ਮੁੰਬਈ: ਫਿਲਮ ‘ਗੁੱਡਬਾਏ’ ਦੇ ਨਿਰਮਾਤਾਵਾਂ ਨੇ ਕਿਹਾ ਕਿ ਫਿਲਮ ਦੇ ਰਿਲੀਜ਼ ਵਾਲੇ ਦਿਨ ਇਸ ਦੀ ਟਿਕਟ ਦੀ ਕੀਮਤ 150 ਰੁਪਏ ਰੱਖੀ ਗਈ ਹੈ। ਬਾਲਾਜੀ ਮੋਸ਼ਨ ਪਿਕਚਰਜ਼ ਵੱਲੋਂ ਗੁੱਡ ਕੰਪਨੀ ਨਾਲ ਮਿਲ ਕੇ ਬਣਾਈ ਇਹ ਫਿਲਮ ਇਸ 7 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਮਿਤਾਭ ਬੱਚਨ, ਨੀਨਾ ਗੁਪਤਾ ਅਤੇ ਰਸ਼ਮਿਕਾ ਮੰਦਾਨਾ ਤੇ ਹੋਰ ਕਲਾਕਾਰ ਨਜ਼ਰ ਆਉਣਗੇ। ਬਾਲਾਜੀ ਮੋਸ਼ਨ ਪਿਕਚਰਜ਼ ਨੇ ਟਵਿੱਟਰ ’ਤੇ ਇੱਕ ਛੋਟਾ ਜਿਹਾ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਅਮਿਤਾਭ ਬੱਚਨ ਫਿਲਮ ਦੀ ਟਿਕਟ ਦੀ ਕੀਮਤ ਬਾਰੇ ਐਲਾਨ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਬੱਚਨ ਨੇ ਕਿਹਾ, ‘‘ਸਾਡੀ ਫਿਲਮ ‘ਗੁੱਡਬਾਏ’ ਸੱਤ ਅਕਤੂਬਰ ਨੂੰ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਅਸੀਂ ਫ਼ੈਸਲਾ ਕੀਤਾ ਹੈ ਕਿ ਸੱਤ ਅਕਤੂਬਰ ਨੂੰ ਫਿਲਮ ਦਾ ਟਿਕਟ ਖ਼ਾਸ ਹੋਵੇਗਾ, ਜੋ 150 ਰੁਪਏ ਵਿੱਚ ਮਿਲੇਗਾ। ਇਸ ਲਈ ਕਿਰਪਾ ਕਰ ਕੇ ਆਪਣੇ ਪਰਿਵਾਰ ਤੇ ਨਜ਼ਦੀਕੀਆਂ ਨਾਲ ਸਿਨੇਮਾਘਰ ਵਿੱਚ ਫਿਲਮ ਦੇਖਣ ਜਾਇਓ।’’ -ਪੀਟੀਆਈ