹਾਂ ਨੂੰ ਤੁੜਵਾਉਣ ਲਈ ਅਸੀਂ ਬਹੁਤ ਜ਼ੋਰ ਲਗਾਇਆ, ਪਰ ਉਹ ਨਾ ਟੁੱਟੀਆਂ।
1942 ’ਚ ਜਦੋਂ ਪ੍ਰਤਾਪ ਸਿੰਘ ਕੈਰੋਂ ਹੋਰੀਂ ਅੰਡਰਗਰਾਊਂਡ ਹੋਏ ਸਨ ਤਾਂ ਉਨ੍ਹਾਂ ਆਪਣੀ ਸਾਰੀ ਲਾਇਬ੍ਰੇਰੀ ਪ੍ਰੀਤ ਨਗਰ ਨੂੰ ਦੇ ਦਿੱਤੀ ਸੀ। ਬਾਅਦ ’ਚ ਜਦੋਂ ਉਹ ਮੁੱਖ-ਮੰਤਰੀ ਬਣੇ ਤਾਂ ਉਨ੍ਹਾਂ ਦਾਰ ਜੀ ਨੂੰ ਆਖਿਆ ਸੀ ਕਿ ਤੁਸੀਂ ਪ੍ਰੀਤ ਨਗਰ ਛੱਡ ਕੇ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾ ਦਿੰਦਾ। ਦਾਰ ਜੀ ਹੋਰਾਂ ਆਖਿਆ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਗਿਰਦੌਰੀਆਂ ਤੁੜਵਾਉਣ ਦੀਆਂ ਸਭ ਕੋਸ਼ਿਸ਼ਾਂ ਤੋਂ ਬਾਅਦ ਦਾਰ ਜੀ ਨੇ ਕੈਰੋਂ ਸਾਹਿਬ ਨੂੰ ਖ਼ਤ ਲਿਖਿਆ। ਕੈਰੋਂ ਹੋਰੀ ਸਾਡੇ ਘਰ ਆਏ। ਉਨ੍ਹਾਂ ‘ਓਸ’ ਬੰਦੇ ਨੂੰ ਬੁਲਾਇਆ। ਕੈਰੋਂ ਸਾਹਿਬ ਉਹਨੂੰ ਕਹਿੰਦੇ ਨੇ-ਸੁਣ ਭਾਊ, ਤੂੰ ਵੀ ਜੱਟ ਹੁੰਦਾਂ ਤੇ ਮੈਂ ਵੀ ਜੱਟ ਹੁੰਦਾਂ। ਮੈਂ ਤੇਰੀਆਂ ਸਾਰੀਆਂ ਤਾਰਾਂ ਸਾਰੰਗੀ ਵਾਂਗ ਕੱਸ ਦੇਣੀਆਂ ਨੇ। ਤੂੰ ਸਿੱਧਾ ਹੋ ਜਾ। ਉਨ੍ਹਾਂ ਡੀ.ਸੀ., ਤਹਿਸੀਲਦਾਰ, ਪਟਵਾਰੀ ਸਭ ਮੌਕੇ ’ਤੇ ਸੱਦ ਲਏ। ਇੱਥੇ ਬੈਠ ਕੇ ਗਿਰਦੌਰੀਆਂ ਤੁੜਵਾ ਦਿੱਤੀਆਂ।
ਇਸ ਨਾਲ ਸਾਨੂੰ ਕੁਝ ਆਸ ਤਾਂ ਬਣੀ, ਪਰ ਪ੍ਰੀਤ ਨਗਰ ਭਾਰਤ-ਪਾਕ ਸਰਹੱਦ ’ਤੇ ਹੋਣ ਕਰਕੇ ਫਿਰ ਇੱਥੇ ਮਿਲਟਰੀ ਆ ਗਈ। ਪੈਂਹਠ ਵਾਲੀ ਜੰਗ ’ਚ ਪ੍ਰੀਤ ਨਗਰ ਬ੍ਰਿਗੇਡ ਹੈੱਡ-ਕੁਆਰਟਰ ਬਣ ਗਿਆ। ਲਾਹੌਰ ਨੂੰ ਮਾਰਨ ਵਾਲੀਆਂ ਤੋਪਾਂ ਸਾਡੀ ਕੋਠੀ ਦੇ ਪਿੱਛੇ ਲੱਗੀਆਂ ਹੋਈਆਂ ਸਨ। ਇਸ ਤੋਂ ਬਾਅਦ ਹਾਲਾਤ ਥੋੜ੍ਹੇ ਜਿਹੇ ਸੰਭਲਣ ਲੱਗੇ ਤਾਂ 1971 ਵਾਲੀ ਲੜਾਈ ਲੱਗ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਦਾਰ ਹੋਰਾਂ ਨੂੰ ਜਾਪਿਆ ਕਿ ਹੁਣ ਉਨ੍ਹਾਂ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।’’
ਉਨ੍ਹਾਂ ਦੱਸਿਆ, “2008 ਦੀ ਗੱਲ ਏ। ਮੈਂ ਲਾਹੌਰ ਗਿਆ ਸਾਂ। ਉੱਥੇ ਸਾਨੂੰ ਇਸ ਇਲਾਕੇ ਤੋਂ ਗਏ ਬੜੇ ਲੋਕ ਮਿਲੇ। ਇੱਥੋਂ ਦੇ ਸਕੂਲ ਦਾ ਪੜ੍ਹਿਆ ਵੈਰੋਕੇ ਵਾਲਾ ਵਜ਼ੀਰ ਅਹਿਮਦ ਨਸੀਮ ਵੀ ਮਿਲਿਆ। ਇਕ ਫੰਕਸ਼ਨ ’ਚ ਜਦੋਂ ਸਟੇਜ ਤੋਂ ਕੁਝ ਬੋਲਣ ਲਈ ਮੇਰਾ ਨਾਂ ਲਿਆ ਤਾਂ ਉਹ ਮੰਤਰੀ ਚਾਣਚਕ ਉੱਠਦਿਆਂ ਬੋਲਿਆ-ਸਰਦਾਰ ਸਾਹਿਬ ਨਹੀਂ, ਪਹਿਲਾਂ ਮੈਂ ਬੋਲਾਗਾਂ। ਉਹਨੇ ਜੋ ਭਰੇ ਹੋਏ ਗਲੇ ਨਾਲ ਸਟੇਜ ਤੋਂ ਬੋਲਿਆ, ਉਹ ਸੁਣ ਕੇ ਸਾਰਿਆਂ ਦੇ ਦਿਲ ਭਰ ਆਏ। ਉਨ੍ਹਾਂ ਆਖਿਆ-ਅਗਰ ਮੈਂ ਅੱਜ ਜਿਊਂਦਾ ਤਾਂ ਪ੍ਰੀਤਾਂ ਦੇ ਪਹਿਰੇਦਾਰ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਹੋਰਾਂ ਕਰਕੇ ਜਿਊਂਦਾ। ਉਨ੍ਹਾਂ ਦੀ ਮਿਹਰਬਾਨੀ ਨਾਲ ਅਸੀਂ ਤੇਈ ਅਗਸਤ ਦੀ ਰਾਤ ਨੂੰ ਇੱਧਰ ਆਏ ਸਾਂ।” ਇਹ ਆਖਦਿਆਂ ਉਨ੍ਹਾਂ ਅੱਖਾਂ ਪੂੰਝੀਆਂ।
“ਦਾਰ ਜੀ ਕਦੇ ਨਿਰਾਸ਼ ਵੀ ਹੁੰਦੇ ਸੀ?” ਮੈਂ ਸਵਾਲ ਕੀਤਾ।
“ਉਨ੍ਹਾਂ ਕੋਸ਼ਿਸ਼ ਕੀਤੀ ਕਿ ਪ੍ਰੀਤ ਨਗਰ ਪਹਿਲਾਂ ਵਾਂਗ ਮੁੜ ਤੋਂ ਵਸੇ। ਉਨ੍ਹਾਂ ਪ੍ਰੀਤ ਨਗਰ ਦੇ ਐਕਟੀਵਿਟੀ, ਰੈਜ਼ੀਡੈਂਸ਼ੀਅਲ ਤੇ ਕੋ-ਐਜੂਕੇਸ਼ਨ ਸਕੂਲ ਸਰਕਾਰ ਨੂੰ ਦੇ ਦਿੱਤੇ। ਉੱਥੇ ਹੁਣ ਬਸ ਇਕ ਸਰਕਾਰੀ ਸਕੂਲ ਏ। ਪਿੱਛੋਂ ਆ ਕੇ ਕੱਲਿਆਂ ਦਾ ਸੰਘਰਸ਼ ਏ। ਉਹ ਉਦਾਸ ਤਾਂ ਹੁੰਦੇ ਸਨ, ਪਰ ਨਿਰਾਸ਼ ਨਹੀਂ। ਉਹ ਆਖਦੇ ਹੁੰਦੇ ਸਨ ਕਿ ਜਿਹੜਾ ਕਾਲਾ ਵਰ੍ਹਦਾ ਬੱਦਲ ਹੁੰਦਾ ਏ ਨਾ ਉਹਦੇ ਕਿਨਾਰਿਆਂ ’ਤੇ ਕਿਤੇ ਨਾ ਕਿਤੇ ਚਾਨਣੀ ਵੀ ਜ਼ਰੂਰ ਹੁੰਦੀ ਏ।” ਇਹ ਕਹਿੰਦਿਆਂ ਹਿਰਦੇਪਾਲ ਹੋਰੀਂ ਉਦਾਸ ਜਿਹਾ ਮੁਸਕਰਾਏ।
“ਫਿਰ ਇਕ ਦਿਨ…।” ਉਹ ਅਗਾਂਹ ਬੋਲੇ।
“…ਅਚਨਚੇਤ ਦਾਰ ਹੋਰਾਂ ਦੇ ਮੂੰਹੋਂ ਨਿਕਲਿਆ ਸੀ-ਮੇਰਾ ਪ੍ਰੀਤ ਨਗਰ: ਸੁਪਨਿਆਂ ਦਾ ਖੰਡਰਾਤ। ਦਰਅਸਲ, ਸੰਤਾਲੀ ਨੇ ਉਨ੍ਹਾਂ ਦੇ ਖ਼ੂਬਸੂਰਤ ਸੁਪਨਿਆਂ ਨੂੰ ਖੰਡਰਾਤ ’ਚ ਬਦਲ ਦਿੱਤਾ ਸੀ। ਅਸੀਂ ਫਿਰ ਹੰਭਲਾ ਮਾਰਿਆ ਹੈ। ਗੁਰਬਖ਼ਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਵੱਲੋਂ ਇੱਥੇ ਬੜਾ ਆਲੀਸ਼ਾਨ ‘ਪ੍ਰੀਤ ਭਵਨ’ ਉਸਾਰਿਆ ਹੈ। ਕੁਝ ਨਾਟਕ ਅਤੇ ਸਾਹਿਤਕ ਸਰਗਰਮੀਆਂ ਇੱਥੇ ਜ਼ਰੂਰ ਹੁੰਦੀਆਂ ਨੇ, ਪਰ ਮੈਂ ਚਾਹੁੰਦਾ ਹਾਂ ਕਿ ਪੰਜਾਬੀ ਨੌਜਵਾਨ ਇਸ ਥਾਂ ਨਾਲ ਜੁੜਨ। ਉਹ ਪ੍ਰੀਤ ਨਗਰ ਦੇ ਵੱਸਣ ਤੇ ਉੱਜੜਨ ਦੀ ਕਹਾਣੀ ਜਾਣਨ। ਕੁਝ ਕਹਿਣ, ਕੁਝ ਸੁਣਨ। ਜੇ ਅਜਿਹਾ ਹੋ ਗਿਆ ਤਾਂ ਸੁਪਨਿਆਂ ਦਾ ਇਹ ਖੰਡਰ ਮੁੜ ਤੋਂ ਮਹਿਕਣ ਲੱਗ ਜਾਵੇਗਾ।” ਗੱਲ ਮੁਕਾਉਂਦਿਆਂ ਹਿਰਦੇਪਾਲ ਹੋਰਾਂ ਦੇ ਬੋਲ ਭਾਰੇ ਹੋ ਗਏ, ਪਰ ਉਨ੍ਹਾਂ ਦੀਆਂ ਅੱਖਾਂ ’ਚ ਕੋਈ ਆਸ ਜਿਹੀ ਉੱਭਰ ਆਈ ਸੀ।
ਸੰਪਰਕ: 97818-43444