ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਦੀ ਜੀਵਨਸ਼ੈਲੀ ਵਿੱਚ ਸੱਭਿਆਚਾਰ ਦੀ ਅਮਿੱਟ ਛਾਪ ਹੈ। ਜਿਸ ਦਾ ਚਾਨਣ ਰੋਜ਼ਮਰਾ ਦੀ ਕਿਰਿਆ ਨੂੰ ਖੁਸ਼ੀਆਂ ਨਾਲ ਰੁਸ਼ਨਾਉਂਦਾ ਹੈ। ਇਸ ਦੀਆਂ ਮਿੱਥਾਂ, ਕਲਾ, ਰੀਤੀ-ਰਿਵਾਜ ਨਾਲ ਉਪਜੀ ਆਪਸੀ ਸਾਂਝ ਵੱਖਰਾ ਨਜ਼ਾਰਾ ਸਿਰਜਦੀ ਹੈ। ਸਾਂਝੇ ਕਾਰਜ, ਸਮਾਜਿਕ ਵਿਵਹਾਰ, ਖੁਸ਼ੀਆਂ ਗ਼ਮੀਆਂ ਦੀਆਂ ਰਸਮਾਂ ਅਤੇ ਮੋਹ ਦੀਆਂ ਤੰਦਾਂ ਨਾਲ ਬੱਝੇ ਸਾਂਝੇ ਚੁੱਲ੍ਹੇ ਤੇ ਸਾਂਝੇ ਪਰਿਵਾਰ ਵੀ ਗੁਰੂਆਂ ਪੀਰਾਂ ਤੇ ਵਿਰਸੇ ਦੀ ਹੀ ਦੇਣ ਹਨ। ਇਸ ਨੂੰ ਬਜ਼ੁਰਗ ਰੱਬੀ ਦਾਤ ਮੰਨਦੇ ਸਨ ਜਿਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਕੁਲ ਆਲਮ ਵਿੱਚ ਪੰਜਾਬ ਦੇ ਵਿਰਾਸਤੀ ਸੱਭਿਆਚਾਰ ਦੀ ਵੱਖਰੀ ਸ਼ਾਨ ਅਤੇ ਪਹਿਚਾਣ ਹੈ।
ਸਾਂਝਾ ਚੁੱਲ੍ਹਾ ਖੁਸ਼ੀਆਂ ਦਾ ਸੰਸਾਰ ਤੇ ਪਰਿਵਾਰ ਦਾ ਆਧਾਰ ਹੈ। ਇਸ ਵਿੱਚ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਅਲੌਕਿਕ ਸ਼ਕਤੀ ਅਤੇ ਸੁਆਣੀਆਂ ਨਾਲ ਜੀਵਨ ਭਰ ਦੀ ਸਾਂਝ ਹੈ। ਜਿਸ ਨੂੰ ਬਣਾਉਣ ਲਈ ਘਰ ਦਾ ਇੱਕ ਖ਼ਾਸ ਸਥਾਨ ਤੈਅ ਕੀਤਾ ਜਾਂਦਾ ਸੀ। ਘਰ ਦੀਆਂ ਔਰਤਾਂ ਪਿੰਡ ਦੇ ਟੋਭੇ ਵਿੱਚੋਂ ਚੀਕਣੀ ਮਿੱਟੀ ਲਿਆ ਕੇ ਤਿਆਰ ਕਰਦੀਆਂ ਸਨ। ਕਈ ਵਾਰ ਮਿੱਟੀ ਲਿਆਉਣ ਦਾ ਕੰਮ ਮਰਦਾਂ ਤੋਂ ਵੀ ਲਿਆ ਜਾਂਦਾ ਸੀ। ਉਸ ਮਿੱਟੀ ਨਾਲ ਚੁੱਲ੍ਹਾ ਤਿਆਰ ਕਰਦੇ। ਜਿਸ ਦੇ ਢਾਂਚੇ ਦੀ ਮਜ਼ਬੂਤੀ ਲਈ ਇੱਟਾਂ, ਪੀਲੀ ਮਿੱਟੀ ਤੇ ਤੂੜੀ ਦੀ ਵਰਤੋਂ ਵੀ ਕੀਤੀ ਜਾਂਦੀ। ਚੁੱਲ੍ਹੇ ਦੇ ਨਾਲ ਹਾਰਾ, ਲੋਹ, ਚੁਰ, ਤੰਦੂਰ ਅਤੇ ਭੱਠੀ ਵੀ ਬਣਾਈ ਜਾਂਦੀ। ਜੋ ਸਰਦੀਆਂ ਵਿੱਚ ਖੋਆ ਕੱਢਣ ਜਾਂ ਵਿਆਹ ਸ਼ਾਦੀਆਂ ਦੇ ਸਮੇਂ ਵਰਤਦੇ ਸਨ। ਹਾਰੇ ਵਿੱਚ ਮੱਠੀ ਅੱਗ ਨਾਲ ਕੜ੍ਹਦਾ ਦੁੱਧ, ਰਿੱਝਦੀ ਦਾਲ ਜਾਂ ਸਾਗ ਦੀ ਮਹਿਕ ਘਰ ਦੇ ਮਾਹੌਲ ਨੂੰ ਮਹਿਕਣ ਲਾ ਦਿੰਦੀ। ਚੁੱਲ੍ਹੇ ਦੀ ਵਰਤੋਂ ਥੋੜ੍ਹੀ ਦਾਲ ਰੋਟੀ ਬਣਾਉਣ ਲਈ ਕੀਤੀ ਜਾਂਦੀ। ਲੋਹ ਵੱਡੇ ਆਕਾਰ ਦਾ ਚੁੱਲ੍ਹਾ ਹੈ ਜਿਸ ਉੱਪਰ ਲੋਹੇ ਦੀ ਤਵੀ ਰੱਖ 10 ਤੋਂ 15 ਰੋਟੀਆਂ ਇੱਕੋ ਸਮੇਂ ਬਣ ਸਕਦੀਆਂ ਹਨ। ਲੋਹ ਦੀ ਤੇਜ਼ ਅੱਗ ਲਈ ਹਰ-ਹਰ ਜਾਂ ਕਪਾਹ ਦੀਆਂ ਛਿਟੀਆਂ ਅਤੇ ਕਮਾਦ ਦੀ ਪੱਤੀ ਵੀ ਦੀ ਵਰਤੋਂ ਬਾਲਣ ਦੇ ਰੂਪ ਵਿੱਚ ਕਰਦੇ ਸਨ। ਸਰਦੀਆਂ ਵਿੱਚ ਚੁੱਲ੍ਹੇ ਦੀ ਅੱਗ ਮਾਣਨ ਦਾ ਨਿੱਘਾ ਨਜ਼ਾਰਾ ਬਿਜਲਈ ਹੀਟਰਾਂ ਨੂੰ ਫੇਲ੍ਹ ਕਰ ਦਿੰਦਾ ਹੈ।
ਸਾਂਝੇ ਚੁੱਲ੍ਹੇ ਦਾ ਢਾਂਚਾ ਜਾਂ ਚੌਂਤਰਾ ਬੀਤੇ ਜ਼ਮਾਨੇ ਦੀ ਖੁੱਲ੍ਹੀ ਰਸੋਈ (Open kitchen) ਸੀ। ਜਿਸ ਵਿੱਚ ਭਾਂਡੇ ਰੱਖਣ ਲਈ ਚੌਂਕਾ ਬਣਾਉਂਦੇ ਸਨ। ਆਧੁਨਿਕ ਸਮੇਂ ਦੀ ਅਤਿ ਆਧੁਨਿਕ ਮੌਡੂਲਰ ਕਿਚਨ ਦੇ ਤੁਲ ਭਾਵੇਂ ਮਾਸਾ ਵੀ ਨਹੀਂ, ਪਰ ਉੱਥੇ ਮੁਹੱਬਤ ਨਾਲ ਬਣਦਾ ਖਾਣਾ ਤੇ ਤੀਆਂ ਦੀਆਂ ਰੌਣਕਾਂ ਵਰਗੇ ਦਿਨਾਂ ਦਾ ਸਵਰਗਮਈ ਵਾਸਾ ਕਿਧਰੇ ਨਜ਼ਰ ਨਹੀਂ ਆਉਂਦਾ। ਉਸ ਵਕਤ ਪਰਦੇ ਦਾ ਵੀ ਖਾਸ ਧਿਆਨ ਰੱਖਦੇ ਸਨ। ਚੁੱਲ੍ਹੇ ਦੁਆਲੇ ਤਿੰਨ ਤੋਂ ਚਾਰ ਫੁੱਟ ਉੱਚਾ ਓਟਾ ਬਣਾਇਆ ਜਾਂਦਾ ਤਾਂ ਜੋ ਬਾਹਰੋਂ ਆਏ ਵਿਅਕਤੀ ਦੀ ਨਜ਼ਰ ਸੁਆਣੀਆਂ ਜਾ ਖਾਣੇ ਉੱਪਰ ਨਾ ਜਾਵੇ। ਚੌਂਤਰੇ ਦੀ ਕੰਧ ਵਿੱਚ ਆਲੇ ਬਣਾਏ ਜਾਂਦੇ ਸਨ ਜਿਸ ਵਿੱਚ ਸਜਾਵਟੀ ਜਾਂ ਨਿੱਕਾ ਸਾਮਾਨ ਸਾਂਭਿਆ ਜਾਂਦਾ ਸੀ। ਚੁੱਲ੍ਹੇ ਦੀ ਸਜਾਵਟੀ ਦਿੱਖ ਲਈ ਆਂਢ-ਗੁਆਂਢ ਨਾਲ ਆਪਸ ਵਿੱਚ ਨਣਦਾਂ, ਭਰਜਾਈਆਂ, ਬਾਲੜੀਆਂ ਤੇ ਮਾਈਆਂ ਦਾ ਮੁਕਾਬਲਾ ਨਿਰੰਤਰ ਚੱਲਦਾ ਰਹਿੰਦਾ। ਜਿਸ ਨੂੰ ਸਜਾਉਣ ਵਿੱਚ ਉਹ ਪੂਰੀ ਵਾਹ ਲਗਾ ਦਿੰਦੀਆਂ ਸਨ। ਵਿਹੜੇ ਤੇ ਚੌਂਤਰੇ ਵਿੱਚ ਪੀਲੀ ਮਿੱਟੀ ਦਾ ਪੋਚਾ ਪੱਕੇ ਫਰਸ਼ ਨੂੰ ਵੀ ਮਾਤ ਪਾਉਂਦਾ ਸੀ। ਓਟੇ ਅਤੇ ਭਾਂਡੇ ਰੱਖਣ ਵਾਲੇ ਚੌਂਕੇ ਨੂੰ ਵਿਰਾਸਤੀ ਹੱਥੀਂ ਚਿੱਤਰਕਾਰੀ ਨਾਲ ਸਜਾਇਆ ਜਾਂਦਾ ਸੀ। ਕੰਧਾਂ ਉੱਪਰ ਪਾਂਡੂ ਫੇਰਨ ਪਿੱਛੋਂ ਫੁੱਲ ਬੂਟੇ, ਤਾਰੇ, ਚਿੜੀਆਂ, ਕਬੂਤਰ, ਮੋਰ, ਘੋੜੇ ਆਦਿ ਬਣਾ ਕੇ ਸਜਾਉਂਦੇ ਸਨ, ਜਿਸ ਲਈ ਨੀਲ, ਪੀਲੀ ਗਾਜਣੀ, ਲਾਲ, ਹਰੇ ਤੇ ਗੁਲਾਨਾਰੀ ਰੰਗ ਦੀ ਵਧੇਰੇ ਵਰਤੋਂ ਹੁੰਦੀ ਸੀ। ਚੌਂਕੇ ਵਿੱਚ ਪਏ ਕਾਂਸੀ, ਤਾਂਬੇ, ਸਟੀਲ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਿਲਾਸ, ਛੰਨੇ, ਬਾਟੀਆਂ ਤੇ ਪਤੀਲੇ ਵਰਗੇ ਭਾਂਡਿਆਂ ਦੀ ਪੈਂਦੀ ਸੋਨੇ-ਚਾਂਦੀ ਵਰਗੀ ਚਮਕ ਚੌਂਕੇ ਦੀ ਸ਼ੋਭਾ ਨੂੰ ਹੋਰ ਵਧਾ ਦਿੰਦੀ। ਦੁੱਧ ਕਾੜ੍ਹਨ ਵਾਲੇ ਹਾਰੇ ਨੂੰ ਜ਼ਿਆਦਾਤਰ ਖਿੜਕੀ ਲਗਾ ਕੇ ਰੱਖਦੇ ਸਨ ਤਾਂ ਜੋ ਜਾਨਵਰਾਂ ਤੋਂ ਬਚਾ ਹੋ ਜਾਵੇ ਤੇ ਕੰਮ ਬਿਨਾਂ ਡਰ ਤੋਂ ਕਰ ਸਕਣ। ਤਿਉਹਾਰਾਂ ਦੇ ਦਿਨਾਂ ਵਿੱਚ ਔਰਤਾਂ ਚੁੱਲ੍ਹੇ-ਚੌਂਕੇ ਦੀ ਸਜਾਵਟ ਦਾ ਖਾਸ ਧਿਆਨ ਰੱਖਦੀਆਂ ਸਨ।
ਬੱਚਿਆਂ ਨੂੰ ਖਾਣਾ ਸੁੱਚਮ ਰੱਖਦੇ ਹੋਏ ਚੌਂਤਰੇ ਤੋਂ ਬਾਹਰ ਪਰੋਸਿਆ ਜਾਂਦਾ। ਪਰ ਜਵਾਈ ਜਾਂ ਮਹਿਮਾਨਾਂ ਦੀ ਆਮਦ ’ਤੇ ਪਹਿਲਾਂ ਖਾਣਾ ਉਨ੍ਹਾਂ ਨੂੰ ਪਰੋਸਦੇ ਸਨ। ਉਂਜ ਜ਼ਿਆਦਾਤਰ ਚੌਂਕੇ ਵਿੱਚੋਂ ਪਹਿਲਾ ਖਾਣਾ ਵੱਡੇ ਬਜ਼ੁਰਗਾਂ ਨੂੰ ਦਿੰਦੇ ਸਨ। ਤਿਉਹਾਰਾਂ ਦੇ ਸਮੇਂ ਚੁੱਲ੍ਹੇ-ਚੌਂਕੇ ਦੀ ਰੌਣਕ ਦੁੱਗਣੀ ਹੋ ਜਾਂਦੀ। ਉਸ ਸਮੇਂ ਖੋਏ ਦੀ ਬਰਫ਼ੀ, ਚੌਲਾਂ ਦੀਆਂ ਪਿੰਨੀਆਂ, ਪਕੌੜੇ ਅਤੇ ਲੁੱਡੂ ਘਰ ਹੀ ਬਣਾਉਂਦੇ ਸਨ। ਚੁੱਲ੍ਹੇ ਕੋਲੋਂ ਉੱਠਦੀਆਂ ਸੁਗੰਧਾਂ ਦੇ ਨਾਲ ਘਰ ਦਾ ਚਾਰ ਚੁਫ਼ੇਰਾ ਸੁਆਦਲਾ ਹੋ ਜਾਂਦਾ।
ਸਾਂਝੇ ਪਰਿਵਾਰ ਦੀ ਪਵਿੱਤਰ ਰੀਤ ਜਿੱਥੇ ਕੁਨਬੇ ਨੂੰ ਸਯੁੰਕਤ ਰੱਖਦੀ ਹੈ, ਉੱਥੇ ਹੀ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਵੀ ਆਪ ਮੁਹਾਰੇ ਪ੍ਰਾਪਤ ਹੋ ਜਾਂਦੀ ਸੀ। ਪਿਆਰ ਨਾਲ ਰਹਿਣਾ, ਵੰਡ ਕੇ ਖਾਣਾ, ਮਿਲ ਕੇ ਖੇਡਣਾ ਵਰਗੀਆਂ ਸਾਧਾਰਨ ਗੱਲਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ। ਇਹ ਸਭ ਕੁਝ ਘਰ ਦੇ ਵਰਤਾਰੇ ਨੂੰ ਦੇਖ ਕੇ ਹੀ ਸਿੱਖ ਜਾਂਦੇ। ਭਾਵੇਂ ਅੱਜ ਵਾਂਗ ਪੈਸੇ ਦੀ ਬਹੁਤਾਤ ਨਹੀਂ ਸੀ, ਪਰ ਖੁਸ਼ੀਆਂ ਜ਼ਰੂਰ ਬੇਹਿਸਾਬੀਆਂ ਸਨ। ਤੰਗੀਆਂ-ਤੁਰਸ਼ੀਆਂ ਦਾ ਸੰਘਰਸ਼ੀ ਜੀਵਨ ਹਰ ਕਸੌਟੀ ਉੱਤੇ ਖਰੇ ਉਤਰਨ ਦੀ ਤਾਂਘ ਰੱਖਦਾ ਹੈ। ਬਚਪਨ ਵਿੱਚ ਮਿਲੀ ਸਿੱਖਿਆ ਜੀਵਨ ਜਾਚ ਸਿਖਾਉਂਦੀ ਹੈ। ਜਿਸ ਨਾਲ ਘਾਟੇ ਨੂੰ ਸਹਿਣਾ, ਵਾਧੇ ਵੇਲੇ ਸੰਜਮ, ਮਿਹਨਤ ਕਰਨਾ, ਮੁਸ਼ਕਲਾਂ ਵਿੱਚ ਸਾਥ ਨਿਭਾਉਣ ਵਾਲੇ ਗੁਣ ਬੱਚੇ ਦੇ ਮਨ ’ਤੇ ਉੱਕਰ ਜਾਂਦੇ ਜੋ ਤਾਉਮਰ ਮਿਹਨਤ ਨਾਲ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਹੁੰਦੇ। ਇਹ ਵਿਰਾਸਤ ਸਤਿਕਾਰ, ਪਿਆਰ, ਸੰਵੇਦਨਾ, ਸਮਾਜਿਕ ਵਿਕਾਸ, ਸੁਰੱਖਿਆ, ਸਿੱਖਿਆ ਅਤੇ ਜ਼ਿੰਮੇਵਾਰੀ ਨਿਭਾਉਣ ਦੇ ਗੁਣ ਦੇਣ ਵਾਲੀ ਸੰਸਥਾ ਤੋਂ ਘੱਟ ਨਹੀਂ।
ਅਜੋਕੇ ਸਮੇਂ ਦੀ ਪੀੜ੍ਹੀ ਸਾਂਝੇ ਚੁੱਲ੍ਹੇ ਤੋਂ ਸੱਖਣੀ ਹੈ। ਨਵਯੁੱਗ ਦੀਆਂ ਕਾਢਾਂ ਦਾ ਸਦਉਪਯੋਗ ਨਾਲੋਂ ਦੁਰਉਪਯੋਗ ਜ਼ਿਆਦਾ ਹੋ ਰਿਹਾ ਹੈ। ਅੱਜ ਸਭ ਹੱਥੀਂ ਤੇ ਦਿਮਾਗ਼ੀ ਕੰਮ ਜਲਦੀ ਤੇ ਸੌਖੇ ਹੋਣ ਦਾ ਆਨੰਦ ਮਾਣ ਰਹੇ ਹਨ, ਪਰ ਉਸ ਕਾਰਨ ਵਿਹਲਾ ਮਨ ਸ਼ੈਤਾਨ ਦਾ ਘਰ ਹੋਰ ਵੱਡਾ ਹੋ ਗਿਆ। ਸਾਂਝੀ ਸੰਗਤ ਵਿੱਚ ਮਿਲਣ ਵਾਲੀ ਸੰਜੀਦਾ ਸਿੱਖਿਆ ਤੋਂ ਵਾਂਝੇ ਹੋ ਗਏ। ਸਾਕ ਸਬੰਧੀਆਂ ਦੀ ਮਿਲਣੀ ਖੁਸ਼ੀ ਤੇ ਗ਼ਮੀ ਦੇ ਸਮਾਗਮਾਂ ਤੱਕ ਸਿਮਟ ਕੇ ਰਹਿ ਗਈ। ਅਸੀਂ ਸੱਭਿਆਚਾਰ ਦੇ ਨਾਲੋਂ ਨਾਲ ਸੰਸਕਾਰਾਂ ਤੋਂ ਵੀ ਪਾਸਾ ਵੱਟ ਗਏ। ਮਾਡਰਨ ਯੁੱਗ ਦੇ ਮਾਪੇ ਪੀੜ੍ਹੀ ਦਰ ਪੀੜ੍ਹੀ ਵਾਲੇ ਸੰਸਕਾਰ ਮਹਿੰਗੇ ਸਕੂਲਾਂ ਜਾਂ ਇੰਟਰਨੈੱਟ ਦੇ ਜ਼ਰੀਏ ਮੋਬਾਈਲ ਤੋਂ ਲੱਭਦੇ ਹਨ, ਪਰ ਉਹ ਸਿੱਖਿਆਵਾਂ ਬੱਚਿਆਂ ਲਈ ਮਨੋਰੰਜਨ ਤੋਂ ਅੱਗੇ ਨਹੀਂ ਵਧਦੀਆਂ। ਬੀਤੇ ਸਮੇਂ ਨੂੰ ਮੋੜਿਆ ਨਹੀਂ ਜਾ ਸਕਦਾ।
ਹਕੀਕਤ ਵਿੱਚ ਸ਼ਾਨਾਮੱਤਾ ਸੱਭਿਆਚਾਰ ਸਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦਾ ਹੈ। ਜਿਸ ਨਾਲ ਅਸੀਂ ਸ਼ਾਂਤ ਤੇ ਸੰਤੁਸ਼ਟੀ ਭਰਿਆ ਜੀਵਨ ਬਸਰ ਕਰ ਸਕਦੇ ਹਾਂ। ਆਪਣੇ ਕਾਰਜਾਂ ਪ੍ਰਤੀ ਸਹਿਜ, ਸਦਾਚਾਰਕ ਤੇ ਪਰਿਪੱਕਤਾ ਦਾ ਪੱਖ ਉੱਨਤੀ ਦਾ ਸਿਧਾਂਤ ਹੈ। ਆਓ! ਸਭ ਮਿਲ ਕੇ ਸੁਹਿਰਦਤਾ ਨਾਲ ਸਿਰਜਨਾਤਮਕ ਪਗਡੰਡੀਆਂ ਵੱਲ ਮੁੜ ਚੱਲੀਏ, ਜਿਸ ਨਾਲ ਖ਼ੁਸ਼ੀ ਦੀਆਂ ਫੁਹਾਰਾਂ ਫਿਰ ਤੋਂ ਫੁੱਟਣ ਲੱਗ ਜਾਵਣ। ਸਾਂਝੇ ਪਰਿਵਾਰ ਦੀਆਂ ਮਜ਼ਬੂਤ ਜੜਾਂ ਮੁੜ ਰਿਸ਼ਤਿਆਂ ਨੂੰ ਆਪਣੀਆਂ ਵਲਗਣਾਂ ਵਿੱਚ ਸਮਾ ਲੈਣ। ਫਿਲਮਾਂ, ਟੀਵੀ ਜਾਂ ਕਿਤਾਬਾਂ ਵਿੱਚ ਅਮੀਰ ਸੱਭਿਆਚਾਰ ਬਾਰੇ ਸੁਣ, ਪੜ੍ਹ ਜਾਂ ਦੇਖ ਕੇ ਮਿਲਣ ਵਾਲੇ ਸਕੂਨ ਨੂੰ ਅਸਲ ਜ਼ਿੰਦਗੀ ਵਿੱਚ ਪੈਦਾ ਕਰਨ ਦੇ ਉਪਰਾਲੇ ਕਰੀਏ ਤਾਂ ਜੋ ਕੁਦਰਤ ਦੀ ਬਖ਼ਸ਼ੀ ਅਨਮੋਲ ਮਨੁੱਖੀ ਜ਼ਿੰਦਗੀ ਦਾ ਹਰ ਪਲ ਯਾਦਗਾਰ ਬਣ ਜਾਵੇ। ਸਾਂਝੇ ਪਰਿਵਾਰ ਦੇ ਸਾਂਝੇ ਚੁੱਲ੍ਹੇ ਦਾ ਵਿਹੜਾ ਹਮੇਸ਼ਾਂ ਵਧਦਾ, ਫੁੱਲਦਾ ਤੇ ਖੁਸ਼ੀਆਂ ਬਖੇਰਦਾ ਨਜ਼ਰ ਆਵੇ।
ਸੰਪਰਕ: 78374-90309